ਚਾਰ ਭਾਰਤੀਆਂ ਦੀ ਮੌਤ, ਇੱਕ ਦੀ ਹਾਲਤ ਗੰਭੀਰ
ਨਵੀਂ ਦਿੱਲੀ: ਯੂਕਰੇਨ ਦੀ ਓਡੇਸਾ ਬੰਦਰਗਾਹ ਤੋਂ ਰਵਾਨਾ ਹੋ ਰਹੇ ਇੱਕ ਵਪਾਰਕ ਜਹਾਜ਼ ‘ਐੱਮ ਵੀ ਗੋਲਡਨ ਲੀਓ’ ’ਤੇ ਹੋਏ ਹਮਲੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਦਰਦਨਾਕ ਮੌਤ ਹੋ ਗਈ। ਵਿਦੇਸ਼ ਮੰਤਰਾਲੇ (MEA) ਅਨੁਸਾਰ, ਇਹ ਘਟਨਾ 19 ਜੁਲਾਈ ਦੀ ਸ਼ਾਮ ਨੂੰ ਵਾਪਰੀ, ਜਦੋਂ ਜਹਾਜ਼ ’ਤੇ 5 ਭਾਰਤੀਆਂ ਸਮੇਤ ਕੁੱਲ 17 ਕਰੂ ਮੈਂਬਰ ਸਵਾਰ ਸਨ।
ਮੰਤਰਾਲੇ ਨੇ ਦੱਸਿਆ, ‘‘ਮਿਲੀ ਜਾਣਕਾਰੀ ਮੁਤਾਬਕ ਚਾਰ ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ, ਜਦੋਂ ਕਿ ਇੱਕ ਹੋਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਹੈ।’’ ਭਾਰਤ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਭਾਰਤ ਅਜਿਹੇ ਹਮਲਿਆਂ ਦੀ ਨਿੰਦਾ ਕਰਦਾ ਹੈ ਅਤੇ ਦੁਹਰਾਉਂਦਾ ਹੈ ਕਿ ਵਪਾਰਕ ਸ਼ਿਪਿੰਗ ਨੂੰ ਨਿਸ਼ਾਨਾ ਬਣਾਉਣਾ ਅਤੇ ਨਿਰਦੋਸ਼ ਨਾਗਰਿਕਾਂ ਦੀ ਜਾਨ ਖਤਰੇ ਵਿੱਚ ਪਾਉਣਾ ਨਿੰਦਣਯੋਗ ਹੈ ਅਤੇ ਇਸ ਤੋਂ ਬਚਿਆ ਜਾਣਾ ਚਾਹੀਦਾ ਹੈ।’’ ਯੂਕਰੇਨ ਸਥਿਤ ਭਾਰਤੀ ਮਿਸ਼ਨ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਲਈ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ।
