ਖ਼ਬਰਾਂ |

ਤਾਜ਼ਾ |

ਬੰਬ ਧਮਾਕੇ : ਰਾਜਸੀ ਧਿਰਾਂ ਨੂੰ ਪੁਰਜ਼ਬਤ ਰਹਿਣ ਦੀ ਲੋੜ 
Published : May 7, 2026, 6:52 am IST
Updated : May 7, 2026, 7:18 am IST
SHARE ARTICLE
photo
photo

ਧਮਾਕਿਆਂ ਨੇ ਪੰਜਾਬ ਵਿਚ ਅਮਨ-ਕਾਨੂੰਨ ਦੀ ਵਿਵਸਥਾ ਅਤੇ ਖ਼ੁਫ਼ੀਆ ਤੰਤਰ ਦੀ ਅਸਰਦਾਰੀ ਬਾਰੇ ਸਵਾਲ ਖੜ੍ਹੇ ਕਰ ਦਿਤੇ

ਮਹਿਜ਼ ਚਾਰ ਘੰਟਿਆਂ ਦਰਮਿਆਨ ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਦੋ ਬੰਬ ਧਮਾਕਿਆਂ ਨੇ ਪੰਜਾਬ ਵਿਚ ਅਮਨ-ਕਾਨੂੰਨ ਦੀ ਵਿਵਸਥਾ ਅਤੇ ਖ਼ੁਫ਼ੀਆ ਤੰਤਰ ਦੀ ਅਸਰਦਾਰੀ ਬਾਰੇ ਸਵਾਲ ਖੜ੍ਹੇ ਕਰ ਦਿਤੇ ਹਨ। ਜਲੰਧਰ ਵਿਚ ਬੰਬ ਧਮਾਕਾ ਬੀ.ਐਸ.ਐਫ਼. ਦੇ ਪੰਜਾਬ ਫਰੰਟੀਅਰ ਹੈੱਡਕੁਆਰਟਰਜ਼ ਦੇ ਬਾਹਰਵਾਰ ਹੋਇਆ ਜਦੋਂ ਕਿ ਅੰਮ੍ਰਿਤਸਰ ਵਿਚ ਥਲ ਸੈਨਾ (ਆਰਮੀ) ਦੀ ਛਾਉਣੀ ਦੀ ਦੀਵਾਰ ਨੂੰ ਬੰਬ ਰਾਹੀਂ ਉਡਾਉਣ ਦੀ ਕੋਸ਼ਿਸ਼ ਕੀਤੀ ਗਈ। ਦੋਵਾਂ ਧਮਾਕਿਆਂ ਵਿਚ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਫਿਰ ਵੀ ਜਿਸ ਢੰਗ ਨਾਲ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦਿਤਾ ਗਿਆ, ਉਨ੍ਹਾਂ ਤੋਂ ਸਨਸਨੀ ਉਪਜਣੀ ਸੁਭਾਵਿਕ ਹੀ ਸੀ। ਉਂਜ ਵੀ, ਇਕ ਪੰਦਰਵਾੜੇ ਦੌਰਾਨ ਇਹ ਤੀਜੀ ਵਾਰ ਹੈ ਜਦੋਂ ਖ਼ੁਫ਼ੀਆ ਤੰਤਰ ਅਜਿਹੇ ਧਮਾਕੇ ਰੋਕਣ ਲਈ ਲੋੜੀਂਦੀਆਂ ਸੂਹਾਂ ਲਾਉਣ ਪੱਖੋਂ ਨਾਕਾਮ ਸਾਬਤ ਹੋਇਆ। ਜ਼ਿਕਰਯੋਗ ਹੈ ਕਿ 27 ਅਪਰੈਲ ਨੂੰ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਤੇ ਰਾਜਪੁਰਾ ਸਟੇਸ਼ਨਾਂ ਦਰਮਿਆਨ ਅੰਮ੍ਰਿਤਸਰ-ਮੁੰਬਈ ਫਰੇਟ ਕੌਰੀਡੋਰ ਦੀ ਰੇਲ ਪਟੜੀ ਨੂੰ ਉਡਾਉਣ ਦੀ ਕੋਸ਼ਿਸ਼ ਦੌਰਾਨ ਬੰਬ ਫਿੱਟ ਕਰਨ ਵਾਲਾ ਵਿਅਕਤੀ ਮਾਰਿਆ ਗਿਆ ਸੀ।

ਪੰਜਾਬ ਪੁਲੀਸ ਨੇ ਭਾਵੇਂ ਮਹਿਜ਼ 12 ਘੰਟਿਆਂ ਦੇ ਅੰਦਰ ਇਹ ਕੇਸ ਸੁਲਝਾ ਲੈਣ ਅਤੇ ਇਸ ਨਾਲ ਜੁੜੇ ਚਾਰ ਸਾਜ਼ਿਸ਼ੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ, ਫਿਰ ਵੀ ਅਜਿਹੇ ਕਾਰੇ ਰੋਕਣ ਪ੍ਰਤੀ ਉਸ ਦੀ ਨਾਕਾਮੀ ਇਨ੍ਹਾਂ ਦਾਅਵਿਆਂ ਅੰਦਰਲੀ ਸੱਚਾਈ ਬਾਰੇ ਸ਼ੱਕ-ਸ਼ੁਬਹੇ ਲਗਾਤਾਰ ਪੈਦਾ ਕਰਦੀ ਆਈ ਹੈ। ਇਨ੍ਹਾਂ ਸ਼ੁਬਹਿਆਂ ਨੂੰ ਜਲੰਧਰ-ਅੰਮ੍ਰਿਤਸਰ ਵਿਚਲੇ ਵਿਸਫ਼ੋਟਾਂ ਤੋਂ ਲੋਕ ਮਨਾਂ ਵਿਚ ਮਜ਼ਬੂਤੀ ਮਿਲਣ ਵਰਗਾ ਵਰਤਾਰਾ ਕਿਸੇ ਵੀ ਤਰ੍ਹਾਂ ਗ਼ੈਰ-ਕੁਦਰਤੀ ਪ੍ਰਤੀਕਰਮ ਨਹੀਂ ਕਿਹਾ ਜਾ ਸਕਦਾ।

ਜਲੰਧਰ ਦਾ ਬੀ.ਐਸ.ਐਫ਼. ਹੈੱਡਕੁਆਰਟਰ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹਰਾਹ (ਸ਼ੇਰ ਸ਼ਾਹ ਸੂਰੀ ਮਾਰਗ) ਉੱਤੇ ਸਥਿਤ ਹੈ। ਇੱਥੇ ਰਾਤ ਅੱਠ ਵਜੇ ਚੰਗਾ-ਚੋਖਾ ਭੀੜ-ਭੜੱਕਾ ਹੁੰਦਾ ਹੈ। ਧਮਾਕੇ ਲਈ ਉਸ ਸਮੇਂ ਦੀ ਚੋਣ ਕਰਨ ਵਾਲਿਆਂ ਦਾ ਮਕਸਦ ਭਰਵਾਂ ਜਾਨੀ ਨੁਕਸਾਨ ਕਰਨ ਦਾ ਸੀ। ਕੁੱਝ ਮੀਡੀਆ ਰਿਪੋਰਟਾਂ ਇਹ ਧਮਾਕਾ ਇਕ ਥੋਕ ਵਿਕਰੇਤਾ ਫਰਮ ਦੇ ਡਿਲਿਵਰੀ ਕਾਮੇ ਦੇ ਐਕਟਿਵਾ ਸਕੂਟਰ ਵਿਚ ਰੱਖੇ ਬੰਬ ਕਾਰਨ ਹੋਣ ਦੀ ਸੂਚਨਾ ਦਿੰਦੀਆਂ ਹਨ ਅਤੇ ਕੁੱਝ ਹੋਰ ਉਸ ਸਕੂਟਰ ਨੇੜੇ ਮੌਜੂਦ ਕੂੜੇ ਦੇ ਬਿੰਨ (ਢੋਲ) ਅੰਦਰ ਬੰਬ ਹੋਣ ਦੀ ਗੱਲ ਕਰਦੀਆਂ ਹਨ।

ਅਜਿਹਾ ਘਚੋਲਾ ਜਿੱਥੇ ਪੇਸ਼ੇਵਾਰਾਨਾ ਪਹੁੰਚ ਦੀ ਘਾਟ ਵੱਲ ਸੈਨਤ ਕਰਦਾ ਹੈ, ਉੱਥੇ ਜਾਂਚ-ਪੜਤਾਲ ਦੇ ਅਤਿ-ਆਧੁਨਿਕ ਢੰਗਾਂ, ਖ਼ਾਸ ਕਰ ਕੇ ਫਾਰੈਂਸਿਕ ਬਾਰੀਕਬੀਨੀ ਦੀ ਅਣਹੋਂਦ ਦੀ ਵੀ ਨਿਸ਼ਾਨੀ ਹੈ। ਜਲੰਧਰ ਤੋਂ ਉਲਟ ਅੰਮ੍ਰਿਤਸਰ ਵਾਲਾ ਧਮਾਕਾ ਮੰਗਲਵਾਰ ਰਾਤੀਂ 11 ਵਜੇ ਖ਼ਾਸਾ ਰੋਡ ’ਤੇ ਫ਼ੌਜੀ ਛਾਉਣੀ ਦੀ ਚਾਰਦੀਵਾਰੀ ਦੇ ਨਾਲ ਹੋਇਆ। ਇਸ ਕਾਰਨ ਦੀਵਾਰ ਉਪਰ ਲੱਗੀਆਂ ਟੀਨ ਦੀਆਂ ਚਾਦਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਨਾਲ ਹੀ ਕੁੱਝ ਨੇੜਲੀਆਂ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟ ਗਏ। ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਇਨ੍ਹਾਂ ਦੋਵਾਂ ਧਮਾਕਿਆਂ ਨੂੰ ‘ਆਪਰੇਸ਼ਨ ਸਿੰਧੂਰ’ ਦੀ ਸਾਲਗਿਰ੍ਹਾ ਨਾਲ ਜੁੜੇ ਜਸ਼ਨਾਂ ਵਿਚ ਵਿਘਨ ਪਾਉਣ ਦੀ ‘ਪਾਕਿਸਤਾਨੀ ਸਾਜ਼ਿਸ਼’ ਕਰਾਰ ਦਿਤਾ ਹੈ।

ਉਨ੍ਹਾਂ ਨੇ ਪਿਛਲੀਆਂ ‘ਕਾਮਯਾਬੀਆਂ’ ਦਾ ਹਵਾਲਾ ਦੇ ਕੇ ਦੋਵੇਂ ਨਵੇਂ ਬੰਬ ਕਾਂਡਾਂ ਦੇ ਸਾਜ਼ਿਸ਼ੀ ਛੇਤੀ ਤੋਂ ਛੇਤੀ ਕਾਬੂ ਕਰ ਲੈਣ ਦੀ ਇੱਛਾ-ਸ਼ਕਤੀ ਦਾ ਇਜ਼ਹਾਰ ਵੀ ਕੀਤਾ ਹੈ। ਅਜਿਹੀਆਂ ਯਕੀਨਦਹਾਨੀਆਂ ਅਪਣੀ ਥਾਂ ਸਹੀ ਹਨ, ਪਰ ਇਹ ਇਸ ਸਵਾਲ ਦਾ ਜਵਾਬ ਨਹੀਂ ਦਿੰਦੀਆਂ ਕਿ ‘ਆਪਰੇਸ਼ਨ ਸਿੰਧੂਰ’ ਦੀ ਸਾਲਗਿਰ੍ਹਾ ਨੂੰ ਖੁਸ਼ਨੁਮਾ ਬਣਾਈ ਰੱਖਣ ਲਈ ਢੁਕਵੀਆਂ ਪੇਸ਼ਬੰਦੀਆਂ ਕਿਉਂ ਨਹੀਂ ਕੀਤੀਆਂ ਗਈਆਂ?

ਇਸੇ ਪ੍ਰਸੰਗ ਵਿਚ ਇਕ ਵਿਡੰਬਨਾ ਇਹ ਹੈ ਕਿ ਪੁਲੀਸ ਮੁਖੀ ਤਾਂ ਬੰਬ ਕਾਂਡਾਂ ਨੂੰ ਪਾਕਿਸਤਾਨੀ ਸਾਜ਼ਿਸ਼ ਦੱਸ ਰਹੇ ਹਨ, ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਦੋਸ਼ੀ ਕਰਾਰ ਦੇ ਰਹੇ ਹਨ। ਉਨ੍ਹਾਂ ਦਾ ਕਥਨ ਹੈ ਕਿ ਮੋਦੀ ਸਰਕਾਰ ਪੰਜਾਬ ਦੀ ‘ਆਪ’ ਸਰਕਾਰ ਨੂੰ ਬਦਨਾਮ ਕਰਨ ਲਈ ਬੰਬ ਧਮਾਕੇ ਕਰਵਾ ਰਹੀ ਹੈ। ਅਜਿਹੇ ਬਿਆਨਾਂ ਤੋਂ ਉਲਟ ਪੰਜਾਬ ਦੀਆਂ ਸਾਰੀਆਂ ਵਿਰੋਧੀ ਧਿਰਾਂ ਅਪਣਾ ਨਿਸ਼ਾਨਾ ਭਗਵੰਤ ਮਾਨ ਸਰਕਾਰ ਵਲ ਸਿੱਧੇ ਤੌਰ ’ਤੇ ਸਾਧ ਰਹੀਆਂ ਹਨ।

ਇਹ ਦੂਸ਼ਨ ਹਰ ਵਿਰੋਧੀ ਆਗੂ ਦੀ ਜ਼ੁਬਾਨ ’ਤੇ ਹੈ ਕਿ ਮਾਨ ਸਰਕਾਰ ਅਮਨ-ਕਾਨੂੰਨ ਦੀ ਵਿਵਸਥਾ ਬਰਕਰਾਰ ਰੱਖਣ ਵਿਚ ‘ਨਾਕਾਮ’ ਰਹੀ ਹੈ; ਅਜਿਹੇ ਹਾਲਾਤ ਦੇ ਆਧਾਰ ’ਤੇ ਉਸ ਨੂੰ ‘ਚਲਦਾ ਕੀਤੇ ਜਾਣ’ ਦੀ ਮੰਗ ਵੀ ਲਗਾਤਾਰ ਉਭਾਰੀ ਜਾ ਰਹੀ ਹੈ। ਪੁਲੀਸ ਦੀ ਕੁਵਰਤੋਂ ਵਿਰੋਧੀ ਧਿਰ ਦੇ ਆਗੂਆਂ ਨੂੰ ‘ਝੂਠੇ ਕੇਸਾਂ’ ਵਿਚ ਫਸਾਉਣ ਲਈ ਕੀਤੇ ਜਾਣ ਦੇ ਇਲਜ਼ਾਮ ਵੀ ਮਾਨ ਸਰਕਾਰ ਉੱਤੇ ਆਮ ਹੀ ਲੱਗ ਰਹੇ ਹਨ। ਸਾਡੀ ਰਾਇ ਹੈ ਕਿ ਇਸ ਕਿਸਮ ਦੀ ਇਲਜ਼ਾਮਤਰਾਸ਼ੀ ਤੋਂ ਰਾਜਸੀ ਧਿਰਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ।

ਪੰਜਾਬ ਵਿਚ ਭਾਵੇਂ ਹੁਣ ਕੋਈ ਖ਼ਾਲਿਸਤਾਨ-ਪੱਖੀ ਲਹਿਰ ਨਹੀਂ, ਫਿਰ ਵੀ ਇਸ ਨੂੰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਪਾਕਿਸਤਾਨ ਤੇ ਉਸ ਦੇ ਇਤਿਹਾਦੀਆਂ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਅਜਿਹੀਆਂ ਕੋਸ਼ਿਸ਼ਾਂ ਨੂੰ ਨਿਸਫ਼ਲ ਬਣਾਉਣ ਵਾਸਤੇ ਸਮਾਜਿਕ ਸਦਭਾਵ ਤੇ ਸੰਪਰਦਾਇਕ ਇਕਸੁਰਤਾ ਹਰ ਹਾਲ ਬਰਕਰਾਰ ਰਹਿਣੇ ਚਾਹੀਦੇ ਹਨ। ਜ਼ਰੂਰੀ ਤਾਂ ਇਹ ਹੈ ਕਿ ਸਾਰੀਆਂ ਰਾਜਸੀ ਧਿਰਾਂ ਅਜਿਹੇ ਅਕੀਦੇ ਉੱਤੇ ਮਜ਼ਬੂਤੀ ਨਾਲ ਪਹਿਰਾ ਦੇਣ। ਅਜਿਹੀ ਸੁਖਾਵੀਂ ਪ੍ਰਗਤੀ ਸੰਭਵ ਬਣਾਉਣ ਵਾਸਤੇ ਪਹਿਲ ਰਾਜ ਸਰਕਾਰ ਵਲੋਂ ਵੀ ਹੋਣੀ ਚਾਹੀਦੀ ਹੈ ਅਤੇ ਉਸ ਦੇ ਵਿਰੋਧੀਆਂ ਵਲੋਂ ਵੀ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement