ਹੋਰਮੁਜ਼ ’ਚ ਸਮੁੰਦਰੀ ਆਵਾਜਾਈ ’ਤੇ ਪਾਬੰਦੀਆਂ ਜਾਰੀ, ਇਰਾਨ ਨੇ ਤਿੰਨ ਜਹਾਜ਼ਾਂ ਨੂੰ ਹਮਲਾ ਕਰ ਕੇ ਅਪਣੇ ਕਬਜ਼ੇ ’ਚ ਲਿਆ
ਤਹਿਰਾਨ/ਵਾਸ਼ਿੰਗਟਨ: ਅਮਰੀਕਾ ਨੇ ਇਰਾਨ ਨਾਲ ਜੰਗਬੰਦੀ ਨੂੰ ਅੱਗੇ ਵਧਾ ਦਿਤਾ ਹੈ, ਪਰ ਇਰਾਨ ਵਲੋਂ ਬੁਧਵਾਰ ਨੂੰ ਹੋਰਮੁਜ਼ ਜਲਡਮਰੂਮੱਧ ਵਿਚ ਤਿੰਨ ਜਹਾਜ਼ਾਂ ’ਤੇ ਗੋਲੀਬਾਰੀ ਕੀਤੀ, ਜਿਸ ਨਾਲ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀਵਾਰਤਾ ਅੱਗੇ ਵਧਾਉਣ ਦਾ ਮਸਲਾ ਹੋਰ ਗੁੰਝਲਦਾਰ ਹੋ ਗਿਆ ਹੈ।
ਇਰਾਨੀ ਮੀਡੀਆ ਅਨੁਸਾਰ, ਇਹ ਹਮਲੇ ਰਿਵੋਲੂਸ਼ਨਰੀ ਗਾਰਡ ਵਲੋਂ ਕੀਤੇ ਗਏ। ਇਹ ਘਟਨਾ ਉਸ ਵੇਲੇ ਹੋਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਚੱਲ ਰਹੀ ਜੰਗ ’ਚ ਜੰਗਬੰਦੀ ਨੂੰ ਅਨਿਸ਼ਚਿਤ ਸਮੇਂ ਲਈ ਵਧਾਉਣ ਦਾ ਐਲਾਨ ਕੀਤਾ, ਪਰ ਨਾਲ ਹੀ ਇਰਾਨੀ ਬੰਦਰਗਾਹਾਂ ’ਤੇ ਨਾਕਾਬੰਦੀ ਜਾਰੀ ਰੱਖਣ ਦੀ ਗੱਲ ਵੀ ਕੀਤੀ।
ਯੂ.ਕੇ. ਮੈਰੀਟਾਈਮ ਟ੍ਰੇਡ ਓਪਰੇਸ਼ਨਜ਼ ਸੈਂਟਰ ਨੇ ਦਸਿਆ ਕਿ ਪਹਿਲਾ ਜਹਾਜ਼ ਬਿਨਾਂ ਚੇਤਾਵਨੀ ਦੇ ਗਾਰਡ ਦੀ ਗਨਬੋਟ ਵਲੋਂ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ, ਕਿਸੇ ਨੂੰ ਸੱਟ ਨਹੀਂ ਲੱਗੀ। ਇਰਾਨੀ ਸਰਕਾਰੀ ਮੀਡੀਆ ਨੇ ਬਾਅਦ ਵਿਚ ਦਸਿਆ ਕਿ ਐਮ.ਐੱਸ.ਸੀ. ਫ਼ਰੈਂਸ਼ੀਆ ਅਤੇ ਇਪਾਮਿਨੋਡੇਸ ਨਾਮਕ ਜਹਾਜ਼ਾਂ ਨੂੰ ਕਬਜ਼ੇ ਵਿਚ ਲੈ ਕੇ ਇਰਾਨ ਵਲ ਲਿਜਾਇਆ ਜਾ ਰਿਹਾ ਹੈ।
ਇਰਾਨੀ ਨੂਰ ਨਿਊਜ਼ ਨੇ ਰੀਪੋਰਟ ਕੀਤਾ ਕਿ ਤੀਜੇ ਜਹਾਜ਼ ਯੂਫ਼ੋਰੀਆ ਨੂੰ ਵੀ ‘‘ਇਰਾਨੀ ਤਟ ’ਤੇ ਫਸਣ’’ ਤੋਂ ਬਾਅਦ ਕਬਜ਼ੇ ਵਿਚ ਲਿਆ ਗਿਆ। ਇਰਾਨੀ ਏਜੰਸੀ ਫ਼ਾਰਸ ਨੇ ਕਿਹਾ ਕਿ ਇਹ ਕਾਰਵਾਈ ‘‘ਹੋਰਮੁਜ਼ ਜਲਡਮਰੂਮੱਧ ’ਤੇ ਕਾਨੂੰਨੀ ਨਿਯੰਤਰਣ ਲਾਗੂ ਕਰਨ’’ ਲਈ ਕੀਤੀ ਗਈ।
ਟਰੰਪ ਦੇ ਐਲਾਨ ’ਤੇ ਇਰਾਨ ਨੇ ਕੋਈ ਅਧਿਕਾਰਕ ਪ੍ਰਤੀਕ੍ਰਿਆ ਨਹੀਂ ਦਿਤੀ, ਪਰ ਮਿਸਰ ਵਿਚ ਈਰਾਨੀ ਮਿਸ਼ਨ ਦੇ ਮੁਖੀ ਮੁਜਤਬਾ ਫਿਰਦੌਸੀ ਪੁਰ ਨੇ ਸਪੱਸ਼ਟ ਕੀਤਾ, ‘‘ਜਦ ਤਕ ਅਮਰੀਕੀ ਨਾਕੇਬੰਦੀ ਹਟਾਈ ਨਹੀਂ ਜਾਂਦੀ, ਗੱਲਬਾਤ ਮੁੜ ਸ਼ੁਰੂ ਨਹੀਂ ਹੋਵੇਗੀ।’’
ਇਸ ਸੰਘਰਸ਼ ਕਾਰਨ ਕੱਚੇ ਤੇਲ ਦੀ ਕੀਮਤ 98 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋ ਗਈ ਹੈ, ਜੋ ਜੰਗ ਸ਼ੁਰੂ ਹੋਣ ਤੋਂ ਬਾਅਦ 35% ਵਧ ਚੁਕੀ ਹੈ।ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਹੋਰਮੁਜ਼ ਜਲਡਮਰੂਮੱਧ ਬੰਦ ਰਿਹਾ ਤਾਂ ਖ਼ੁਰਾਕ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਹੋਰ ਵਧਣਗੀਆਂ। ਇਰਾਨੀ ਗਾਰਡ ਨੇ ਚੇਤਾਵਨੀ ਦਿਤੀ ਕਿ ਉਹ ‘‘ਦੁਸ਼ਮਣ ਦੇ ਖੇਤਰ ਵਿਚ ਅਜਿਹੇ ਤਬਾਹੀਕਾਰੀ ਹਮਲੇ ਕਰੇਗਾ ਜੋ ਉਸ ਦੀ ਕਲਪਨਾ ਤੋਂ ਪਰੇ ਹੋਣਗੇ।’’ ਪਿਛਲੀ ਰਾਤ ਤੇਹਰਾਨ ਵਿਚ ਗਾਰਡ ਨੇ ਮਿਜ਼ਾਈਲਾਂ ਦੀ ਪ੍ਰਦਰਸ਼ਨੀ ਕਰ ਕੇ ਅਮਰੀਕਾ ਅਤੇ ਇਜ਼ਰਾਇਲ ਨੂੰ ਚੁਨੌਤੀ ਦਿਤੀ ।
ਫ਼ਰਵਰੀ 28 ਤੋਂ ਜੰਗ ਸ਼ੁਰੂ ਹੋਣ ਤੋਂ ਬਾਅਦ ਮੱਧ-ਪੂਰਬ ਵਿਚ 30 ਤੋਂ ਵੱਧ ਜਹਾਜ਼ਾਂ ’ਤੇ ਹਮਲੇ ਹੋ ਚੁਕੇ ਹਨ। ਅਧਿਕਾਰਕ ਅੰਕੜਿਆਂ ਅਨੁਸਾਰ, ਇਰਾਨ ਵਿਚ 3,375, ਲੈਬਨਾਨ ਵਿਚ 2,290, ਇਜ਼ਰਾਇਲ ਵਿਚ 23 ਅਤੇ ਖਾੜੀ ਦੇਸ਼ਾਂ ਵਿਚ ਦਰਜਨ ਤੋਂ ਵੱਧ ਲੋਕ ਮਾਰੇ ਗਏ ਹਨ।
ਇਰਾਨ ਵਲੋਂ ਜ਼ਬਤ ਇਕ ਜਹਾਜ਼ ਗੁਜਰਾਤ ਆ ਰਿਹਾ ਸੀ
ਨਵੀਂ ਦਿੱਲੀ : ਇਰਾਨੀ ਰਿਵੋਲੂਸ਼ਨਰੀ ਗਾਰਡਜ਼ ਨੇ ਬੁਧਵਾਰ ਨੂੰ ਹੋਰਮੁਜ਼ ਜਲਡੰਘ ਵਿਚ ਤਿੰਨ ਵਪਾਰਕ ਜਹਾਜ਼ਾਂ ’ਤੇ ਗੋਲੀਬਾਰੀ ਕੀਤੀ, ਜਿਨ੍ਹਾਂ ’ਚੋਂ ਇਕ ਜਹਾਜ਼ ਗੁਜਰਾਤ ਦੇ ਮੁੰਦਰਾ ਬੰਦਰਗਾਹ ਵਲ ਜਾ ਰਿਹਾ ਸੀ। ਮਰੀਨ ਟ੍ਰੈਫਿਕ ਜਾਣਕਾਰੀ ਅਨੁਸਾਰ, ਕੰਟੇਨਰ ਜਹਾਜ਼ ਇਪਾਮਿੰਡੋਸ ਨੇ ਮੁੰਦਰਾ ਨੂੰ ਅਪਣੀ ਮੰਜ਼ਿਲ ਦਰਸਾਇਆ ਸੀ। ਇਹ ਜਹਾਜ਼ ਲਾਇਬੇਰੀਆ ਦੇ ਝੰਡੇ ਹੇਠ ਜਾ ਰਿਹਾ ਸੀ। ਇਨ੍ਹਾਂ ਤਿੰਨਾਂ ਜਹਾਜ਼ਾਂ ਨੂੰ ਇਰਾਨੀ ਫ਼ੌਜ ਨੇ ਜ਼ਬਤ ਕਰ ਲਿਆ ਹੈ।
ਅਧਿਕਾਰੀਆਂ ਨੇ ਦਸਿਆ ਕਿ ਦੋ ਜਹਾਜ਼ਾਂ ਨੂੰ ਇਰਾਨ ਨੇ ਕਬਜ਼ੇ ਵਿਚ ਲੈ ਲਿਆ ਹੈ, ਜਦਕਿ ਇਕ ਨੂੰ ਨੁਕਸਾਨ ਪਹੁੰਚਿਆ। ਮੁਕੇਸ਼ ਮੰਗਲ, ਵਾਧੂ ਸਕੱਤਰ, ਬੰਦਰਗਾਹ ਮੰਤਰਾਲਾ ਨੇ ਕਿਹਾ, ‘‘ਪਿਛਲੇ ਹਫ਼ਤੇ ਦੋ ਭਾਰਤੀ ਜਹਾਜ਼ਾਂ ’ਤੇ ਵੀ ਗੋਲੀਬਾਰੀ ਹੋਈ ਸੀ, ਜਿਨ੍ਹਾਂ ਨੂੰ ਵਾਪਸ ਮੁੜਨਾ ਪਿਆ।’’ ਇਰਾਨੀ ਮੀਡੀਆ ਨੇ ਦਾਅਵਾ ਕੀਤਾ ਕਿ ਜਹਾਜ਼ਾਂ ਨੇ ਟਰਾਂਜ਼ਿਟ ਨਿਯਮਾਂ ਦੀ ਉਲੰਘਣਾ ਕੀਤੀ, ਜਦਕਿ ਬਿ੍ਰਟਿਸ਼ ਸੁਰੱਖਿਆ ਫ਼ਰਮ ਨੇ ਕਿਹਾ ਕਿ ਜਹਾਜ਼ ਨੂੰ ਪਾਰ ਕਰਨ ਦੀ ਇਜਾਜ਼ਤ ਸੀ।
ਹੋਰਮੁਜ਼ ’ਤੇ ਇਰਾਨ ਦਾ ਸ਼ਿਕੰਜਾ, 12 ਨੁਕਾਤੀ ਬਿੱਲ ਦਾ ਖਰੜਾ ਕੀਤਾ ਤਿਆਰ
ਤਹਿਰਾਨ : ਇਰਾਨ ਦੀ ਸੰਸਦ ਨੇ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਮਾਰਗਾਂ ’ਚੋਂ ਇਕ, ‘ਹੋਰਮੁਜ਼’ ’ਤੇ ਮੁਕੰਮਲ ਕਾਨੂੰਨੀ ਦਬਦਬਾ ਕਾਇਮ ਕਰਨ ਲਈ ਇਕ ਸਖ਼ਤ 12-ਨੁਕਾਤੀ ਬਿੱਲ ਦਾ ਮਸੌਦਾ ਤਿਆਰ ਕੀਤਾ ਹੈ। ‘ਮੇਹਰ ਨਿਊਜ਼’ ਦੀ ਰਿਪੋਰਟ ਅਨੁਸਾਰ, ਇਹ ਰਣਨੀਤਕ ਉਲਟਫੇਰ ਅਜਿਹੇ ਨਾਜ਼ੁਕ ਮੋੜ ’ਤੇ ਆਇਆ ਹੈ ਜਦੋਂ ਅਮਰੀਕਾ ਇਰਾਨ ਨਾਲ ਸਮਝੌਤੇ ਦੀਆਂ ਕੋਸ਼ਿਸ਼ਾਂ ’ਚ ਜੁਟਿਆ ਹੋਇਆ ਹੈ। ਇਸ ਕਾਨੂੰਨੀ ਸ਼ਿਕੰਜੇ ਰਾਹੀਂ ਇਰਾਨ ਇਸ ਅਹਿਮ ਜਲ ਮਾਰਗ ’ਤੇ ਅਪਣੀ ਪ੍ਰਭੂਸੱਤਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਚੁਣੌਤੀਹੀਣ ਬਣਾਉਣ ਦੀ ਤਿਆਰੀ ’ਚ ਹੈ।
ਇਰਾਨੀ ਸੰਸਦ ਮੈਂਬਰ ਮੁਹੰਮਦ ਰਜ਼ਾ ਰੇਜ਼ਾਈ ਕੂਚੀ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਇਸ ਬਿੱਲ ਦੇ ਲਾਗੂ ਹੋਣ ਨਾਲ ਹੋਰਮੁਜ਼ ਤੋਂ ਗੁਜ਼ਰਨ ਵਾਲੇ ਜਹਾਜ਼ਾਂ ਲਈ ਵਿੱਤੀ ਸਮੀਕਰਨ ਪੂਰੀ ਤਰ੍ਹਾਂ ਬਦਲ ਜਾਣਗੇ। ਇਸ ਪ੍ਰਣਾਲੀ ਦੇ ਮੁੱਖ ਨੁਕਤੇ ਹੇਠ ਲਿਖੇ ਹਨ।
ਅਮਰੀਕੀ ਡਾਲਰ ਦੀ ਸਰਦਾਰੀ ਨੂੰ ਚੁਣੌਤੀ ਦਿੰਦਿਆਂ ਹੁਣ ਸਾਰੇ ਜਹਾਜ਼ਾਂ ਨੂੰ ਟੋਲ (ਚੁੰਗੀ) ਦਾ ਭੁਗਤਾਨ ਲਾਜ਼ਮੀ ਤੌਰ ’ਤੇ ਇਰਾਨੀ ਰਿਆਲ ਵਿੱਚ ਕਰਨਾ ਪਵੇਗਾ। ਟੋਲ ਦੀ ਰਾਸ਼ੀ ਕੋਈ ਨਿਸ਼ਚਿਤ ਅੰਕੜਾ ਨਹੀਂ ਹੋਵੇਗੀ ਬਲਕਿ ਇਹ ਜਹਾਜ਼ ਦੀ ਕਿਸਮ, ਉਸ ਦੇ ਆਕਾਰ ਅਤੇ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ।
ਇਰਾਨ ਨੇ ਅਪਣੇ ਹਿੱਤਾਂ ਦਾ ਖਿਆਲ ਰਖਦੇ ਹੋਏ ਭਾਰਤ ਅਤੇ ਚੀਨ ਵਰਗੇ ਮਿੱਤਰ ਦੇਸ਼ਾਂ ਨੂੰ ਇਸ ਟੋਲ ਪ੍ਰਣਾਲੀ ਤੋਂ ਪੂਰੀ ਤਰ੍ਹਾਂ ਮੁਕਤ ਰਖਿਆ ਹੈ। ਇਹਨਾਂ ਦੇਸ਼ਾਂ ਦੇ ਜਹਾਜ਼ਾਂ ਤੋਂ ਕੋਈ ਵੀ ਵਸੂਲੀ ਨਹੀਂ ਕੀਤੀ ਜਾਵੇਗੀ। ਇਰਾਨ ਨੇ ਇਸ 12-ਨੁਕਾਤੀ ਮਸੌਦੇ ਰਾਹੀਂ ਸਪੱਸ਼ਟ ਕਰ ਦਿਤਾ ਹੈ ਕਿ ਉਸ ਦੇ ਨਿਯਮਾਂ ਨੂੰ ਹਲਕੇ ਵਿਚ ਲੈਣਾ ਮਹਿੰਗਾ ਪੈ ਸਕਦਾ ਹੈ। ਉਲੰਘਣਾ ਕਰਨ ਵਾਲਿਆਂ ਲਈ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਜੇਕਰ ਕੋਈ ਜਹਾਜ਼ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਤੁਰਤ ਜ਼ਬਤ ਕਰ ਕੇ ਇਰਾਨੀ ਬੰਦਰਗਾਹ ’ਤੇ ਲਿਜਾਇਆ ਜਾਵੇਗਾ। ਸਜ਼ਾ ਵਜੋਂ ਜਹਾਜ਼ ’ਤੇ ਲੱਦੇ ਕੁੱਲ ਮਾਲ ਦਾ 20 ਫ਼ੀ ਸਦੀ ਹਿੱਸਾ ਇਰਾਨ ਸਰਕਾਰ ਵਲੋਂ ਚੁੰਗੀ ਜਾਂ ਜੁਰਮਾਨੇ ਵਜੋਂ ਜ਼ਬਤ ਕਰ ਲਿਆ ਜਾਵੇਗਾ। ਇਸ ਵੱਡੀ ਜ਼ਬਤੀ ਤੋਂ ਬਾਅਦ ਹੀ ਜਹਾਜ਼ ਨੂੰ ਉਸ ਦੇ ਮੰਜ਼ਿਲ ਵਲ ਜਾਣ ਦੀ ਇਜਾਜ਼ਤ ਮਿਲੇਗੀ।
