ਜਿੰਮ ਸਟਾਫ ਨੇ ਕਿਰਪਾਨ ਹਟਾਉਣ ਲਈ ਕਿਹਾ
ਟੋਰਾਂਟੋ: ਕੈਨੇਡਾ ਦੇ ਵਿੰਡਸਰ ‘ਚ ਇੱਕ ਸਿੱਖ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਜਿੰਮ ’ਚੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨਫਲੂਸਐਂਸਰ ਗੁਰਪ੍ਰਤਾਪ ਸਿੰਘ ਖਾਲਸਾ ਨੇ ਇਸ ਮਾਮਲੇ ਦਾ ਇੱਕ ਵੀਡੀਓ ਰਿਕਾਰਡ ਕੀਤਾ। ਉਹ ਜਿੰਮ ਦੇ ਸਟਾਫ਼ ਮੈਂਬਰਾਂ ਨੂੰ ਕਹਿ ਰਿਹਾ ਹੈ ਕਿ ਤੁਸੀ ਮੈਨੂੰ ਕਿਰਪਾਨ ਪਹਿਨਣ ਕਰਕੇ ਮੈਨੂੰ ਜਿੰਮ ਤੋਂ ਬਾਹਰ ਜਾਣ ਲਈ ਕਹਿ ਰਹੇ ਹੋ। ਉਸ ਨੇ ਇਲਜ਼ਾਮ ਲਗਾਇਆ ਕਿ ਇਹ ਧਾਰਮਿਕ ਵਿਤਕਰਾ ਹੈ।
ਗੁਰਪ੍ਰਤਾਪ ਸਿੰਘ ਖਾਲਸਾ ਮੁਤਾਬਕ, ਉਹ ਜਿਮ ‘ਚ ਕਸਰਤ ਕਰ ਰਿਹਾ ਸੀ ਜਦੋਂ ਇੱਕ ਸਟਾਫ ਮੈਂਬਰ ਨੇ ਉਸ ਕੋਲ ਆਇਆ। ਜਿੰਮ ਸਟਾਫ਼ ਨੇ ਕਿਹਾ ਕਿ ਇੱਕ ਹੋਰ ਜਿੰਮ ‘ਚ ਆਏ ਵਿਅਕਤੀ ਨੇ ਉਸ ਦੀ ਕਿਰਪਾਨ ਬਾਰੇ ਚਿੰਤਾ ਪ੍ਰਗਟ ਕੀਤੀ ਸੀ। ਇਸ ਤੋਂ ਬਾਅਦ ਕਰਮਚਾਰੀ ਨੇ ਕਿਰਪਾਨ ਨੂੰ ਹਥਿਆਰ ਦੱਸਦੇ ਹੋਏ, ਉਸ ਨੂੰ ਜਿੰਮ ਛੱਡਣ ਲਈ ਕਿਹਾ।
ਗੁਰਪ੍ਰਤਾਪ ਖਾਲਸਾ ਨੇ ਸਟਾਫ਼ ਨੂੰ ਸਵਾਲ ਕੀਤਾ ਕਿ ਕੀ ਉਸ ਨਾਲ ਸਿਰਫ਼ ਇਸ ਲਈ ਵੱਖਰਾ ਵਿਵਹਾਰ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਸਿੱਖ ਹੈ। ਇਸ ਪੂਰੇ ਵਿਵਾਦ ‘ਤੇ ਫ਼ਿਲਹਾਲ ਜਿੰਮ ਮੈਨੇਜਮੈਂਟ ਵੱਲੋਂ ਕੋਈ ਅਧਿਕਾਰਤ ਬਿਆਨ ਜਾਂ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ, ਕੈਨੇਡਾ ‘ਚ ਵੱਸਦੇ ਸਿੱਖ ਭਾਈਚਾਰੇ ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਇਸ ਘਟਨਾ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
