ਰੀਫਾਰਮ ਯੂ.ਕੇ. ਪਾਰਟੀ ਨੇ ਕੀਤਾ ਪਾਬੰਦੀ ਦਾ ਐਲਾਨ, ਸੱਜੇ-ਪੱਖੀ ਆਗੂ ਰੂਪਰਟ ਲੋਅ ਨੇ ਸਾਰਿਆਂ ਲਈ ਇਕੋ ਜਿਹੇ ਨਿਯਮ ਦੀ ਮੰਗ ਕੀਤੀ
ਲੰਡਨ : ਬਰਤਾਨੀਆਂ ਵਿਚ ਸਿੱਖ ਧਰਮ ਦੇ ਪ੍ਰਤੀਕ ਕਿਰਪਾਨ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। 18 ਸਾਲ ਦੇ ਵਿਦਿਆਰਥੀ ਹੈਨਰੀ ਨੋਵਾਕ ਦੇ ਕਿਰਪਾਨ ਨਾਲ ਕੀਤੇ ਕਤਲ ਤੋਂ ਬਾਅਦ ਰੀਫਾਰਮ ਯੂ.ਕੇ. ਪਾਰਟੀ ਨੇ ਕਿਰਪਾਨ ’ਤੇ ਪਾਬੰਦੀ ਲਗਾਉਣ ਦਾ ਵਾਅਦਾ ਕੀਤਾ ਹੈ। ਇਹ ਮਾਮਲਾ ਉਸ ਵੇਲੇ ਗੰਭੀਰ ਹੋ ਗਿਆ ਜਦੋਂ ਵਿਕਰਮ ਡਿਗਵਾ, 23, ਨੂੰ 21 ਸੈਂਟੀਮੀਟਰ ਲੰਬੀ ਕਿਰਪਾਨ ਨਾਲ ਨੋਵਾਕ ਦੀ ਹੱਤਿਆ ਕਰਨ ਦੇ ਮਾਮਲੇ ’ਚ ਦੋਸ਼ੀ ਕਰਾਰ ਦਿਤਾ ਗਿਆ।
ਰੀਫਾਰਮ ਯੂ.ਕੇ. ਦੇ ਚੇਅਰਮੈਨ ਜ਼ਿਆ ਯੂਸੁਫ਼ ਨੇ ਕਿਹਾ, ‘‘ਮੈਨੂੰ ਪਰਵਾਹ ਨਹੀਂ ਕਿ ਤੁਸੀਂ ਕਿਸ ਧਰਮ ਨਾਲ ਸਬੰਧਤ ਹੋ। ਕਾਨੂੰਨ-ਲਾਗੂ ਕਰਨ ਵਾਲੇ ਅਧਿਕਾਰੀਆਂ ਤੋਂ ਇਲਾਵਾ ਕਿਸੇ ਨੂੰ ਵੀ ਜਨਤਕ ਥਾਵਾਂ ’ਤੇ ਖ਼ਤਰਨਾਕ ਹਥਿਆਰ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ।’’ ਯੂਸੁਫ਼ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਕਿਰਪਾਨ ਲਈ ਕਾਨੂੰਨੀ ਛੋਟ ਨੂੰ ਰੱਦ ਕਰਦੇ ਹੋਏ ‘ਸਟਾਪ ਐਂਡ ਸਰਚ’ ਅਧਿਕਾਰਾਂ ਨੂੰ ਵਧਾਉਣਗੇ।
ਦੂਜੇ ਪਾਸੇ, ਲੇਬਰ ਪਾਰਟੀ ਦੀ ਸੰਸਦ ਮੈਂਬਰ ਸੈਰਾਹ ਕੁੰਬਸ ਨੇ ਇਸ ਪ੍ਰਸਤਾਵ ਦਾ ਵਿਰੋਧ ਕੀਤਾ। ਉਨ੍ਹਾਂ ਨੇ ਕਿਹਾ, ‘‘ਟੋਰੀਜ਼ ਅਤੇ ਰੀਫਾਰਮ ਦੋਵੇਂ ਕਹਿ ਰਹੇ ਹਨ ਕਿ ਕਿਰਪਾਨ ’ਤੇ ਪਾਬੰਦੀ ਲਗਾਈ ਜਾਵੇ। ਇਹ ਬਿਲਕੁਲ ਗਲਤ ਹੈ। ਕਿਰਪਾਨ ਸਿੱਖ ਧਰਮ ਦਾ ਮੁੱਖ ਪ੍ਰਤੀਕ ਹੈ। ਪੂਰੀ ਕੌਮ ਨੂੰ ਇਕ ਵਿਅਕਤੀ ਦੇ ਭਿਆਨਕ ਕੰਮਾਂ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।’’

ਹੈਨਰੀ ਨੋਵਾਕ ਅਤੇ ਵਿਕਰਮ ਡਿਗਵਾ
ਇਸ ਤੋਂ ਇਲਾਵਾ, ਯੂ.ਕੇ. ਦੀ ਇਕ ਕੱਟੜ ਸੱਜੇ-ਪੱਖੀ ਪਾਰਟੀ ਦੇ ਆਗੂ ਰੂਪਰਟ ਲੋਅ ਨੇ ਵੀ ਘੱਟ ਗਿਣਤੀਆਂ ਅਤੇ ਪ੍ਰਵਾਸੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹੋਰ ਸਖ਼ਤ ਐਲਾਨ ਕੀਤੇ। ਗ੍ਰੇਟ ਯਾਰਮਾਊਥ ਤੋਂ ਸੰਸਦ ਮੈਂਬਰ ਲੋਅ ਨੇ, ਜੋ ਪਹਿਲਾਂ ਨਾਈਜਲ ਫਰੇਜ ਦੀ ‘ਰਿਫਾਰਮ ਯੂ.ਕੇ.’ ਵਿਚ ਸਨ ਅਤੇ ਹੁਣ ਅਪਣੀ ਨਵੀਂ ਪਾਰਟੀ ‘ਰੀਸਟੋਰ ਬ੍ਰਿਟੇਨ’ ਚਲਾ ਰਹੇ ਹਨ, ਨੇ ਕਿਰਪਾਨ ’ਤੇ ਨਿਸ਼ਾਨਾ ਵਿੰਨ੍ਹਦਿਆਂ ਐਲਾਨ ਕੀਤਾ ਕਿ ਰੀਸਟੋਰ ਬਰਤਾਨੀਆਂ ਦੀ ਸਰਕਾਰ ‘‘ਜਨਤਕ ਥਾਵਾਂ ’ਤੇ ਕਿਰਪਾਨ ਨੂੰ ਬੈਨ ਕਰੇਗੀ। ਸਾਰਿਆਂ ਲਈ ਇਕ ਨਿਯਮ ਹੋਵੇਗਾ।’’
ਇਸ ਤਕਰਾਰ ਨੇ ਧਾਰਮਕ ਆਜ਼ਾਦੀਆਂ ਅਤੇ ਜਨਤਕ ਸੁਰੱਖਿਆ ਦੇ ਸੰਤੁਲਨ ’ਤੇ ਮੁੜ ਚਰਚਾ ਸ਼ੁਰੂ ਕਰ ਦਿਤੀ ਹੈ। ਮੌਜੂਦਾ ਯੂ.ਕੇ. ਕਾਨੂੰਨ ਸਿੱਖਾਂ ਨੂੰ ਕਿਰਪਾਨ ਰੱਖਣ ਅਤੇ ਲਿਜਾਣ ਦੀ ਛੋਟ ਦਿੰਦਾ ਹੈ, ਜਿਸ ਨੂੰ ਧਾਰਮਕ ਮਹੱਤਤਾ ਦੇ ਤੌਰ ’ਤੇ ਮੰਨਿਆ ਗਿਆ ਹੈ। ਇਹ ਮਾਮਲਾ ਹੁਣ ਸਿਰਫ਼ ਇਕ ਅਪਰਾਧਕ ਘਟਨਾ ਨਹੀਂ ਰਹਿ ਗਿਆ, ਸਗੋਂ ਧਾਰਮਕ ਅਧਿਕਾਰਾਂ ਅਤੇ ਸਿਆਸੀ ਫ਼ੈਸਲਿਆਂ ਦੇ ਟਕਰਾਅ ਦਾ ਕੇਂਦਰ ਬਣ ਗਿਆ ਹੈ।
