ਲਾਗ ਜਾਂ ਛੂਤ ਲੱਗਣ ਤੋਂ ਇਕ ਤੋਂ ਅੱਠ ਹਫ਼ਤਿਆਂ ਦੇ ਅੰਦਰ ਇਸ ਦੇ ਲੱਛਣ ਸ਼ਦੀਦ ਤੇ ਖ਼ਤਰਨਾਕ ਰੂਪ ਅਖ਼ਤਿਆਰ ਕਰ ਜਾਂਦੇ ਹਨ
ਕੋਵਿਡ-19 ਦੀਆਂ ਕੁਸੈਲੀਆਂ ਯਾਦਾਂ ਤੋਂ ਬਾਅਦ ਹੁਣ ‘ਹੈਂਟਾਵਾਇਰਸ’ ਨਾਮ ਦੀ ਗੰਭੀਰ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿਚ ਅਚਨਚੇਤੀ ਵਾਧੇ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੂੰ ਇਹ ਚਿਤਾਵਨੀ ਜਾਰੀ ਕਰਨ ਵਾਸਤੇ ਮਜਬੂਰ ਕਰ ਦਿਤਾ ਹੈ ਕਿ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਇਸ ਨੂੰ ਇਕ ਤੋਂ ਦੂਜੇ ਮਨੁੱਖ ਤਕ ਫੈਲਣ ਤੋਂ ਰੋਕਣ ਦੇ ਢੁਕਵੇਂ ਉਪਾਅ ਕੀਤੇ ਜਾਣ। ਹੈਂਟਾਵਾਇਰਸ ਕੋਈ ਨਵੀਂ ਬਿਮਾਰੀ ਨਹੀਂ। ਇਹ ਕੁਤਰਨ ਵਾਲੇ ਜੀਵਾਂ (ਚੂਹਿਆਂ, ਗਿਲਹਰੀਆਂ, ਖ਼ਰਗੋਸ਼ਾਂ ਆਦਿ) ਦੀ ਥੁੱਕ ਜਾਂ ਮਲ-ਮੂਤਰ ਦੀ ਬਹੁਤਾਤ ਵਾਲੀਆਂ ਥਾਵਾਂ ਤੋਂ ਉਪਜਦੀ ਤੇ ਫ਼ੈਲਦੀ ਹੈ। ਅਜਿਹੀਆਂ ਥਾਵਾਂ ’ਤੇ ਵਿਚਰਨ ਜਾਂ ਕੰਮ ਕਰਨ ਵਾਲੇ ਮਨੁੱਖਾਂ ਨੂੰ ਇਸ ਵਾਇਰਸ ਦੀ ਲਾਗ ਲੱਗਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਲਾਗ ਜਾਂ ਛੂਤ ਲੱਗਣ ਤੋਂ ਇਕ ਤੋਂ ਅੱਠ ਹਫ਼ਤਿਆਂ ਦੇ ਅੰਦਰ ਇਸ ਦੇ ਲੱਛਣ ਸ਼ਦੀਦ ਤੇ ਖ਼ਤਰਨਾਕ ਰੂਪ ਅਖ਼ਤਿਆਰ ਕਰ ਜਾਂਦੇ ਹਨ ਅਤੇ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ। ਭਾਵੇਂ ਇਸ ਮਰਜ਼ ਦਾ ਇਲਾਜ ਸੰਭਵ ਹੈ, ਪਰ ਇਹ ਇਲਾਜ ਸਮੇਂ ਸਿਰ ਨਾ ਹੋਣ ਦੀ ਸੂਰਤ ਵਿਚ ਫ਼ੇਫ਼ੜਿਆਂ ਤੇ ਗੁਰਦਿਆਂ ਵਲੋਂ ਕੰਮ ਬੰਦ ਕਰਨਾ ਅਕਸਰ ਘਾਤਕ ਸਾਬਤ ਹੁੰਦਾ ਹੈ। ‘ਕੋਵਿਡ-19’ ਵਾਂਗ ਇਹ ਬਿਮਾਰੀ ਵੀ ਗ਼ਰੀਬ-ਅਮੀਰ ਦਾ ਫ਼ਰਕ ਨਹੀਂ ਕਰਦੀ। ਪਹਿਲਾਂ ਇਸ ਦੇ ਜ਼ਿਆਦਾਤਰ ਕੇਸ ਝੌਂਪੜ-ਪੱਟੀਆਂ ਵਿਚ ਰਹਿਣ ਵਾਲਿਆਂ ਜਾਂ ਕੂੜਾ ਖੰਗਾਲਣ ਦਾ ਕੰਮ ਕਰਨ ਵਾਲੇ ਲੋਕਾਂ ਵਿਚ ਮਿਲਦੇ ਆਏ ਸਨ।
ਇਸੇ ਤਰ੍ਹਾਂ, ਗੁਦਾਮਾਂ ਦੇ ਕਾਮਿਆਂ ਵਿਚ ਵੀ ਇਸ ਦੇ ਕੇਸ ਵੱਧ ਦੇਖੇ ਗਏ ਸਨ। ਪਰ ਹੁਣ ਇਹ ਬਹੁਮੰਜ਼ਿਲਾ ਇਮਾਰਤਾਂ ਅਤੇ ਠਾਠ-ਬਾਠ ਵਾਲੇ ਦਫ਼ਤਰਾਂ ਦੇ ਕਾਰਿੰਦਿਆਂ ਵਿਚ ਵੀ ਮਿਲਣ ਲੱਗ ਪਏ ਹਨ। ਲਾਗ ਲੱਗਣ ਦੀ ਸੂਰਤ ਵਿਚ ਸਭ ਤੋਂ ਪਹਿਲਾਂ ਮਰੀਜ਼ ਥਕਾਵਟ ਮਹਿਸੂਸ ਕਰਦਾ ਹੈ; ਫਿਰ ਮਾਸਪੇਸ਼ੀਆਂ ਤੇ ਹੱਡੀਆਂ ਵਿਚ ਪੀੜ ਦੀ ਸ਼ਿਕਾਇਤ ਕਰਦਾ ਹੈ; ਉਸ ਤੋਂ ਬਾਅਦ ਸੀਨੇ ਵਿਚ ਜਕੜਨ ਤੇ ਸਾਹ ਉਖੜਨ ਦੀ ਸਮੱਸਿਆ ਉਭਰ ਆਉਂਦੀ ਹੈ। ਇਹ ਫ਼ੇਫ਼ੜਿਆਂ ਵਿਚ ਤਰਲ ਜਮ੍ਹਾਂ ਹੋਣ ਅਤੇ ਗੁਰਦੇ ਨਾਕਾਰਾ ਹੋਣ ਵਰਗੀਆਂ ਅਤਿਅੰਤ ਗੰਭੀਰ ਮਰਜ਼ਾਂ ਦੀ ਵਜ੍ਹਾ ਬਣ ਜਾਂਦੀ ਹੈ। ਅਜਿਹੇ ਹਾਲਾਤ ਵਿਚ ਮਨੁੱਖੀ ਜਾਨ ਬਚਾਉਣੀ, ਅਕਸਰ, ਨਿਹਾਇਤ ਮੁਸ਼ਕਿਲ ਸਾਬਤ ਹੁੰਦੀ ਹੈ।
ਹੈਂਟਾਵਾਇਰਸ ਨੂੰ ਇਹ ਨਾਮ ਦੱਖਣੀ ਕੋਰੀਆ ਦੇ ਹੈਂਟਨ ਦਰਿਆ ਤੋਂ ਮਿਲਿਆ ਹੈ। ਦਰਅਸਲ, ਇਸ ਰੋਗ ਦੇ ਸਭ ਤੋਂ ਮੁੱਢਲੇ ਮਰੀਜ਼ ਇਸ ਦਰਿਆ ਦੇ ਦਲਦਲੀ ਖਿੱਤੇ ਦੇ ਬਾਸ਼ਿੰਦੇ ਸਨ, ਜਿੱਥੇ ਚੂਹਿਆਂ ਦੀ ਬਹੁਤਾਤ ਸੀ। ਭਾਰਤ ਵਿਚ ਇਸ ਦੇ ਸਭ ਤੋਂ ਪਹਿਲੇ ਮਰੀਜ਼ ਦੀ ਸ਼ਨਾਖ਼ਤ 1964 ਵਿਚ ਵੈਲੂਰ (ਤਾਮਿਲ ਨਾਡੂ) ਵਿਚ ਹੋਈ ਸੀ। ਹੁਣ ਇਸ ਸਾਲ ਵੀ ਇਸ ਰੋਗ ਦੇ ਪਹਿਲੇ ਦੋ ਕੇਸ ਕੇਰਲਾ ਤੇ ਤਾਮਿਲ ਨਾਡੂ ਵਿਚੋਂ ਮਿਲੇ ਹਨ। ਉਨ੍ਹਾਂ ਦਾ ਇਲਾਜ ਭਾਵੇਂ ਹੁਣ ਤਕ ਕਾਰਗਰ ਸਾਬਤ ਹੋਇਆ ਹੈ, ਫਿਰ ਵੀ ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ਵਾਸੀਆਂ ਨੂੰ ਆਗਾਹ ਕੀਤਾ ਹੈ ਕਿ ਉਹ ਅਪਣੇ ਘਰਾਂ ਅਤੇ ਕੰਮ ਦੀਆਂ ਥਾਵਾਂ ਵਿਚ ਸਵੱਛਤਾ ਦਾ ਖ਼ਾਸ ਖ਼ਿਆਲ ਰੱਖਣ।
ਇਸੇ ਤਰ੍ਹਾਂ ਰਾਜਸਥਾਨ ਤੇ ਗੁਜਰਾਤ ਦੇ ਜਿਨ੍ਹਾਂ ਮੰਦਿਰਾਂ ਵਿਚ ਚੂਹਿਆਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਦੇ ਪੁਜਾਰੀਆਂ ਤੇ ਪ੍ਰਬੰਧਕਾਂ ਨੂੰ ਸਮੇਂ ਸਮੇਂ ਅਪਣੀ ਡਾਕਟਰੀ ਜਾਂਚ ਬਾਕਾਇਦਗੀ ਨਾਲ ਕਰਵਾਉਣ ਦੀ ਹਦਾਇਤ ਵੀ ਉਚੇਚੇ ਤੌਰ ’ਤੇ ਜਾਰੀ ਕੀਤੀ ਗਈ ਹੈ। ਪਹਿਲਾਂ ਇਹ ਪ੍ਰਭਾਵ ਸੀ ਕਿ ਇਹ ਵਾਇਰਸ ਇਕ ਤੋਂ ਦੂਜੇ ਮਨੁੱਖ ਤਕ ਨਹੀਂ ਫ਼ੈਲਦਾ, ਪਰ ਪਿਛਲੇ ਕੁਝ ਵਰਿ੍ਹਆਂ ਦੀ ਖੋਜ-ਪੜਤਾਲ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਇਸ ਵਾਇਰਸ ਦੀ ਐਂਡੀਜ਼ ਵੰਨਗੀ ਮਨੁੱਖ ਤੋਂ ਮਨੁੱਖ ਤਕ ਸਹਿਜੇ ਹੀ ਪਹੁੰਚ ਜਾਂਦੀ ਹੈ। ਐਂਡੀਜ਼, ਦੱਖਣੀ ਅਮਰੀਕੀ ਪਰਬਤਮਾਲਾ ਹੈ ਜੋ ਪੇਰੂ ਤੋਂ ਅਰਜਨਟੀਨਾ ਤਕ ਫ਼ੈਲੀ ਹੋਈ ਹੈ। ਇਸ ਰੋਗ ਦੇ ਨਵੀਨਤਮ ਮਰੀਜ਼ ਹੈਂਟਾਵਾਇਰਸ ਦੀ ਲਾਗ ਅਰਜਨਟੀਨਾ ਤੋਂ ਹੀ ਲਿਆਏ ਹਨ। ਦਰਅਸਲ, ਡੇਢ ਸੌ ਦੇ ਕਰੀਬ ਸੈਲਾਨੀਆਂ ਦਾ ਇਕ ਦਲ ਇਕ ਡੱਚ ਲਗਜ਼ਰੀ ਕਰੂਜ਼ ਰਾਹੀਂ ਅਰਜਨਟੀਨਾ ਤੋਂ ਸਪੇਨ ਆ ਰਿਹਾ ਸੀ ਕਿ ਇਸ ਵਿਚੋਂ ਹੈਂਟਾਵਾਇਰਸ ਦੇ ਮਰੀਜ਼ ਮਿਲਣੇ ਸ਼ੁਰੂ ਹੋ ਗਏ। ਇਨ੍ਹਾਂ ਮਰੀਜ਼ਾਂ ਵਿਚ ਇਸੇ ਸਮੁੰਦਰੀ ਜਹਾਜ਼ ਦਾ ਡਾਕਟਰ ਵੀ ਸ਼ਾਮਲ ਸੀ। ਬਿਮਾਰਾਂ ਵਿਚੋਂ ਤਿੰਨ ਦੀ ਮੌਤ ਹੋ ਗਈ।
ਬਾਕੀ ਚਾਰਾਂ ਦੀ ਹਾਲਤ ਵਿਚ ਸੁਧਾਰ ਹੈ। ਇਸ ਵੇਲੇ ਇਹ ਕਰੂਜ਼ ਪੱਛਮੀ ਅਫ਼ਰੀਕੀ ਟਾਪੂ-‘ਕੇਪ ਵਰਡੀ’ ਤੋਂ ਕੁਝ ਦੂਰੀ ’ਤੇ ਅੰਧ ਮਹਾਂਸਾਗਰ ਵਿਚ ਲੰਗਰ ਸੁੱਟੀ ਖੜ੍ਹਾ ਹੈ। ਗੰਭੀਰ ਮਰੀਜ਼ਾਂ ਨੂੰ ਇਸ ਵਿਚੋਂ ਹੀ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦਾ ਇਲਾਜ ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਦੀ ਨਿਗ਼ਰਾਨੀ ਹੇਠ ਹੋ ਰਿਹਾ ਹੈ। ਇਹ ਇਸ ਘਟਨਾ ਤੋਂ ਉਪਜੇ ਸਹਿਮ ਦਾ ਅਸਰ ਹੈ ਕਿ ਸਪੇਨ ਸਰਕਾਰ ਨੇ ਇਸ ਕਰੂਜ਼ ਨੂੰ ਸਪੇਨੀ ਮੁੱਖ ਭੂਮੀ ਦੇ ਸਾਹਿਲ ਤਕ ਲਿਆਂਦੇ ਜਾਣ ਦੀ ਆਗਿਆ ਨਹੀਂ ਦਿਤੀ। ਇਸ ਨੂੰ ਇਕ ਜਜ਼ੀਰੇ ਤਕ ਲਿਆਂਦਾ ਜਾਵੇਗਾ ਜਿੱਥੇ ਸਪੇਨੀ ਨਾਗਰਿਕਾਂ ਨੂੰ ਬਾਕੀ ਸੈਲਾਨੀਆਂ ਤੋਂ ਅਲਹਿਦਾ ਕਰ ਕੇ ਵਿਆਪਕ ਡਾਕਟਰੀ ਜਾਂਚ-ਪੜਤਾਲ ਲਈ ਸਿੱਧਾ ਹਸਪਤਾਲ ਪਹੁੰਚਾਇਆ ਜਾਵੇਗਾ। ਬਾਕੀ ਸੈਲਾਨੀਆਂ ਨੂੰ ਉਨ੍ਹਾਂ ਦੀ ਨਾਗਰਿਕਤਾ ਮੁਤਾਬਿਕ ਉਨ੍ਹਾਂ ਦੇ ਮੁਲਕਾਂ ਵਲ ਡਿਪੋਰਟ ਕਰ ਦਿਤਾ ਜਾਵੇਗਾ।
ਇਹ ਸਾਰਾ ਘਟਨਾਕ੍ਰਮ ਦਰਸਾਉਂਦਾ ਹੈ ਕਿ ਇਨਸਾਨੀ ਜੀਵਨ ਨਾਲ ਜੁੜੇ ਵਿਗਿਆਨ ਦੇ ਹਰ ਸ਼ੋਹਬੇ ਵਿਚ ਹੁਣ ਤਕ ਦੀ ਬੇਮਿਸਾਲ ਪ੍ਰਗਤੀ ਦੇ ਬਾਵਜੂਦ ਵਿਗਿਆਨੀ ਨਵੀਆਂ ਨਵੀਆਂ ਜਾਨਲੇਵਾ ਬਿਮਾਰੀਆਂ ਦੀ ਉਤਪਤੀ ਅਤੇ ਪਾਸਾਰਾ ਰੋਕਣ ਵਿਚ ਨਾਕਾਮ ਰਹੇ ਹਨ। ਅਜਿਹੀ ਹੀ ਨਾਕਾਮੀ ਕਈ ਪੁਰਾਣੀਆਂ ਬਿਮਾਰੀਆਂ ਦਾ ਸਥਾਈ ਇਲਾਜ ਲੱਭਣ ਵਿਚ ਵੀ ਨਜ਼ਰ ਆਈ ਹੈ। ਮਧੂਮੇਹ (ਡਾਇਬਟੀਜ਼) ਅਜਿਹੀਆਂ ਮਰਜ਼ਾਂ ਵਿਚੋਂ ਇਕ ਹੈ। ਇਸ ਦੇ ਇਲਾਜ ਨੂੰ ਸਰਲ ਤੇ ਵੱਧ ਅਸਰਦਾਰ ਜ਼ਰੂਰ ਬਣਾਇਆ ਗਿਆ ਹੈ, ਪਰ ਮੁਕੰਮਲ ਇਲਾਜ ਅਜੇ ਵੀ ਦੂਰ ਦੀ ਕੌਡੀ ਬਣਿਆ ਹੋਇਆ ਹੈ। ਇਹੋ ਦਸ਼ਾ ਕਈ ਫੰਗਸ ਇਨਫ਼ੈਕਸ਼ਨਾਂ ਦੀ ਹੈ। ਬਹਰਹਾਲ, ਹੈਂਟਾਵਾਇਰਸ ਦੀ ਅਚਨਚੇਤੀ ਅਤੇ ਵਧ ਵਿਆਪਕ ਵਾਪਸੀ ਇਸ ਹਕੀਕਤ ਦੀ ਤਸਦੀਕ ਹੈ ਕਿ ਮਨੁੱਖੀ ਜ਼ਿੰਦਗੀ ਵਿਚ ਸਵੱਛਤਾ ਦਾ ਬੇਅੰਤ ਮਹੱਤਵ ਹੈ। ਇਸ ਦੀ ਅਣਹੋਂਦ ਨਾ ਅਮੀਰ ਨੂੰ ਜਾਨਲੇਵਾ ਰੋਗਾਂ ਤੋਂ ਬਖ਼ਸ਼ਦੀ ਹੈ, ਨਾ ਹੀ ਗ਼ਰੀਬ ਨੂੰ।
