ਐਤਵਾਰ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਇੰਡੀਆ ਬਲਾਕ ਨਾਲ ਜੁੜੀਆਂ ਵਿਰੋਧੀ ਪਾਰਟੀਆਂ ਦੀ ਰੈਲੀ ਹਾਜ਼ਰੀ ਪੱਖੋਂ ਪ੍ਰਭਾਵਸ਼ਾਲੀ ਸੀ
ਐਤਵਾਰ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਇੰਡੀਆ ਬਲਾਕ ਨਾਲ ਜੁੜੀਆਂ ਵਿਰੋਧੀ ਪਾਰਟੀਆਂ ਦੀ ਰੈਲੀ ਹਾਜ਼ਰੀ ਪੱਖੋਂ ਪ੍ਰਭਾਵਸ਼ਾਲੀ ਸੀ। ਰੈਲੀ ਦੀ ਅਗਵਾਈ ਭਾਵੇਂ ਕਾਂਗਰਸ ਨੇ ਕੀਤੀ, ਫਿਰ ਵੀ ਹੋਰਨਾਂ ਵਿਰੋਧੀ ਪਾਰਟੀਆਂ, ਖ਼ਾਸ ਕਰ ਕੇ ਸੂਬਾਈ ਪਾਰਟੀਆਂ ਦੇ ਵਰਕਰ ਵੀ ਵੱਡੀ ਗਿਣਤੀ ਵਿਚ ਰਾਮਲੀਲਾ ਮੈਦਾਨ ਵਿਚ ਹਾਜ਼ਿਰ ਹੋਏ। ਰੈਲੀ ਦੇ ਪ੍ਰਬੰਧਕਾਂ, ਖ਼ਾਸ ਕਰ ਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇਸ ਗਿਣਤੀ ਨੂੰ 10 ਲੱਖ ਦਸਿਆ ਜਦੋਂਕਿ ਦਿੱਲੀ ਪੁਲੀਸ ਦਾ ਮੰਨਣਾ ਹੈ ਕਿ ਰੈਲੀ ਵਿਚ ਲੋਕਾਂ ਦੀ ਹਾਜ਼ਰੀ 50 ਹਜ਼ਾਰ ਤੋਂ ਵੱਧ ਨਹੀਂ ਸੀ।
ਅੰਕੜਿਆਂ ਦੇ ਅਜਿਹੇ ਅੰਤਰ ਦੇ ਬਾਵਜੂਦ ਵੱਡੀ ਗਿਣਤੀ ਵਿਚ ਸਰਕਾਰ-ਵਿਰੋਧੀ ਲੋਕਾਂ ਨੂੰ ਰੈਲੀ ਲਈ ਲਾਮਬੰਦ ਕਰਨਾ ਅਤੇ ਚੰਦ ਹਿੰਸਕ ਅਨਸਰਾਤ ਵਲੋਂ ਕੀਤੀ ਗਈ ਥੋੜ੍ਹੀ-ਬਹੁਤ ਖਿੱਚ-ਧੂਹ ਦੇ ਬਾਵਜੂਦ ਰੈਲੀ ਦਾ ਮੋਟੇ ਤੌਰ ’ਤੇ ਪੁਰਅਮਨ ਰਹਿਣਾ ਸਵਾਗਤਯੋਗ ਪੇਸ਼ਕਦਮੀ ਸੀ। ਰੈਲੀ ਮੁੱਖ ਤੌਰ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀਆਂ ਕਥਿਤ ਆਪਹੁਦਰੀਆਂ ਅਤੇ ਕਮਿਸ਼ਨ ਵਲੋਂ ਚਲਾਈ ਜਾ ਰਹੀ ਵੋਟਰ ਸੂਚੀਆਂ ਦੀ ਗਹਿਨ ਸੁਧਾਈ ਮੁਹਿੰਮ ਦੇ ਖ਼ਿਲਾਫ਼ ਸੀ। ਗਿਆਨੇਸ਼ ਕੁਮਾਰ ਉੱਤੇ ਦੋਸ਼ ਲੱਗਦੇ ਆਏ ਹਨ ਕਿ ਜਮਹੂਰੀਅਤ ਨੂੰ ਪਰੋਮੋਟ ਕਰਨ ਦੀ ਥਾਂ ਉਹ ਭਾਰਤੀ ਜਨਤਾ ਪਾਰਟੀ ਦੀਆਂ ਚੁਣਾਵੀ ਜਿੱਤਾਂ ਆਸਾਨ ਬਣਾਉਣ ਨੂੰ ‘ਤਰਜੀਹ’ ਦਿੰਦੇ ਆਏ ਹਨ।
ਇਸੇ ਤਰ੍ਹਾਂ ਵੋਟਰ ਸੂਚੀਆਂ ਦੀ ਗਹਿਨ ਸੁਧਾਈ ਦੀ ਮੁਹਿੰਮ (ਐਸ.ਆਈ.ਆਰ.) ਨਾਲ ਵੀ ਵਿਰੋਧੀ ਧਿਰ ਸਹਿਮਤ ਨਹੀਂ। ਇਸ ਮੁਹਿੰਮ ਨੂੰ ਉਹ ਵਿਰੋਧੀ ਪਾਰਟੀਆਂ ਦੀਆਂ ਵੋਟਾਂ ਕੱਟਣ ਦੀ ਕਾਰਵਾਈ ਵਜੋਂ ਪ੍ਰਚਾਰਦੀ ਆਈ ਹੈ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਉਕਤ ਰੈਲੀ ਤੋਂ ਇਕ ਦਿਨ ਪਹਿਲਾਂ ਰਾਮਲੀਲਾ ਮੈਦਾਨ ਵਿਚ ਹੀ ‘ਮੌਕ’ ਪਾਰਲੀਮੈਂਟ ਸੈਸ਼ਨ ਇੰਤਜ਼ਾਮਿਆ ਸੀ। ਇਸ ਵਿਚ ਗਿਆਨੇਸ਼ ਕੁਮਾਰ ਖ਼ਿਲਾਫ਼ ‘ਸੰਸਦੀ’ ਮੁਕੱਦਮਾ ਸ਼ਾਮਲ ਸੀ ਜਿਸ ਰਾਹੀਂ ਗਿਆਨੇਸ਼ ਕੁਮਾਰ ਨੂੰ ‘ਦੋਸ਼ੀ’ ਠਹਿਰਾਉਣ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿਤਾਵਨੀ ਦਿਤੀ ਗਈ ਸੀ ਕਿ ਹੁਣ ਉਨ੍ਹਾਂ ਦੇ ਰਾਜ-ਕਾਲ ਦੇ ਦਿਨ ਵੀ ਪੁੱਗਣ ਵਾਲੇ ਹਨ। ਇਹ ‘ਮੌਕ’ ਪਾਰਲੀਮੈਂਟ ਵੀ ਲੋਕਾਂ ਦਾ ਧਿਆਨ ਖਿੱਚਣ ਵਿਚ ਇਕ ਹੱਦ ਤਕ ਕਾਮਯਾਬ ਰਹੀ ਸੀ। ਰਾਹੁਲ ਗਾਂਧੀ ਨੇ ਉੱਥੇ ਵੀ ਐਲਾਨ ਕੀਤਾ ਸੀ ਕਿ ਵਿਰੋਧੀ ਧਿਰ ਨੇ ਮੋਦੀ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਵਿੱਢੀ ਹੋਈ ਹੈ ਅਤੇ ਇਹ ਲੜਾਈ ਇਸ ਸਰਕਾਰ ਦੇ ਸਫ਼ਾਏ ਨਾਲ ਹੀ ਮੁਕੰਮਲ ਹੋਵੇਗੀ।
ਅਜਿਹੇ ਐਲਾਨਾਂ ਅਤੇ ਚਿਤਾਵਨੀਆਂ ਤੇ ਧਮਕੀਆਂ ਦੇ ਬਾਵਜੂਦ ‘ਆਰ-ਪਾਰ ਦੀ ਲੜਾਈ’ ਦੇ ਜਰਨੈਲ ਇਹ ਸਪਸ਼ਟ ਨਹੀਂ ਕਰ ਰਹੇ ਕਿ ਉਹ ਮੋਦੀ ਸਰਕਾਰ ਨੂੰ ‘ਗੋਡੇ ਟੇਕਣ’ ਲਈ ਮਜਬੂਰ ਕਿਵੇਂ ਕਰਨਗੇ? ਮੌਜੂਦਾ ਪਾਰਲੀਮੈਂਟ ਦਾ ਕਾਰਜਕਾਲ 2029 ਦੀ ਪਹਿਲੀ ਤਿਮਾਹੀ ਤਕ ਹੈ। ਜ਼ਾਹਿਰ ਹੈ ਕਿ ਇਸ ਕਾਰਜਕਾਲ ਦੇ ਢਾਈ ਸਾਲ ਅਜੇ ਬਾਕੀ ਪਏ ਹਨ। ਸਰਕਾਰ ਨੂੰ ਹਟਾਉਣ ਦਾ ਇਕੋ-ਇਕ ਸੰਵਿਧਾਨਕ ਢੰਗ ਲੋਕ ਸਭਾ ਚੋਣਾਂ ਹਨ। ਕੀ ਚੋਣਾਂ ਹੋਣ ਤਕ ਮੌਜੂਦਾ ਅੰਦੋਲਨ ਨੂੰ ਬਰਕਰਾਰ ਰੱਖਿਆ ਜਾ ਸਕੇਗਾ? ਕੀ ਉਦੋਂ ਤਕ ਵਿਰੋਧੀ ਧਿਰ ਸੰਸਦੀ ਇਜਲਾਸਾਂ ਨੂੰ ਚੱਲਣ ਨਹੀਂ ਦੇਵੇਗੀ? ਕੀ ਅੰਦੋਲਨ ਨੂੰ ਅਗਲੇ ਢਾਈ ਵਰਿ੍ਹਆਂ ਤਕ ਪੁਰਅਮਨ ਰੱਖਿਆ ਜਾ ਸਕੇਗਾ?
ਅਜਿਹੇ ਕਈ ਸਾਰੇ ਸਵਾਲ ਹੁਣ ਇਸ ਕਰ ਕੇ ਉੱਭਰਨੇ ਸ਼ੁਰੂ ਹੋ ਗਏ ਹਨ ਕਿਉਂਕਿ ਵਿਰੋਧੀ ਧਿਰ ਦੀਆਂ ਸਰਗਰਮੀਆਂ ਵਿਚੋਂ ਕੋਈ ਅਜਿਹੀ ਸਪਸ਼ਟ ਰਣਨੀਤੀ ਨਜ਼ਰ ਨਹੀਂ ਆਉਂਦੀ ਜੋ ਇਖ਼ਲਾਕੀ ਤੌਰ ’ਤੇ ਏਨੀ ਪੁਖ਼ਤਾ ਹੋਵੇ ਕਿ ਗਿਆਨੇਸ਼ ਕੁਮਾਰ ਜਾਂ ਮੋਦੀ ਸਰਕਾਰ ਨੂੰ ਅਸਤੀਫ਼ਿਆਂ ਲਈ ਮਜਬੂਰ ਕਰ ਦੇਵੇ। ਸਥਿਤੀ ਦਾ ਅਸਲ ਮਾਯੂਸਕੁਨ ਪੱਖ ਇਹ ਹੈ ਕਿ ਰਾਹੁਲ ਗਾਂਧੀ ਊਜਾਂ ਤਾਂ ਵੱਡੀਆਂ-ਵੱਡੀਆਂ ਲਾਉਂਦੇ ਆ ਰਹੇ ਹਨ, ਪਰ ਉਨ੍ਹਾਂ ਨੂੰ ਸਾਬਤ ਕਰਨ ਲਈ ਲੋੜੀਂਦਾ ਇਕ ਵੀ ਅਜਿਹਾ ਸਬੂਤ ਸਾਹਮਣੇ ਨਹੀਂ ਲਿਆ ਸਕੇ ਜੋ ਕਿ ਉਨ੍ਹਾਂ ਦੇ ਬੋਲਾਂ ਉੱਤੇ ਖ਼ਰਾ ਉਤਰਦਾ ਹੋਵੇ। ਉਨ੍ਹਾਂ ਦੀ ਦੇਖਾ-ਦੇਖੀ ਹੋਰ ਕਾਂਗਰਸੀ ਨੇਤਾ ਵੀ ਮੰਦੜੇ ਬੋਲਾਂ ਵਾਲੇ ਰਾਹ ’ਤੇ ਤੁਰੇ ਹੋਏ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ‘ਮੋਦੀ ਕਾ ਬਾਪ ਵੀ ਜਾਏਗਾ’ ਵਰਗਾ ਅੰਦਾਜ਼-ਏ-ਬਿਆਨ ਵਿਰੋਧੀ ਧਿਰ ਵਲੋਂ ਅਪਣਾਈ ਗਈ ਗਾਲੀ-ਗਲੋਚ ਵਾਲੀ ਰਣਨੀਤੀ ਅੰਦਰਲੀ ਇਖ਼ਲਾਕੀ ਗ਼ੁਰਬਤ ਦਾ ਨਮੂਨਾ ਨਹੀਂ ਤਾਂ ਹੋਰ ਕੀ ਹੈ?
ਅਫ਼ਸੋਸ ਵਾਲੀ ਗੱਲ ਇਹ ਹੈ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਦਿਖਾਈ ਜਾ ਰਹੀ ਅਜਿਹੀ ਗ਼ੁਰਬਤ ਦਾ ਭਾਜਪਾ ਵਲੋਂ ਦਿਤਾ ਜਾ ਰਿਹਾ ਜਵਾਬ ਵੀ ਓਨਾ ਹੀ ਪੇਤਲਾ ਤੇ ਸ਼ੋਹਦਾ ਹੈ। ‘ਅਬੋਧ ਬਾਲਕ’ ਜਾਂ ‘56 ਵਰਿ੍ਹਆਂ ਦੇ ਨੌਜਵਾਨ’ ਵਰਗੇ ਤਨਜ਼, ਜੋ ਪ੍ਰਧਾਨ ਮੰਤਰੀ ਦੇ ਭਾਸ਼ਾਈ ਤਰਕਸ਼ ਅੰਦਰਲੇ ਕਾਰਗਰ ਬਾਣ ਰਹੇ ਹਨ, ਭਾਜਪਾ ਤਰਜਮਾਨਾਂ ਦੀ ਬੋਲ-ਬਾਣੀ ਵਿਚੋਂ ਹੁਣ ਤਕ ਨਜ਼ਰ ਨਹੀਂ ਆਏ। ਗ਼ੈਰ-ਸੰਜੀਦਾ ਬਿਆਨਬਾਜ਼ੀ ਜਾਂ ਸਸਤੀਆਂ ਟਿੱਪਣੀਆਂ ਦੇ ਹਾਕਮ ਧਿਰ ਵਲੋਂ ਦਿਤੇ ਜਾਂਦੇ ਜਵਾਬਾਂ ਵਿਚੋਂ ਬੇਲੋੜੀ ਇਲਜ਼ਾਮਬਾਜ਼ੀ ਦੀ ਥਾਂ ਤਨਜ਼ ਉਭਰਵੇਂ ਢੰਗ ਨਾਲ ਸਾਹਮਣੇ ਆਉਣੀ ਚਾਹੀਦੀ ਹੈ, ਉਹ ਵੀ ਸੂਖ਼ਮ ਕਿਸਮ ਦੀ। ਇਹ ਮਾਯੂਸਕੁਨ ਪੱਖ ਹੈ ਕਿ ਹੁਕਮਰਾਨੀ ਦੀ ਉਮਰ ਲੰਮੇਰੀ ਹੋਣ ਦੇ ਨਾਲ ਨਾਲ ਭਾਜਪਾ ਨੇਤਾਵਾਂ ਦੇ ਬੋਲਾਂ ਵਿਚੋਂ ਸੂਖ਼ਮਤਾ ਤੇ ਸੂਝਵਾਨਤਾ ਗ਼ਾਇਬ ਹੁੰਦੀ ਜਾ ਰਹੀ ਹੈ। ਇਹ ਰੂਝਾਨ ਤ੍ਰਾਸਦਿਕ ਵੀ ਹੈ ਅਤੇ ਸਿਆਸੀ ਜਮਾਤਾਂ ਵਿਚੋਂ ਬੌਧਿਕਤਾ ਤੇ ਬੁੱਧੀਮਾਨਤਾ ਨਦਾਰਦ ਹੋਣ ਦੀ ਨਿਸ਼ਾਨੀ ਵੀ ਹੈ।
