ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਤੋਂ ਪ੍ਰੈੱਸ ਕਾਨਫਰੰਸ ਦੌਰਾਨ ਮੰਗੀ ਮਦਦ
ਇਸਲਾਮਾਬਾਦ : ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸੋਮਵਾਰ ਨੂੰ ਸਿੰਧੂ ਜਲ ਸੰਧੀ ਸਮਝੌਤੇ ਨੂੰ ਬਹਾਲ ਕਰਨ ਲਈ ਕੈਨੇਡਾ ਤੋਂ ਮਦਦ ਮੰਗੀ। ਉਨ੍ਹਾਂ ਨੇ ਦੋ ਦਿਨਾਂ ਦੀ ਪਾਕਿਸਤਾਨ ਯਾਤਰਾ 'ਤੇ ਪਹੁੰਚੀ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਤੋਂ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਮਦਦ ਮੰਗੀ। ਸਿੰਧੂ ਜਲ ਸੰਧੀ (1960) ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਬੈਂਕ ਦੀ ਵਿਚੋਲਗੀ ਨਾਲ ਹੋਇਆ ਇੱਕ ਸਮਝੌਤਾ ਹੈ । ਇਹ ਸਿੰਧੂ ਘਾਟੀ ਦੀਆਂ ਛੇ ਨਦੀਆਂ ਦੇ ਪਾਣੀ ਦੀ ਵੰਡ ਨੂੰ ਕੰਟਰੋਲ ਕਰਦਾ ਹੈ, ਜਿਸ ਦੇ ਤਹਿਤ ਪੂਰਬੀ ਨਦੀਆਂ ਭਾਰਤ ਨੂੰ ਅਤੇ ਪੱਛਮੀ ਨਦੀਆਂ ਮੁੱਖ ਤੌਰ 'ਤੇ ਪਾਕਿਸਤਾਨ ਨੂੰ ਅਲਾਟ ਕੀਤੀਆਂ ਗਈਆਂ ਹਨ।
ਭਾਰਤ ਨੇ ਅਪ੍ਰੈਲ 2025 ਵਿੱਚ ਪਹਿਲਗਾਮ ਅੱਤਵਾਦੀ ਹਮਲੇ ਦੇ ਇੱਕ ਦਿਨ ਬਾਅਦ ਇਸ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ। ਭਾਰਤ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅੱਤਵਾਦ ਦੇ ਖ਼ਿਲਾਫ਼ ਠੋਸ ਕਾਰਵਾਈ ਨਹੀਂ ਕਰਦਾ, ਉਦੋਂ ਤੱਕ ਇਹ ਸੰਧੀ ਮੁਅੱਤਲ ਰਹੇਗੀ। ਸੋਮਵਾਰ ਨੂੰ ਡਾਰ ਨੇ ਦਾਅਵਾ ਕੀਤਾ ਕਿ ਅਪ੍ਰੈਲ 2025 ਵਿੱਚ ਸੰਧੀ ਨੂੰ ਮੁਅੱਤਲ ਕਰਨ ਦਾ ਐਲਾਨ ਕਰਕੇ ਭਾਰਤ ਨੇ "ਪਹਿਲਾਂ ਤੋਂ ਹੀ ਅਸਥਿਰ ਸੁਰੱਖਿਆ ਸਥਿਤੀ ਵਿੱਚ ਇੱਕ ਨਵਾਂ ਪਹਿਲੂ ਜੋੜ ਦਿੱਤਾ ਹੈ"।
ਡਾਰ ਨੇ ਕਿਹਾ ਕਿ ਅਸੀਂ ਕੈਨੇਡਾ ਸਮੇਤ ਆਪਣੇ ਮਿੱਤਰ ਦੇਸ਼ਾਂ ਤੋਂ ਸਮਰਥਨ ਚਾਹੁੰਦੇ ਹਾਂ ਤਾਂ ਜੋ ਭਾਰਤ ਨਾਲ ਸਿੰਧੂ ਜਲ ਸੰਧੀ ਨੂੰ ਤੁਰੰਤ ਬਹਾਲ ਕੀਤਾ ਜਾ ਸਕੇ, ਪਾਣੀ ਨੂੰ ਹਥਿਆਰ ਵਜੋਂ ਵਰਤਣ ਦੀ ਨੀਤੀ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਅੰਤਰਰਾਸ਼ਟਰੀ ਕਾਨੂੰਨ ਤੇ ਪਰੰਪਰਾਵਾਂ ਅਨੁਸਾਰ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਧੀ ਦੀਆਂ ਸ਼ਰਤਾਂ ਦਾ ਪਾਲਣ ਕੀਤਾ ਜਾ ਸਕੇ।
