ਖ਼ਬਰਾਂ |

ਤਾਜ਼ਾ |

ਪੱਛਮੀ ਏਸ਼ੀਆ 'ਚ ਅਮਨ-ਸ਼ਾਂਤੀ ਅਜੇ ਦੂਰ ਦੀ ਗੱਲ
Published : May 6, 2026, 6:50 am IST
Updated : May 6, 2026, 9:25 am IST
SHARE ARTICLE
photo
photo

ਹੋਰਮੂਜ਼ ਜਲਮਾਰਗ ਵਿਚ ਦੋ ਤੇਲਵਾਹਕ ਜਹਾਜ਼ਾਂ ਉੱਤੇ ਫ਼ਾਇਰਿੰਗ ਨੇ ਪੱਛਮੀ ਏਸ਼ੀਆ ਵਿਚ ਜੰਗ ਮੁੜ ਛਿੜਨ ਦਾ ਖ਼ਤਰਾ ਖੜ੍ਹਾ ਕਰ ਦਿਤਾ ਹੈ।

ਇਰਾਨ ਵਲੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਓਮਾਨ ਵਿਚ ਡਰੋਨ ਹਮਲਿਆਂ ਅਤੇ ਹੋਰਮੂਜ਼ ਜਲਮਾਰਗ ਵਿਚ ਦੋ ਤੇਲਵਾਹਕ ਜਹਾਜ਼ਾਂ ਉੱਤੇ ਫ਼ਾਇਰਿੰਗ ਨੇ ਪੱਛਮੀ ਏਸ਼ੀਆ ਵਿਚ ਜੰਗ ਮੁੜ ਛਿੜਨ ਦਾ ਖ਼ਤਰਾ ਖੜ੍ਹਾ ਕਰ ਦਿਤਾ ਹੈ। ਇਹ ਹਮਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਐਲਾਨ ਮਗਰੋਂ ਹੋਏ ਕਿ ਹੋਰਮੂਜ਼ ਜਲਮਾਰਗ ਵਿਚ ਫਸੇ ਤੇਲਵਾਹਕ ਜਹਾਜ਼ਾਂ ਨੂੰ ਉੱਥੋਂ ਸੁਰੱਖਿਅਤ ਖਾੜੀ ਓਮਾਨ ਵਿਚ ਪਹੁੰਚਾਉਣ ਵਿਚ ਅਮਰੀਕੀ ਜਲਸੈਨਿਕ ਜਹਾਜ਼ ਮਦਦ ਦੇਣਗੇ। ਮੀਡੀਆ ਰਿਪੋਰਟਾਂ ਅਨੁਸਾਰ ਯੂ.ਏ.ਈ ਦੀ ਦੱਖਣੀ ਬੰਦਰਗਾਹ ਫੁਜੈਰਾਹ ਉੱਤੇ ਇਰਾਨੀ ਡਰੋਨ ਤੇ ਰਾਕੇਟ ਹਮਲੇ ਕਾਰਨ ਕੁਝ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਤਿੰਨ ਭਾਰਤੀ ਕਾਮੇ ਜ਼ਖ਼ਮੀ ਹੋ ਗਏ।

ਯੂ.ਏ.ਈ. ਸਰਕਾਰ ਦੇ ਇਕ ਐਲਾਨ ਮੁਤਾਬਿਕ ਇਸੇ ਬੰਦਰਗਾਹ ਨੇੜੇ ਇਕ ਇਰਾਨੀ ਗੰਨਬੋਟ ਨੇ ਫ਼ਾਇਰਿੰਗ ਵੀ ਕੀਤੀ। ਅਜਿਹੀਆਂ ਕਾਰਵਾਈਆਂ ਦੇ ਮੱਦੇਨਜ਼ਰ ਸਮੁੱਚੇ ਅਮੀਰਾਤ ਵਿਚ ਵਿਦਿਅਕ ਅਦਾਰਿਆਂ ਨੂੰ ਇਕ ਹਫ਼ਤੇ ਲਈ ਆਨਲਾਈਨ ਅਧਿਆਪਨ ਵਾਲਾ ਰਾਹ ਅਖ਼ਤਿਆਰ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਇਹ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਅਮੀਰਾਤ ਅਜਿਹੇ ਹੋਰ ਹਮਲੇ ਬਰਦਾਸ਼ਤ ਨਹੀਂ ਕਰੇਗਾ ਅਤੇ ਜੋ ਕੁਝ ਸੋਮਵਾਰ ਨੂੰ ਵਾਪਰਿਆ, ਉਸ ਦਾ ਜਵਾਬ ਦੇਣ ਤੋਂ ਪਰਹੇਜ਼ ਵੀ ਨਹੀਂ ਕਰੇਗਾ।

ਇੰਜ ਹੀ, ਸੋਮਵਾਰ ਨੂੰ ਓਮਾਨ ਵਿਚ ਇਕ ਰਿਹਾਇਸ਼ੀ ਇਮਾਰਤ ਉੱਤੇ ਡਰੋਨ ਹਮਲਾ ਹੋਇਆ ਜਿਸ ਕਾਰਨ ਦੋ ਵਿਦੇਸ਼ੀ ਨਾਗਰਿਕ ਜ਼ਖ਼ਮੀ ਹੋ ਗਏ। ਓਮਾਨੀ ਰੱਖਿਆ ਮੰਤਰਾਲੇ ਨੇ ਇਸ ਹਮਲੇ ਨੂੰ ‘ਗ਼ੈਰ-ਦੋਸਤਾਨਾ ਕਾਰਵਾਈ’ ਕਰਾਰ ਦਿਤਾ ਅਤੇ ਜਵਾਬੀ ਹਮਲੇ ਦੀ ਧਮਕੀ ਦਿਤੀ। ਦੂਜੇ ਪਾਸੇ, ਇਰਾਨ ਸਰਕਾਰ ਨੇ ਫ਼ੁਜੈਰਾਹ ਹਮਲੇ ਨੂੰ ‘ਗ਼ੈਰ-ਇਰਾਦਤਨ’ ਦਸਿਆ ਹੈ ਅਤੇ ਕਿਹਾ ਹੈ ਕਿ ਜੰਗਬੰਦੀ ਭੰਗ ਕਰਨ ਦਾ ਉਸ ਦਾ ਕੋਈ ਇਰਾਦਾ ਨਹੀਂ। ਉਂਜ, ਉਸ ਨੇ ਅਮਰੀਕੀ ਰਾਸ਼ਟਰਪਤੀ ਦੀ ਇਸ ਧਮਕੀ ਨੂੰ ਵੀ ‘ਗਿੱਦੜ ਭਬਕੀ’ ਦਸਿਆ ਹੈ ਕਿ ਜੇਕਰ ਇਰਾਨੀ ਗੰਨਬੋਟਾਂ ਨੇ ਤੇਲਵਾਹਕ ਬੇੜਿਆਂ ਉੱਤੇ ਹਮਲੇ ਬੰਦ ਨਾ ਕੀਤੇ ਤਾਂ ‘‘ਸਮੂਚੇ ਇਰਾਨ ਨੂੰ ਮਿੱਟੀ ਵਿਚ ਮਿਲਾ ਦਿਤਾ ਜਾਵੇਗਾ।’’

ਇਹ ਸਾਰਾ ਘਟਨਾਕ੍ਰਮ ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਦੇ ਇਸ ਬਿਆਨ ਮਗਰੋਂ ਵਾਪਰਿਆ ਕਿ ਪਾਕਿਸਤਾਨੀ ਵਿਚੋਲਗਿਰੀ ਵਾਲੀ ਅਮਰੀਕਾ-ਇਰਾਨ ਵਾਰਤਾਲਾਪ ਵਿਚ ਕੁਝ ਸੁਖਾਵੀਂ ਪ੍ਰਗਤੀ ਦੇਖਣ ਨੂੰ ਮਿਲ ਰਹੀ ਹੈ। ਅਰਾਘਚੀ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਇਰਾਨੀ ਹਕੂਮਤ ਵਿਚਲੇ ਸਮਝੌਤਾਵਾਦੀ ਗੁੱਟ ਦੀ ਨੁਮਾਇੰਦਗੀ ਕਰਦੇ ਹਨ। ਇਸ ਗੁੱਟ ਦੀਆਂ ਨੀਤੀਆਂ ਦਾ ਇਰਾਨੀ ਇਨਕਲਾਬੀ ਰਾਖਿਆਂ (ਆਈ.ਆਰ.ਜੀ.ਸੀ.) ਦੀ ਕਮਾਂਡ ਵਿਰੋਧ ਕਰਦੀ ਆਈ ਹੈ ਅਤੇ ਅਮੀਰਾਤ ਤੇ ਓਮਾਨ ਉੱਤੇ ਤਾਜ਼ਾ ਹਮਲਿਆਂ ਨੂੰ ਅਮਰੀਕਾ ਨਾਲ ਸਮਝੌਤਾ-ਵਾਰਤਾ ਸਾਬੋਤਾਜ ਕਰਨ ਦੀ ਸਾਜ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਇਰਾਨੀ ਅਸਟੈਬਲਿਸ਼ਮੈਂਟ ਵਿਚ ਅਜਿਹੀ ਖਿੱਚੋਤਾਣ ਭਾਵੇਂ ਕੋਈ ਨਵਾਂ ਰੁਝਾਨ ਨਹੀਂ, ਫਿਰ ਵੀ ਮੌਜੂਦਾ ਹਾਲਾਤ ਵਿਚ ਇਸ ਨੂੰ ‘ਬੇਲੋੜੀ ਮਾਅਰਕੇਬਾਜ਼ੀ’ ਸਮਝਿਆ ਜਾ ਰਿਹਾ ਹੈ।

ਨਿਰਪੱਖ ਵਿਸ਼ਲੇਸ਼ਕਾਂ ਦੀ ਰਾਇ ਹੈ ਕਿ ਤਕਰੀਬਨ ਡੇਢ ਮਹੀਨੇ ਤਕ ਅਮਰੀਕਾ ਤੇ ਇਜ਼ਰਾਈਲ ਦੀ ਬੇਤਹਾਸ਼ਾ ਬੰਬਾਰੀ ਦੇ ਬਾਵਜੂਦ ਇਰਾਨੀ ਪਰਮਾਣੂ ਜ਼ਖ਼ੀਰੇ ਨੂੰ ਬਹੁਤਾ ਨੁਕਸਾਨ ਨਹੀਂ ਪਹੁੰਚਿਆ। ਅਮਰੀਕੀ ਖ਼ੁਫ਼ੀਆ ਏਜੰਸੀਆਂ ਵੀ ਇਹ ਕਬੂਲ ਕਰਦੀਆਂ ਹਨ ਕਿ ਪਰਮਾਣੂ ਜ਼ਖ਼ੀਰੇ ਤੋਂ ਇਲਾਵਾ ਇਰਾਨੀ ਮਿਜ਼ਾਈਲਾਂ ਤੇ ਰਾਕੇਟਾਂ ਦਾ ਭੰਡਾਰ ਵੀ ਵੱਡੀ ਹੱਦ ਤਕ ਸੁਰੱਖਿਅਤ ਹੈ। ਇਹ ਤੱਥ-ਤੱਤ ਕੱਟੜਪੰਥੀ ਇਨਕਲਾਬੀ ਰਾਖਿਆਂ ਦੀ ਟਕਰਾਅਵਾਦੀ ਪਹੁੰਚ ਨੂੰ ਮਜ਼ਬੂਤੀ ਬਖ਼ਸ਼ਦੇ ਆ ਰਹੇ ਹਨ।

ਇਹ ਤਾਂ ਸਪਸ਼ਟ ਹੀ ਹੈ ਕਿ ਡੋਨਲਡ ਟਰੰਪ ‘ਇਰਾਨੀ ਦਲਦਲ’ ਵਿਚੋਂ ਬੱਚ ਨਿਕਲਣ ਦਾ ਰਾਹ ਲੱਭ ਰਹੇ ਹਨ ਕਿਉਂਕਿ ਜੰਗ ਦਾ ਲਗਾਤਾਰ ਲਮਕਣਾ ਅਮਰੀਕੀ ਵਸੋਂ ਅੰਦਰਲੀ ਨਾਖ਼ੁਸ਼ੀ ਲਗਾਤਾਰ ਵਧਾ ਰਿਹਾ ਹੈ। ਪੱਛਮੀ ਏਸ਼ੀਆ ਵਿਚਲੇ ਅਮਰੀਕਾ ਦੇ ਇਤਿਹਾਦੀ ਮੁਲਕ ਵੱਖਰੇ ਤੌਰ ’ਤੇ ਔਖੇ ਹਨ ਕਿਉਂਕਿ ਅਸਲ ਨੁਕਸਾਨ ਤਾਂ ਉਨ੍ਹਾਂ ਦੇ ਅਰਥਚਾਰਿਆਂ ਨੂੰ ਲਗਾਤਾਰ ਝੱਲਣਾ ਪੈ ਰਿਹਾ ਹੈ।

ਫ਼ੁਜੈਰਾਹ ਬੰਦਰਗਾਹ ਨੇੜਲੀ ਅਮੀਰਾਤੀ ਪਾਈਪਲਾਈਨ ਉੱਤੇ ਇਰਾਨੀ ਡਰੋਨ ਹਮਲੇ ਵਿਚ ਤਿੰਨ ਭਾਰਤੀ ਨਾਗਰਿਕਾਂ ਦੇ ਜ਼ਖ਼ਮੀ ਹੋਣ ’ਤੇ ਭਾਰਤ ਨੇ ਸਿੱਧੇ ਤੌਰ ’ਤੇ ਨਾਖ਼ੁਸ਼ੀ ਪ੍ਰਗਟਾਈ ਹੈ ਅਤੇ ਇਰਾਨ ਤੇ ਅਮਰੀਕਾ ਨੂੰ ਸੰਜਮੀ ਪਹੁੰਚ ਅਪਨਾਉਣ ਦਾ ਸੱਦਾ ਦਿਤਾ ਹੈ। ਕੁਲ ਮਿਲਾ ਕੇ ਜੋ ਕੁਝ ਵਾਪਰ ਰਿਹਾ ਹੈ, ਉਹ ਜੰਗ ਛੇਤੀ ਮੁੱਕਣ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਰਿਹਾ ਹੈ। ਚਿੰਤਾ ਦੀ ਗੱਲ ਇਹ ਹੈ ਕਿ ਟਰੰਪ ਦੇ ਆਪਹੁਦਰੇ ਸੁਭਾਅ ਅਤੇ ਇਰਾਨ ਸਰਕਾਰ ਅੰਦਰਲੇ ਅੰਤਰ-ਵਿਰੋਧਾਂ ਕਾਰਨ ਕੋਈ ਵੀ ਤੀਜੀ ਧਿਰ ਖੁਲ੍ਹ ਕੇ ਦਖ਼ਲ ਦੇਣ ਦੇ ਰੌਂਅ ਵਿਚ ਨਹੀਂ। ਇਹ ਬੇਬਸੀ ਤ੍ਰਾਸਦਿਕ ਵੀ ਹੈ ਅਤੇ ਅਫ਼ਸੋਸਨਾਕ ਵੀ।

 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement