ਜਲ ਪ੍ਰਬੰਧਨ ਇੱਕ ਅਜਿਹਾ ਖੇਤਰ ਹੈ, ਜਿਸ ਵਿੱਚ ਨੀਦਰਲੈਂਡ ਨੇ ਬੇਮਿਸਾਲ ਕੰਮ ਕੀਤਾ ਹੈ: PM ਮੋਦੀ
ਹੇਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਰੌਬ ਜੇਟੇਨ ਨਾਲ ਵੱਕਾਰੀ ਅਫਸਲੂਇਟਡਿਜਕ ਡੈਮ ਦਾ ਦੌਰਾ ਕੀਤਾ। ਭਾਰਤ ਅਤੇ ਨੀਦਰਲੈਂਡ ਵਿਚਕਾਰ ਜਲ ਪ੍ਰਬੰਧਨ ਅਤੇ ਜਲਵਾਯੂ ਅਨੁਕੂਲ ਬੁਨਿਆਦੀ ਢਾਂਚੇ ਵਿੱਚ ਡੂੰਘੇ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਮੱਦੇਨਜ਼ਰ ਇਹ ਦੌਰਾ ਹੋਇਆ ਹੈ।
ਬੱਤੀ ਕਿਲੋਮੀਟਰ ਲੰਬਾ ਇਹ ਡੈਮ ਅਤੇ ਪੁਲ ਹੜ੍ਹ ਨਿਯੰਤਰਣ ਦੇ ਖੇਤਰ ਵਿੱਚ ਵਿਸ਼ਵ ਪੱਧਰ 'ਤੇ ਧਿਆਨ ਖਿੱਚਦਾ ਹੈ, ਜੋ ਨੀਦਰਲੈਂਡ ਦੇ ਇੱਕ ਵੱਡੇ ਹਿੱਸੇ ਨੂੰ ਉੱਤਰੀ ਸਾਗਰ ਤੋਂ ਬਚਾਉਂਦਾ ਹੈ ਅਤੇ ਨਾਲ ਹੀ ਮਿੱਠੇ ਪਾਣੀ ਦੇ ਭੰਡਾਰਨ ਨੂੰ ਵੀ ਸੰਭਵ ਬਣਾਉਂਦਾ ਹੈ।
ਮੋਦੀ ਨੇ ਦੌਰੇ ਤੋਂ ਬਾਅਦ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਜਲ ਪ੍ਰਬੰਧਨ ਇੱਕ ਅਜਿਹਾ ਖੇਤਰ ਹੈ, ਜਿਸ ਵਿੱਚ ਨੀਦਰਲੈਂਡ ਨੇ ਬੇਮਿਸਾਲ ਕੰਮ ਕੀਤਾ ਹੈ। ਇਸ ਤੋਂ ਪੂਰਾ ਅੰਤਰਰਾਸ਼ਟਰੀ ਭਾਈਚਾਰਾ ਬਹੁਤ ਕੁਝ ਸਿੱਖ ਸਕਦਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਭਾਰਤ ਵਿੱਚ ਆਧੁਨਿਕ ਤਕਨਾਲੋਜੀ ਲਿਆਉਣ ਲਈ ਵਚਨਬੱਧ ਹਾਂ, ਜਿਸਦਾ ਉਦੇਸ਼ ਸਿੰਚਾਈ, ਹੜ੍ਹ ਸੁਰੱਖਿਆ ਅਤੇ ਅੰਦਰੂਨੀ ਜਲ ਮਾਰਗ ਨੈੱਟਵਰਕ ਦੇ ਵਿਸਤਾਰ ਵਿੱਚ ਸਹਾਇਤਾ ਕਰਨਾ ਹੈ।’’
ਵਿਦੇਸ਼ ਮੰਤਰਾਲੇ ਨੇ ਅਫਸਲੂਇਟਡਿਜਕ ਡੈਮ ਨੂੰ ‘‘ਉੱਤਮਤਾ ਅਤੇ ਨਵੀਨਤਾ ਦਾ ਪ੍ਰਤੀਕ’’ ਦੱਸਦੇ ਹੋਏ ਜਲ ਪ੍ਰਬੰਧਨ, ਹੜ੍ਹ ਸੁਰੱਖਿਆ ਅਤੇ ਮਿੱਠੇ ਪਾਣੀ ਦੇ ਭੰਡਾਰਨ ਵਿੱਚ ਇਸਦੀ ਭੂਮਿਕਾ 'ਤੇ ਚਾਨਣਾ ਪਾਇਆ। ਮੰਤਰਾਲੇ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ, ‘‘ਇਸ ਦੌਰੇ ਨੇ ਗੁਜਰਾਤ ਵਿੱਚ ਕਲਪਸਰ ਪ੍ਰੋਜੈਕਟ ਲਈ ਡੱਚ ਮੁਹਾਰਤ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ, ਜਿਸਦਾ ਉਦੇਸ਼ ਖੰਭਾਤ ਦੀ ਖਾੜੀ ਦੇ ਨੇੜੇ ਇੱਕ ਮਿੱਠੇ ਪਾਣੀ ਦਾ ਜਲ ਭੰਡਾਰ ਅਤੇ ਡੈਮ ਬਣਾਉਣਾ ਹੈ।’’
ਮੰਤਰਾਲੇ ਨੇ ਕਿਹਾ, ‘‘ਇਸ ਯਾਤਰਾ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਸਮਰੱਥਾ, ਜਲ ਤਕਨਾਲੋਜੀ ਅਤੇ ਟਿਕਾਊ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਭਾਰਤ-ਨੀਦਰਲੈਂਡ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ਦੇ ਮੌਕਿਆਂ 'ਤੇ ਜ਼ੋਰ ਦਿੱਤਾ।’’
ਮੰਤਰਾਲੇ ਨੇ ਬਿਆਨ ਵਿੱਚ ਕਿਹਾ, ‘‘ਇਸ ਸਬੰਧ ਵਿੱਚ, ਦੋਵਾਂ ਧਿਰਾਂ ਨੇ ਕਲਪਸਰ ਪ੍ਰੋਜੈਕਟ 'ਤੇ ਤਕਨੀਕੀ ਸਹਿਯੋਗ ਲਈ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਅਤੇ ਨੀਦਰਲੈਂਡ ਦੇ ਬੁਨਿਆਦੀ ਢਾਂਚੇ ਅਤੇ ਜਲ ਪ੍ਰਬੰਧਨ ਮੰਤਰਾਲੇ ਵਿਚਕਾਰ ਸਹਿਮਤੀ ਪੱਤਰ 'ਤੇ ਦਸਤਖਤਾਂ ਦਾ ਸਵਾਗਤ ਕੀਤਾ।’’ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਦੋਵਾਂ ਨੇਤਾਵਾਂ ਨੇ ਇਸ ਗੱਲ 'ਤੇ ਗੌਰ ਕੀਤਾ ਕਿ ‘ਹਾਈਡ੍ਰੌਲਿਕ ਇੰਜੀਨੀਅਰਿੰਗ’ ਵਿੱਚ ਨੀਦਰਲੈਂਡ ਦੀ ਮੁਹਾਰਤ ਅਤੇ ਭਾਰਤ ਦੁਆਰਾ ਲਾਗੂ ਕਰਨ ਦੀ ਵਿਆਪਕ ਸਮਰੱਥਾ ਆਪਸੀ ਲਾਭਦਾਇਕ ਭਾਈਵਾਲੀ ਦੇ ਮੌਕੇ ਪ੍ਰਦਾਨ ਕਰਦੀ ਹੈ।
