ਖ਼ਬਰਾਂ |

ਤਾਜ਼ਾ |

ਖ਼ੂਨੀ ਕੌਕਪਿੱਟ : ਪਾਰਦਰਸ਼ੀ ਜਾਂਚ ਅਤਿਅੰਤ ਜ਼ਰੂਰੀ
Published : Oct 2, 2026, 8:49 am IST
Updated : Oct 2, 2026, 1:55 pm IST
SHARE ARTICLE
photo
photo

ਜਹਾਜ਼ ਦੇ ਕੋ-ਪਾਇਲਟ ਨੇ ਪਾਇਲਟ ਉੱਪਰ 34 ਹਜ਼ਾਰ ਫੁੱਟ ਦੀ ਉੱਚਾਈ 'ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਸਖ਼ਤ ਜ਼ਖ਼ਮੀ ਕਰ ਦਿਤਾ

ਦੁਬਈ ਤੋਂ ਤਲ ਅਵੀਵ ਜਾ ਰਹੇ ‘ਫਲਾਈਦੁਬਈ’ ਏਅਰਲਾਈਨਜ਼ ਦੇ ਜਹਾਜ਼ ਵਿਚ ਬੁੱਧਵਾਰ ਨੂੰ ਵਾਪਰੀ ਘਟਨਾ ਹਵਾਬਾਜ਼ੀ ਅਮਲੇ ਦੇ ਸੁਭਾਅ, ਆਦਤਾਂ ਤੇ ਸੋਚ ਦੀ ਬਾਰੀਕੀ ਨਾਲ ਘੋਖ-ਪੜਤਾਲ ਕੀਤੇ ਜਾਣ ਦੀ ਜ਼ਰੂਰਤ ਉਭਾਰਦੀ ਹੈ। ਇਸ ਜਹਾਜ਼ ਵਿਚ ਅਮਲੇ ਦੇ ਮੈਂਬਰਾਂ ਸਮੇਤ 174 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ 150 ਦੇ ਕਰੀਬ ਇਜ਼ਰਾਇਲੀ ਨਾਗਰਿਕ ਸਨ। ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਬਿਆਨਾਂ ਮੁਤਾਬਿਕ ਜਹਾਜ਼ ਦੇ ਕੋ-ਪਾਇਲਟ ਨੇ ਪਾਇਲਟ ਉੱਪਰ 34 ਹਜ਼ਾਰ ਫੁੱਟ ਦੀ ਉੱਚਾਈ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਸਖ਼ਤ ਜ਼ਖ਼ਮੀ ਕਰ ਦਿਤਾ ਅਤੇ ਫਿਰ ਜਹਾਜ਼ ਨੂੰ ਧਰਤੀ ਨਾਲ ਟਕਰਾਉਣ ਜਾਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਪਾਇਲਟ ਨੇ ਹਿੰਮਤ ਜੁਟਾ ਕੇ ਜਹਾਜ਼ ਦੇ ਕੌਕਪਿਟ ਦਾ ਦਰਵਾਜ਼ਾ ਖੋਲ੍ਹ ਦਿਤਾ ਜਿਸ ਸਦਕਾ ਜਹਾਜ਼ੀ ਅਮਲੇ ਦੇ ਕੁਝ ਮੈਂਬਰ ਅਤੇ ਕੁਝ ਇਜ਼ਰਾਇਲੀ ਮੁਸਾਫ਼ਰ ਹਮਲਾਵਰ ਕੋ-ਪਾਇਲਟ ਨੂੰ ਕਾਬੂ ਕਰਨ ਅਤੇ ਉਡਾਣ ਨੂੰ ਸੁਰੱਖਿਅਤ ਬਣਾਉਣ ਵਿਚ ਕਾਮਯਾਬ ਹੋ ਗਏ।

‘ਫਲਾਈਦੁਬਈ’ ਵਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰਨ ਦਾ ਕੰਮ ਜਹਾਜ਼ ਵਿਚ ਹੀ ਮੌਜੂਦ ਰਾਖਵੇਂ ਪਾਇਲਟ ਨੇ ਕੀਤਾ ਜਦੋਂ ਕਿ ਹਮਲਾਵਰ ਕੋ-ਪਾਇਲਟ ਨੂੰ  ਸਭ ਤੋਂ ਪਹਿਲਾਂ ਹੱਥ ਪਾਉਣ ਵਾਲੇ ਇਕ ਇਜ਼ਰਾਇਲੀ ਮੁਸਾਫ਼ਰ ਦਾ ਦਾਅਵਾ ਸੀ ਕਿ ਹਵਾਬਾਜ਼ੀ ਦਾ ਜਾਣਕਾਰ ਹੋਣ ਸਦਕਾ ਉਹ ਜਹਾਜ਼ ਨੂੰ ਸੁਰੱਖਿਅਤ ਉਤਾਰਨ ਵਿਚ ਕਾਮਯਾਬ ਰਿਹਾ। ਜ਼ਖ਼ਮੀ ਪਾਇਲਟ ਭਾਰਤੀ ਨਾਗਰਿਕ ਸਮਿੱਤ ਮਛਾਰ ਹੈ। ਉਹ ਮੁੰਬਈ ਦੇ ਘਾਟਕੋਪਰ ਇਲਾਕੇ ਦਾ ਰਹਿਣ ਵਾਲਾ ਹੈ।

ਉਹ ਇਸ ਸਮੇਂ ਸਾਊਦੀ ਅਰਬ ਵਿਚ ਜ਼ੇਰੇ-ਇਲਾਜ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਨੇਤਨਯਾਹੂ, ਨਰਿੰਦਰ ਮੋਦੀ ਤੇ ਡੋਨਲਡ ਟਰੰਪ ਸਮੇਤ ਕਈ ਆਲਮੀ ਆਗੂਆਂ ਨੇ ਉਸ ਦੀ ਦਲੇਰੀ ਤੇ ਜਾਂਬਾਜ਼ੀ ਨੂੰ ਸਲਾਹਿਆ ਹੈ। ਇਸ ਸਰਾਹਨਾ ਦਾ ਉਹ ਹੈ ਵੀ ਪੂਰਾ ਹੱਕਦਾਰ। ਦੂਜੇ ਪਾਸੇ, ਕੋ-ਪਾਇਲਟ ਦੀ ਸ਼ਨਾਖ਼ਤ ਬਾਰੇ ਸਾਊਦੀ ਤੇ ਅਮੀਰਾਤੀ (ਦੁਬਈ, ਸੰਯੁਕਤ ਅਰਬ ਅਮੀਰਾਤ ਦਾ ਹਿੱਸਾ ਹੈ) ਅਧਿਕਾਰੀਆਂ ਨੇ ਖ਼ਾਮੋਸ਼ੀ ਧਾਰਨ ਕੀਤੀ ਹੋਈ ਹੈ, ਪਰ ਇਜ਼ਰਾਇਲੀ ਮੀਡੀਆ ਉਸ ਨੂੰ ਓਮਾਨੀ ਨਾਗਰਿਕ ਦੱਸਦਾ ਆ ਰਿਹਾ ਹੈ। ਇਸੇ ਕਾਰਨ ਉਸ ਦੀ ਹਰਕਤ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਐਤਵਾਰ ਦੀ ਅਮੀਰਾਤ ਫੇਰੀ ਨਾਲ ਜੋੜਿਆ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਮਿਸਰ ਅਤੇ ਜੌਰਡਨ ਤਿੰਨ ਅਜਿਹੇ ਅਰਬ ਮੁਲਕ ਹਨ ਜਿਨ੍ਹਾਂ ਦੇ ਇਜ਼ਰਾਈਲ ਨਾਲ ਸਿੱਧੇ ਸਫ਼ਾਰਤੀ ਸਬੰਧ ਹਨ। ਇਜ਼ਰਾਈਲ ਤੇ ਯੂ.ਏ.ਈ. ਦੇ ਉੱਚ ਆਗੂਆਂ ਦੀਆਂ ਦੁਵੱਲੀਆਂ ਫੇਰੀਆਂ ਨੂੰ ਪਹਿਲਾਂ ਅਮੂਮਨ ਗੁਪਤ ਰੱਖਿਆ ਜਾਂਦਾ ਸੀ। ਇਹ ਪਹਿਲੀ ਵਾਰ ਸੀ ਜਦੋਂ ਨੇਤਨਯਾਹੂ ਦੀ ਅਮੀਰਾਤ ਫੇਰੀ ਨੂੰ ਖੁਲ੍ਹੇਆਮ ਪ੍ਰਚਾਰਿਆ ਗਿਆ ਅਤੇ ਕਬੂਲਿਆ ਗਿਆ ਕਿ ਯੂ.ਏ.ਈ. ਨੂੰ ਇਰਾਨੀ ਹਮਲਿਆਂ ਤੋਂ ਬਚਣ ਲਈ ਇਜ਼ਰਾਇਲੀ ਸੁਰੱਖਿਆ ਕਵਚ ਹਾਸਲ ਕਰਨ ’ਚ ਕੋਈ ਝਿਜਕ ਨਹੀਂ। ਇਸ ਤੋਂ ਬਾਕੀ ਅਰਬ ਦੇਸ਼ਾਂ, ਖ਼ਾਸ ਕਰ ਕੇ ਉਨ੍ਹਾਂ ਦੀ ਜਨਤਾ ਦਾ ਨਾਖ਼ੁਸ਼ ਹੋਣਾ ਸੁਭਾਵਿਕ ਹੀ ਹੈ।

ਦਰਹਕੀਕਤ, ਸਾਊਦੀ ਅਰਬ ਸਮੇਤ ਤਕਰੀਬਨ ਸਾਰੇ ਅਰਬ ਦੇਸ਼ਾਂ ਨੇ ਇਜ਼ਰਾਈਲ ਨਾਲ ਗੁਪਤ ਤੌਰ ’ਤੇ ਗੰਢ-ਤੁੱਪ ਕੀਤੀ ਹੋਈ ਹੈ, ਪਰ ਆਪੋ ਅਪਣੀ ਜਨਤਾ ਦੀ ਨਾਖ਼ੁਸ਼ੀ ਤੇ ਰੋਹ ਤੋਂ ਬਚਣ ਲਈ ਯਹੂਦੀ ਮੁਲਕ ਦਾ ਵਿਰੋਧ ਕਰਨ ਜਾਂ ਉਸ ਨਾਲ ਅਸਹਿਯੋਗ ਕਰਨ ਦਾ ਨਾਟਕ ਉਹ ਲਗਾਤਾਰ ਕਰਦੇ ਆਏ ਹਨ। ਇਹ ਨਿਰੋਲ ਦੰਭ ਹੈ, ਪਰ ਅਜਿਹੇ ਦੰਭ ਨੂੰ ਹੀ ਅਜੋਕੇ ਸਮੇਂ ਵਿਚ ਅਸਲਵਾਦ ਮੰਨਿਆ ਜਾ ਰਿਹਾ ਹੈ।

ਉਂਜ, ਇਸੇ ਦੰਭ ਕਾਰਨ ਹੀ ਸਾਊਦੀ ਅਰਬ ਨੇ ਨੁਕਸਾਨੇ ਹੋਏ ਅਮੀਰਾਤੀ ਜਹਾਜ਼ ਦੇ ਮੁਸਾਫ਼ਰਾਂ ਨੂੰ ਤਲ ਅਵੀਵ ਪਹੁੰਚਾਉਣ ਲਈ ਅਪਣਾ ਜਹਾਜ਼ ਦੇਣ ਤੋਂ ਨਾਂਹ ਕਰ ਦਿਤੀ ਜਿਸ ਕਾਰਨ ‘ਫਲਾਈਦੁਬਈ’ ਨੂੰ ਬਦਲਵਾਂ ਜਹਾਜ਼ ਤਬੂਕ ਭੇਜਣਾ ਪਿਆ। ਦੂਜੇ ਪਾਸੇ, ਇਹ ਵੀ ਅਜਬ ਵਰਤਾਰਾ ਹੈ ਕਿ ਮੁਸਾਫ਼ਰ ਜਹਾਜ਼ ‘ਅਗਵਾ ਹੋਣ ਤੇ ਸਾਊਦੀ ਅਰਬ ਵਲ ਲਿਜਾਏ ਜਾਣ’ ਦੀ ਚਰਚਾ ਹੁੰਦਿਆਂ ਹੀ ਇਜ਼ਰਾਇਲੀ ਲੜਾਕੂ ਜਹਾਜ਼ ਸਾਊਦੀ ਹਵਾਈ ਮੰਡਲ ਵਿਚ ਜਾ ਪਹੁੰਚੇ ਅਤੇ ਉੱਥੇ ਲਗਾਤਾਰ ਮੰਡਰਾਉਂਦੇ ਰਹੇ, ਪਰ ਉਨ੍ਹਾਂ ਦੀ ਇਸ ਕਿਸਮ ਦੀ ‘ਘੁਸਪੈਠ’ ਉੱਤੇ ਸਾਊਦੀ ਅਧਿਕਾਰੀਆਂ ਨੇ ਕੋਈ ਰਸਮੀ ਇਤਰਾਜ਼ ਤੱਕ ਨਹੀਂ ਕੀਤਾ। 

ਸਮੁੱਚੇ ਕਾਂਡ ਦੀ ਅਸਲੀਅਤ ਕੀ ਹੈ, ਇਸ ਦਾ ਖੁਲਾਸਾ ਸਮਾਂ ਲੈ ਸਕਦਾ ਹੈ। ਵੀਰਵਾਰ ਸ਼ਾਮ ਤਕ ਜੋ ਜਾਣਕਾਰੀ ਨਸ਼ਰ ਹੋਈ, ਉਹ ਮੁੱਖ ਤੌਰ ’ਤੇ ਇਜ਼ਰਾਇਲੀ ਅਧਿਕਾਰੀਆਂ ਤੇ ਮੁਸਾਫ਼ਰਾਂ ਦੇ ਬਿਆਨਾਂ ਉੱਤੇ ਆਧਾਰਿਤ ਸੀ। ਸਾਊਦੀ ਤੇ ਅਮੀਰਾਤੀ ਅਧਿਕਾਰੀਆਂ ਨੇ ਫ਼ਿਲਹਾਲ ਖ਼ਾਮੋਸ਼ੀ ਅਖ਼ਤਿਆਰ ਕੀਤੀ ਹੋਈ ਸੀ। ਮਾਮਲੇ ਦੀਆਂ ਤਾਰਾਂ ਦਹਿਸ਼ਤਵਾਦੀ ਮਨੋਬਿਰਤੀ ਨਾਲ ਜੁੜੀਆਂ ਹੋਣ ਬਾਰੇ ਵੀ ਕੁਝ ਨਹੀਂ ਕਿਹਾ ਜਾ ਰਿਹਾ। ਕੋ-ਪਾਇਲਟ ਓਮਾਨੀ ਹੋਣ ਕਰ ਕੇ ਸਾਊਦੀ, ਓਮਾਨੀ ਤੇ ਅਮੀਰਾਤੀ ਸਰਕਾਰਾਂ ਦੀ ਕੋਸ਼ਿਸ਼ ਰਹੇਗੀ ਕਿ ਜਿੰਨੀ ਵੀ ਪਰਦਾਪੋਸ਼ੀ ਸੰਭਵ ਹੋਵੇ, ਉਹ ਜ਼ਰੂਰ ਕੀਤੀ ਜਾਵੇ। ‘ਫਲਾਈਦੁਬਈ’ ਨੇ ਸਮੁੱਚੀ ਘਟਨਾ ਨੂੰ ਪਾਇਲਟਾਂ ਦੀ ਆਪਸੀ ਖ਼ਹਿਬਾਜ਼ੀ ਦਾ ਨਤੀਜਾ ਦਸਿਆ ਹੈ।

ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਪਰਦਾਪੋਸ਼ੀ ਵਾਲਾ ਅਮਲ ਪਹਿਲਾਂ ਹੀ ਆਰੰਭ ਹੋ ਚੁੱਕਾ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਹਵਾਈ ਯਾਤਰਾਵਾਂ ਨੂੰ ਹਰ ਹਾਲ ਸੁਰੱਖਿਅਤ ਬਣਾਉਣ ਲਈ ਜ਼ਰੂਰੀ ਹੈ ਕਿ ਹਵਾਬਾਜ਼ੀ ਨੇਮਾਂ ਦੀ ਹਰ ਉਲੰਘਣਾ ਨੂੰ ਪਾਰਦਰਸ਼ੀ ਢੰਗ ਨਾਲ ਸਾਹਮਣੇ ਲਿਆਂਦਾ ਜਾਵੇ ਅਤੇ ਹਵਾਈ ਹਮਲੇ, ਖ਼ਾਸ ਕਰ ਕੇ ਪਾਇਲਟਾਂ ਦੀ ਮਨੋਵਿਗਿਆਨਕ ਕਾਉਂਸÇਲੰਗ ਨਿਯਮਿਤ ਬਣਾਈ ਜਾਵੇ। ਹਵਾਬਾਜ਼ੀ ਨੂੰ ਸੁਰੱਖਿਅਤ ਬਣਾਉਣਾ ਨਿਹਾਇਤ ਜ਼ਰੂਰੀ ਹੈ। ਇਸੇ ਵਿਚ ਸਾਡੇ ਵਾਲੇ ਯੁੱਗ ਦਾ ਭਲਾ ਹੈ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ CM Bhagwant Mann ਦੀ ਅਹਿਮ ਮੀਟਿੰਗ, ਤਸਵੀਰਾਂ ਆਈਆਂ ਸਾਹਮਣੇ

06 Oct 2026 2:58 PM

ਪੱਥਰਾਂ 'ਚ ਜਾਨ ਪਾਉਣ ਵਾਲਾ ਕਲਾਕਾਰ ! ਮੂਰਤਾਂ ਦੇਖ ਕੇ ਤੁਸੀਂ ਵੀ ਕਹੋਗੇ—‘ਇਹ ਬੋਲ ਕਿਉਂ..

06 Oct 2026 2:56 PM
Advertisement