ਖ਼ਬਰਾਂ |

ਤਾਜ਼ਾ |

ਅਲਬਰਟਾ ਰੈਫ਼ਰੈਂਡਮ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਾਰਨੀ ਦੀ ਅਮਰੀਕਾ ਨੂੰ ਚੇਤਾਵਨੀ
Published : Oct 17, 2026, 6:32 am IST
Updated : Oct 17, 2026, 6:32 am IST
SHARE ARTICLE
Mark Carney's warning to the US
Mark Carney's warning to the US

ਕਿਹਾ, ਸਾਡੇ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੇ ਅਮਰੀਕਾ

ਕੈਲਗਰੀ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਚੇਤਾਵਨੀ ਦਿਤੀ ਹੈ ਕਿ ਅਮਰੀਕਾ ਕੈਨੇਡਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਦੇਸ਼ ’ਤੇ ਅਪਣਾ ਕਬਜ਼ਾ ਕਰ ਸਕੇ। ਕੈਲਗਰੀ ਵਿਖੇ ‘ਫ਼ੋਰਐਵਰ ਕੈਨੇਡੀਅਨ’ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਤੇਲ ਸਰੋਤਾਂ ਨਾਲ ਭਰਪੂਰ ਅਲਬਰਟਾ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਮਵਾਰ ਨੂੰ ਹੋਣ ਵਾਲੇ ਰੈਫ਼ਰੈਂਡਮ ਵਿਚ ਕੈਨੇਡਾ ਤੋਂ ਵੱਖ ਹੋਣ ਵਲ ਕਦਮ ਨਾ ਵਧਾਉਣ।

ਸੋਮਵਾਰ ਨੂੰ ਹੋਣ ਵਾਲੀ ਇਹ ਵੋਟਿੰਗ ਸਿੱਧੇ ਤੌਰ ’ਤੇ ਆਜ਼ਾਦੀ ’ਤੇ ਰੈਫ਼ਰੈਂਡਮ ਨਹੀਂ ਹੈ ਸਗੋਂ ਅਲਬਰਟਾ ਦੇ ਲੋਕ ਇਹ ਤੈਅ ਕਰਨਗੇ ਕਿ ਉਹ ਇਕ ਸੂਬੇ ਵਜੋਂ ਕੈਨੇਡਾ ਨਾਲ ਰਹਿਣਾ ਚਾਹੁੰਦੇ ਹਨ ਜਾਂ ਭਵਿੱਖ ਵਿਚ ਵੱਖ ਹੋਣ ਦੇ ਰੈਫ਼ਰੈਂਡਮ ਲਈ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦੇਣਾ ਚਾਹੁੰਦੇ ਹਨ। ਅਗਰਿਮ ਵੋਟਿੰਗ ਸਨਿਚਰਵਾਰ ਤਕ ਚੱਲੇਗੀ, ਜਦੋਂ ਕਿ ਅੰਤਿਮ ਵੋਟਿੰਗ ਸੋਮਵਾਰ ਨੂੰ ਹੋਵੇਗੀ।

ਕਾਰਨੀ ਨੇ ਰੈਲੀ ਦੌਰਾਨ ਕਿਹਾ, ‘ਇਹ ਰੈਫ਼ਰੈਂਡਮ ਸੱਭ ਤੋਂ ਮਾੜੇ ਸਮੇਂ ’ਚ ਹੋ ਰਿਹਾ ਹੈ। ਅੱਜ ਦੁਨੀਆਂ ਜ਼ਿਆਦਾ ਖ਼ਤਰਨਾਕ ਅਤੇ ਵੰਡੀ ਹੋਈ ਹੈ ਸਾਡੀਆਂ ਸਰਹੱਦਾਂ ਤੋਂ ਬਾਹਰ ਕੁੱਝ ਤਾਕਤਾਂ ਸਾਨੂੰ ਤੋੜਨ ਲਈ ਕੰਮ ਕਰ ਰਹੀਆਂ ਹਨ।’ ਕਾਰਨੀ ਦੀ ਇਹ ਚੇਤਾਵਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਕੈਨੇਡਾ ਵਿਰੁਧ ਛੇੜੀ ਗਈ ਟੈਰਿਫ਼ ਜੰਗ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਾਉਣ ਦੀਆਂ ਵਾਰ-ਵਾਰ ਦਿਤੀਆਂ ਜਾ ਰਹੀਆਂ ਧਮਕੀਆਂ ਦਰਮਿਆਨ ਆਈ ਹੈ।

ਮੈਕਗਿਲ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫ਼ੈਸਰ ਡੈਨੀਅਲ ਬੇਲੈਂਡ  ਅਨੁਸਾਰ ਟਰੰਪ ਦੀਆਂ ਇਨ੍ਹਾਂ ਧਮਕੀਆਂ ਕਾਰਨ ਪੈਦਾ ਹੋਏ ਟਰੰਪ ਪ੍ਰਭਾਵ ਨੇ ਕੈਨੇਡੀਅਨਾਂ ਨੂੰ ਅਪਣੇ ਲੀਡਰ ਦੇ ਪਿੱਛੇ ਇਕਜੁੱਟ ਕੀਤਾ ਹੈ। ਕਾਰਨੀ ਨੇ ਦਲੀਲ ਦਿਤੀ ਕਿ ਕੈਨੇਡਾ ਨੂੰ ਆਰਥਿਕ ਤੌਰ ’ਤੇ ਹੋਰ ਲਚਕਦਾਰ ਅਤੇ ਅਮਰੀਕਾ ’ਤੇ ਘੱਟ ਨਿਰਭਰ ਬਣਨ ਦੀ ਲੋੜ ਹੈ।

ਕਾਰਨੀ ਨੇ ਮੰਨਿਆ ਕਿ ਅਲਬਰਟਾ ਦੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਅਲਹਿਦਗੀ ਦੀ ਭਾਵਨਾ ਅਸਲੀ ਹੈ। ਹਾਲਾਂਕਿ ਉਨ੍ਹਾਂ ਅਪਣੇ ਪੂਰਵਜ ਜਸਟਿਨ ਟਰੂਡੋ ਦੀਆਂ ਨੀਤੀਆਂ ਤੋਂ ਵੱਖ ਹੋ ਕੇ ਪ੍ਰਸ਼ਾਂਤ ਮਹਾਸਾਗਰ ਤਕ ਨਵੀਂ ‘ਪੈਸੀਫਿਕ ਲਿੰਕ’ ਤੇਲ ਪਾਈਪਲਾਈਨ ਨੂੰ ਤੇਜ਼ੀ ਨਾਲ ਮਨਜ਼ੂਰੀ ਦਿਤੀ ਹੈ। ਕਾਰਨੀ ਨੇ ਕਿਹਾ ਕਿ ਇਸ ਪਾਈਪਲਾਈਨ ਨਾਲ 1,40,000 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ ਅਤੇ ਅਮਰੀਕਾ ’ਤੇ ਨਿਰਭਰਤਾ ਘਟੇਗੀ।

ਦੂਜੇ ਪਾਸੇ ਆਜ਼ਾਦੀ ਪੱਖੀ ਗਰੁੱਪ ‘ਲੇਟ ਅਲਬਰਟਾ ਡਿਸਾਈਡ’ ਦੀ ਕੋ-ਚੇਅਰ ਤਾਨਿਆ ਕਲੇਮੈਂਸ ਅਤੇ ਆਗੂ ਕੀਥ ਵਿਲਸਨ ਨੇ ਕਿਹਾ ਕਿ ਕਾਰਨੀ ਦੇ ਸਮਝੌਤੇ ਸਿਰਫ਼ ਜ਼ੁਬਾਨੀ ਦਾਅਵੇ ਹਨ ਜੋ ਅਲਬਰਟਾ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸ਼ਿਕਾਇਤਾਂ ਦਾ ਹੱਲ ਨਹੀਂ ਕਰਦੇ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ, ਜਿਨ੍ਹਾਂ ਨੇ ਇਹ ਵੋਟਿੰਗ ਕਰਵਾਈ ਹੈ, ਨੇ ਬੁੱਧਵਾਰ ਨੂੰ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਕੈਨੇਡਾ ਨਾਲ ਰਹਿਣ ਦੇ ਪੱਖ ’ਚ ਵੋਟ ਪਾਈ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement