ਜਿੰਨ ਦਾ ਡਰ ਦਿਖਾ ਕੇ ਔਰਤਾਂ ਤੇ ਮਾਸੂਮ ਬੱਚੀਆਂ ਦਾ ਕਰਦਾ ਸੀ ਜਿਨਸੀ ਸ਼ੋਸ਼ਣ
ਲੰਡਨ : ਪੂਰਬੀ ਲੰਡਨ ’ਚ ਇਕ ਭਾਰਤੀ ਮੂਲ ਦੇ ਇਮਾਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਨੇ ਧਾਰਮਕ ਆਗੂ ਦੇ ਰੂਪ ’ਚ ਅਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਮਹਿਲਾ ਸ਼ਰਧਾਲੂਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਅਬਦੁਲ ਹਲੀਮ ਖ਼ਾਨ ਨੂੰ ਸਨੇਅਰਸਬਰੁੱਕ ਕ੍ਰਾਊਨ ਕੋਰਟ ’ਚ ਸਜ਼ਾ ਸੁਣਾਈ ਗਈ। ਉਸ ਨੂੰ 2004 ਤੋਂ 2015 ਵਿਚਕਾਰ ਸੱਤ ਔਰਤਾਂ ਤੇ ਕੁੜੀਆਂ ਵਿਰੁਧ ਕੀਤੇ ਗਏ 21 ਜਿਨਸੀ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਸੀ।
ਜਸਟਿਸ ਲੈਸਲੀ ਕਥਬਰਟ ਨੇ ਆਦੇਸ਼ ਦਿਤਾ ਕਿ 54 ਸਾਲਾ ਖਾਨ ਨੂੰ ਪੈਰੋਲ ਲਈ ਪਹਿਲਾਂ ਘੱਟੋ-ਘੱਟ 20 ਸਾਲ ਦੀ ਸਜ਼ਾ ਕੱਟਣੀ ਪਵੇਗੀ। ਮੈਟਰੋਪੋਲੀਟਨ ਪੁਲਿਸ ਨੇ ਦਸਿਆ ਕਿ ਖ਼ਾਨ ਨੇ ਅਧਿਆਤਮਕ ਸ਼ਕਤੀਆਂ ਹੋਣ ਦਾ ਝੂਠਾ ਦਾਅਵਾ ਕੀਤਾ ਸੀ ਅਤੇ ਇਨ੍ਹਾਂ ਦਾਅਵਿਆਂ ਦਾ ਇਸਤੇਮਾਲ 12 ਸਾਲ ਤਕ ਦੀ ਘੱਟ ਉਮਰ ਦੀਆਂ ਕੁੜੀਆਂ ਨੂੰ ਬਹਿਲਾਉਣ-ਫੁਸਲਾਉਣ ਤੇ ਜਿਨਸੀ ਸ਼ੋਸ਼ਣ ਕਰਨ ਲਈ ਕਰਦਾ ਸੀ।
ਅਦਾਲਤ ਨੂੰ ਦਸਿਆ ਗਿਆ ਕਿ ਖਾਨ ਨੇ ਟਾਵਰ ਹੈਮਲੇਟਸ ’ਚ ਬੰਗਲਾਦੇਸ਼ੀ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਤੇ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਇਲਾਕੇ ’ਚ ਉਸ ਦਾ ਕਾਫ਼ੀ ਪ੍ਰਭਾਵ ਸੀ ਤੇ ਉਸ ਨੂੰ ਪਤਾ ਸੀ ਕਿ ਪੀੜਤ ਸਮਾਜ ’ਚ ਬਦਨਾਮੀ ਅਤੇ ਸ਼ਰਮ ਦੇ ਡਰੋਂ ਰਿਪੋਰਟ ਕਰਨ ਤੋਂ ਕਤਰਾਉਣਗੇ। ਜਾਂਚ ਅਨੁਸਾਰ ਖ਼ਾਨ ਨੇ ਪੀੜਤਾਂ ਦਾ ਵਿਸ਼ਵਾਸ ਜਿੱਤਣ ਲਈ ਸਥਾਨਕ ਮਸਜਿਦ ’ਚ ਇਮਾਮ ਦੇ ਰੂਪ ’ਚ ਅਪਣੀ ਭੂਮਿਕਾ ਦਾ ਇਸਤੇਮਾਲ ਕੀਤਾ ਤੇ ਫਿਰ ਸੁੰਨਸਾਨ ਥਾਵਾਂ ਜਾਂ ਉਨ੍ਹਾਂ ਦੇ ਘਰਾਂ ’ਚ ਮੀਟਿੰਗਾਂ ਤੈਅ ਕੀਤੀਆਂ।
ਸ਼ੋਸ਼ਣ ਦੌਰਾਨ ਉਸ ਨੇ ਝੂਠਾ ਦਾਅਵਾ ਕੀਤਾ ਕਿ ਉਨ੍ਹਾਂ ’ਤੇ ਜਿੰਨ ਜਾਂ ਕਿਸੇ ਅਲੌਕਿਕ ਆਤਮਾ ਦਾ ਸਾਇਆ ਹੈ। ਮੈਟਰੋ ਪੁਲਿਸ ਦੀ ਡਿਟੈਕਟਿਵ ਚੀਫ਼ ਇੰਸਪੈਕਟਰ ਜੈਨੀ ਰੋਨਨ ਨੇ ਕਿਹਾ ਕਿ ਅਬਦੁਲ ਖ਼ਾਨ ਨੇ ਖ਼ੁਦ ਨੂੰ ਇਕ ਸਤਿਕਾਰਤ ਤੇ ਭਰੋਸੇਮੰਦ ਵਿਅਕਤੀ ਦੇ ਰੂਪ ’ਚ ਪੇਸ਼ ਕੀਤਾ। ਹਾਲਾਂਕਿ ਇਹ ਸੱਚਾਈ ਤੋਂ ਕੋਹਾਂ ਦੂਰ ਸੀ, ਉਸ ਨੇ ਇਸ ਦੀ ਬਜਾਏ ਦੂਜਿਆਂ ਨੂੰ ਅਪਣਾ ਸ਼ਿਕਾਰ ਬਣਾਇਆ ਤੇ ਉਨ੍ਹਾਂ ਦਾ ਫ਼ਾਇਦਾ ਚੁੱਕਿਆ। (ਏਜੰਸੀ)
