ਖ਼ਬਰਾਂ |

ਤਾਜ਼ਾ |

ਪਾਕਿ ਬਾਰੇ ਮਸ਼ਵਰਾ : ਥੋੜ੍ਹਾ ਬੋਲੋ, ਵਜ਼ਨੀ ਬੋਲੋ
Published : May 12, 2026, 6:56 am IST
Updated : May 12, 2026, 6:56 am IST
SHARE ARTICLE
Consultation on Pakistan: Speak little, speak loudly
Consultation on Pakistan: Speak little, speak loudly

ਪਾਕਿ ਬਾਰੇ ਮਸ਼ਵਰਾ : ਥੋੜ੍ਹਾ ਬੋਲੋ, ਵਜ਼ਨੀ ਬੋਲੋ

ਖ਼ੈਬਰ-ਪਖ਼ਤੂਨਖਵਾ ਸੂਬੇ ਦੇ ਸ਼ਹਿਰ ਬਨੂੰ ਨੇੜੇ ਇਕ ਪੁਲੀਸ ਚੌਕੀ ’ਤੇ ਭਿਆਨਕ ਦਹਿਸ਼ਤੀ ਹਮਲੇ ਨੇ ਉਸ ਸੂਬੇ ਵਿਚੋਂ ਦਹਿਸ਼ਤੀਆਂ ਦਾ ਸਫ਼ਾਇਆ ਕਰਨ ਦੇ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਦੇ ਦਾਅਵਿਆਂ ਦੀ ਫ਼ੂਕ ਕੱਢ ਦਿੱਤੀ ਹੈ। ਸ਼ਨਿਚਰਵਾਰ ਨੂੰ ਹੋਏ ਦਹਿਸ਼ਤੀ ਹਮਲੇ ਵਿਚ ਇਕ ਆਤਮਘਾਤੀ ਹਮਲਾਵਰ ਨੇ ਪਹਿਲਾਂ ਗੋਲਾ-ਬਾਰੂਦ ਨਾਲ ਭਰੀ ਕਾਰ, ਪੁਲੀਸ ਚੌਕੀ ਦੀ ਇਮਾਰਤ ਵਿਚ ਲਿਆ ਮਾਰੀ ਅਤੇ ਅਜਿਹਾ ਕਰਦਿਆਂ ਉਸ ਵਿਚੋਂ ਛਾਲ ਮਾਰ ਕੇ ਫ਼ਾਇਰਿੰਗ ਵੀ ਸ਼ੁਰੂ ਕਰ ਦਿਤੀ। ਉਸ ਦੇ ਕੁਝ ਸਾਥੀਆਂ ਨੇ ਵੀ ਫ਼ਾਇਰਿੰਗ ਵਿਚ ਉਸ ਦਾ ਸਾਥ ਦਿਤਾ। ਇਸ ਹਮਲੇ ਕਾਰਨ 21 ਪੁਲੀਸ ਕਰਮੀ ਮਾਰੇ ਗਏ ਅਤੇ ਦਰਜਨ ਦੇ ਕਰੀਬ ਜ਼ਖ਼ਮੀ ਹੋਏ ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਸੰਗੀਨ ਦੱਸੀ ਜਾਂਦੀ ਹੈ। ਹਮਲੇ ਦੀ ਜ਼ਿੰਮੇਵਾਰੀ ਇਕ ਨਵੇਂ ਦਹਿਸ਼ਤੀ ਗੁੱਟ ‘ਇਤਿਹਾਦ-ਇ-ਮੁਜਾਹਿਦੀਨ ਨੇ ਲਈ ਹੈ। ਇਸ ਗੁੱਟ ਨੂੰ ਪਾਕਿਸਤਾਨੀ ਅਧਿਕਾਰੀ ‘ਤਹਿਰੀਕ-ਇ-ਤਾਲਿਬਾਨ, ਪਾਕਿਸਤਾਨ’ (ਟੀ.ਟੀ.ਪੀ.) ਦਾ ਹੀ ਇਕ ਮੋਹਰਾ ਮੰਨਦੇ ਹਨ ਜਦੋਂ ਕਿ ‘ਇਤਿਹਾਦ’ ਦੇ ਬੁਲਾਰੇ ਦਾ ਦਾਅਵਾ ਹੈ ਕਿ ਇਹ ਗੁੱਟ, ਟੀ.ਟੀ.ਪੀ. ਨਾਲੋਂ ਨਾਤਾ ਤੋੜਨ ਵਾਲਿਆਂ ਉੱਤੇ ਆਧਾਰਿਤ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਫ਼ਰਵਰੀ ਮਹੀਨੇ ਇਸਲਾਮਾਬਾਦ ਦੀ ਇਕ ਸ਼ੀਆ ਮਸਜਿਦ ਉੱਤੇ ਹੋਏ ਵੱਡੇ ਦਹਿਸ਼ਤੀ ਹਮਲੇ ਤੋਂ ਬਾਅਦ ਬਨੂੰ ਵਾਲਾ ਕਾਰਾ ਪਾਕਿਸਤਾਨ ਵਿਚ ਦਹਿਸ਼ਤੀਆਂ ਵਲੋਂ ਕੀਤਾ ਗਿਆ ਪਹਿਲਾ ਵੱਡਾ ਹਮਲਾ ਹੈ। ਇਸਲਾਮਾਬਾਦ ਹਮਲੇ ਵਿਚ ਦਰਜਨਾਂ ਲੋਕ ਮਾਰੇ ਗਏ ਸਨ ਅਤੇ 160 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਉਸ ਹਮਲੇ ਦੀ ਜ਼ਿੰਮੇਵਾਰੀ ‘ਦਾਇਸ਼’ (ਇਸਲਾਮਿਕ ਸਟੇਟ) ਨੇ ਲਈ ਸੀ ਪਰ ਉਦੋਂ ਵੀ ਪਾਕਿਸਤਾਨ ਸਰਕਾਰ ਨੇ ‘ਦਾਇਸ਼’ ਦੀ ਥਾਂ ਟੀ.ਟੀ.ਪੀ. ਨੂੰ ਹੀ ਕਸੂਰਵਾਰ ਮੰਨਿਆ ਸੀ। 

ਪਾਕਿਸਤਾਨ ਸਰਕਾਰ ਟੀ.ਟੀ.ਪੀ. ਦੇ ਹਮਲਿਆਂ ‘ਫ਼ਿਤਨਾ ਅਲ-ਖ਼ਵਾਰਿਜ’ ਦਾ ਨਾਮ ਦੇ ਕੇ ਇਨ੍ਹਾਂ ਪਿਛੇ ਭਾਰਤੀ ਖੁਫ਼ੀਆ ਏਜੰਸੀ ‘ਰਾਅ’ ਅਤੇ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਦਾ ਹੱਥ ਹੋਣ ਦੇ ਦਾਅਵੇ ਕਰਦੀ ਆਈ ਹੈ। ਇਹ ਵੱਖਰੀ ਗੱਲ ਹੈ ਕਿ ਬਨੂੰ ਵਾਲੇ ਮਾਮਲੇ ਵਿਚ ਉਸ ਨੇ ਸਰਕਾਰੀ ਤੌਰ ’ਤੇ ਅਜਿਹਾ ਕੋਈ ਦਾਅਵਾ ਕਰਨ ਦਾ ਗੁਰੇਜ਼ ਕੀਤਾ ਹੈ। ਉਂਜ, ਹੁਕਮਰਾਨ ਪੀ.ਐਮ.ਐਲ. (ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੁਝ ਆਗੂ, ਕੌਮੀ ਹਕੂਮਤ ਪਾਸੋਂ ਭਾਰਤ ਖ਼ਿਲਾਫ਼ ਕਾਰਵਾਈ ਦੀ ਮੰਗ ਵਰਗੀ ਬਿਆਨਬਾਜ਼ੀ ਜ਼ਰੂਰ ਕਰਦੇ ਆਏ ਹਨ, ਪਰ ਇਹ ਬਿਆਨਬਾਜ਼ੀ ਵੀ ਪਹਿਲਾਂ ਵਰਗੀ ਜ਼ਹਿਰੀਲੀ ਨਹੀਂ। ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਜਾਪਦਾ ਹੈ ਕਿ ਇਸਲਾਮਾਬਾਦ ਦਹਿਸ਼ਤੀ ਹਮਲੇ ਤੋਂ ਬਾਅਦ ਮਾਰਚ ਮਹੀਨੇ ਪਾਕਿਸਤਾਨੀ ਫ਼ੌਜ ਨੇ ਕੌਮੀ ਰਾਜਧਾਨੀ ਕਾਬੁਲ ਸਮੇਤ ਅਫ਼ਗਾਨਿਸਤਾਨ ਵਿਚ ਕਈ ਥਾਵਾਂ ’ਤੇ ਹਵਾਈ ਹਮਲੇ ਕੀਤੇ ਸਨ। ਉਸ ਵਲੋਂ ਕੀਤੀ ਗਈ ਹਵਾਈ ਬੰਬਾਰੀ ਵਿਚ 350 ਤੋਂ ਵੱਧ ਅਫ਼ਗਾਨ ਸਿਵਲੀਅਨ ਮਾਰੇ ਗਏ ਸਨ। ਜਵਾਬ ਵਿਚ ਅਫ਼ਗਾਨ ਫ਼ੌਜਾਂ ਨੇ ਵੀ ਡਿਊਰੈਂਡ ਰੇਖਾ (ਪਾਕਿ-ਅਫ਼ਗਾਨ ਸਰਹੱਦ) ਦੇ ਪਾਰ ਕੁਝ ਧਾਵੇ ਬੋਲੇ ਸਨ। ਅਜਿਹੀਆਂ ਝੜਪਾਂ ਤਿੰਨ ਹਫ਼ਤਿਆਂ ਤੋਂ ਵੱਧ ਲੰਮੇ ਸਮੇਂ ਤਕ ਚਲਦੀਆਂ ਰਹੀਆਂ ਸਨ। ਬਾਅਦ ਵਿਚ ਚੀਨ ਨੇ ਦੋਵਾਂ ਮੁਲਕਾਂ ਅੰਦਰਲੇ ਅਪਣੇ ਕਾਰੋਬਾਰੀ ਹਿਤਾਂ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜੰਗਬੰਦੀ ਕਰਵਾ ਦਿਤੀ ਸੀ। ਇਹ ‘ਜੰਗਬੰਦੀ’ ਹੁਣ ਵੀ ਲਾਗੂ ਹੈ ਭਾਵੇਂ ਕਿ ਬਨੂੰ ਹਮਲੇ ਤੋਂ ਇਸ ਨੂੰ ਖ਼ਤਰਾ ਜ਼ਰੂਰ ਖੜ੍ਹਾ ਹੋਇਆ ਹੈ। 

ਪਾਕਿਸਤਾਨ ਸਰਕਾਰ ਦੀ ਭਾਰਤ ਪ੍ਰਤੀ ਸੰਜਮੀ ਸੁਰ ਦੀ ਇਕ ਵਜ੍ਹਾ ਇਹ ਵੀ ਹੈ ਕਿ ਉਹ ਅਮਰੀਕਾ ਤੇ ਇਰਾਨ ਦਰਮਿਆਨ ਯੁੱਧ ਵਿਚ ਵਿਚਲੋਗਿਰੀ ਕਰਦੀ ਆ ਰਹੀ ਹੈ। ਦਰਅਸਲ, ਇਹ ਭੂਮਿਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੀ ਪਾਕਿਸਤਾਨ ਉਪਰ ਠੋਸੀ ਸੀ, ਪਰ ਇਸ ਕਾਰਨ ਪਾਕਿਸਤਾਨ ਨੂੰ ਕੌਮਾਂਤਰੀ ਕੂਟਨੀਤਕ ਹਲਕਿਆਂ ਵਿਚ ਚੰਗੀ-ਚੋਖੀ ਦਾਦ ਵੀ ਮਿਲਦੀ ਆ ਰਹੀ ਹੈ। ਇਸ ਕਿਸਮ ਦੀ ਦਾਦ ਉਸ ਮੁਲਕ ਦੇ ਲੋਕਾਂ ਨੂੰ ਚੰਗੀ ਲੱਗਣੀ ਸੁਭਾਵਿਕ ਹੀ ਹੈ। ਪਰ ਨਾਲ ਹੀ ਅਸਲੀਅਤ ਇਹ ਵੀ ਹੈ ਕਿ ਠੁੱਕ ਜਾਂ ਪ੍ਰਸ਼ੰਸਾ, ਬਦਹਾਲੀ ਤੋਂ ਮੁਕਤੀ ਦਾ ਸਥਾਈ ਵਸੀਲਾ ਨਹੀਂ ਬਣ ਸਕਦੀ। ਇਰਾਨ-ਅਮਰੀਕਾ ਜੰਗ ਦਾ ਮਹਿੰਗਾਈ ਪੱਖੋਂ ਸਭ ਤੋਂ ਵੱਧ ਅਸਰ ਵੀ ਪਾਕਿਸਤਾਨ ਉੱਤੇ ਪਿਆ ਹੈ। ਪੈਟਰੋਲ 350 ਰੁਪਏ ਫ਼ੀ ਲਿਟਰ ਤੋਂ ਵੱਧ ਭਾਅ ’ਤੇ ਵਿੱਕ ਰਿਹਾ ਹੈ ਜਦੋਂ ਕਿ ਡੀਜ਼ਲ 430 ਰੁਪਏ ਫ਼ੀ ਲਿਟਰ ਹੈ। ਅਜਿਹੇ ਆਲਮ ਵਿਚ ਦਹਿਸ਼ਤੀ ਹਮਲਿਆਂ ਦੀ ਵਾਪਸੀ ਸਰਕਾਰੀ ਸੁਰੱਖਿਆ ਤੰਤਰ ਲਈ ਨਵਾਂ ਬੋਝ ਬਣਨ ਤੋਂ ਇਲਾਵਾ ਆਰਥਿਕ ਵਸੀਲਿਆਂ ਨੂੰ ਖੋਰੇ ਦੀ ਵਜ੍ਹਾ ਵੀ ਬਣ ਸਕਦੀ ਹੈ। ਗੁਆਂਢੀ ਮੁਲਕ ਦੀ ਅਜਿਹੀ ਦੁਰਦਸ਼ਾ ’ਤੇ ਖ਼ੁਸ਼ ਹੋਣ ਦੀ ਥਾਂ ਮੋਦੀ ਸਰਕਾਰ, ਖ਼ਾਸ ਤੌਰ ’ਤੇ ਭਾਜਪਾ ਦੇ ਤਰਜਮਾਨਾਂ ਅਤੇ ਇਸੇ ਪਾਰਟੀ ਨਾਲ ਜੁੜੇ ਟੀ.ਵੀ. ਐਂਕਰਾਂ ਨੂੰ ਅਪਣੇ ਦਾਅਵਿਆਂ ਦੀ ਸੁਰ ਸੰਜਮੀ ਰੱਖਣੀ ਚਾਹੀਦੀ ਹੈ। ‘ਚਿੜੀਆਂ ਦੀ ਮੌਤ ’ਤੇ ਗਵਾਰਾਂ ਦਾ ਹਾਸਾ’ ਵਰਗਾ ਵਿਵਹਾਰ ਸੂਝਵਾਨਤਾ ਦੀ ਨਿਸ਼ਾਨੀ ਨਹੀਂ। ਇਸ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking : ਬਹਿਬਲ ਕਲਾਂ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀਆਂ ਵੱਧ ਸਕਦੀਆਂ ਮੁਸ਼ਕਲਾਂ

11 Jun 2026 3:03 PM

ਜਿਮ ਦੇ ਬਾਹਰ ਗੋ.ਲੀ.ਬਾ.ਰੀ ਦਾ ਵੀਡੀਓ ਆ ਗਿਆ ਸਾਹਮਣੇ, ਸੀਸੀਟੀਵੀ ਕੈਮਰੇ 'ਚ ਕੈਦ ਹੋਈ ਪੂਰੀ ਵਾਰਦਾਤ

11 Jun 2026 3:01 PM

ਕਾਗਜ਼ ਚੈੱਕ ਕਰਨ ਲਈ ਰੋਕੇ ਨੌਜਵਾਨਾਂ ਨੇ ਟ੍ਰੈਫਿਕ ਪੁਲਿਸ ਮੁਲਾਜ਼ਮ 'ਤੇ ਕੀਤਾ ਹਮਲਾ

09 Jun 2026 2:53 PM

ਕਿਸਾਨਾਂ ਦੀਆਂ ਇਹ ਮੌ/ਤਾਂ ਪੈਣਗੀਆਂ ਕਿਹੜੇ ਖਾਤੇ? ਹਰ ਸਾਲ 6000 ਤੋਂ ਵੱਧ ਹੁੰਦੀਆਂ ਮੌ/ਤਾਂ ਦਾ ਜ਼ਿੰਮੇਵਾਰ ਕੌਣ ?

08 Jun 2026 3:02 PM

'ਮੈਨੂੰ ਬਿੱਟੂ ਸਾਬ੍ਹ ਨਾਲ਼ ਹਮਦਰਦੀ ਹੈ, ਭਾਜਪਾ ਨੇ ਉਨ੍ਹਾਂ ਨੂੰ ਵਰਤ ਕੇ ਬਾਹਰ ਦਾ ਰਸਤਾ ਦਿਖਾਇਆ' : Malwinder Kang

07 Jun 2026 1:05 PM
Advertisement