ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੋਰਮੁਜ਼ ਜਲਡਮਰੂਮੱਧ ਪੂਰੀ ਤਰ੍ਹਾਂ ਖੁੱਲ੍ਹਣ ’ਤੇ ਇਰਾਨ ਦਾ ਕੀਤਾ ਧੰਨਵਾਦ
ਤਹਿਰਾਨ: ਇਰਾਨ ਨੇ ਜੰਗਬੰਦੀ ਦੌਰਾਨ ਹੋਰਮੂਜ਼ ਸਟ੍ਰੇਟ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ X 'ਤੇ ਪੋਸਟ ਕਰਕੇ ਦੱਸਿਆ ਕਿ ਇਸ ਦੌਰਾਨ ਸਾਰੇ ਵਪਾਰਕ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਹੋਵੇਗੀ। ਅਰਾਘਚੀ ਨੇ ਦੱਸਿਆ ਕਿ ਇਹ ਫੈਸਲਾ ਲੇਬਨਾਨ ਵਿੱਚ ਜੰਗਬੰਦੀ ਤੋਂ ਬਾਅਦ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਹਾਜ਼ ਇੱਕ ਸੁਰੱਖਿਅਤ ਰਸਤੇ ਰਾਹੀਂ ਲੰਘਣਗੇ, ਜਿਸ ਨੂੰ ਇਰਾਨ ਦੇ ਪੋਰਟਸ ਅਤੇ ਮੈਰੀਟਾਈਮ ਆਰਗੇਨਾਈਜ਼ੇਸ਼ਨ ਨੇ ਪਹਿਲਾਂ ਹੀ ਤੈਅ ਕਰ ਲਿਆ ਹੈ, ਤਾਂ ਜੋ ਸਫ਼ਰ ਦੌਰਾਨ ਕੋਈ ਖ਼ਤਰਾ ਨਾ ਹੋਵੇ। ਅਰਾਘਚੀ ਨੇ ਕਿਹਾ ਕਿ ਇਸ ਦੌਰਾਨ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਸਮੁੰਦਰੀ ਵਪਾਰ ਪ੍ਰਭਾਵਿਤ ਨਾ ਹੋਵੇ।
ਇਸ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 'ਟਰੂਥ ਸੋਸ਼ਲ' 'ਤੇ ਪੋਸਟ ਕਰਕੇ ਇਰਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹੋਰਮੂਜ਼ ਸਟ੍ਰੇਟ ਹੁਣ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ।
ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਭਾਰਤ ਨੇ ਹੁਣ ਤੱਕ ਇਰਾਨ ਤੋਂ 2,358 ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਇਨ੍ਹਾਂ ਲੋਕਾਂ ਨੂੰ ਇਰਾਨ ਤੋਂ ਕੱਢ ਕੇ ਅਰਮੀਨੀਆ ਅਤੇ ਅਜ਼ਰਬਾਈਜਾਨ ਪਹੁੰਚਾਇਆ ਗਿਆ ਹੈ, ਜਿੱਥੋਂ ਉਨ੍ਹਾਂ ਦੀ ਭਾਰਤ ਵਾਪਸੀ ਕਰਵਾਈ ਜਾ ਰਹੀ ਹੈ।
