ਇਸ ਹਮਲੇ ਤੋਂ ਬਾਅਦ ਖੇਤਰ ਵਿਚ ਤਣਾਅ ਬਹੁਤ ਵਧ ਗਿਆ ਹੈ
ਦੁਬਈ : ਸੰਯੁਕਤ ਅਰਬ ਅਮੀਰਾਤ (UAE) ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਦੇਸ਼ ਦੇ ਬਾਰਾਕਾਹ ਨਿਊਕਲੀਅਰ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾਉਣ ਵਾਲੇ ਸਾਰੇ ਡਰੋਨ ਇਰਾਕੀ ਖੇਤਰ ਤੋਂ ਆਏ ਸਨ। ਇਸ ਹਮਲੇ ਤੋਂ ਬਾਅਦ ਖੇਤਰ ਵਿਚ ਤਣਾਅ ਬਹੁਤ ਵਧ ਗਿਆ ਹੈ। ਹਾਲਾਂਕਿ, ਇਸ ਹਮਲੇ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਰੇਡੀਓਲੌਜੀਕਲ ਲੀਕੇਜ ਦੀ ਕੋਈ ਖ਼ਬਰ ਨਹੀਂ ਹੈ।
ਇਸ ਘਟਨਾ ’ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਇਰਾਕੀ ਸਰਕਾਰ ਦੇ ਬੁਲਾਰੇ ਬਾਸਿਮ ਅਲ-ਅਵਾਦੀ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, ‘‘ਬਗਦਾਦ ਯੂ.ਏ.ਈ. ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਾਲੀਆ ਡਰੋਨ ਹਮਲਿਆਂ ਦੀ ਪੁਰਜ਼ੋਰ ਨਿੰਦਾ ਕਰਦਾ ਹੈ।’’ ਉਨ੍ਹਾਂ ਅੱਗੇ ਖੇਤਰੀ ਸੁਰੱਖਿਆ ’ਤੇ ਜ਼ੋਰ ਦਿੰਦਿਆਂ ਕਿਹਾ, ‘‘ਅਸੀਂ ਖੇਤਰ ਦੀ ਸਥਿਰਤਾ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਾਂ ਦੋਸਤਾਨਾ ਦੇਸ਼ਾਂ ਦੀ ਪ੍ਰਭੂਸੱਤਾ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਪ੍ਰਭਾਵਸ਼ਾਲੀ ਖੇਤਰੀ ਅਤੇ ਕੌਮਾਂਤਰੀ ਸਹਿਯੋਗ ਦੀ ਮਹੱਤਤਾ ’ਤੇ ਵੀ ਜ਼ੋਰ ਦਿੰਦੇ ਹਾਂ।’’
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਣਾਅ ਨੂੰ ਘੱਟ ਕਰਨ ਲਈ ਗੱਲਬਾਤ ਦੀ ਇੱਛਾ ਜਤਾਈ ਹੈ। ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਪ੍ਰਗਟਾਵਾ ਕੀਤਾ ਕਿ ਉਹ ਨਵੇਂ ਹਮਲੇ ਸ਼ੁਰੂ ਕਰਨ ਦਾ ਫੈਸਲਾ ਲੈਣ ਦੇ ਬਿਲਕੁਲ ਨਜ਼ਦੀਕ ਸਨ। ਟਰੰਪ ਨੇ ਕਿਹਾ, ‘‘ਮੈਂ ਨਵੇਂ ਹਮਲੇ ਸ਼ੁਰੂ ਕਰਨ ਅਤੇ ਨਾਜ਼ੁਕ ਜੰਗਬੰਦੀ ਨੂੰ ਖਤਮ ਕਰਨ ਦਾ ਫੈਸਲਾ ਲੈਣ ਤੋਂ ਸਿਰਫ ‘ਇਕ ਘੰਟਾ ਦੂਰ’ ਸੀ।’’ ਟਰੰਪ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਹੁਣ ਇਰਾਨ ਨੂੰ ਸ਼ਾਂਤੀ ਵਾਰਤਾ ਵਿਚ ਪ੍ਰਗਤੀ ਵਿਖਾ ਉਣ ਲਈ ਕੁੱਝ ਦਿਨਾਂ ਦਾ ਸਮਾਂ ਦੇਣ ਲਈ ਤਿਆਰ ਹਨ।
