ਪੱਛਮੀ ਏਸ਼ੀਆ ਵਿਚ ਤਨਾਜ਼ਾ ਮੁੜ ਸ਼ੁਰੂ ਹੋਣ ਕਾਰਨ ਕੌਮਾਂਤਰੀ ਅਰਥਚਾਰਾ ਡਾਵਾਂਡੋਲ ਹੋਣ ਦਾ ਖ਼ਤਰਾ ਸੁਰਜੀਤ ਹੋ ਗਿਆ ਹੈ।
ਪੱਛਮੀ ਏਸ਼ੀਆ ਵਿਚ ਤਨਾਜ਼ਾ ਮੁੜ ਸ਼ੁਰੂ ਹੋਣ ਕਾਰਨ ਕੌਮਾਂਤਰੀ ਅਰਥਚਾਰਾ ਡਾਵਾਂਡੋਲ ਹੋਣ ਦਾ ਖ਼ਤਰਾ ਸੁਰਜੀਤ ਹੋ ਗਿਆ ਹੈ। ਬੁੱਧਵਾਰ ਤੇ ਵੀਰਵਾਰ ਨੂੰ ਕੱਚੇ ਪੈਟਰੋ ਤੇਲ (ਕਰੂਡ ਆਇਲ) ਦੀਆਂ ਕੀਮਤਾਂ ਵਿਚ ਉਛਾਲੇ ਦਾ ਦੌਰ ਜਾਰੀ ਰਿਹਾ। ਵਜ੍ਹਾ ਇੱਕੋ ਹੀ ਹੈ : ਅਮਰੀਕਾ ਤੇ ਇਰਾਨ ਦਰਮਿਆਨ ਜੰਗਬੰਦੀ ਦਾ ਖ਼ਾਤਮਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਜੇਕਰ ਇਰਾਨ ਜੰਗਬੰਦੀ ਨਹੀਂ ਚਾਹੁੰਦਾ ਤਾਂ ਨਾ ਸਹੀ। ਉਸ ਮੁਲਕ ਦਾ ਜਿੰਨਾ ਕੁ ਫ਼ੌਜੀ ਢਾਂਚਾ ਬੱਚਿਆ-ਖੁਚਿਆ ਹੈ, ਉਸ ਨੂੰ ਵੀ ਨਸ਼ਟ ਕਰ ਦਿਤਾ ਜਾਵੇਗਾ। ਇਰਾਨ ਦਾ ਜਵਾਬ ਹੈ ਕਿ ਅਮਰੀਕਾ, ਧੌਂਸ ਨਾਲ ਅਪਣੀ ਹਰ ਸ਼ਰਤ ਮਨਵਾਉਣਾ ਚਾਹੁੰਦਾ ਹੈ।
ਇਹ ਸਾਨੂੰ ਪ੍ਰਵਾਨ ਨਹੀਂ। ਇਹ ਵੱਖਰੀ ਗੱਲ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਕਤਰ ਵਿਚ ਗੱਲਬਾਤ ਅਜੇ ਠੱਪ ਨਹੀਂ ਹੋਈ। ਟਰੰਪ ਦਾ ਵੀ ਕਹਿਣਾ ਹੈ ਕਿ ਇਸ ਦੇ ਜਾਰੀ ਰਹਿਣ ’ਤੇ ਉਸ ਨੂੰ ਕੋਈ ਉਜ਼ਰ ਨਹੀਂ। ਬਾਕੀ ਦੁਨੀਆਂ ਲਈ ਇਹ ਭਾਵੇਂ ਤਸੱਲੀ ਵਾਲੀ ਗੱਲ ਹੈ, ਫਿਰ ਵੀ ਅਸਥਿਰਤਾ ਦੀ ਵਾਰ ਵਾਰ ਵਾਪਸੀ ਨਿੱਤ ਨਵੀਆਂ ਮੁਸ਼ਕਿਲਾਂ ਉਭਾਰਦੀ ਆ ਰਹੀ ਹੈ। ਹਰ ਨਵੀਂ ਸਵੇਰ ਨੂੰ ਕੀ ਕੁਝ ਵਾਪਰਨ ਵਾਲਾ ਹੈ, ਇਸ ਬਾਰੇ ਪੇਸ਼ੀਨਗੋਈ ਕਰਨੀ ਹੁਣ ਸੰਭਵ ਨਹੀਂ ਰਹੀ। ਤਣਾਅ ਦੇ ਮੌਜੂਦਾ ਦੌਰ ਲਈ ਇਰਾਨ ਕਸੂਰਵਾਰ ਹੈ, ਇਸ ਬਾਰੇ ਕੋਈ ਦੋ-ਰਾਵਾਂ ਨਹੀਂ। ਉਸ ਦੇ ਇਨਕਲਾਬੀ ਰਾਖਿਆਂ (ਰੈਵੋਲਿਊਸ਼ਨਰੀ ਗਾਰਡਜ਼) ਨੇ ਨਾ ਸਿਰਫ਼ ਹੋਰਮੁਜ਼ ਜਲਮਾਰਗ ਵਿਚਲੀ ਜਹਾਜ਼ਰਾਨੀ ਨੂੰ ਹਮਲਿਆਂ ਦਾ ਨਿਸ਼ਾਨਾ ਬਣਾਇਆ ਬਲਕਿ ਓਮਾਨ ਦੇ ਸਾਹਿਲ ਨਾਲ ਲਗਦੇ ਸਮੁੰਦਰੀ ਰਸਤੇ ਵਿਚ ਵੀ ਇਕ ਟੈਂਕਰ ਉੱਤੇ ਹਮਲਾ ਕੀਤਾ। ਇਸ ਸਮੁੰਦਰੀ ਰਾਹ ’ਤੇ ਇਰਾਨ ਦੀ ਪਹਿਲਾਂ ਕੋਈ ਦਾਅਵੇਦਾਰੀ ਨਹੀਂ ਸੀ। ਇਸ ਨੂੰ ਮੁੱਖ ਤੌਰ ’ਤੇ ਓਮਾਨੀ ਪਾਣੀਆਂ ਦਾ ਹਿੱਸਾ ਮੰਨਿਆ ਜਾਂਦਾ ਸੀ। ਇੱਥੇ ਸਮੁੰਦਰ ਬਹੁਤਾ ਗਹਿਰਾ ਨਾ ਹੋਣ ਕਾਰਨ ਇਸ ਨੂੰ ਕੌਮਾਂਤਰੀ ਜਹਾਜ਼ਰਾਨੀ ਲਈ ਬਹੁਤ ਘੱਟ ਵਰਤਿਆ ਜਾਂਦਾ ਸੀ।
ਜ਼ਿਕਰਯੋਗ ਹੈ ਕਿ ਹੋਰਮੁਜ਼ ਜਜ਼ੀਰਾ ਸਮੂਹ ਖਾੜੀ ਫਾਰਸ ਅਤੇ ਖਾੜੀ ਓਮਾਨ ਦੇ ਦਰਮਿਆਨ ਪੈਂਦਾ ਹੈ। ਸਮੁੰਦਰ ਇਸ ਸਮੂਹ ਦੇ ਪੂਰਬ ਵਿਚ ਵੀ ਹੈ ਅਤੇ ਪੱਛਮ ਵਿਚ ਵੀ। ਪੂਰਬਲੇ ਪਾਸੇ ਨੂੰ ਹੋਰਮੁਜ਼ ਜਲਮਾਰਗ ਮੰਨਿਆ ਜਾਂਦਾ ਹੈ। ਇਹੋ ਜਲਮਾਰਗ ਦੋਵਾਂ ਖਾੜੀਆਂ ਦਰਮਿਆਨ ਜਹਾਜ਼ਰਾਨੀ ਦਾ ਮੁੱਖ ਰੂਟ ਹੈ। ਇਥੋਂ ਰੋਜ਼ਾਨਾ ਔਸਤਨ 130 ਬੇੜੇ ਗੁਜ਼ਰਦੇ ਆਏ ਹਨ। ਓਮਾਨੀ ਸਾਹਿਲੀ ਰੂਟ ਵਾਲੇ ਹਮਲੇ ਤੋਂ ਇਲਾਵਾ ਇਸ ਰੂਟ ’ਤੇ ਵੀ ਇਰਾਨੀ ਇਨਕਲਾਬੀ ਰਾਖਿਆਂ ਨੇ ਦੋ ਬੇੜਿਆਂ ਨੂੰ ਗੋਲਾਬਾਰੀ ਦਾ ਨਿਸ਼ਾਨਾ ਇਸ ਆਧਾਰ ’ਤੇ ਬਣਾਇਆ ਕਿ ਦੋਵਾਂ ਬੇੜਿਆਂ ਨੇ ਹੋਰਮੁਜ਼ ਜਲਮਾਰਗ ਵਿਚੋਂ ਗੁਜ਼ਰਨ ਬਾਰੇ ਇਰਾਨੀ ਸ਼ਰਤਾਂ ਨਹੀਂ ਸਨ ਪੂਰੀਆਂ ਕੀਤੀਆਂ। ਅਜਿਹੀਆਂ ਸ਼ਰਤਾਂ ਨੂੰ ਆਲਮੀ ਜਹਾਜ਼ਰਾਨੀ ਸੰਧੀ ਕੋਈ ਮਾਨਤਾ ਨਹੀਂ ਦਿੰਦੀ। ਇਸ ਇਰਾਨੀ ਕਾਰਵਾਈ ਨੂੰ ਰਾਸ਼ਟਰਪਤੀ ਟਰੰਪ ਨੇ ਜੰਗਬੰਦੀ ਸਮਝੌਤੇ ਦੀਆਂ ਧਾਰਾਵਾਂ ਦੀ ਉਲੰਘਣਾ ਦਸਦਿਆਂ ਉਸ ਮੁਲਕ ’ਤੇ ਬੰਬਾਰੀ ਮੁੜ ਆਰੰਭਣ ਦੀ ਖੁਲ੍ਹ ਦੇ ਦਿਤੀ।
ਪਹਿਲੇ ਦਿਨ (ਬੁੱਧਵਾਰ ਨੂੰ) 60 ਥਾਵਾਂ ਅਤੇ ਦੂਜੇ ਦਿਨ (ਵੀਰਵਾਰ ਨੂੰ) 90 ਠਿਕਾਣਿਆਂ ’ਤੇ ਬੰਬਾਰੀ ਕੀਤੀ ਗਈ। ਇਨ੍ਹਾਂ ਠਿਕਾਣਿਆਂ ਵਿਚ ਇਰਾਨ ਦੇ ਧੁਰ ਦੱਖਣ ਵਿਚ ਪੈਂਦੀ ਇੱਕੋਇਕ ਅਰਬ ਸਾਗਰੀ ਬੰਦਰਗਾਹ ਚਾਬਹਾਰ ਵੀ ਸ਼ਾਮਲ ਹੈ। ਇਸੇ ਬੰਦਰਗਾਹ ਵਿਚ ਨਵੀਂ ਗੋਦੀ ਦੇ ਵਿਕਾਸ ਅਤੇ ਇਥੋਂ ਅਫ਼ਗਾਨਿਸਤਾਨ ਦੀ ਹੱਦ ਤਕ ਰੇਲ ਪਟੜੀ ਦੀ ਉਸਾਰੀ ਉਪਰ ਭਾਰਤ ਪਿਛਲੇ 10 ਵਰਿ੍ਹਆਂ ਦੌਰਾਨ 400 ਕਰੋੜ ਰੁਪਏ ਤੋਂ ਵੱਧ ਰਕਮ ਖ਼ਰਚ ਕਰ ਚੁੱਕਾ ਹੈ। ਬੰਦਰਗਾਹ ਵਾਲਾ ਪ੍ਰਾਜੈਕਟ ਭਾਰਤ ਲਈ ਇਰਾਨੀ ਕੱਚੇ ਤੇਲ ਦੀ ਆਸਾਨ ਉਪਲਬਧਤਾ ਯਕੀਨੀ ਬਣਾਉਣ ਵਾਸਤੇ ਆਰੰਭਿਆ ਗਿਆ ਸੀ।
ਅਮਰੀਕਾ ਨੇ ਇਰਾਨੀ ਤੇਲ ਦੀ ਖ਼ਰੀਦ ਜਾਂ ਵੇਚ ਉੱਤੇ ਰੋਕ ਭਾਵੇਂ ਬਹਾਲ ਕਰ ਦਿਤੀ ਹੈ, ਫਿਰ ਵੀ ਤੇਲ ਵਾਲਾ ਸੰਕਟ ਜ਼ਿਆਦਾ ਗਹਿਰਾਉਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਇਸ ਦੀ ਇਕ ਅਹਿਮ ਵਜ੍ਹਾ ਹੈ ਕਿ ਅਮਰੀਕਾ ਅਪਣੀ ਧੌਂਸ ਬਰਕਰਾਰ ਰੱਖਣ ਦੀ ਗ਼ਰਜ਼ ਦੇ ਬਾਵਜੂਦ ਜੰਗੀ ਅਖਾੜਾ ਬਹੁਤਾ ਭਖਾਉਣ ਦੇ ਰੌਂਅ ਵਿਚ ਨਹੀਂ। ਇਸੇ ਤਰ੍ਹਾਂ ਇਰਾਨ ਵਿਚ ਇਸਲਾਮੀ ਪੁਰਾਤਨਪੰਥੀਆਂ (ਕੱਟੜਵਾਦੀਆਂ) ਨੂੰ ਭਾਵੇਂ ਹਾਲ ਵਿਚ ਭਰਵਾਂ ਲੋਕ-ਹੁੰਗਾਰਾ ਮਿਲਿਆ ਹੈ, ਫਿਰ ਵੀ ਉਹ ਨਹੀਂ ਚਾਹੁੰਦੇ ਕਿ ਅਮਰੀਕਾ ਸਿਵਿਲੀਅਨ ਇਮਾਰਤਾਂ ਜਾਂ ਪੁਲਾਂ ਤੇ ਸੜਕਾਂ ਉੱਪਰ ਬੰਬਾਰੀ ਦਾ ਦੌਰ ਨਵੇਂ ਸਿਰਿਓਂ ਆਰੰਭੇ।
ਲਿਹਾਜ਼ਾ, ਤਣਾਅ ਵਾਲਾ ਮੌਜੂਦਾ ਦੌਰ ਜ਼ਿਆਦਾ ਲੰਬਾ ਨਹੀਂ ਚੱਲਣ ਵਾਲਾ। ਕੌਮਾਂਤਰੀ ਭਾਈਚਾਰੇ ਦੇ ਹਿੱਤ ਵੀ ਕਸ਼ੀਦਗੀ ਵਾਲਾ ਮੌਜੂਦਾ ਦੌਰ ਛੇਤੀ ਖ਼ਤਮ ਕੀਤੇ ਜਾਣ ਨਾਲ ਜੁੜੇ ਹੋਏ ਹਨ। ਇਸੇ ਲਈ, ਦੋਵਾਂ ਮੁਲਕਾਂ ਉੱਤੇ ਇਹ ਦਬਾਅ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਨੋਟੰਕੀਬਾਜ਼ੀ ਛੱਡ ਕੇ ਛੇਤੀ ਤੋਂ ਛੇਤੀ ਸਥਾਈ ਸਮਝੌਤੇ ਵਾਲੇ ਰਾਹ ’ਤੇ ਪਰਤਣ। ਇਸ ਵਿਚ ਦੁਨੀਆਂ ਦਾ ਵੀ ਭਲਾ ਹੈ ਅਤੇ ਦੋਵਾਂ ਜੰਗਜੂ ਮੁਲਕਾਂ ਦਾ ਵੀ।
