60 ਤੋਂ ਵੱਧ ਵਿਅਕਤੀ ਹਮਲਿਆਂ ਦੌਰਾਨ ਹੋਏ ਜ਼ਖ਼ਮੀ
ਮਾਸਕੋ : ਰੂਸ ਵਿੱਚ ਰਾਤ ਦੇ ਸਮੇਂ ਯੂਕਰੇਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 60 ਤੋਂ ਵੱਧ ਹੋਰ ਜ਼ਖਮੀ ਹੋ ਗਏ। ਰੂਸੀ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਕਰੇਨ ਦੀ ਫ਼ੌਜ ਰੂਸ ਦੇ ਅੰਦਰੂਨੀ ਹਿੱਸਿਆਂ ਵਿੱਚ ਊਰਜਾ ਢਾਂਚੇ ਅਤੇ ਫ਼ੌਜੀ ਟਿਕਾਣਿਆਂ 'ਤੇ ਲਗਾਤਾਰ ਹਵਾਈ ਹਮਲੇ ਕਰ ਰਹੀ ਹੈ। ਇਹਨਾਂ ਹਮਲਿਆਂ ਦਾ ਮਕਸਦ ਮਾਸਕੋ ਦੇ ਯੁੱਧ ਯਤਨਾਂ ਨੂੰ ਕਮਜ਼ੋਰ ਕਰਨਾ ਅਤੇ ਯੂਕਰੇਨ 'ਤੇ ਕ੍ਰੇਮਲਿਨ ਦੇ ਵੱਡੇ ਹਮਲੇ ਦੇ ਨਤੀਜਿਆਂ ਦਾ ਰੂਸ ਦੇ ਲੋਕਾਂ ਨੂੰ ਅਹਿਸਾਸ ਕਰਵਾਉਣਾ ਹੈ । ਇਹ ਯੁੱਧ ਹੁਣ ਆਪਣੇ ਪੰਜਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ।
ਰੂਸੀ ਅਧਿਕਾਰੀਆਂ ਅਨੁਸਾਰ ਯੂਕਰੇਨੀ ਡਰੋਨਾਂ ਨੇ ਰਾਤ ਵੇਲੇ ਰੂਸ ਦੀ ਪ੍ਰਮੁੱਖ ਆਨਲਾਈਨ ਰਿਟੇਲ ਕੰਪਨੀ 'ਵਾਈਲਡਬੇਰੀਜ਼' ਦੇ ਦੋ ਵੱਡੇ ਗੋਦਾਮਾਂ ਨੂੰ ਨਿਸ਼ਾਨਾ ਬਣਾਇਆ । ਇਹਨਾਂ ਵਿੱਚੋਂ ਇੱਕ ਯੂਕਰੇਨ ਦੀ ਸਰਹੱਦ ਤੋਂ ਲਗਭਗ 360 ਕਿਲੋਮੀਟਰ ਦੂਰ ਤਾਂਬੋਵ ਖੇਤਰ ਦੇ ਕੋਤੋਵਸਕ ਕਸਬੇ ਵਿੱਚ ਅਤੇ ਦੂਜਾ ਮਾਸਕੋ ਤੋਂ ਲਗਭਗ 50 ਕਿਲੋਮੀਟਰ ਪੂਰਬ ਵਿੱਚ ਸਥਿਤ ਇਲੈਕਟ੍ਰੋਸਟਾਲ ਸ਼ਹਿਰ ਵਿੱਚ ਹੈ।
ਦੋਵਾਂ ਗੋਦਾਮਾਂ ਵਿੱਚ ਅੱਗ ਲੱਗ ਗਈ ਸੀ, ਪਰ ਵਾਈਲਡਬੇਰੀਜ਼ ਦੀ ਸੰਸਥਾਪਕ ਤਾਤਿਆਨਾ ਕਿਮ ਨੇ ਸ਼ਨੀਵਾਰ ਸਵੇਰੇ ਬਾਅਦ ਵਿੱਚ ਦੱਸਿਆ ਕਿ ਕੋਤੋਵਸਕ ਸਥਿਤ ਗੋਦਾਮ ਵਿੱਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ । ਰੂਸੀ ਆਨਲਾਈਨ ਮੀਡੀਆ ਅਦਾਰਿਆਂ ਵੱਲੋਂ ਜਾਰੀ ਤਸਵੀਰਾਂ ਅਤੇ ਵੀਡੀਓਜ਼ ਵਿੱਚ ਇਲੈਕਟ੍ਰੋਸਟਾਲ ਸਥਿਤ ਗੋਦਾਮ ਵਿੱਚ ਭਿਆਨਕ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ, ਜਿੱਥੋਂ ਧੂੰਏਂ ਦਾ ਗੁਬਾਰ ਉੱਠ ਰਿਹਾ ਸੀ।
ਮਾਸਕੋ ਖੇਤਰ ਦੇ ਗਵਰਨਰ ਆਂਦਰੇਈ ਵੋਰੋਬਯੋਵ ਅਨੁਸਾਰ, ਯੂਕਰੇਨ ਦੇ ਇੱਕ ਡਰੋਨ ਨੇ ਇਲੈਕਟ੍ਰੋਸਟਾਲ ਦੇ ਉੱਤਰ ਵਿੱਚ ਸਥਿਤ ਨੋਗਿੰਸਕ ਸ਼ਹਿਰ ਦੇ ਇੱਕ ਤੇਲ ਡਿਪੂ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਨਾਲ ਉੱਥੇ ਅੱਗ ਲੱਗ ਗਈ। ਇਹਤਿਆਤ ਵਜੋਂ ਨੇੜੇ ਦੇ ਇੱਕ ਜਣੇਪਾ ਹਸਪਤਾਲ ਅਤੇ ਇੱਕ ਰਿਹਾਇਸ਼ੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਟੈਲੀਗ੍ਰਾਮ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਯੂਕਰੇਨ ਦੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਹਮਲਿਆਂ ਵਿੱਚ ਮਾਸਕੋ ਅਤੇ ਤਾਂਬੋਵ ਖੇਤਰਾਂ ਵਿੱਚ ਸਥਿਤ ਦੋ ‘‘ਮਹੱਤਵਪੂਰਨ ਰਸਦ ਟਿਕਾਣਿਆਂ’’ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਟਿਕਾਣਿਆਂ ਦੀ ਵਰਤੋਂ ਹਮਲਾਵਰ ਦੇਸ਼ ਵੱਲੋਂ ਪਾਬੰਦੀਸ਼ੁਦਾ ਪੁਰਜ਼ਿਆਂ ਦੀ ਸਪਲਾਈ ਲਈ ਕੀਤੀ ਜਾ ਰਹੀ ਸੀ, ਜਿਨ੍ਹਾਂ ਦੀ ਵਰਤੋਂ ਡਰੋਨ ਅਤੇ ਨੇਵੀਗੇਸ਼ਨ (ਨੌਵਹਨ) ਉਪਕਰਣਾਂ ਦੇ ਨਿਰਮਾਣ ਵਿੱਚ ਕੀਤੀ ਜਾਂਦੀ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਇੱਕ ਤੇਲ ਟਿਕਾਣੇ 'ਤੇ ਵੀ ਹਮਲਾ ਕੀਤਾ ਗਿਆ।
