ਹੁਣ ਤੱਕ ਹੋਏ ਹਮਲਿਆਂ ’ਚ 14 ਭਾਰਤੀਆਂ ਦੀ ਮੌਤ ਤੋਂ ਬਾਅਦ ਲਿਆ ਫ਼ੈਸਲਾ
ਤੇਲ ਅਵੀਵ : ਖਾੜੀ ਖੇਤਰ ਵਿੱਚ ਵਧਦੇ ਸੁਰੱਖਿਆ ਖਤਰੇ ਨੂੰ ਦੇਖਦੇ ਹੋਏ ਭਾਰਤ ਨੇ ਅਗਲੇ ਹੁਕਮਾਂ ਤੱਕ ਹੋਰਮੂਜ਼ ਸਟ੍ਰੇਟ ਤੋਂ ਲੰਘਣ ਵਾਲੇ ਜਹਾਜ਼ਾਂ 'ਤੇ ਭਾਰਤੀ ਨਾਵਿਕਾਂ ਦੀ ਨਵੀਂ ਤਾਇਨਾਤੀ 'ਤੇ ਰੋਕ ਲਗਾ ਦਿੱਤੀ ਹੈ। ਇਹ ਹੁਕਮ ਜਹਾਜ਼ ਮਾਲਕਾਂ, ਜਹਾਜ਼ ਪ੍ਰਬੰਧਨ ਕੰਪਨੀਆਂ ਅਤੇ ਨਾਵਿਕਾਂ ਦੀ ਭਰਤੀ ਕਰਨ ਵਾਲੀਆਂ ਰਿਕਰੂਟਮੈਂਟ ਐਂਡ ਪਲੇਸਮੈਂਟ ਸਰਵਿਸ ਲਾਇਸੈਂਸ ਕੰਪਨੀਆਂ 'ਤੇ ਲਾਗੂ ਹੋਵੇਗਾ।
ਸਰਕਾਰ ਨੇ ਸਾਰੀਆਂ ਸਮੁੰਦਰੀ ਕੰਪਨੀਆਂ ਨੂੰ ਅਰਬ ਦੀ ਖਾੜੀ, ਹੋਰਮੂਜ਼ ਸਟ੍ਰੇਟ ਅਤੇ ਆਲੇ-ਦੁਆਲੇ ਦੇ ਸਮੁੰਦਰੀ ਇਲਾਕਿਆਂ ਵਿੱਚ ਵਾਧੂ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ । ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਉਹ ਸਮੁੰਦਰੀ ਸਫ਼ਰ ਸਬੰਧੀ ਸਾਰੀਆਂ ਚੇਤਾਵਨੀਆਂ ਅਤੇ ਸੁਰੱਖਿਆ ਸਲਾਹਾਂ 'ਤੇ ਲਗਾਤਾਰ ਨਜ਼ਰ ਰੱਖਣ ਅਤੇ ਇੰਟਰਨੈਸ਼ਨਲ ਸ਼ਿਪ ਐਂਡ ਪੋਰਟ ਫੈਸਿਲਿਟੀ ਸਕਿਓਰਿਟੀ ਕੋਡ ਦੀ ਪੂਰੀ ਤਰ੍ਹਾਂ ਪਾਲਣਾ ਕਰਨ।
ਸਰਕਾਰ ਦਾ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਇਸੇ ਹਫ਼ਤੇ ਹੋਰਮੂਜ਼ ਸਟ੍ਰੇਟ ਅਤੇ ਉਸ ਦੇ ਆਲੇ-ਦੁਆਲੇ ਹੋਏ ਇਰਾਨੀ ਹਮਲਿਆਂ ਵਿੱਚ ਦੋ ਭਾਰਤੀ ਨਾਵਿਕਾਂ ਦੀ ਮੌਤ ਹੋ ਗਈ । ਅਮਰੀਕਾ-ਇਰਾਨ ਟਕਰਾਅ ਤੋਂ ਬਾਅਦ ਇਸ ਸਮੁੰਦਰੀ ਰਸਤੇ 'ਤੇ ਹਮਲਿਆਂ ਦਾ ਖ਼ਤਰਾ ਵਧ ਗਿਆ ਹੈ । ਰਿਪੋਰਟਾਂ ਅਨੁਸਾਰ 28 ਫਰਵਰੀ ਤੋਂ ਹੁਣ ਤੱਕ ਇਸ ਖੇਤਰ ਵਿੱਚ ਹੋਏ ਹਮਲਿਆਂ ਵਿੱਚ ਘੱਟੋ-ਘੱਟ 14 ਭਾਰਤੀ ਨਾਵਿਕਾਂ ਦੀ ਜਾਨ ਜਾ ਚੁੱਕੀ ਹੈ। ਜਦਕਿ ਵਿਦੇਸ਼ੀ ਸ਼ਿਪਿੰਗ ਕੰਪਨੀਆਂ ਭਾਰਤ ਤੋਂ ਬਾਹਰੋਂ ਨਾਵਿਕਾਂ ਦੀ ਭਰਤੀ ਕਰਦੀਆਂ ਹਨ, ਤਾਂ ਭਾਰਤ ਸਰਕਾਰ ਦਾ ਇਹ ਹੁਕਮ ਉਨ੍ਹਾਂ 'ਤੇ ਸਿੱਧੇ ਤੌਰ 'ਤੇ ਲਾਗੂ ਨਹੀਂ ਹੋਵੇਗਾ।
