ਖ਼ਬਰਾਂ |

ਤਾਜ਼ਾ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਏ ਭਾਰਤ ਸਰਕਾਰ 

By : NIMRAT

Published : Oct 5, 2026, 7:01 am IST
Updated : Oct 5, 2026, 7:01 am IST
SHARE ARTICLE
The Government of India should immediately conduct elections for the Shiromani Gurdwara Parbandhak Committee.
The Government of India should immediately conduct elections for the Shiromani Gurdwara Parbandhak Committee.

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਏ ਭਾਰਤ ਸਰਕਾਰ 

ਖ਼ਾਲਸਾ ਪੰਥ ਨੂੰ ਜੀਵਨ ਉਸਾਰੀ ਦਾ ਜੋ ਗਿਆਨ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਉਹ ਸੰਸਾਰ ਦੀਆਂ ਕੂੜੀਆਂ ਉਕਤੀਆਂ ਜੁਗਤੀਆਂ ਤੋਂ ਬਹੁਤ ਉੱਪਰ ਹੈ। ਖ਼ਾਲਸਾ ਪੰਥ ਰੂਹਾਨੀ ਆਜ਼ਾਦੀ ਦਾ ਅਲੰਬਰਦਾਰ ਹੈ। ਕਿਸੇ ਪ੍ਰਕਾਰ ਦੀ ਮੁਥਾਜੀ ਤੇ ਗ਼ੁਲਾਮੀ ਕਰਨੀ ਇਸ ਦੇ ਕਿਰਦਾਰ ਦਾ ਹਿੱਸਾ ਨਹੀਂ ਹੈ। ਖ਼ਾਲਸਾ ਪੰਥ ਦੀ ਸੁਹਿਰਦਤਾ ਸੰਸਾਰ ਭਰ ਦੇ ਪ੍ਰਾਣੀ ਮਾਤਰ ਨਾਲ ਹੈ। ਇਹ ਸਭ ਦਾ ਅਦਬ ਕਰਨਾ ਤੇ ਦੁੱਖ ਸੁੱਖ ਵਿਚ ਹਿੱਸੇਦਾਰੀ ਕਰਨੀ ਭਲੀ ਭਾਂਤ ਜਾਣਦਾ ਹੈ। ਖ਼ਾਲਸਾ ਪੰਥ ਲਈ ਗੁਰਦੁਆਰਾ ਸਾਹਿਬ ਗੁਰੂ ਗਿਆਨ ਦਾ ਕੇਂਦਰ ਹੈ ਨਾਕਿ ਪ੍ਰੰਪਰਾਗਤ ਪੂਜਾ ਦੀ ਥਾਂ। ਖ਼ਾਲਸਾ ਪੰਥ ਦਾ ਗੁਰਦੁਆਰਾ ਸਾਹਿਬ ਨਾਲ ਸਬੰਧ ਦੁਨੀਆਂ ਦੇ ਹੋਰ ਮਜ਼੍ਹਬੀ ਅਨੁਆਈਆਂ ਦੇ ਅਪਣੇ ਅਪਣੇ ਧਰਮ ਮੰਦਰਾਂ ਦੇ ਲਗਾਓ ਨਾਲੋਂ ਬਹੁਤ ਵਖਰਾ ਹੈ।

ਭਾਰਤ ਅੰਦਰ ਖ਼ਾਲਸਾ ਪੰਥ ਦੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਜ਼ਾਦ ਨਹੀਂ, ਜੋ ਕਿ ਹੋਣਾ ਚਾਹੀਦਾ ਸੀ। ਵਰਤਮਾਨ ਗੁਰਦੁਆਰਾ ਸਾਹਿਬ ਦਾ ਪ੍ਰਬੰਧਕੀ ਰੂਪ ਅੰਗਰੇਜ਼ੀ ਹਕੂਮਤ ਵਲੋਂ ਧੱਕੇ ਨਾਲ ਥੋਪਿਆ ਹੋਇਆ ਪ੍ਰਬੰਧ ਹੈ, ਇਸ ਦਾ ਵੇਰਵਾ ਇਤਿਹਾਸ ਦੇ ਪੰਨਿਆਂ ’ਤੇ ਮੌਜੂਦ ਹੈ। 1947 ਉਪ੍ਰੰਤ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਰਤਮਾਨ ਸਮੇਂ ਚੋਣਾਂ ਭਾਰਤੀ ਹਕੂਮਤ ਦੇ ਰਹਿਮੋ ਕਰਮ ’ਤੇ ਚਲੇ ਗਈਆਂ ਹਨ।
ਅੱਜ ਤਕ ਇਨ੍ਹਾਂ ਚੋਣਾਂ ਦਾ ਇਤਿਹਾਸ ਭਾਰਤ ਸਰਕਾਰ ਦੇ ਵਤੀਰੇ ਪ੍ਰਤੀ ਘੋਰ ਨਿਰਾਸ਼ਤਾ ਪੈਦਾ ਕਰਦਾ ਹੈ। ਕਿੰਨੀਆਂ ਚੋਣਾਂ ਸਮੇਂ ਸੀਮਾਂ ਤੋਂ ਦਹਾਕਾ ਬਾਅਦ ਕਰਵਾਈਆਂ ਹਨ। ਹੁਣ ਵੀ 2011 ’ਚ ਚੋਣਾਂ ਹੋਈਆਂ ਸਨ, ਉਪਰੰਤ ਇਥੇ ਭਾਰਤ ਦੀ ਸਿਆਸਤ ਨੂੰ ਮੱਦੇਨਜ਼ਰ ਰੱਖ ਕੇ ਹੀ ਭਾਰਤ ਸਰਕਾਰ ਚੋਣਾਂ ਕਰਵਾਉਂਦੀ ਹੈ। ਜੋ ਲੋਕਤੰਤਰੀ ਢਾਂਚੇ ਦਾ ਅਪਮਾਨ ਕਰਨ ਤੁੱਲ ਹੈ। ਜੇਕਰ ਬਾਕੀ ਦੀਆਂ ਸਮੂਹ ਚੋਣਾਂ, ਵਿਧਾਨ ਸਭਾ, ਲੋਕ ਸਭਾ ਤੇ ਮਿਉਂਸਪਲ ਚੋਣਾਂ ਤੇ ਪੰਚਾਇਤ ਚੋਣਾਂ ਸਮੇਂ ਸਿਰ ਹੁੰਦੀਆਂ ਹਨ ਤਾਂ ਸਿੱਖ ਗੁਰਦੁਆਰਾ ਪ੍ਰਬੰਧ ਦੀਆਂ ਚੋਣਾਂ ਸਮੇਂ ’ਤੇ ਕਿਉਂ ਨਹੀਂ?

ਦੂਜਾ ਦੁੱਖ ਇਸ ਗੱਲ ਦਾ ਹੈ ਕਿ ਜਸਟਿਸ ਐਸ ਐਸ ਸਾਰੋਂ ਜੀ ਨੂੰ ਚੋਣ ਅਧਿਕਾਰੀ ਬਣਾ ਕੇ ਵੋਟਰ ਸੂਚੀਆਂ ਬਣਾਈਆਂ ਗਈਆਂ ਹਨ ਪ੍ਰੰਤੂ ਚੋਣਾਂ ਨਹੀਂ। ਭਾਵੇਂਕਿ ਇਸ ਵਾਰ ਵੋਟਾਂ ਸਿੱਖਾਂ ਵਲੋਂ ਉਤਸ਼ਾਹ ਨਾਲ ਨਹੀਂ ਬਣਾਈਆਂ ਗਈਆਂ। ਪੰਥਕ ਤਾਲਮੇਲ ਸੰਗਠਨ ਵਲੋਂ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਨੂੰ ਪੂਰਾ ਸਹਿਯੋਗ ਦਿਤਾ ਗਿਆ ਸੀ। ਬਹੁਤ ਉਮੀਦ ਸੀ ਵੋਟਾਂ ਬਣਨ ਉਪਰੰਤ ਚੋਣਾਂ ਛੇਤੀ ਹੋ ਜਾਣਗੀਆਂ। ਲੰਮਾਂ ਸਮਾਂ ਬੀਤ ਗਿਆ ਮਗਰੋਂ ਵੀ ਚੋਣਾਂ ਨਹੀਂ ਕਰਵਾਈਆਂ ਗਈਆਂ। ਭਾਰਤੀ ਲੋਕਤੰਤਰ ਬਾਰੇ ਦਾਅਵੇ ਸਰਕਾਰੀ ਤੌਰ ’ਤੇ ਬਹੁਤ ਕੀਤੇ ਜਾਂਦੇ ਹਨ ਕਿ ਇਹ ਸੰਸਾਰ ਦਾ ਸਭ ਤੋਂ ਖ਼ੂਬਸੂਰਤ ਤੇ ਉੱਤਮ ਲੋਕਤੰਤਰ ਹੈ। ਕੀ ਅਰਥ ਹੈ ਇਨ੍ਹਾਂ ਦਾਅਵਿਆਂ ਦਾ?
ਅੱਜ ਦੀ ਬਣੀ ਬੇਯਕੀਨੀ ਪੰਥਕ ਦਰਦੀਆਂ ਲਈ ਅਸਹਿ ਹੈ ਕਿਉਂਕਿ ਪੰਥ-ਦਰਦੀ ਇਸ ਵਾਰ ਨਵ-ਚੇਤਨਾ ਦਾ ਨਤੀਜਾ ਦੇਖਣਾ ਲੋਚਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ ਵਿਸ਼ਵ ਭਰ ਦੇ ਸਿੱਖਾਂ ਨਾਲ ਸਹਿਚਾਰ ਲੋਚਦੇ ਹਨ। ਹੁਣ ਸਮੱਸਿਆ ਤਾਂ ਭਾਰਤ ਸਰਕਾਰ ਵਲੋਂ ਮਾਰੀ ਗਈ ਕੰਨਾਂ ਘੇਸਲ ਦੀ ਹੈ। ਉਹ ਅਪਣੇ ਗਣਿਤ ਵਿਚ ਲੱਗੀ ਹੋਵੇਗੀ ਕਿ ਜੇਕਰ ਬਦਲ ਹੁੰਦਾ ਹੈ ਤਾਂ ਸਿੱਧੀ ਅਸਿੱਧੀ ਦਖ਼ਲਅੰਦਾਜ਼ੀ ਦਾ ਭੋਗ ਸੰਭਵ ਹੈ। ਭਾਜਪਾ ਦਾ ਅਪਣਾ ਜ਼ੋਰ ਪੰਜਾਬ ਹਥਿਆਉਣ ਲਈ ਲੱਗਾ ਹੋਇਆ ਹੈ। ਉਸ ਦੇ ਦਿਲ ਦਿਮਾਗ਼ ਅੰਦਰ ਇਹ ਖ਼ਿਆਲ ਵੀ ਕੰਮ ਕਰਦਾ ਹੋ ਸਕਦਾ ਹੈ ਕਿ ਸਾਡੀ ਅਪਣੀ ਹੀ ਹਕੂਮਤ ਪੰਜਾਬ ਵਿਚ ਬਣ ਜਾਵੇਗੀ। ਫਿਰ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਅੱਗੇ ਵਧਾਂਗੇ। ਸਾਡਾ ਦਖ਼ਲ ਤੇ ਪ੍ਰਭਾਵ ਹੋਰ ਗੂੜ੍ਹਾ ਤੇ ਡੂੰਘਾ ਹੋ ਜਾਵੇਗਾ। ਇਸ ਤਰ੍ਹਾਂ ਦੀਆਂ ਸਿਆਸੀ ਗਿਣਤੀਆਂ ਵਿਚ ਜ਼ਰੂਰ ਉਲਝਿਆ ਹੋ ਸਕਦਾ ਹੈ ਭਾਰਤੀ ਰਾਜਤੰਤਰ।
ਖ਼ਾਲਸਾ ਪੰਥ ਮਹਿਸੂਸ ਕਰ ਰਿਹਾ ਹੈ ਕਿ ਭਾਰਤੀ ਹਕੂਮਤ ਸਿੱਖਾਂ ਦੀਆਂ ਸੰਸਥਾਵਾਂ ਨੂੰ ਅਰਥਹੀਣ ਕਰਨ ਲਈ ਤੁਲੀ ਹੋਈ ਹੈ। ਕਾਬਜ਼ ਧਿਰ ਨੂੰ ਮਨਮਾਨੀਆਂ ਕਰਨ ਦੀ ਪੂਰੀ ਖੁਲ੍ਹ ਮਿਲੀ ਹੋਈ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਰਥਹੀਣ ਨਿਯੁਕਤੀ ਨੇ ਜੋ ਖ਼ਾਲਸਾ ਪੰਥ ਦੀ ਮਾਨਸਕਤਾ ਨੂੰ ਪੀੜਤ ਕੀਤਾ ਹੈ, ਉਸ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ। ਜੋ ਕੁੱਝ ਵਰਤਮਾਨ ਵਿਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਭਾਵ ਘਟਿਆ ਹੈ, ਇਸ ਦੀ ਸਜ਼ਾ ਕਿਸ ਨੂੰ ਮਿਲਣੀ ਚਾਹੀਦੀ ਹੈ, ਇਸ ਦਾ ਫ਼ੈਸਲਾ ਪੰਥ ਕਰੇਗਾ।
ਨਿਰਸੰਦੇਹ ਇਹ ਸਜ਼ਾ ਦੀ ਹੱਕਦਾਰ ਭਾਰਤ ਸਰਕਾਰ ਬਣਦੀ ਹੈ ਜੋ ਅਪਣੀ ਮਿਥੀ ਸਾਜ਼ਸ਼ ਅਧੀਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਤੋਂ ਕੰਨ ਲਪੇਟੀ ਬੈਠੀ ਹੈ। ਖ਼ਾਲਸਾ ਪੰਥ ਵਰਤਮਾਨ ਸਮੇਂ ਕੀ ਕਰੇ ਜਦਕਿ ਭਾਰਤੀ ਹਕੂਮਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਉਣ ਦਾ ਅਸਿੱਧੇ ਢੰਗ ਨਾਲ ਐਲਾਨ ਕਰੀ ਬੈਠੀ ਹੈ।
ਅਦਾਲਤ ਦਾ ਸਹਾਰਾ ਵੀ ਬੇਤੁਕਾ ਤੇ ਬੇਉਮੀਦਾ ਦਿਖਾਈ ਦੇਂਦਾ ਹੈ। ਹਾਲਤ ਖ਼ਾਲਸਾ ਪੰਥ ਦੀ ਗੰਭੀਰਤਾ ਵਾਲੀ ਹੈ। ਇਕੋ ਢੰਗ ਬਚਦਾ ਹੈ ਕਿ ਇਸ ਹੱਕ ਲਈ ਲੋਕ ਮੁਜ਼ਾਹਰਾ ਕੀਤਾ ਜਾਵੇ। ਇਸ ਢੰਗ ਲਈ ਪੰਥ ਦੀ ਮਾਨਸਕਤਾ ਤਿਆਰ ਨਹੀਂ ਹੈ। ਮੁਜ਼ਾਹਰਾ ਕੋਈ ਮਨੋਰੰਜਨ ਕਿਰਿਆ ਨਹੀਂ ਹੁੰਦੀ, ਇਹ ਵੱਡੀ ਜ਼ਿੰਮੇਵਾਰੀ ਦਾ ਪ੍ਰਤੀਕ ਹੈ। ਅਸੀਂ ਪਹਿਲਾਂ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਸਾਲਾਂ ਤੋਂ ਧਰਨੇ ’ਤੇ ਹਾਂ। ਕੀ ਸਿੱਟਾ ਮਿਲਿਆ ਜਾਂ ਮਿਲ ਸਕਦਾ ਹੈ।
ਖ਼ਾਲਸਾ ਪੰਥ ਦੀ ਮੰਗ ਹੈ ਕਿ ਭਾਰਤ ਸਰਕਾਰ ਗੁਰਦੁਆਰਾ ਚੋਣ ਕਮਿਸ਼ਨ ਨੂੰ ਕਹਿ ਕੇ ਅਪਣੇ ਆਦੇਸ਼ ਰਾਹੀਂ ਚੋਣਾਂ ਤੁਰੰਤ ਕਰਵਾਏ। 2011 ਤੋਂ 2026 ਹੋ ਗਿਆ ਹੈ, ਕਿੱਥੇ ਪੰਜ ਸਾਲ ਕਿੱਥੇ ਪੰਦਰਾਂ ਸਾਲ। ਕਿੱਡਾ ਵੱਡਾ ਧੱਕਾ ਖ਼ਾਲਸਾ ਪੰਥ ਨਾਲ ਭਾਰਤੀ ਲੋਕਤੰਤਰ ਦੇ ਜ਼ਾਮਨ ਭਾਰਤੀ ਸੰਵਿਧਾਨ ਦੇ ਨਾਲ। ਪੰਥ ਨੂੰ ਅਪਣੇ ਜਾਗਦੇ ਹੋਣ ਦਾ ਪ੍ਰਮਾਣ ਦੇਂਦਿਆਂ, ਚੋਣਾਂ ਦੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਭਾਰਤ ਸਰਕਾਰ ਨਾਲ ਖਤੋ ਖ਼ਿਤਾਬ ਕਰਨਾ ਚਾਹੀਦਾ ਹੈ।
- ਕੇਵਲ ਸਿੰਘ, ਸਾਬਕਾ ਜਥੇਦਾਰ (ਤਖ਼ਤ ਸ੍ਰੀ ਦਮਦਮਾ ਸਾਹਿਬ) ਮੋ: 95920-93472


ਲੜਾਈ ਲਈ ਸ਼ਿੱਦਤ ਤੇ ਜਨੂੰਨ ਦੀ ਲੋੜ ਹੈ,
ਰੈਲੀਆਂ ਤੇ ਰੌਲਿਆਂ ਦੀ ਨਹੀਂ

ਜੇਕਰ  ਪੰਜਾਬ ’ਚ ਨਸ਼ਿਆਂ ਦੀ ਗੱਲ ਕਰੀਏ ਤਾਂ ਸਾਡੇ ਸਾਹਮਣੇ ਜੋ ਅੰਕੜੇ ਆ ਰਹੇ ਹਨ ਉਹ ਇਹ ਹਨ ਕਿ ਬੀਤੇ ਢਾਈ ਦਹਾਕਿਆਂ ਦੌਰਾਨ ਨਸ਼ਾ ਤਸਕਰੀ ਦੇ ਕਰੀਬ 2.46 ਲੱਖ ਕੇਸ ਦਰਜ ਹੋਏ ਹਨ। ਪਿਛਲੇ ਕੱੁਝ ਵਰਿ੍ਹਆਂ ’ਚ ਪੰਜਾਬ ਐੱਨਡੀਪੀਐੱਸ ਕੇਸਾਂ ਦੇ ਮਾਮਲੇ ’ਚ ਸਮੁੱਚੇ ਦੇਸ਼ ’ਚੋਂ ਦੂਜੇ ਜਾਂ ਤੀਜੇ ਨੰਬਰ ’ਤੇ ਰਿਹਾ ਹੈ। ਪੰਜਾਬ ’ਚ ਐੱਨਡੀਪੀਐੱਸ ਦੇ ਕੇਸਾਂ ਦਾ ਅੰਕੜਾ ਵੀ ਸਿਖ਼ਰ ਛੂੰਹਦਾ ਰਿਹਾ ਹੈ ਪਰ ਓਵਰਡੋਜ਼ ਨਾਲ ਮੌਤਾਂ ’ਚ ਵੀ ਵੱਡੀ ਕਮੀ ਨਹੀਂ ਆਈ। ਹੁਣ ਜਦੋਂ ਪੰਜਾਬ ’ਚ ਚੋਣਾਂ ਬਰੂਹਾਂ ’ਤੇ ਹਨ ਤਾਂ ਹਰ ਸਿਆਸੀ ਧਿਰ ਨਸ਼ੇ ਦੇ ਮੁੱਦੇ ਨੂੰ ਉਛਾਲ ਰਹੀ ਹੈ। ਸੱਤਾਧਾਰੀ ਧਿਰ ‘ਯੁੱਧ ਨਸ਼ਿਆਂ ਵਿਰੁਧ’ ਦੀ ਪ੍ਰਾਪਤੀ ਦਾ ਗੁਣਗਾਨ ਕਰ ਰਹੀ ਹੈ ਜਦਕਿ ਵਿਰੋਧੀ ਧਿਰਾਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦਾ ਅੰਕੜਾ ਦਿਖਾ ਕੇ ਘੇਰਾਬੰਦੀ ਕਰ ਰਹੀਆਂ ਹਨ। ਅਜਿਹਾ ਚੌਥੀ ਵਾਰ ਹੋਵੇਗਾ ਜਦੋਂ ਵਿਧਾਨ ਸਭਾ ਚੋਣਾਂ ’ਚ ਨਸ਼ਿਆਂ ਦਾ ਮੁੱਦਾ ਭਾਰੂ ਰਹੇਗਾ। ਜਨਵਰੀ 2002 ਤੋਂ ਹੁਣ ਤਕ ਸੂਬੇ ’ਚ ਐੱਨਡੀਪੀਐੱਸ ਐਕਟ ਤਹਿਤ 2,45,995 ਕੇਸ ਦਰਜ ਹੋ ਚੁੱਕੇ ਹਨ। ਜਦੋਂ ਅਮਰਿੰਦਰ ਸਰਕਾਰ ਦੀ ਪਹਿਲੀ ਪਾਰੀ (2002-07) ਸੀ ਤਾਂ ਪੰਜ ਵਰਿ੍ਹਆਂ ’ਚ ਐੱਨਡੀਪੀਐੱਸ ਐਕਟ ਤਹਿਤ 15,990 ਕੇਸ ਦਰਜ ਹੋਏ ਸਨ, ਜੋ ਪ੍ਰਤੀ ਦਿਨ ਔਸਤਨ 9 ਕੇਸ ਬਣਦੇ ਹਨ। ਉਸ ਮਗਰੋਂ ਅਕਾਲੀ-ਭਾਜਪਾ ਗੱਠਜੋੜ ਦੀ ਹਕੂਮਤ (2007-2012) ਦੌਰਾਨ ਕੇਸਾਂ ਦਾ ਅੰਕੜਾ ਇਕਦਮ ਵੱਧ ਕੇ 27,348 ਹੋ ਗਿਆ ਸੀ। ਇਸ ਸਮੇਂ ਦੌਰਾਨ ਪ੍ਰਤੀ ਦਿਨ ਔਸਤਨ 15 ਕੇਸ ਦਰਜ ਹੁੰਦੇ ਰਹੇ। ਗੱਠਜੋੜ ਦੀ ਅਗਲੀ ਪਾਰੀ (2012-2017) ਦੌਰਾਨ ਅੰਕੜਾ ਦੁੱਗਣਾ ਹੋ ਗਿਆ, ਭਾਵ ਇਨ੍ਹਾਂ ਪੰਜ ਸਾਲਾਂ ’ਚ 55,402 ਕੇਸ ਦਰਜ ਕੀਤੇ ਗਏ। ਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਪਾਰੀ (2017-22) ਦੌਰਾਨ 52,427 ਕੇਸ ਦਰਜ ਹੋਏ ਸਨ ਜੋ ਪ੍ਰਤੀ ਦਿਨ ਔਸਤਨ 29 ਕੇਸ ਬਣਦੇ ਸਨ। ਮੌਜੂਦਾ ‘ਆਪ’ ਸਰਕਾਰ ਨੇ ਹੁਣ ਤਕ 94,828 ਕੇਸ ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤੇ ਹਨ, ਜੋ ਪ੍ਰਤੀ ਦਿਨ ਔਸਤਨ 58 ਕੇਸ ਬਣਦੇ ਹਨ। ਇਨ੍ਹਾਂ ਅੰਕੜਿਆਂ ਤੋਂ ਜੇਕਰ ਹਿਸਾਬ ਲਾਈਏ ਤਾਂ ਪੰਜਾਬ ਦੀ ਅੱਜ ਦੀ ਤਰੀਕ ’ਚ ਅਬਾਦੀ 3 ਕਰੋੜ 23 ਲੱਖ ਦੇ ਕਰੀਬ ਹੈ, ਜਿਨ੍ਹਾਂ ’ਚੋਂ ਕਰੀਬ ਇਕ ਲੱਖ ਲੋਕਾਂ ’ਤੇ ਐਨਡੀਪੀਐਸ ਦੇ ਕੇਸ ਦਰਜ ਹਨ। ਅਗਰ ਇਕ ਇਕ ਕੇਸ ਨਾਲ ਦੱਸ ਦੱਸ ਨਸ਼ੇੜੀ ਵੀ ਜੁੜੇ ਹੋਣ ਤੇ ਇਹ ਅੰਕੜਾ ਦੱਸ ਲੱਖ ਤੋਂ ਉਪਰ ਜਾ ਰਿਹਾ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੋਈ ਲਗਭਗ 35% ਲੋਕ ਨਸ਼ੇ ਦੀ ਗ੍ਰਿਫਤ ’ਚ ਆ ਚੁੱਕੇ ਹਨ ਜਿਨ੍ਹਾਂ ਨੇ ਨਸ਼ਾ ਲਾਇਆ, ਉਹ ਕੋਠੀਆਂ ਕਾਰਾਂ ਦੇ ਮਾਲਕ ਬਣ ਗਏ, ਜਿਨ੍ਹਾਂ ਨੇ ਸੇਵਨ ਕੀਤਾ, ਉਹ ਕੰਗਾਲ ਹੋ ਗਏ ਤੇ ਮਰ ਗਏ। ਜੇਕਰ ਅਸੀਂ ਸੜਕਾਂ ’ਤੇ ਰੌਲੇ ਤੇ ਰੈਲੀਆਂ ਕਰਦੇ ਰਹੇ, ਤਾਂ ਵੀ ਨਸ਼ਾ ਖ਼ਤਮ ਨਹੀਂ ਹੋਣਾ। ਕਿਸੇ ਵੀ ਹਾਲਤ ’ਚ ਸਾਡੇ ਸਾਰੇ ਪੰਜਾਬੀਆਂ ਨੂੰ ਇਕਮੁੱਠ ਹੋ ਕੇ ਸਿਆਸਤ ਤੋਂ ਉਪਰ ਉਠ ਕੇ ਜ਼ਮੀਨੀ ਪੱਧਰ ’ਤੇ ਨਸ਼ੇ ਖ਼ਾਤਮੇ ਲਈ ਜੰਗ ਲੜਨੀ ਪਵੇਗੀ। ਗਲੀਆਂ ਮੁਹੱਲਿਆਂ ਵਿਚ ਨਸ਼ੇੜੀਆਂ ਦਾ ਪਤਾ ਕੀਤਾ ਜਾਵੇ ਕਿ ਤੁਸੀਂ ਨਸ਼ਾ ਕਿਥੋਂ ਲੈਂਦੇ ਹੋ। ਉਹ ਦੱਸ ਸਕਦੇ ਹਨ ਕਿ ਕੌਣ ਕੌਣ ਨਸ਼ੇ ਦਾ ਧੰਦਾ ਕਰਦੇ ਹਨ, ਫਿਰ ਉਨ੍ਹਾਂ ’ਤੇ ਸਿਕੰਜਾ ਕਸਿਆ ਜਾਵੇ। ਫਿਰ ਹੋ ਸਕਦਾ ਹੈ ਕਿ ਨਸ਼ੇ ਤੋਂ ਨੌਜਵਾਨੀ ਨੂੰ ਬਚਾਇਆ ਜਾ ਸਕਦਾ ਹੈ। ਰੈਲੀਆਂ ਨਾਲ ਕੁੱਝ ਨਹੀਂ ਹੋਣਾ। ਵੋਟਾਂ ਬਟੋਰਨ ਲਈ ਸਿਆਸੀ ਲੋਕ ਬਹੁਤ ਕੱੁਝ ਕਰਦੇ ਹਨ ਪਰ ਸੱਤਾ ’ਚ ਆਉਣ ਤੋਂ ਬਾਅਦ ਸਭ ਕੁੱਝ ਭੁੱਲ ਜਾਂਦੇ ਹਨ। ਸੋ ਨਸ਼ਿਆਂ ਖ਼ਿਲਾਫ਼ ਲੜਾਈ ਲਈ ਸ਼ਿੱਦਤ ਤੇ ਜਨੂੰਨ ਦੀ ਲੋੜ ਹੈ।
- ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮੋਬਾ : 75891-55501 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement