ਨਵਜੋਤ ਸਿੰਘ 'ਤੇ ਇਰਾਦਾਪੂਰਵਕ ਗੰਭੀਰ ਸੱਟਾਂ ਪਹੁੰਚਾਉਣ ਅਤੇ ਘਾਤਕ ਹਥਿਆਰ ਰੱਖਣ ਦੇ ਦੋਸ਼
ਲੰਡਨ : ਲੰਡਨ ਦੇ ਸਾਊਥਾਲ ਇਲਾਕੇ ਵਿੱਚ ਇੱਕ 26 ਸਾਲ ਦੇ ਪੰਜਾਬੀ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਇੱਕ 20 ਸਾਲ ਦੇ ਪੰਜਾਬੀ ਨੌਜਵਾਨ ’ਤੇ ਦੋਸ਼ ਲਗਾਏ ਗਏ ਹਨ। ਮੈਟਰੋਪੋਲੀਟਨ ਪੁਲਿਸ ਅਨੁਸਾਰ, ਨਵਜੋਤ ਸਿੰਘ ’ਤੇ ਗੁਰਭੇਜ ਸਿੰਘ ਦੇ ਕਤਲ, ਇਰਾਦਾਪੂਰਵਕ ਗੰਭੀਰ ਸੱਟਾਂ ਪਹੁੰਚਾਉਣ ਅਤੇ ਘਾਤਕ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ।
ਇਹ ਦੁਖਦਾਈ ਘਟਨਾ 10 ਜੂਨ ਦੀ ਸਵੇਰ ਨੂੰ ਸਾਊਥਾਲ ਦੇ ਨੌਰਥ ਰੋਡ ’ਤੇ ਵਾਪਰੀ ਸੀ, ਜਿੱਥੇ ਗੁਰਭੇਜ ਸਿੰਘ ਨੂੰ ਚਾਕੂ ਮਾਰਿਆ ਗਿਆ ਸੀ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਮਲੇ ਵਿੱਚ ਇੱਕ ਹੋਰ ਨੌਜਵਾਨ ਵੀ ਜ਼ਖਮੀ ਹੋਇਆ ਸੀ, ਜਿਸ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਜਾਂਚ ਦੀ ਅਗਵਾਈ ਕਰ ਰਹੀ ਡਿਟੈਕਟਿਵ ਚੀਫ਼ ਇੰਸਪੈਕਟਰ ਐਲੀਸਨ ਫੌਕਸਵੈੱਲ ਨੇ ਕਿਹਾ, ‘‘ਅਫਸਰਾਂ ਨੇ ਗੁਰਭੇਜ ਦੀ ਮੌਤ ਤੋਂ ਬਾਅਦ ਵਿਆਪਕ ਜਾਂਚ ਕੀਤੀ ਹੈ, ਜਿਸ ਕਾਰਨ ਅਸੀਂ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਮੈਂ ਇਸ ਗੱਲ ਤੋਂ ਜਾਣੂ ਹਾਂ ਕਿ ਇਸ ਘਟਨਾ ਨੇ ਸਥਾਨਕ ਪੱਧਰ ’ਤੇ ਚਿੰਤਾ ਪੈਦਾ ਕੀਤੀ ਹੋਵੇਗੀ। ਮੈਂ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸੀ.ਸੀ.ਟੀ.ਵੀ. ਅਤੇ ਹੋਰ ਜਾਣਕਾਰੀ ਪ੍ਰਦਾਨ ਕੀਤੀ ਹੈ, ਜਿਸ ਨਾਲ ਸਾਨੂੰ ਇਹ ਸਮਝਣ ਵਿੱਚ ਮਦਦ ਮਿਲੀ ਹੈ ਕਿ ਉਸ ਰਾਤ ਕੀ ਵਾਪਰਿਆ ਸੀ।’’ ਮੁਲਜ਼ਮ ਨਵਜੋਤ ਸਿੰਘ ਨੂੰ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਹੁਣ ਉਹ ਸੋਮਵਾਰ ਨੂੰ ਓਲਡ ਬੇਲੀ ਕੋਰਟ ਵਿੱਚ ਪੇਸ਼ ਹੋਵੇਗਾ। (ਪੀਟੀਆਈ)
