ਟਰੰਪ ਅਤੇ ਪੇਜੇਸ਼ਕਿਅਨ ਨੇ ਸਮਝੌਤੇ 'ਤੇ ਕੀਤੇ ਦਸਤਖ਼ਤ
ਨਵੀਂ ਦਿੱਲੀ : ਸਿਆਣਿਆਂ ਦਾ ਕਿਹਾ ਸੱਚ ਐ ਕਿ ਲੜਾਈ ਵਿਚ ਕੁੱਝ ਨਹੀਂ ਰੱਖਿਆ। ਆਪਸੀ ਗੱਲਬਾਤ ਜ਼ਰੀਏ ਹੀ ਮਸਲਿਆਂ ਨੂੰ ਹੱਲ ਕਰ ਲੈਣਾ ਚਾਹੀਦੈ। ਹੁਣ ਅਮਰੀਕਾ ਅਤੇ ਇਰਾਨ ਵਿਚਾਲੇ ਵੀ ਤਾਂ ਆਖ਼ਰਕਾਰ ਸਮਝੌਤਾ ਹੀ ਹੋਇਆ ਹੈ। ਉਹ ਵੀ ਇੰਨਾ ਜ਼ਿਆਦਾ ਨੁਕਸਾਨ ਕਰਨ ਤੋਂ ਬਾਅਦ। ਜੇਕਰ ਪਹਿਲਾਂ ਹੀ ਦੋਵੇਂ ਦੇਸ਼ਾਂ ਵਿਚਾਲੇ ਇਹ ਸਮਝੌਤਾ ਹੋ ਜਾਂਦਾ ਤਾਂ ਦੋਵੇਂ ਦੇਸ਼ਾਂ ਸਮੇਤ ਪੂਰਾ ਮਿਡਲ ਈਸਟ ਨੁਕਸਾਨ ਤੋਂ ਬਚ ਜਾਂਦਾ ਅਤੇ ਮਹਿੰਗਾਈ ਵੀ ਇੰਨੀ ਉਚ ਪੱਧਰ ਤੱਕ ਨਾ ਪਹੁੰਚਦੀ। ਖ਼ੈਰ ਹੁਣ 14 ਅਹਿਮ ਸ਼ਰਤਾਂ ਦੇ ਆਧਾਰ ’ਤੇ ਇਹ ਸਮਝੌਤਾ ਕੀਤਾ ਗਿਆ, ਜਿਸ ’ਤੇ ਦੋਵੇਂ ਮੁਲਕਾਂ ਦੇ ਰਾਸ਼ਟਰਪਤੀਆਂ ਨੇ ਦਸਤਖ਼ਤ ਕਰ ਦਿੱਤੇ ਨੇ। ਦੋਵੇਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਵਿਚ ਕੀ ਨੇ 14 ਪੁਆਇੰਟ... ਦੇਖੋ ਸਾਡੀ ਇਹ ਖ਼ਾਸ ਰਿਪੋਰਟ।
ਅਮਰੀਕਾ ਅਤੇ ਇਰਾਨ ਨੇ ਜੰਗ ਖ਼ਤਮ ਕਰਨ ਦੇ ਲਈ ਤਿਆਰ ਕੀਤੇ ਗਏ ਸਮਝੌਤਾ ਪੱਤਰ ’ਤੇ ਦਸਤਖ਼ਤ ਕਰ ਦਿੱਤੇ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਰਾਨੀ ਰਾਸ਼ਟਰਪਤੀ ਮਸੂਦ ਪੇਜੇਸ਼ਕਿਆਨ ਨੇ ਦੇਰ ਰਾਤ ਡਿਜੀਟਲ ਹਸਤਾਖ਼ਰ ਕੀਤੇ, ਜਿਸ ਦੇ ਨਾਲ ਹੀ ਇਹ ਸਮਝੌਤਾ ਲਾਗੂ ਹੋ ਗਿਆ। ਡੀਲ ਨਾਲ ਜੁੜੇ ਇਕ ਅਮਰੀਕੀ ਅਧਿਕਾਰੀ ਦੇ ਮੁਤਾਬਕ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੇਂਸ ਅਤੇ ਇਰਾਨੀ ਪੱਖ ਵੱਲੋਂ ਮੁਹੰਮਦ ਬਾਕੇਰ ਗਾਲਿਬਾਫ਼ ਨੇ ਪਹਿਲਾਂ ਹੀ ਇਸ ਦਸਤਾਵੇਜ਼ ’ਤੇ ਹਸਤਾਖ਼ਰ ਕਰ ਦਿੱਤੇ ਸੀ। ਹੁਣ ਸ਼ੁੱਕਰਵਾਰ 19 ਜੂਨ ਨੂੰ ਇਸ ਡੀਲ ’ਤੇ ਰਸਮੀ ਤੌਰ ’ਤੇ ਫਾਈਨਲ ਮੋਹਰ ਲੱਗੇਗੀ। ਇਸ ਸਮਝੌਤੇ ’ਤੇ ਬੋਲਦਿਆਂ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਆਖਿਆ :
ਇਰਾਨੀ ਵਿਦੇਸ਼ ਮੰਤਰਾਲੇ ਨੇ ਕੀ ਆਖਿਆ?
‘‘ਅਮਰੀਕਾ-ਇਰਾਨ ਸ਼ਾਂਤੀ ਸਮਝੌਤਾ ਰਾਸ਼ਟਰਪਤੀਆਂ ਦੇ ਦਸਤਖ਼ਤਾਂ ਦੇ ਨਾਲ ਅੰਤਿਮ ਰੂਪ ਲੈ ਚੁੱਕਿਆ ਹੈ। ਹੁਣ ਸਮਝੌਤੇ ਦੇ ਨਵੀਨੀਕਰਨ ਦੀ ਪ੍ਰੀਖਿਆ ਦਾ ਸਮਾਂ ਹੈ। ਸਮਝੌਤੇ ’ਤੇ ਰਸਮੀ ਦਸਤਖ਼ਤ ਪਹਿਲਾਂ ਸ਼ੁੱਕਰਵਾਰ ਨੂੰ ਸਵਿੱਟਜ਼ਰਲੈਂਡ ਵਿਚ ਹੋਣੇ ਸੀ ਪਰ ਹੁਣ ਇਸ ਸਬੰਧੀ ਪਹਿਲਾਂ ਤੋਂ ਤੈਅ ਮੀਟਿੰਗ ਸ਼ੁੱਕਰਵਾਰ ਨੂੰ ਜੇਨੇਵਾ ਵਿਚ ਹੋਵੇਗੀ।’’
ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਰਾਸ਼ਟਰਪਤੀ ਟਰੰਪ ਨੇ ਪੈਲੇਸ ਆਫ਼ ਵਰਸੇਲਜ਼ ਵਿਚ ਡਿਨਰ ਦੌਰਾਨ ਅਮਰੀਕਾ-ਇਰਾਨ ਸਮਝੌਤੇ ਦੀ ਹਾਰਡ ਕਾਪੀ ’ਤੇ ਦਸਤਖ਼ਤ ਕੀਤੇ। ਵਾਈਟ ਹਾਊਸ ਦੇ ਡਿਨਰ ਟੇਬਲ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਨਾਲ ਸਾਈਨਿੰਗ ਦਾ ਇਕ ਵੀਡੀਓ ਵੀ ਜਾਰੀ ਕੀਤਾ ਏ। ਦਸਤਖ਼ਤ ਕਰਨ ਮਗਰੋਂ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੀ ਪੁਸ਼ਟੀ ਵੀ ਕੀਤੀ। ਅਮਰੀਕਾ-ਇਰਾਨ ਸਮਝੌਤੇ ਵਿਚ ਦੋਵੇਂ ਦੇਸ਼ਾਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ 14 ਪ੍ਰਮੁੱਖ ਸ਼ਰਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਵਿਚ :
ਕੀ ਨੇ ਸਮਝੌਤੇ ਦੀਆਂ 14 ਸ਼ਰਤਾਂ?
1 : ਲੇਬਨਾਨ ਸਮੇਤ ਸਾਰੇ ਮੋਰਚਿਆਂ ’ਤੇ ਯੁੱਧ ਨੂੰ ਸਥਾਈ ਅਤੇ ਤੁਰੰਤ ਖ਼ਤਮ ਕੀਤੀ ਜਾਵੇ।
2 : ਅਮਰੀਕਾ ਇਰਾਨ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਨਹੀਂ ਕਰੇਗਾ ਅਤੇ ਇਰਾਨ ਦੇ ਇਸਲਾਮੀ ਗਣਰਾਜ ਦੀ ਸੰਪ੍ਰਭੁਤਾ ਦਾ ਸਨਮਾਨ ਕਰੇਗਾ।
3 : ਨੇਵੀ ਨਾਕਾਬੰਦੀ ਨੂੰ 30 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇ।
4 : ਅਮਰੀਕਾ ਵੱਲੋਂ ਇਰਾਨ ਦੇ ਆਸਪਾਸ ਦੇ ਖੇਤਰਾਂ ਤੋਂ ਅਪਣੀਆਂ ਫ਼ੌਜਾਂ ਨੂੰ ਵਾਪਸ ਬੁਲਾਇਆ ਜਾਵੇ।
5 : ਇਰਾਨੀ ਸਮਝੌਤੇ ਦੇ ਤਹਿਤ 30 ਦਿਨਾਂ ਦੇ ਅੰਦਰ ਸਟ੍ਰੇਟ ਆਫ਼ ਹੋਰਮੁਜ਼ ਫਿਰ ਤੋਂ ਖੋਲ੍ਹਿਆ ਜਾਵੇ।
6 : ਤੇਲ ਸੈਂਕਸ਼ਨ ਅਤੇ ਪੈਟਰੋਕੈਮੀਕਲ ਪ੍ਰੋਡਕਟਸ ’ਤੇ ਲੱਗੇ ਸੈਂਕਸ਼ਨ ਹਟਾਏ ਜਾਣ।
7 : ਅਮਰੀਕਾ ਅਤੇ ਉਸ ਦੇ ਸਹਿਯੋਗੀ ਇਰਾਨ ਦੇ ਪੁਨਰ ਨਿਰਮਾਣ ਦੀ ਘੱਟ ਤੋਂ ਘੱਟ 300 ਅਰਬ ਡਾਲਰ ਦੀ ਯੋਜਨਾ ਪੇਸ਼ ਕਰਨਗੇ।
8 : ਪਰਮਾਣੂ ਮੁੱਦਿਆਂ ਅਤੇ ਅਮਰੀਕਾ ਵੱਲੋਂ ਲਗਾਏ ਗਏ ਪ੍ਰਾਇਮਰੀ ਅਤੇ ਸੈਕੰਡਰੀ ਸੈਂਕਸ਼ਨ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਲਈ 60 ਦਿਨਾਂ ਦੀ ਗੱਲਬਾਤ।
9 : ਇਰਾਨ ਨੇ ਰਾਸ਼ਟਰੀ ਤਕਨੀਕ ਨੀਤੀ ਦੇ ਤਹਿਤ ਪਰਮਾਣੂ ਹਥਿਆਰ ਨਾ ਬਣਾਉਣ ਦੀ ਅਪਣੀ ਗੱਲ ਦੁਹਰਾਈ ਹੈ।
10 : ਜਦੋਂ ਤੱਕ ਗੱਲਬਾਤ ਚੱਲ ਰਹੀ ਹੈ, ਉਦੋਂ ਤੱਕ ਅਮਰੀਕਾ ਨੇ ਇਸ ਖੇਤਰ ਵਿਚ ਅਪਣੀ ਫ਼ੌਜ ਨਾ ਵਧਾਉਣ ਦੀ ਗੱਲ ਮੰਨੀ ਹੈ।
11 : ਸਮਝੌਤੇ ਨੂੰ ਲਾਗੂ ਕਰਨ ਦੇ ਲਈ ਸੁਪਰਵਾਇਜ਼ਰੀ ਮੈਕੇਨਿਜ਼ਮ ਬਣਾਇਆ ਜਾਵੇ।
12 : ਜਦੋਂ ਤੱਕ ਇਰਾਨ ’ਤੇ ਲੱਗੇ ਸੈਂਕਸ਼ਨ ਅਤੇ ਨੇਵਲ ਬਲਾਕੇਡ ਹਟ ਨਹੀਂ ਜਾਂਦੇ, ਉਦੋਂ ਤੱਕ ਫਾਈਨਲ ਸਮਝੌਤਾ ਨਹੀਂ ਹੋਵੇਗਾ।
13 : ਅੰਤਿਮ ਗੱਲਬਾਤ ਦੇ 60 ਦਿਨਾਂ ਦੇ ਸਮੇਂ ਦੌਰਾਨ ਇਰਾਨ ਦੇ ਫ੍ਰੀਜ 24 ਅਰਬ ਡਾਲਰ ਦੇ ਫੰਡ ਨੂੰ ਜਾਰੀ ਕੀਤਾ ਜਾਵੇ। ਅੱਧੀ ਰਾਸ਼ੀ ਗੱਲਬਾਤ ਸ਼ੁਰੂ ਹੋਣ ਤੋਂ ਇਰਾਨ ਨੂੰ ਉਪਲਬਧ ਕਰਵਾਈ ਜਾਵੇ।
14 : ਅੰਤਿਮ ਸਮਝੌਤੇ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ ਦੇ ਜ਼ਰੀਏ ਮਨਜ਼ੂਰ ਕੀਤਾ ਜਾਵੇਗਾ।
ਇਰਾਨੀ ਅਧਿਕਾਰੀਆਂ ਨੇ ਆਖਿਆ ਕਿ ਸਮਝੌਤੇ ਦੇ ਫਾਰਸੀ ਅਤੇ ਅੰਗਰੇਜ਼ੀ ਵਰਜ਼ਨ ਵਿਚ ਇਕੋ ਜਿਹੇ ਨਿਯਮ ਹਨ ਅਤੇ ਦੋਵੇਂ ਪਾਸੇ ਤੋਂ ਉਨ੍ਹਾਂ ’ਤੇ ਦਸਤਖ਼ਤ ਕੀਤੇ ਗਏ ਨੇ। ਇਸ ਦੇ ਨਾਲ ਹੀ ਇਰਾਨ ਨੇ ਅਪਣੇ ਮਿਜ਼ਾਈਲ ਪ੍ਰੋਗਰਾਮ ‘ਤੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਏ, ਉਥੇ ਹੀ ਐਨਰਿਚਰ ਯੂਰੇਨੀਅਮ ਸਬੰਧੀ ਉਪਾਅ ਤੋਂ ਵੀ ਜਾਣੂ ਕਰਵਾਇਆ। ਇਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਆਖਿਆ :
ਦੇਸ਼ ਦੇ ਅੰਦਰ ਹੀ ਰਹੇਗਾ ਐਨਰਿਚਡ ਯੂਰੇਨੀਅਮ
‘‘ਇਰਾਨ ਦਾ ਐਨਰਿਚਡ ਯੂਰੇਨੀਅਮ ਦੇਸ਼ ਦੇ ਅੰਦਰ ਹੀ ਰਹੇਗਾ ਅਤੇ ਇਸ ਨੂੰ ਵਿਦੇਸ਼ ਨਹੀਂ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚਰਚਾ ਵਿਚ ਇਕ ਬਦਲ ਐਨਰਿਚਡ ਯੁਰੇਨੀਅਮ ਦਾ ਡਾਈਲਿਊਸ਼ਨ ਐ,, ਯਾਨੀ ਯੂਰੇਨੀਅਮ ਦੀ ਤਾਕਤ ਜਾਂ ਸ਼ੁੱਧਤਾ ਨੂੰ ਘੱਟ ਕਰਨਾ ਤਾਂਕਿ ਉਸ ਤੋਂ ਪਰਮਾਣੂ ਬੰਬ ਨਾ ਬਣਾਇਆ ਜਾ ਸਕੇ। ਇਰਾਨ ਦੀਆਂ ਮਿਜ਼ਾਈਲਾਂ ਸਿਰਫ਼ ਦਾਗ਼ਣ ਵਾਸਤੇ ਨੇ, ਉਨ੍ਹਾਂ ’ਤੇ ਗੱਲਬਾਤ ਦੇ ਲਈ ਨਹੀਂ। ਦੇਸ਼ ਦੀ ਰੱਖਿਆ ਸਮਰੱਥਾਵਾਂ ’ਤੇ ਕਿਸੇ ਵੀ ਪੱਖ ਦੇ ਨਾਲ ਚਰਚਾ ਨਹੀਂ ਕੀਤੀ ਜਾਵੇਗੀ।’’
ਦੱਸ ਦਈਏ ਕਿ ਸਮਝੌਤੇ ਤੋਂ ਬਾਅਦ ਹੁਣ ਸਟ੍ਰੇਟ ਆਫ਼ ਹੋਰਮੁਜ਼ ਖੁੱਲ੍ਹੇਗਾ, ਪਰ ਇਹ ਓਵੇਂ ਨਹੀਂ ਹੋਵੇਗਾ, ਜਿਵੇਂ ਜੰਗ ਤੋਂ ਪਹਿਲਾਂ ਸੀ,, ਬਲਕਿ ਇਰਾਨ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਸਰਵਿਸ ਦੇ ਲਈ ਫ਼ੀਸ ਵਸੂਲੇਗਾ,, ਓਮਾਨ ਵੀ ਇਸ ਜ਼ਿੰਮੇਵਾਰੀ ਵਿਚ ਸ਼ਾਮਲ ਹੋਵੇਗਾ।
