ਮ੍ਰਿਤਕਾਂ ’ਚ ਇਕ ਹੀ ਪਰਿਵਾਰ ਦੇ 6 ਮੈਂਬਰ ਸ਼ਾਮਲ
ਢਾਕਾ : ਬੰਗਲਾਦੇਸ਼ ਦੇ ਕਾਕਸ ਬਜ਼ਾਰ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਸਮੁੰਦਰ ਕਿਨਾਰੇ ਬਣੇ ਇੱਕ ਰਿਜ਼ੋਰਟ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ 6 ਮੈਂਬਰ ਸ਼ਾਮਲ ਹਨ। ਅੱਗ ਸਵੇਰੇ ਕਰੀਬ 7:25 ਵਜੇ ਟੁਪਟੁਪ ਰੈਸਟੋ ਐਂਡ ਰਿਜ਼ੋਰਟ ਵਿੱਚ ਲੱਗੀ। ਤਿੰਨ ਮੰਜ਼ਿਲਾਂ ਲੱਕੜ ਦੀ ਇਮਾਰਤ ਅੱਗ ਵਿੱਚ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਰਿਜ਼ੋਰਟ ਕੋਲ ਅੱਗ ਤੋਂ ਬਚਾਅ ਦੇ ਪ੍ਰਬੰਧਾਂ ਦੀ ਮਨਜ਼ੂਰੀ ਨਹੀਂ ਸੀ। ਜੂਨ ਵਿੱਚ ਚੈਕਿੰਗ ਦੌਰਾਨ ਅਧਿਕਾਰੀਆਂ ਨੇ ਇਸ ਨੂੰ ਲੈ ਕੇ ਚੇਤਾਵਨੀ ਵੀ ਦਿੱਤੀ ਸੀ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਿਜਲੀ ਦੇ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ। ਇਸ ਤੋਂ ਬਾਅਦ ਇਹ ਅੱਗ ਏਅਰ ਕੰਡੀਸ਼ਨਰ ਵਿੱਚ ਲੱਗੀ। ਗੈਸ ਸਿਲੰਡਰ ਵਿੱਚ ਧਮਾਕੇ ਤੋਂ ਬਾਅਦ ਅੱਗ ਤੇਜ਼ੀ ਨਾਲ ਪੂਰੀ ਇਮਾਰਤ ਵਿੱਚ ਫੈਲ ਗਈ। ਜਦਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅੱਗ ਲੱਗਣ ਦੀ ਅਸਲ ਵਜ੍ਹਾ ਦਾ ਪਤਾ ਲੱਗ ਸਕੇਗਾ। ਅੱਗ ਲੱਗਣ ਦੇ ਸਮੇਂ ਰਿਜ਼ੋਰਟ ਵਿੱਚ ਕਰੀਬ 30 ਲੋਕ ਮੌਜੂਦ ਸਨ। ਇਨ੍ਹਾਂ ਵਿੱਚੋਂ 4 ਤੋਂ 5 ਲੋਕ ਕਿਸੇ ਤਰ੍ਹਾਂ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ । ਬਾਕੀ ਲੋਕਾਂ ਬਾਰੇ ਹੁਣ ਤੱਕ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਅੱਗ ਬੁਝਾਊ ਵਿਭਾਗ ਸਵੇਰੇ 8 ਵਜੇ ਘਟਨਾ ਸਥਾਨ 'ਤੇ ਪਹੁੰਚੇ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਸਵੇਰੇ 11 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ।
ਤਿੰਨ ਮੰਜ਼ਿਲਾਂ ਰਿਜ਼ੋਰਟ ਬਾਂਸ ਅਤੇ ਲੱਕੜ ਦਾ ਬਣਿਆ ਸੀ। ਇਹ ਕਾਕਸ ਬਜ਼ਾਰ ਦੇ ਪ੍ਰਸਿੱਧ ਸਮੁੰਦਰੀ ਇਲਾਕੇ ਕੋਲਾਤੋਲੀ ਦੇ ਬਾਹਰੀ ਹਿੱਸੇ ਵਿੱਚ ਸਥਿਤ ਹੈ। ਇਹ ਜਗ੍ਹਾ ਰਾਜਧਾਨੀ ਢਾਕਾ ਤੋਂ ਕਰੀਬ 410 ਕਿਲੋਮੀਟਰ ਦੂਰ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅਸ਼ਿਕੁਲ ਇਸਲਾਮ ਆਪਣੇ ਪਰਿਵਾਰ ਨਾਲ ਰਿਜ਼ੋਰਟ ਵਿੱਚ ਛੁੱਟੀਆਂ ਮਨਾਉਣ ਆਏ ਸਨ। ਅੱਗ ਲੱਗਣ 'ਤੇ ਉਨ੍ਹਾਂ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਦਕਿ ਉਨ੍ਹਾਂ ਦੀ ਪਤਨੀ ਇਸਰਤ ਜਹਾਂ ਮਲਿਹਾ ਅਤੇ ਪਰਿਵਾਰ ਦੇ ਪੰਜ ਹੋਰ ਲੋਕਾਂ ਦੀ ਮੌਤ ਹੋ ਗਈ।
ਹਸਪਤਾਲ ਦੇ ਅਧਿਕਾਰੀਆਂ ਅਨੁਸਾਰ ਹੁਣ ਤੱਕ ਜਿਨ੍ਹਾਂ 10 ਮ੍ਰਿਤਕਾਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿੱਚ ਇਸਰਤ ਜਹਾਂ ਮਲਿਹਾ (30), ਮਿਲਿਤਾ ਮੇਹੇਜਾਬੀਨ ਅਲਵੀ (23), ਲੈਲਾ ਜਹਾਂ ਨਾਬਿਲਾ (27), ਨਫਿਸਤਾ ਮੀਮ (27), ਫਰਿਹ ਕਬੀਰ (33) ਅਤੇ ਪੰਜ ਸਾਲ ਦਾ ਫੈਜ਼ਾਨ ਅਹਿਮਦ ਸ਼ਾਮਲ ਹਨ।
