ਦੁਨੀਆਂ ਭਰ ਵਿਚ ਰੋਸ ਦੀ ਲਹਿਰ
ਬੇਰੂਤ/ਯੇਰੂਸ਼ਲਮ : ਦਖਣੀ ਲਿਬਨਾਨ ਦੇ ਇਕ ਈਸਾਈ ਬਹੁਗਿਣਤੀ ਵਾਲੇ ਪਿੰਡ ਡੇਬਲ ਵਿਚ ਇਕ ਇਜ਼ਰਾਈਲੀ ਫ਼ੌਜੀ (ਆਈ.ਡੀ.ਐਫ਼.) ਵਲੋਂ ਹਜ਼ਰਤ ਈਸਾ ਮਸੀਹ ਦੀ ਮੂਰਤੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਇਕ ਤਸਵੀਰ ਵਿਚ ਇਕ ਇਜ਼ਰਾਈਲੀ ਸਿਪਾਹੀ ਨੂੰ ਹਥੌੜੇ ਨਾਲ ਸਲੀਬ ਤੋਂ ਡਿੱਗੀ ਹੋਈ ਮੂਰਤੀ ਉਤੇ ਵਾਰ ਕਰਦੇ ਹੋਏ ਵੇਖਿਆ ਗਿਆ ਹੈ। ਇਸ ਘਟਨਾ ਨੇ ਜਿੱਥੇ ਲਿਬਨਾਨ ਦੇ ਈਸਾਈ ਭਾਈਚਾਰੇ ਵਿਚ ਭਾਰੀ ਗੁੱਸਾ ਪੈਦਾ ਕਰ ਦਿਤਾ ਹੈ, ਉੱਥੇ ਹੀ ਕੌਮਾਂਤਰੀ ਪੱਧਰ ਉਤੇ ਇਜ਼ਰਾਈਲ ਦੀ ਆਲੋਚਨਾ ਹੋ ਰਹੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ਉਤੇ ਲਿਖਿਆ, ‘‘ਇਜ਼ਰਾਈਲ ਮੱਧ ਪੂਰਬ ਵਿਚ ਅਜਿਹੀ ਇਕਲੌਤੀ ਥਾਂ ਹੈ ਜਿੱਥੇ ਸਾਰਿਆਂ ਲਈ ਪੂਜਾ ਦੀ ਆਜ਼ਾਦੀ ਹੈ। ਅਸੀਂ ਇਸ ਘਟਨਾ ਅਤੇ ਇਸ ਨਾਲ ਦੁਨੀਆਂ ਭਰ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ ਲਈ ਅਫਸੋਸ ਪ੍ਰਗਟ ਕਰਦੇ ਹਾਂ।’’ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਓਨ ਸਾਰ ਨੇ ਵੀ ਇਸ ਨੂੰ ‘‘ਸ਼ਰਮਨਾਕ’’ ਦੱਸਦਿਆਂ ਕਿਹਾ ਕਿ ਦੋਸ਼ੀ ਫ਼ੌਜੀ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਜ਼ਰਾਈਲੀ ਰੱਖਿਆ ਬਲਾਂ (ਆਈ.ਡੀ.ਐਫ਼.) ਨੇ ਵੀ ਤਸਵੀਰ ਦੀ ਪੁਸ਼ਟੀ ਕੀਤੀ ਹੈ ਅਤੇ ਮੰਨਿਆ ਹੈ ਕਿ ਇਹ ਫ਼ੌਜੀ ਦਾ ਵਿਵਹਾਰ ਫ਼ੌਜ ਦੇ ਨੈਤਿਕ ਮੁੱਲਾਂ ਦੇ ਵਿਰੁਧ ਹੈ।
ਇਸ ਘਟਨਾ ਨੇ ਇਜ਼ਰਾਈਲ ਦੇ ਸੱਭ ਤੋਂ ਕਰੀਬੀ ਸਹਿਯੋਗੀ ਅਮਰੀਕਾ ਨੂੰ ਵੀ ਹੈਰਾਨ ਕਰ ਦਿਤਾ ਹੈ। ਇਜ਼ਰਾਈਲ ਵਿਚ ਅਮਰੀਕੀ ਰਾਜਦੂਤ ਮਾਈਕ ਹਕਾਬੀ ਨੇ ਇਸ ਕਾਰੇ ਨੂੰ ਨਾ-ਮਾਫ਼ੀਯੋਗ ਦਸਿਆ । ਉਨ੍ਹਾਂ ਕਿਹਾ, ‘‘ਇਹ ਕਾਰਵਾਈ ਇਜ਼ਰਾਈਲ ਸਰਕਾਰ ਜਾਂ ਆਈ.ਡੀ.ਐਫ਼. ਦੀ ਨੁਮਾਇੰਦਗੀ ਨਹੀਂ ਕਰਦੀ। ਇਸ ਦੇ ਗੰਭੀਰ ਅਤੇ ਜਨਤਕ ਸਿੱਟੇ ਨਿਕਲਣੇ ਚਾਹੀਦੇ ਹਨ।’’
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਇਜ਼ਰਾਈਲ ਅਤੇ ਲਿਬਨਾਨ ਵਿਚਕਾਰ 16 ਅਪ੍ਰੈਲ ਤੋਂ 10 ਦਿਨਾਂ ਦੀ ਜੰਗਬੰਦੀ ਲਾਗੂ ਹੈ। ਹਾਲਾਂਕਿ, ਇਜ਼ਰਾਈਲ ਨੇ ਅਜੇ ਵੀ ਅਪਣੇ ਫ਼ੌਜੀ ਦਖਣੀ ਲਿਬਨਾਨ ਵਿਚ ਤਾਇਨਾਤ ਰੱਖੇ ਹੋਏ ਹਨ ਅਤੇ ਨਾਗਰਿਕਾਂ ਨੂੰ ਕੁੱਝ ਖ਼ਾਸ ਇਲਾਕਿਆਂ ਵਿਚ ਨਾ ਜਾਣ ਦੀ ਚੇਤਾਵਨੀ ਦਿਤੀ ਹੈ। ਇਸ ਬੇਅਦਬੀ ਦੀ ਘਟਨਾ ਨੇ ਜੰਗਬੰਦੀ ਦੀਆਂ ਕੋਸ਼ਿਸ਼ਾਂ ਅਤੇ ਇਲਾਕੇ ਦੇ ਧਾਰਮਕ ਸਦਭਾਵਨਾ ਨੂੰ ਵੱਡੀ ਸੱਟ ਮਾਰੀ ਹੈ।
