ਸੇਵਾ ਕਰ ਰਹੇ ਜੋੜੇ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਵਾਰਦਾਤ ਨੂੰ ਅੰਜ਼ਾਮ ਦੇ ਕੇ ਫ਼ਰਾਰ ਹੋਏ ਅਣਪਛਾਤੇ ਹਮਲਾਵਰ
ਇਸਲਾਮਾਬਾਦ/ਸ਼ਾਹ : ਪਾਕਿਸਤਾਨ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਐ, ਜਿੱਥੋਂ ਦੇ ਇਕ ਗੁਰੂ ਘਰ ਵਿਚ ਸੇਵਾ ਕਰਨ ਵਾਲੇ ਇਕ ਬਜ਼ੁਰਗ ਜੋੜੇ ਦੀ ਕੁੱਝ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ,,,ਇਸ ਘਟਨਾ ਨੂੰ ਲੈ ਕੇ ਸਥਾਨਕ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ,,, ਸੋ ਆਓ ਤੁਹਾਨੂੰ ਦੱਸਦੇ ਆਂ,, ਕੀ ਐ ਪੂਰੀ ਖ਼ਬਰ ਅਤੇ ਕੀ ਦੱਸਿਆ ਜਾ ਰਿਹਾ ਇਸ ਘਟਨਾ ਦੇ ਪਿਛਲਾ ਕਾਰਨ?
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਸਿੱਖ ਸੇਵਾਦਾਰ ਜੋੜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਮੁਤਾਬਕ ਇਹ ਘਟਨਾ ਪੇਸ਼ਾਵਰ ਤੋਂ ਕਰੀਬ 60 ਕਿਲੋਮੀਟਰ ਦੂਰ ਮਰਦਾਨ ਦੇ ਬਾਬੂ ਮੁਹੱਲਾ ਇਲਾਕੇ ਵਿਚ ਵਾਪਰੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਰਦਾਨ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਮਸੂਦ ਅਹਿਮਦ ਨੇ ਦੱਸਿਆ :
ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਕੀ ਆਖਿਆ?
‘‘ਅਣਪਛਾਤੇ ਹਮਲਾਵਰਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਗੋਲੀਬਾਰੀ ਕੀਤੀ, ਜਿਸ ਵਿਚ ਜਗਨਨਾਥ ਅਤੇ ਉਨ੍ਹਾਂ ਦੀ ਪਤਨੀ ਆਸਮਾ ਵੰਤੀ ਦੀ ਮੌਤ ਹੋ ਗਈ। ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਇਹ ਜੋੜਾ ਗੁਰਦੁਆਰਾ ਸਾਹਿਬ ਵਿਚ ਸੇਵਾ ਕਰ ਰਿਹਾ ਸੀ। ਅਣਪਛਾਤੇ ਹਮਲਾਵਰ ਗੁਰਦੁਆਰਾ ਕੰਪਲੈਕਸ ਵਿਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਸੇਵਾਦਾਰ ਜੋੜੇ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲੇ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਹਮਲੇ ਦੀ ਵਜ੍ਹਾ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਵਿਚ ਜੁਟੀ ਹੋਈ ਐ।’’
ਦਰਅਸਲ ਹਮਲੇ ਦੇ ਬਾਅਦ ਤੋਂ ਗੁਰਦੁਆਰਾ ਸਾਹਿਬ ਵਿਚੋਂ ਸੀਸੀਟੀਵੀ ਫੁਟੇਜ ਵੀ ਗ਼ਾਇਬ ਪਾਈ ਗਈ ਐ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਇਸ ਮਾਮਲੇ ਨੂੰ ਟਾਰਗੈੱਟ ਕਿÇਲੰਗ ਮੰਨ ਕੇ ਚੱਲ ਰਹੀ ਐ। ਉਧਰ ਇਸ ਘਟਨਾ ਨੂੰ ਲੈ ਕੇ ਸਥਾਨਕ ਸਿੱਖ ਨੇਤਾਵਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਏ ਅਤੇ ਕਈ ਤਰ੍ਹਾਂ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ। ਖ਼ੈਬਰ ਪਖ਼ਤੂਨਖ਼ਵਾ ਅਸੈਂਬਲੀ ਦੇ ਮੈਂਬਰ ਸੁਰੇਸ਼ ਕੁਮਾਰ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਪੁਲਿਸ ਨੂੰ ਜਾਂਚ ਵਿਚ ਤੇਜ਼ੀ ਦਿਖਾਉਣ ਲਈ 24 ਘੰਟੇ ਦਾ ਸਮਾਂ ਦਿੱਤਾ। ਸੁਰੇਸ਼ ਕੁਮਾਰ ਨੇ ਆਖਿਆ :
ਅਸੈਂਬਲੀ ਮੈਂਬਰ ਸੁਰੇਸ਼ ਕੁਮਾਰ ਦੇ ਇਲਜ਼ਾਮ
‘‘ਇਲਾਕੇ ਵਿਚ ਸੁਰੱਖਿਆ ਕਰਮੀਆਂ ਦੀ ਮੌਜੂਦ ਦੇ ਬਾਵਜੂਦ ਅਜਿਹੀ ਘਟਨਾ ਵਾਪਰਨਾ ਬੇਹੱਦ ਚਿੰਤਾਜਨਕ ਐ। ਘਟਨਾ ਸਥਾਨ ਤੋਂ ਡਿਜੀਟਲ ਵੀਡੀਓ ਰਿਕਾਰਡ ਲਾਪ੍ਰਵਾਹੀ ਨਾਲ ਹਟਾਇਆ ਗਿਅ, ਜਿਸ ਨਾਂਲ ਜਾਂਚ ਦੀ ਪਾਰਦਰਸ਼ਿਤਾ ’ਤੇ ਸਵਾਲ ਉਠਦੇ ਨੇ। ਜੇਕਰ 24 ਘੰਟੇ ਦੇ ਅੰਦਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਜਾਂ ਠੋਸ ਕਾਰਵਾਈ ਨਾ ਹੋਈ ਤਾਂ ਮਰਦਾਨ, ਪੇਸ਼ਾਵਰ ਅਤੇ ਇਸਲਾਮਾਬਾਦ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਕੀਤੇ ਜਾਣਗੇ।’’ਉਧਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਪੁਲਿਸ ਇਸ ਹੱਤਿਆ ਦੇ ਪਿੱਛੇ ਦੋ ਵੱਡੇ ਕਾਰਨ ਮੰਨ ਰਹੀ ਐ,, ਜਿਨ੍ਹਾਂ ਵਿਚ :
ਹੱਤਿਆ ਦੇ ਪਿੱਛੇ ਮੰਨੇ ਜਾ ਰਹੇ ਦੋ ਪ੍ਰਮੁੱਖ ਕਾਰਨ
ਪਹਿਲਾ : ਟਾਰਗੈੱਟ ਕਿਲਿੰਗ ਦਾ ਸ਼ੱਕ : ਸਿੱਖ ਸੇਵਾਦਾਰ ਜੋੜੇ ਦੀ ਹੱਤਿਆ ਦੇ ਸਟੀਕ ਕਾਰਨਾਂ ਦਾ ਹਾਲੇ ਤੱਕ ਅਧਿਕਾਰਕ ਤੌਰ ’ਤੇ ਖ਼ੁਲਾਸਾ ਨਹੀਂ ਹੋ ਸਕਿਆ ਪਰ ਪੁਸਿ ਅਤੇ ਸਥਾਨਕ ਨੇਤਾਵਾਂ ਦੇ ਅਨੁਸਾਰ ਇਸ ਦੇ ਪਿੱਛੇ ਟਾਰਗੈੱਟ ਕਿਲਿੰਗ ਹੋ ਸਕਦੀ ਐ ਕਿਉਂਕਿ ਹਮਲਾਵਰ ਕਿਸੇ ਚੋਰੀ ਜਾਂ ਲੁੱਟਖੋਹ ਦੇ ਇਰਾਦੇ ਨਾਲ ਨਹੀਂ ਆਏ ਸਨ ਬਲਕਿ ਉਨ੍ਹਾਂ ਆਉਂਦਿਆਂ ਹੀ ਬਜ਼ੁਰਗ ਜੋੜੇ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ।
ਦੂਜਾ ਕਾਰਨ : ਘੱਟ ਗਿਣਤੀ ਸਮਾਜ ਨੂੰ ਡਰਾਉਣ ਦੀ ਕੋਸ਼ਿਸ਼ : ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿਚ ਪਿਛਲੇ ਕੁੱਝ ਸਾਲਾਂ ’ਚ ਸਿੱਖ ਸਮਾਜ ਦੇ ਲੋਕਾਂ, ਵਪਾਰੀਆਂ ਅਤੇ ਗੁਰਦੁਆਰਿਆਂ ਦੇ ਸੇਵਾਦਾਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਹਮਲਾ ਵੀ ਘੱਟ ਗਿਣਤੀਆਂ ਨੂੰ ਡਰਾਉਣ ਦੀ ਸਾਜਿਸ਼ ਦਾ ਹਿੱਸ ਹੋ ਸਕਦਾ ਏ।
ਉਧਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪਾਕਿਸਤਾਨ ਵਿਚ ਵਾਪਰੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਐ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ਼ ਅਤੇ ਖ਼ੈਬਰ ਪਖ਼ਤੂਨਖ਼ਵਾ ਦੇ ਮੁੱਖ ਮੰਤਰੀ ਮੁਹੰਮਦ ਸੋਹੇਲ ਖ਼ਾਨ ਅਫ਼ਰੀਦੀ ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ, ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ। ਉਨ੍ਹਾਂ ਆਖਿਆ :
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀ ਆਖਿਆ?
‘‘ਪਾਕਿਸਤਾਨ ਵਿਚ ਸਿੱਖ ਪਹਿਲਾਂ ਤੋਂ ਹੀ ਬਹੁਤ ਘੱਟ ਗਿਣਤੀ ਵਿਚ ਨੇ, ਜੇਕਰ ਉਨ੍ਹਾਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾ ਕੇ ਮਾਰਿਆ ਜਾਵੇਗਾ ਤਾਂ ਇਹ ਘੱਟ ਗਿਣਤੀ ਸਮਾਜ ’ਤੇ ਘੋਰ ਅੱਤਿਆਚਾਰ ਹੋਵੇਗਾ। ਘੱਟ ਗਿਣਤੀ ਭਾਈਚਾਰਿਆਂ ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਕਰਨਾ ਪਾਕਿਸਤਾਨ ਸਰਕਾਰ ਦੀ ਜ਼ਿੰਮੇਵਾਰੀ ਐ। ਇਸ ਹੱਤਿਆ ਦੇ ਪਿੱਛੇ ਕਿਸਦਾ ਹੱਥ ਹੈ, ਇਸ ਸਾਜਿਸ਼ ਦਾ ਖ਼ੁਲਾਸਾ ਪੂਰੀ ਪਾਰਦਰਸ਼ਿਤਾ ਦੇ ਨਾਲ ਹੋਣਾ ਚਾਹੀਦੈ।’’
ਜਾਣਕਾਰੀ ਅਨੁਸਾਰ ਵਾਰਦਾਤ ਪਿੱਛੋਂ ਘਟਨਾ ਸਥਾਨ ਤੋਂ ਡੀਵੀਆਰ ਦਾ ਗ਼ਾਇਬ ਹੋਣਾ ਕਈ ਤਰ੍ਹਾਂ ਦੇ ਵੱਡੇ ਸਵਾਲ ਖੜ੍ਹੇ ਕਰ ਰਿਹਾ ਏ। ਉਂਝ ਖ਼ੈਬਰ ਪਖ਼ਤੂਨਖ਼ਵਾ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਐ,, ਇਸ ਤੋਂ ਪਹਿਲਾਂ ਵੀ ਖ਼ੈਬਰ ਪਖ਼ਤੂਨਖ਼ਵਾ ’ਚ ਪਿਛਲੇ ਇਕ ਦਹਾਕੇ ਦੌਰਾਨ ਕਈ ਵਾਰ ਸਿੱਖਾਂ ’ਤੇ ਵੱਡੇ ਹਮਲੇ ਹੋ ਚੁੱਕੇ ਨੇ, ਜਿਨ੍ਹਾਂ ਵਿਚ ਬਹੁਤ ਸਾਰੇ ਸਿੱਖਾਂ ਦੀ ਜਾਨ ਜਾ ਚੁੱਕੀ ਐ। ਜੇਕਰ ਇਸ ਸਬੰਧੀ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ :
ਖ਼ੈਬਰ ਪਖ਼ਤੂਨਖ਼ਵਾ ’ਚ ਸਿੱਖਾਂ ’ਤੇ ਹੋਏ ਵੱਡੇ ਹਮਲੇ
- 2016 : ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੇਤਾ ਅਤੇ ਖ਼ੈਬਰ ਪਖਤੂਨਖ਼ਵਾ ਦੇ ਮੁੱਖ ਮੰਤਰੀ ਦੇ ਘੱਟ ਗਿਣਤੀ ਸਲਾਹਕਾਰ ਸੋਰਨ ਸਿੰਘ ਦੀ ਬੁਨੇਰ ਜ਼ਿਲ੍ਹੇ ’ਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ।
- 2018 : ਪੇਸ਼ਾਵਰ ਦੇ ਮੰਨੇ ਪ੍ਰਮੰਨੇ ਸਿੱਖ ਸਮਾਜ ਸੇਵੀ ਚਰਨਜੀਤ ਸਿੰਘ ਦੀ ਦੁਕਾਨ ਦੇ ਅੰਦਰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਹੱਤਿਆ ਕੀਤੀ।
- 2020 : ਵਿਆਹ ਦੀ ਖ਼ਰੀਦਦਾਰੀ ਲਈ ਮਲੇਸ਼ੀਆ ਤੋਂ ਪਰਤੇ ਇਕ 25 ਸਾਲਾ ਸਿੱਖ ਨੌਜਵਾਨ ਰਵਿੰਦਰ ਸਿੰਘ ਦੀ ਪੇਸ਼ਾਵਰ ’ਚ ਗੋਲੀ ਮਾਰ ਕੇ ਹੱਤਿਆ ਕੀਤੀ ਗਈ।
- 2021 : ਪੇਸ਼ਾਵਰ ’ਚ ਪ੍ਰਸਿੱਧ ਸਿੱਖ ਹਕੀਮ ਸਤਨਾਮ ਸਿੰਘ ਦੀ ਉਨ੍ਹਾਂ ਦੇ ਕਲੀਨਿਕ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕੀਤੀ ਗਈ।
- 2022 : ਪੇਸ਼ਾਵਰ ਨੇੜੇ ਸਰਬੰਦ ਦੇ ਬਾਟਾ ਟਾਲ ਬਜ਼ਾਰ ਵਿਚ ਮਸਾਲਿਆਂ ਦਾ ਕਾਰੋਬਾਰ ਕਰਨ ਵਾਲੇ ਦੋ ਸਿੱਖ ਭਰਾਵਾਂ ਕੰਵਲਜੀਤ ਸਿੰਘ ਅਤੇ ਰਣਜੀਤ ਸਿੰਘ ਦੀ ਬਾਈਕ ਸਵਾਰ ਅੱਤਵਾਦੀਆਂ ਨੇ ਸ਼ਰ੍ਹੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
- 2023 : ਪੇਸ਼ਾਵਰ ’ਚ ਸਿੱਖ ਵਪਾਰੀ ਮਨਮੋਹਨ ਸਿੰਘ ਦੀ ਹੱਤਿਆ ਕੀਤੀ ਗਈ ਜਦਕਿ ਇਕ ਹੋਰ ਸਿੱਖ ਤਰਲੋਕ ਸਿੰਘ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ।
- 2023 : ਮਈ 2023 ’ਚ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਦੇ ਜੌਹਰ ਟਾਊਨ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਦੱਸ ਦਈਏ ਕਿ ਫਿਲਹਾਲ ਪੁਲਿਸ ਵੱਲੋਂ ਤੇਜ਼ੀ ਨਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ,, ਅਤੇ ਹਮਲਾਵਰਾਂ ਨੂੰ ਫੜਨ ਲਈ ਟੀਮਾਂ ਗਠਨ ਕੀਤਾ ਗਿਆ ਏ। ਪੁਲਿਸ ਨੇ ਭਰੋਸਾ ਦਿੱਤਾ ਏ ਕਿ ਉਹ ਜਲਦ ਹੀ ਵਾਰਦਾਤ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਵੇਗੀ ਅਤੇ ਮਾਮਲੇ ਦੇ ਅਸਲ ਕਾਰਨਾਂ ਦਾ ਪਤਾ ਲਗਾਏਗੀ।
