ਖ਼ਬਰਾਂ |

ਤਾਜ਼ਾ |

ਭਗਵੀ ਚੜ੍ਹਤ, ਮਮਤਾ ਪਸਤ; ਸਟਾਲਿਨ ਦਾ ਵੀ ਸੂਰਜ ਅਸਤ
Published : May 5, 2026, 6:36 am IST
Updated : May 5, 2026, 6:36 am IST
SHARE ARTICLE
Saffron rises, Mamata falls; Stalin's sun also sets
Saffron rises, Mamata falls; Stalin's sun also sets

ਭਗਵੀ ਚੜ੍ਹਤ, ਮਮਤਾ ਪਸਤ; ਸਟਾਲਿਨ ਦਾ ਵੀ ਸੂਰਜ ਅਸਤ

ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਜੇਤੂ ਚੁਣਾਵੀ ਸਿਲਸਿਲਾ ਜਾਰੀ ਹੈ। ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਸੋਮਵਾਰ ਨੂੰ ਆਏ ਨਤੀਜੇ ਦਰਸਾਉਂਦੇ ਹਨ ਕਿ ਇਸ ਪਾਰਟੀ ਨੇ ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਨੂੰ ਗੱਦੀਓਂ ਲਾਹ ਦਿਤਾ ਹੈ, ਆਸਾਮ ਵਿਚ ਅਪਣਾ ਦਬਦਬਾ ਬਰਕਰਾਰ ਰੱਖਿਆ ਹੈ ਅਤੇ ਕੇਂਦਰੀ ਪ੍ਰਦੇਸ਼ ਪੁੱਡੂਚੇਰੀ (ਪਾਂਡਚੇਰੀ) ਵਿਚ ਵੀ ਅਪਣੇ ਭਾਈਵਾਲਾਂ ਨਾਲ ਮਿਲ ਕੇ ਮੁੜ ਬਹੁਮੱਤ ਹਾਸਿਲ ਕੀਤਾ ਹੈ। ਧੁਰ ਦੱਖਣ ਵਿਚ ਭਾਵੇਂ ਇਸ ਦੇ ਅਜੇ ਵੀ ਬਹੁਤੇ ਪੈਰ ਨਹੀਂ ਲੱਗੇ, ਫਿਰ ਵੀ ਇਹ ਪਾਰਟੀ ਤਾਮਿਲ ਨਾਡੂ ਤੇ ਕੇਰਲਾ ਵਿਧਾਨ ਸਭਾਵਾਂ ਵਿਚ ਸੀਟਾਂ ਦਾ ਖ਼ਾਤਾ ਖੋਲ੍ਹਣ ਵਿਚ ਕਾਮਯਾਬ ਰਹੀ ਹੈ। ਅਜਿਹੇ ਰੁਝਾਨਾਂ ਤੋਂ ਉਲਟ ਤਾਮਿਲ ਨਾਡੂ ਤੇ ਕੇਰਲਾ ਵਿਚ ਹੁਕਮਰਾਨ ਧਿਰਾਂ - ਡੀ.ਐਮ.ਕੇ ਅਤੇ ਖੱਬੇ ਜਮਹੂਰੀ ਮੁਹਾਜ਼ (ਐਲ.ਡੀ.ਐਫ਼) ਨੂੰ ਵੋਟਰਾਂ ਨੇ ਧੂੜ ਚਟਾਈ ਹੈ, ਉਹ ਵੀ ਕਿਆਸਰਾਈਆਂ ਤੋਂ ਉਲਟ ਜਾ ਕੇ। ਦੂਜੇ ਪਾਸੇ, ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਦੀ ਮੁੱਖ ਵਿਰੋਧੀ ਕਾਂਗਰਸ ਪਾਰਟੀ ਲਈ ਇਕੋਇਕ ਖ਼ੁਸ਼ਨੁਮਾ ਪ੍ਰਾਪਤੀ ਕੇਰਲਾ ਵਿਚ ਇਸ ਦੀ ਸ਼ਾਨਦਾਰ ਕਾਰਗੁਜ਼ਾਰੀ ਰਹੀ ਹੈ। ਇਸ ਦੀ ਅਗਵਾਈ ਵਾਲਾ ਸੰਯੁਕਤ ਜਮਹੂਰੀ ਮੁਹਾਜ਼ (ਯੂ.ਡੀ.ਐਫ਼) ਉਸ ਰਾਜ ਵਿਚ ਸਪਸ਼ਟ ਬਹੁਮੱਤ ਪ੍ਰਾਪਤ ਕਰਨ ਅਤੇ 10 ਵਰਿ੍ਹਆਂ ਬਾਅਦ ਮੁੱਖ ਮੰਤਰੀ ਪਿਨਾਰਾਈ ਵਿਜਿਅਨ ਦੀ ਐਲ.ਡੀ.ਐਫ਼. ਸਰਕਾਰ ਦਾ ਬਿਸਤਰਾ ਗੋਲ ਕਰਨ ਵਿਚ ਕਾਮਯਾਬ ਰਿਹਾ ਹੈ। 
ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਪਿਛਲੇ ਮਹੀਨੇ ਹੋਈਆਂ ਸਨ। ਜਿੱਥੇ ਤਾਮਿਲ ਨਾਡੂ, ਕੇਰਲਾ, ਪੁੱਡੂਚੇਰੀ ਤੇ ਆਸਾਮ ਵਿਚ ਵੋਟਾਂ ਪੁਆਉਣ ਦਾ ਅਮਲ ਇਕ-ਰੋਜ਼ਾ ਰਿਹਾ, ਉੱਥੇ ਅਮਨ-ਕਾਨੂੰਨ ਦੀ ਵਿਵਸਥਾ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਚ ਦੋ-ਪੜਾਵੀ ਮੱਤਦਾਨ ਕਰਵਾਇਆ। ਵੋਟਰ ਸੂਚੀਆਂ ਦੀ ਗਹਿਰੀ ਸੁਧਾਈ ਦੀ ਕਵਾਇਦ (ਐਸ.ਆਈ.ਆਰ) ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਵਲੋਂ ਪੈਦਾ ਕੀਤੇ ਝਮੇਲੇ ਅਤੇ ਅਦਾਲਤੀ ਚੁਣੌਤੀਆਂ ਦੇ ਪੇਸ਼ੇਨਜ਼ਰ ਇਸ ਰਾਜ ਵਿਚ ਵੋਟਾਂ ਦੇ ਦਿਨਾਂ ਦੌਰਾਨ ਵਿਆਪਕ ਹਿੰਸਾ ਹੋਣ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਸਨ। ਇਨ੍ਹਾਂ ਦੇ ਟਾਕਰੇ ਲਈ ਚੋਣ ਕਮਿਸ਼ਨ ਨੇ ਕੇਂਦਰੀ ਪੁਲੀਸ ਬਲਾਂ ਦੀ ਤਾਇਨਾਤੀ ਵੀ ਵਿਸ਼ਾਲ ਪੱਧਰ ’ਤੇ ਕੀਤੀ ਅਤੇ ਕੇਂਦਰੀ ਨਿਗ਼ਰਾਨ (ਆਬਜ਼ਰਵਰ) ਵੀ ਆਮ ਨਾਲੋਂ ਦੁੱਗਣੀ ਗਿਣਤੀ ਵਿਚ ਲਾਏ। ਅਜਿਹੇ ਇੰਤਜ਼ਾਮਾਤ ਸਦਕਾ ਭਾਵੇਂ ਹਿੰਸਕ ਗਤੀਵਿਧੀਆਂ ਦਾ ਪੈਮਾਨਾ ਬਹੁਤਾ ਵੱਡਾ ਨਹੀਂ ਰਿਹਾ, ਫਿਰ ਵੀ ਇਕ ਪੂਰੇ ਵਿਧਾਨ ਸਭਾ ਹਲਕੇ (ਫਾਲਤਾ) ਵਿਚ ਨਵੇਂ ਸਿਰਿਓਂ ਵੋਟਾਂ ਪੁਆਏ ਜਾਣ ਦੇ ਹੁਕਮ ਦਰਸਾਉਂਦੇ ਹਨ ਕਿ ਚੋਣ ਕਮਿਸ਼ਨ ਦੀ ਮੁਸ਼ੱਕਤ ਵਿਚ ਵੀ ਕਿਤੇ ਨਾ ਕਿਤੇ ਕੋਈ ਤਰੁੱਟੀ ਜ਼ਰੂਰ ਰਹਿ ਗਈ। ਮਮਤਾ ਬੈਨਰਜੀ ਅਪਣੀ ਪਾਰਟੀ ਦੀ ਹਾਰ ਲਈ ਕੇਂਦਰ ਸਰਕਾਰ ਤੇ ਚੋਣ ਕਮਿਸ਼ਨ ਦੀ ਕਥਿਤ ਮਿਲੀ-ਭੁਗਤ ਨੂੰ ਦੋਸ਼ੀ ਦੱਸ ਰਹੀ ਹੈ, ਪਰ ਹਕੀਕਤ ਇਹ ਹੈ ਕਿ ਪਿਛਲੇ 15 ਵਰਿ੍ਹਆਂ ਤੋਂ ਚਲਦੀ ਆ ਰਹੀ ਉਨ੍ਹਾਂ ਦੀ ਹਕੂਮਤ ਅੰਦਰ ਅਜਿਹੇ ਵਿਗਾੜ ਪੈਦਾ ਹੋ ਗਏ ਸਨ ਕਿ ਵੋਟਰਾਂ ਨੇ ਰਿਕਾਰਡ ਗਿਣਤੀ (92.1 ਫ਼ੀ ਸਦੀ) ਵਿਚ ਵੋਟਾਂ ਪਾ ਕੇ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਸ਼ਾਸਨ ਦਾ ਅੰਤ ਕਰਨ ਵਾਲਾ ਰਾਹ ਚੁਣਿਆ। ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ’ਤੇ ਅਪਣੇ ਬਲਬੂਤੇ ਪੱਛਮੀ ਬੰਗਾਲ ਵਿਚ ਸੱਤਾ ’ਤੇ ਆਈ ਹੈ। ਇਸ ਪਾਰਟੀ ਦੀ ਇਹ ਪ੍ਰਾਪਤੀ ਜਿੱਥੇ ਸੱਚਮੁੱਚ ਹੀ ਪ੍ਰਸ਼ੰਸਾਯੋਗ ਹੈ, ਉੱਥੇ ਬੱਕਰੇ ਬੁਲਾਉਣ ਦੀ ਥਾਂ ਇਸ ਨੂੰ ਹਲੀਮੀ ਦਿਖਾਉਣ ਦੀ ਜ਼ਿਆਦਾ ਲੋੜ ਹੈ। ਹਲੀਮੀ ਹੀ ਪੱਛਮੀ ਬੰਗਾਲ ਵਾਸਤੇ ਉਸ ਕਿਸਮ ਦਾ ਸੁਸ਼ਾਸਨ ਸੰਭਵ ਬਣਾ ਸਕਦੀ ਹੈ ਜਿਸ ਦੀ ਆਸ ਕਰਦਿਆਂ ਲੋਕਾਂ ਨੇ ਹੁੰਮਹੁੰਮਾ ਕੇ ਵੋਟਾਂ ਪਾਈਆਂ। 
ਪੱਛਮੀ ਬੰਗਾਲ ਵਾਂਗ ਤਾਮਿਲ ਨਾਡੂ ਵਿਚ ਵੀ ਚੋਣ ਨਤੀਜੇ ਪੰਜ ਵਰਿ੍ਹਆਂ ਤੋਂ ਹੁਕਮਰਾਨ ਡੀ.ਐਮ.ਕੇ. ਵਾਸਤੇ ਵੱਡਾ ਸਦਮਾ ਸਾਬਤ ਹੋਏ ਹਨ। ਫ਼ਿਲਮ ਅਦਾਕਾਰ ‘ਥਲਪਤੀ’ ਵਿਜੈ ਦੀ ਪਾਰਟੀ ਟੀ.ਵੀ.ਕੇ. (ਤਾਮਿਲਾਗਾ ਵੇਤਰੀ ਕੜਗਮ) ਨੇ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਤਾਮਿਲ ਸਿਆਸਤ ਉੱਤੇ ਹਾਵੀ ਦੋ ਦ੍ਰਾਵਿੜ ਪਾਰਟੀਆਂ - ਡੀ.ਐਮ.ਕੇ. ਅਤੇ ਏ.ਆਈ.ਏ.ਡੀ.ਐਮ.ਕੇ. ਦੀ ਚੌਧਰ (ਤੇ ਖਿੱਚੋਤਾਣ) ਖ਼ਤਮ ਕਰਦਿਆਂ ਤੀਜੀ ਧਿਰ ਦੀ ਆਮਦ ਸੰਭਵ ਬਣਾ ਦਿਤੀ ਹੈ। ‘ਜਨ ਨਾਇਕਨ’ ਵਜੋਂ ਜਾਣੇ ਜਾਂਦੇ ਵਿਜੈ (ਪੂਰਾ ਨਾਮ ਜੋਜ਼ੇਫ਼ ਚੰਦਰਸ਼ੇਖ਼ਰ ਵਿਜੈ) ਦੀ ਕਾਮਯਾਬੀ ਇਸ ਪੱਖੋਂ ਚਮਤਕਾਰੀ ਹੈ ਕਿ ਟੀ.ਵੀ.ਕੇ. ਉਮੀਦਵਾਰਾਂ ਨੇ ਜਿੱਥੇ ਮੁੱਖ ਮੰਤਰੀ ਡੀ.ਐਮ.ਕੇ. ਸਟਾਲਿਨ ਨੂੰ ਚੋਣ ਪਿੜ ਵਿਚ ਸਿੱਧੇ ਤੌਰ ’ਤੇ ਪਸਤ ਕੀਤਾ, ਉਥੇ ਉਨ੍ਹਾਂ ਦੇ ਪੁੱਤਰ ਤੇ ਉਪ ਮੁੱਖ ਮੰਤਰੀ ਉਦੈਗਿਰੀ ਸਟਾਲਿਨ ਨੂੰ ਵੀ ਡੀ.ਐਮ.ਕੇ. ਦੇ ਗੜ੍ਹ ਚੇਪਾਕ ਵਿਚ ਕਰਾਰੀ ਟੱਕਰ ਦਿਤੀ। ਟੀ.ਵੀ.ਕੇ. ਨੂੰ ਸਥਿਰ ਸਰਕਾਰ ਬਣਾਉਣ ਲਈ ਬਾਹਰੀ ਮਦਦ ਦੀ ਸ਼ਾਇਦ ਲੋੜ ਪਵੇ। ਇਹ ਮਦਦ ਏ.ਆਈ.ਏ.ਡੀ.ਐਮ.ਕੇ. (ਅੰਨਾਦ੍ਰਮੁਕ) ਵਾਲੇ ਮੁਹਾਜ਼ ਵਲੋਂ ਦਿਤੇ ਜਾਣ ਦੇ ਆਸਾਰ ਹਨ। ਕੁਲ ਮਿਲਾ ਕੇ, ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਚੋਣ ਕਮਿਸ਼ਨ ਦੀ ਭੂਮਿਕਾ ਨੂੰ ਲੈ ਕੇ ਬਹੁਤ ਕੂੜ-ਪ੍ਰਚਾਰ ਸੁਣਨ ਨੂੰ ਮਿਲਿਆ, ਪਰ ਨਤੀਜੇ ਦਰਸਾਉਂਦੇ ਹਨ ਕਿ ਨਿਰਪੱਖ ਤੇ ਆਜ਼ਾਦ ਚੋਣਾਂ ਸੰਭਵ ਬਣਾਉਣ ਪਖੋਂ ਕਮਿਸ਼ਨ ਦੇ ਉਪਰਾਲੇ ਵੱਡੀ ਹੱਦ ਤਕ ਕਾਮਯਾਬ ਰਹੇ। ਲੰਮੇ ਸਮੇਂ ਤੋਂ ਸੱਤਾਵਾਨ ਰਹੇ ਰਾਜਨੇਤਾਵਾਂ ਨੂੰ ਅਪਣੇ ਖ਼ਿਲਾਫ਼ ਆਇਆ ਲੋਕ-ਫ਼ਤਵਾ ਸਵੀਕਾਰਨਾ ਬਹੁਤ ਔਖਾ ਲੱਗਦਾ ਹੈ। ਪਰ ਇਹ ਆਖ਼ਿਰ ਸਵੀਕਾਰਨਾ ਹੀ ਪੈਂਦਾ ਹੈ। ਇਹੀ ਤਾਂ ਲੋਕਤੰਤਰ ਦੀ ਅਸਲ ਖ਼ੂਬਸੂਰਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement