ਖ਼ਬਰਾਂ |

ਤਾਜ਼ਾ |

ਸੁਰੱਖਿਅਤ ਵਪਾਰਕ ਜਹਾਜ਼ਰਾਨੀ ਲਈ ਭਾਰਤੀ ਪਹਿਲ ਜ਼ਰੂਰੀ
Published : Oct 8, 2026, 7:03 am IST
Updated : Oct 8, 2026, 11:29 am IST
SHARE ARTICLE
photo
photo

ਹੋਰਮੁਜ਼ ਜਲਮਾਰਗ ਤੇ ਕਾਲੇ ਸਾਗਰ ਵਿਚ ਵਪਾਰਕ ਬੇੜਿਆਂ ਉੱਤੇ ਜੰਗੀ ਹਮਲਿਆਂ ਕਾਰਨ ਭਾਰਤੀ ਜਹਾਜ਼ੀਆਂ ਦੇ ਜ਼ਖ਼ਮੀ ਜਾਂ ਫ਼ੌਤ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਹੋਰਮੁਜ਼ ਜਲਮਾਰਗ ਤੇ ਕਾਲੇ ਸਾਗਰ ਵਿਚ ਵਪਾਰਕ ਬੇੜਿਆਂ ਉੱਤੇ ਜੰਗੀ ਹਮਲਿਆਂ ਕਾਰਨ ਭਾਰਤੀ ਜਹਾਜ਼ੀਆਂ ਦੇ ਜ਼ਖ਼ਮੀ ਜਾਂ ਫ਼ੌਤ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਹਫ਼ਤੇ ਦੇ ਪਹਿਲੇ ਦੋ ਦਿਨਾਂ ਦੌਰਾਨ ਚਾਰ ਅਜਿਹੇ ਹਮਲੇ ਵਾਪਰੇ ਜਿਨ੍ਹਾਂ ਵਿਚ ਘੱਟੋਘੱਟ 12 ਭਾਰਤੀ ਜਹਾਜ਼ੀ ਜ਼ਖ਼ਮੀ ਹੋਏੇੇ ਜਦੋਂਕਿ 30 ਤੋਂ ਵੱਧ ਬਚਾ ਲਏ ਗਏ। ਭਾਰਤੀ ਵਿਦੇਸ਼ ਮੰਤਰਾਲੇ ਨੇ ਅਜਿਹੇ ਹਮਲਿਆਂ ਨੂੰ ਗ਼ੈਰ-ਕਾਨੂੰਨੀ ਤੇ ਗ਼ੈਰ-ਇਨਸਾਨੀ ਦਸਿਆ ਹੈ ਅਤੇ ਸਮੁੰਦਰੀ ਜਲਮਾਰਗਾਂ ਨੂੰ ਜੰਗੀ ਅਖ਼ਾੜੇ ਨਾ ਬਣਾਉਣ ਦਾ ਸੱਦਾ ਦੁਹਰਾਇਆ ਹੈ। ਮੰਤਰਾਲੇ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਹਵਾਲੇ ਨਾਲ ਕਮਰਸ਼ਲ ਜਹਾਜ਼ਰਾਨੀ ਨੂੰ ਜੰਗੀ ਬੰਦਸ਼ਾਂ ਤੇ ਸਿਆਸੀ ਬਲੈਕਮੇਲ ਤੋਂ ਬਚਾਏ ਜਾਣ ਉੱਤੇ ਵੀ ਜ਼ੋਰ ਦਿਤਾ ਹੈ।

ਅਜਿਹੇ ਸੱਦੇ ਜਾਂ ਅਪੀਲਾਂ ਜੰਗੀ ਧਿਰਾਂ ਉੱਤੇ ਭਾਵੇਂ ਬਹੁਤੀਆਂ ਅਸਰਅੰਦਾਜ਼ ਤਾਂ ਨਹੀਂ ਹੁੰਦੀਆਂ, ਫਿਰ ਵੀ ਇਨ੍ਹਾਂ ਦਾ ਇਖ਼ਲਾਕੀ ਵਜ਼ਨ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਂਜ ਵੀ, ਇਨ੍ਹਾਂ ਰਾਹੀਂ ਆਲਮੀ ਵਸੋਂ ਨੂੰ ਇਹ ਦਰਸਾਇਆ ਜਾ ਸਕਦਾ ਹੈ ਕਿ ਜੰਗਾਂ ਦੇ ਪ੍ਰਭਾਵ ਸਿਰਫ਼ ਜੰਗੀ ਅਖ਼ਾੜੇ ਵਾਲੇ ਮੁਲਕਾਂ ਤਕ ਸੀਮਤ ਨਹੀਂ ਰਹਿੰਦੇ; ਅਸਲ ਖ਼ਮਿਆਜ਼ਾ ਤਾਂ ਨਿਰਦੋਸ਼ ਮੁਲਕਾਂ ਨੂੰ ਭੁਗਤਣਾ ਪੈਂਦਾ ਹੈ।

ਹੋਰਮੁਜ਼ ਜਲਮਾਰਗ ਦੇ ਓਮਾਨੀ ਸਾਹਿਲ ਵਾਲੇ ਪਾਸਿਉਂ ਗੁਜ਼ਰ ਰਹੇ ਇਕ ਮਾਲਵਾਹਕ ਬੇੜੇ ਉਪਰ ਸੋਮਵਾਰ ਨੂੰ ਹੋਇਆ ਮਿਜ਼ਾਈਲ ਹਮਲਾ 11 ਭਾਰਤੀ ਜਹਾਜ਼ੀਆਂ ਨੂੰ ਜ਼ਖ਼ਮੀ ਕਰ ਗਿਆ। ਇਸ ਬੇੜੇ ਦੇ 19 ਜਹਾਜ਼ੀਆਂ ਵਿਚੋਂ 17 ਭਾਰਤੀ ਸਨ। ਹਾਲਾਂਕਿ ਇਸ ਉੱਪਰ ਝੰਡਾ ਲਾਤੀਨੀ ਅਮਰੀਕੀ ਮੁਲਕ ਪਨਾਮਾ ਦਾ ਸੀ, ਫਿਰ ਵੀ ਇਸ ਦੀ ਮਲਕੀਅਤ ਮਿਸਰ ਦੀ ਇਕ ਕੰਪਨੀ ਦੀ ਦੱਸੀ ਜਾਂਦੀ ਹੈ। ਸਾਰੇ ਜਹਾਜ਼ੀ ਅਮਲੇ ਨੂੰ ਓਮਾਨੀ ਕੋਸਟਗਾਰਡ ਨੇ ਬਚਾ ਲਿਆ। ਜ਼ਖ਼ਮੀ ਹੋਏ ਜਹਾਜ਼ੀ ਓਮਾਨ ਵਿਚ ਹੀ ਜ਼ੇਰੇ-ਇਲਾਜ ਹਨ ਅਤੇ ਸੁਰੱਖਿਅਤ ਦੱਸੇ ਜਾਂਦੇ ਹਨ।

ਇਸੇ ਤਰ੍ਹਾਂ ਸੋਮਵਾਰ ਨੂੰ ਹੀ ਕਾਲੇ ਸਾਗਰ ਵਿਚ ਇਕ ਵਪਾਰਕ ਬੇੜੇ ਉੱਤੇ ਹੋਏ ਹਮਲੇ ਵਿਚ ਦੋ ਭਾਰਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਬੇੜਾ ਅਫ਼ਰੀਕੀ ਮੁਲਕ ਲਾਇਬੇਰੀਆ ਵਿਚ ਰਜਿਸਟਰਡ ਹੈ। ਇਸ ਉੱਤੇ ਹੋਏ ਹਮਲੇ ਵਿਚ ਦੋ ਵਿਦੇਸ਼ੀ ਜਹਾਜ਼ੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋਏ। ਇਹ ਮੰਨਿਆ ਜਾਂਦਾ ਹੈ ਕਿ ਇਸ ਬੇੜੇ ਨੂੰ ਰੂਸੀ ਮਿਜ਼ਾਈਲ ਦਾ ਨਿਸ਼ਾਨਾ ਰੁਮਾਨੀਆ ਦੇ ਪਾਣੀਆਂ ਵਿਚ ਬਣਾਇਆ ਗਿਆ। ਇਸੇ ਤਰ੍ਹਾਂ ਬੁਲਗਾਰੀਆ ਦੇ ਸਾਹਿਲ ਤੋਂ ਮਹਿਜ਼ 130 ਕਿਲੋਮੀਟਰ ਦੀ ਦੂਰੀ ’ਤੇ ਦੋ ਬੇੜੇ ਰੂਸੀ ਡਰੋਨ ਹਮਲਿਆਂ ਦਾ ਨਿਸ਼ਾਨਾ ਬਣੇ। ਇਨ੍ਹਾਂ ਵਿਚੋਂ ਇਕ ਦਾ ਨਾਮ ‘ਏਬਲ’ ਅਤੇ ਦੂਜੇ ਦਾ ‘ਅਲਫ਼ਾ ਵਤਨ’ ਸੀ। ਪਹਿਲਾ ਪਲਾਊ ਦੇ ਝੰਡੇ ਵਾਲਾ ਸੀ। ਦੂਜੇ ਉੱਤੇ ਤੁਰਕੀ ਦਾ ਝੰਡਾ ਸੀ। ‘ਏਬਲ’ ਨੂੰ ਹਮਲੇ ਕਾਰਨ ਅੱਗ ਲੱਗ ਗਈ।

ਇਸ ਦੇ 18 ਜਹਾਜ਼ੀ ਬੁਲਗਾਰਿਆਈ ਨੇਵੀ ਨੇ ਬਚਾ ਲਏ ਪਰ ‘ਅਲਫ਼ਾ ਵਤਨ’ ਫ਼ੌਰੀ ਤੌਰ ’ਤੇ ਡੁੱਬ ਗਿਆ। ਇਸ ਦੇ ਜਹਾਜ਼ੀ ਅਮਲੇ ਦਾ ਕੀ ਬਣਿਆ, ਇਸ ਦੀ ਜਾਣਕਾਰੀ ਬੁਲਗਾਰੀਆ ਦੇ ਪ੍ਰਧਾਨ ਮੰਤਰੀ ਨੇ ਅਪਣੇ ਬਿਆਨ ਵਿਚ ਨਹੀਂ ਦਿਤੀ। ਦੋਵਾਂ ਬੇੜਿਆਂ ਵਿਚ ਯੂਕਰੇਨੀ ਕਣਕ ਲੱਦੇ ਹੋਣ ਦੀ ਤਸਦੀਕ ਹੋਈ ਹੈ। ਜ਼ਾਹਿਰ ਹੈ ਕਿ ਹਮਲਿਆਂ ਦਾ ਮਕਸਦ ਯੂਕਰੇਨੀ ਬਰਾਮਦਾਂ ਨੂੰ ਢਾਹ ਲਾਉਣਾ ਸੀ। ਵਪਾਰਕ ਜਹਾਜ਼ਰਾਨੀ ਕੌਮਾਂਤਰੀ ਵਣਜ-ਵਪਾਰ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ। ਇਸ ਨੂੰ ਨੁਕਸਾਨ ਪਹੁੰਚਾਉਣਾ ਆਲਮੀ ਇਨਸਾਨੀ ਭਾਈਚਾਰੇ ਦੇ ਵਰਤਮਾਨ ਤੇ ਭਵਿੱਖ ਲਈ ਬੇਹੱਦ ਨੁਕਸਾਨਦੇਹ ਹੈ। ਭਾਰਤ ਲਈ ਤਾਂ ਮੌਜੂਦਾ ਜੰਗੀ ਅਖ਼ਾੜੇ (ਪੱਛਮੀ ਏਸ਼ੀਆ, ਰੂਸ-ਯੂਕਰੇਨ ਤੇ ਲਾਲ ਸਾਗ਼ਰੀ ਖਿੱਤਾ) ਪਹਿਲਾਂ ਹੀ ਵਿਆਪਕ ਆਰਥਿਕ ਨੁਕਸਾਨ ਦੀ ਸਿੱਧੀ ਵਜ੍ਹਾ ਵੀ ਸਾਬਤ ਹੋ ਰਹੇ ਹਨ।

ਉਸ ਨੂੰ ਕੱਚਾ ਤੇਲ ਮਹਿੰਗਾ ਖ਼ਰੀਦਣਾ ਪੈ ਰਿਹਾ ਹੈ; ਯੂ.ਏ.ਈ., ਕਤਰ, ਇਰਾਨ ਤੇ ਓਮਾਨ ਨੂੰ ਖ਼ੁਰਾਕੀ ਵਸਤਾਂ ਬਰਾਮਦ ਕਰਨ ਵਿਚ ਲਗਾਤਾਰ ਦਿੱਕਤ ਹੋ ਰਹੀ ਹੈ ਅਤੇ ਉੱਤਰੀ ਅਰਬ ਸਾਗਰ ਵਿਚ ਅਪਣੀ ਜਲਸੈਨਿਕ ਪਹਿਰੇਦਾਰੀ ਵੀ ਨਿਰੰਤਰ ਵਧਾਉਣੀ ਪੈ ਰਹੀ ਹੈ। ਕਾਲੇ ਸਾਗਰ ਵਿਚ ਵਪਾਰਕ ਬੇੜਿਆਂ ਉੱਪਰ ਰੂਸੀ ਜਾਂ ਯੂਕਰੇਨੀ ਡਰੋਨ ਹਮਲਿਆਂ ਖ਼ਿਲਾਫ਼ ਭਾਰਤ ਖੁਲ੍ਹ ਕੇ ਆਵਾਜ਼ ਉਠਾਉਂਦਾ ਆਇਆ ਹੈ। ਪਰ ਅਜਿਹੇ ਕਦਮ ਹੁਣ ਤੱਕ ਬਹੁਤੇ ਕਾਰਗਰ ਸਾਬਤ ਨਹੀਂ ਹੋ ਰਹੇ। ਲਿਹਾਜ਼ਾ, ਭਾਰਤ ਸਮੇਤ ਸਾਰੀਆਂ ਮੱਧ-ਸ਼ਕਤੀਆਂ ਵਲੋਂ ਸਾਂਝੀ ਰਣਨੀਤੀ ਅਪਣਾਏ ਜਾਣ ਦੀ ਲੋੜ ਹੈ। ਇਹ ਰਣਨੀਤੀ ਹਮਲੇ ਲਈ ਕਸੂਰਵਾਰ ਮੁਲਕ ਪਾਸੋਂ ਮੁਆਵਜ਼ੇ ਦੀ ਮੰਗ ਦੇ ਰੂਪ ਵਿਚ ਹੋ ਸਕਦੀ ਹੈ। ਇਸ ਪੱਖੋਂ ਝਿਜਕ ਜਾਂ ਹੋਰ ਢਿੱਲ-ਮੱਠ ਨਹੀਂ ਦਿਖਾਈ ਜਾਣੀ ਚਾਹੀਦੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | 16 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

16 Nov 2026 1:45 PM

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM
Advertisement