ਖ਼ਬਰਾਂ |

ਤਾਜ਼ਾ |

Editorial: ਮਾਯੂਸਕੁਨ ਹੈ ਇਸਲਾਮਾਬਾਦ ਵਾਰਤਾ ਦੀ ਨਿਸਫਲਤਾ
Published : Apr 14, 2026, 6:38 am IST
Updated : Apr 14, 2026, 6:38 am IST
SHARE ARTICLE
The failure of the Islamabad talks is disappointing.
The failure of the Islamabad talks is disappointing.

ਮਾਯੂਸਕੁਨ ਹੈ ਇਸਲਾਮਾਬਾਦ ਵਾਰਤਾ ਦੀ ਨਿਸਫਲਤਾ

ਇਸਲਾਮਾਬਾਦ ਵਿਚ ਅਮਰੀਕਾ-ਇਰਾਨ ਵਾਰਤਾ ਨਾਕਾਮ ਰਹਿਣ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਸਾਰੀਆਂ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਦਾ ਐਲਾਨ ਭੜਕਾਊ ਕਾਰਵਾਈ ਹੈ ਜਿਸ ਦਾ ਆਲਮੀ ਭਾਈਚਾਰੇ ਵਲੋਂ ਵਿਰੋਧ ਹੋਣਾ ਚਾਹੀਦਾ ਹੈ। ਟਰੰਪ ਨੇ ਇਸ ਐਲਾਨ ਤੋਂ ਪਹਿਲਾਂ ਹੋਰਮੁਜ਼ ਜਲਮਾਰਗ ਮੁਕੰਮਲ ਤੌਰ ’ਤੇ ਬੰਦ ਕਰਨ ਦੀ ਧਮਕੀ ਦਿਤੀ ਸੀ। ਉਸ ਨੇ ਕਿਹਾ ਸੀ ਕਿ ਕਿਸੇ ਵੀ ਮੁਲਕ ਦੇ ਟੈਂਕਰ ਬੇੜੇ ਨੂੰ ਇਸ ਜਲਮਾਰਗ ਦੇ ਅੰਦਰ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ। ਪਰ ਜਿਵੇਂ ਕਿ ਅਕਸਰ ਵਾਪਰਦਾ ਆਇਆ ਹੈ ਕਿ ਇਕ ਮੀਡੀਆ ਇੰਟਰਵਿਊ ਵਿਚ ਟਰੰਪ ਕੁਝ ਕਹਿੰਦਾ ਹੈ, ਦੂਜੇ ਵਿਚ ਉਸ ਦੀ ਸੁਰ ਬਦਲੀ ਹੁੰਦੀ ਹੈ। ਸੋਮਵਾਰ ਨੂੰ ਵੀ ਇਹੋ ਵਰਤਾਰਾ ਵਾਪਰਿਆ ਪਰ ਇਸ ਦੇ ਕਾਰਨ ਪੂੰਜੀ ਬਾਜ਼ਾਰ ਤਾਂ ਅਸਥਿਰ ਹੋਏ ਹੀ, ਕੱਚੇ ਤੇਲ (ਕਰੂਡ ਆਇਲ) ਦੀਆਂ ਕੀਮਤਾਂ ਵੀ ਮੁੜ ਚੜ੍ਹ ਗਈਆਂ। ਅਜਿਹੀ ਗ਼ੈਰਯਕੀਨੀ ਤੇ ਖਿੱਚੋਤਾਣ ਦੇ ਬਾਵਜੂਦ ਆਸ਼ਾਵਾਦੀ ਹਲਕੇ ਅਜੇ ਵੀ ਆਸਵੰਦ ਹਨ ਕਿ ਅਮਰੀਕਾ ਤੇ ਇਰਾਨ, ਸਮਝੌਤਾ ਵਾਰਤਾ ਦੇ ਅਗਲੇ ਦੌਰ ਲਈ ਛੇਤੀ ਹੀ ਗੱਲਬਾਤ ਵਾਲੀ ਮੇਜ਼ ਉੱਤੇ ਜ਼ਰੂਰ ਪਰਤ ਆਉਣਗੇ। ਇਸ ਕਿਸਮ ਦੇ ਆਸਵੰਦੀ ਦੀ ਇਕ ਅਹਿਮ ਵਜ੍ਹਾ ਇਹ ਹੈ ਕਿ ਇਸਲਾਮਾਬਾਦ ਵਿਚ ਦੋਵਾਂ ਧਿਰਾਂ ਦੇ ਵਾਰਤਾਕਾਰਾਂ ਨੇ ਸਮਝੌਤੇ ਲਈ ਸਾਂਝੀ ਤੰਦ ਦੀ ਅਣਹੋਂਦ ਦੇ ਬਾਵਜੂਦ ਆਪਸੀ ਰਾਬਤੇ ਨੂੰ ਲਾਭਕਾਰੀ ਮੰਨਿਆ ਅਤੇ ਭਵਿੱਖੀ ਗੱਲਬਾਤ ਲਈ ਦਰ ਪੂਰੀ ਤਰ੍ਹਾਂ ਬੰਦ ਨਹੀਂ ਕੀਤੇ।
ਇਸਲਾਮਾਬਾਦ ਵਾਰਤਾ ਦੇ ਚਮਤਕਾਰੀ ਸਿੱਟੇ ਸਾਹਮਣੇ ਆਉਣੇ ਅਸੁਭਾਵਿਕ ਸਨ, ਇਸ ਬਾਰੇ ਸਫ਼ਾਰਤੀ ਹਲਕੇ ਮੁੱਢ ਤੋਂ ਹੀ ਸਪਸ਼ਟ ਸਨ। ਦੋਵਾਂ ਮੁਲਕਾਂ ਦੇ ਸੀਨੀਅਰ ਅਹਿਲਕਾਰ 47 ਵਰਿ੍ਹਆਂ ਬਾਅਦ ਇਕ-ਦੂਜੇ ਦੇ ਆਹਮੋ-ਸਾਹਮਣੇ ਆਏ ਸਨ; ਲਿਹਾਜ਼ਾ ਬੇਤਕਲੁੱਫ਼ੀ ਵਾਲਾ ਮਾਹੌਲ ਉਪਜਣਾ ਨਾਮੁਮਕਿਨ ਸੀ। 2013 ਵਿਚ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਨਿਊ-ਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਸੰਬੋਧਨ ਕਰਨ ਆਏ ਇਰਾਨੀ ਸਦਰ ਹਸਨ ਰੂਹਾਨੀ ਨਾਲ ਫ਼ੋਨ-ਵਾਰਤਾ ਅਤੇ ਉਸ ਦੇ ਨਤੀਜੇ ਵਜੋਂ ਦੋਵਾਂ ਦੇਸ਼ਾਂ ਦਰਮਿਆਨ ਇਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਦਾ ਅਮਲ ਆਰੰਭ ਹੋਣ ਵਰਗਾ ਮਾਹੌਲ ਇਸਲਾਮਾਬਾਦ ਵਾਰਤਾ ਤੋਂ ਪਹਿਲਾਂ ਨਹੀਂ ਸੀ ਸਿਰਜÇਆ ਜਾ ਸਕਿਆ। ਹਾਲਾਤ ਨੇ ਅਜਿਹੀ ਗੁੰਜਾਇਸ਼ ਹੀ ਨਹੀਂ ਸੀ ਉਪਜਣ ਦਿੱਤੀ। ਇਜ਼ਰਾਇਲੀ ਤੇ ਅਮਰੀਕੀ ਬੰਬਾਰੀ ਦਾ ਝੰਬਿਆ ਇਰਾਨ ਇਸਲਾਮਾਬਾਦ ਵਾਰਤਾ ਨੂੰ ਅਪਣਾ ਵਕਾਰ ਬਚਾਉਣ ਦੇ ਵਸੀਲੇ ਵਜੋਂ ਵਰਤਣ ਦਾ ਖ਼ਾਹਿਸ਼ਮੰਦ ਸੀ। ਉਸ ਨੇ ਅਮਰੀਕਾ ਸਾਹਮਣੇ ਜੋ 10-ਨੁਕਾਤੀ ਸ਼ਰਤਨਾਮਾ ਰੱਖਿਆ, ਉਹ ਵੱਧ ਤੋਂ ਵੱਧ ਰਿਆਇਤਾਂ ਹਾਸਿਲ ਕਰਨ ਦਾ ਸਿੱਧਾ-ਸਪਸ਼ਟ ਯਤਨ ਸੀ। ਇਵੇਂ ਹੀ ਅਮਰੀਕਾ ਦਾ 15-ਨੁਕਾਤੀ ਸ਼ਰਤਨਾਮਾ ਵੀ ਮੁੱਖ ਤੌਰ ’ਤੇ ਅਮਰੀਕੀ ਧੌਂਸਵਾਦ ਦੀ ਨੁਮਾਇੰਦਗੀ ਕਰਨ ਵਾਲਾ ਸੀ। ਇਹ ਆਪੂੰ-ਸਹੇੜੇ ਯੁੱਧ ਤੋਂ ਸਨਮਾਨਜਨਕ ਢੰਗ ਨਾਲ ਪੈਰ ਪਿਛਾਂਹ ਖਿੱਚਣ ਦੇ ਜਜ਼ਬੇ ਦਾ ਇਜ਼ਹਾਰ ਨਹੀਂ ਸੀ। ਦੋਵਾਂ ਧਿਰਾਂ ਨੇ ਆਪੋ-ਅਪਣੇ ਸਟੈਂਡ ਵਿਚ ਨਰਮਾਈ ਲਿਆਉਣ ਦੀ ਭਾਵਨਾ ਨਹੀਂ ਦਰਸਾਈ। ਹੋਰਮੁਜ਼ ਜਲਮਾਰਗ ਉੱਤੇ ਅਪਣੀ ਗ੍ਰਿਫ਼ਤ ਦਰਸਾਉਣ ਅਤੇ ਇਸ ਨੂੰ ਅਮਰੀਕਾ ਨਾਲ ਸੌਦੇਬਾਜ਼ੀ ਦੇ ਮੁੱਖ ਮੋਹਰੇ ਵਜੋਂ ਵਰਤਣ ਦਾ ਲਾਭ ਗਵਾਉਣ ਵਾਸਤੇ ਇਰਾਨ ਤਿਆਰ ਨਹੀਂ ਸੀ। ਨਾ ਹੀ ਐਨਰਿਚਡ ਯੂਰੇਨੀਅਮ ਦਾ 400 ਕਿਲੋਗ੍ਰਾਮ ਤੋਂ ਵੱਡਾ ਜ਼ਖ਼ੀਰਾ (ਜੋ ਬਿਜਲੀ ਪੈਦਾ ਕਰਨ ਤੋਂ ਇਲਾਵਾ ਪਰਮਾਣੂ ਹਥਿਆਰਾਂ ਦੀ ਤਿਆਰੀ ਦਾ ਮੁੱਖ ਵਸੀਲਾ ਵੀ ਬਣ ਸਕਦਾ ਹੈ) ਕਿਸੇ ਵੀ ਸੂਰਤ ਵਿਚ ਅਮਰੀਕਾ ਜਾਂ ਕਿਸੇ ਬਹੁਰਾਸ਼ਟਰੀ ਏਜੰਸੀ ਨੂੰ ਸੌਂਪਣਾ ਇਰਾਨ ਨੂੰ ਗਵਾਰਾ ਸੀ। ਕੁਲ ਮਿਲਾ ਕੇ ਦੋਵੇਂ ਧਿਰਾਂ, ਕਿਸੇ ਇਕ ਅਹਿਮ ਮੁੱਦੇ ’ਤੇ ਆਪੋ-ਅਪਣੀ ਅੜੀ ਤਿਆਗਣ ਲਈ ਰਾਜ਼ੀ ਨਾ ਹੋਈਆਂ। ਇਸੇ ਅੜੀ ਨੇ ਗੱਲਬਾਤ ਨਿਸਫਲ ਬਣਾਈ।
ਅਜਿਹੀ ਮਾਯੂਸਕੁਨ ਦ੍ਰਿਸ਼ਾਵਲੀ ਦੇ ਬਾਵਜੂਦ ਦੁਆ ਤਾਂ ਇਹੋ ਕੀਤੀ ਜਾਣੀ ਚਾਹੀਦੀ ਹੈ ਕਿ ਟਰੰਪ ਵਲੋਂ ਖ਼ੁਦ ਹੀ ਐਲਾਨੀ ਦੋ ਹਫ਼ਤਿਆਂ ਦੀ ਗੋਲੀਬੰਦੀ ਅਪਣੀ ਮੁਕੱਰਰ ਮਿਆਦ ਤਕ ਬਰਕਰਾਰ ਰਹੇਗੀ ਅਤੇ ਕੋਈ ਵੀ ਧਿਰ ਅਜਿਹੀ ਹਰਕਤ ਨਹੀਂ ਕਰੇਗੀ ਜੋ ਜੰਗ ਵਲ ਵਾਪਸੀ ਦਾ ਸੰਕੇਤ ਦੇਵੇ। ਕੱਚੇ ਤੇਲ ਤੇ ਕੁਦਰਤੀ ਗੈਸਾਂ ਦੇ ਆਲਮੀ ਕਾਰੋਬਾਰ ਵਾਸਤੇ ਹੋਰਮੁਜ਼ ਜਲਮਾਰਗ ਦਾ ਵਪਾਰਕ ਜਹਾਜ਼ਰਾਨੀ ਲਈ ਖੁਲ੍ਹਿਆ ਰਹਿਣਾ ਅਤਿਅੰਤ ਆਵਸ਼ੱਕ ਹੈ। ਟਰੰਪ ਨੇ ਅਪਣੇ ਐਲਾਨਾਂ ਤੇ ਅਲਟੀਮੇਟਮਾਂ ਰਾਹੀਂ ਇਸ ਜਹਾਜ਼ਰਾਨੀ ਲਈ ਮੁੜ ਖ਼ਤਰਾ ਖੜ੍ਹਾ ਕਰਨ ਤੋਂ ਇਲਾਵਾ ਖਾੜੀ ਖ਼ਿੱਤੇ ਦੇ ਅਪਣੇ ਇਤਿਹਾਦੀ ਮੁਲਕਾਂ ਦੇ ਅਰਥਚਾਰਿਆਂ ਲਈ ਵੀ ਨਵੀਂ ਸਿਰਦਰਦੀ ਪੈਦਾ ਕਰ ਦਿਤੀ ਹੈ। ਇਹ ਸਾਰੇ ਮੁਲਕ, ਖ਼ਾਸ ਕਰ ਕੇ ਯੂ.ਏ.ਈ., ਕਤਰ, ਇਰਾਕ, ਕੁਵੈਤ, ਸਾਊਦੀ ਅਰਬ ਤੇ ਓਮਾਨ ਪਹਿਲਾਂ ਹੀ ਭਰਵਾਂ ਆਰਥਿਕ ਨੁਕਸਾਨ ਇਰਾਨੀ ਡਰੋਨ ਤੇ ਮਿਜ਼ਾਈਲ ਹਮਲਿਆਂ ਅਤੇ ਕਾਰੋਬਾਰੀ ਮੰਦੇ ਦੇ ਰੂਪ ਵਿਚ ਝੱਲ ਚੁੱਕੇ ਹਨ। ਇਨ੍ਹਾਂ ਦਾ ਤੇਲ ਕਾਰੋਬਾਰ ਲੀਹ ’ਤੇ ਆਉਣਾ ਇਨ੍ਹਾਂ ਤੋਂ ਇਲਾਵਾ ਦੁਨੀਆਂ ਦੇ ਬਾਕੀ ਦੇਸ਼ਾਂ ਲਈ ਵੀ ਹਿੱਤਕਾਰੀ ਹੈ। ਲਿਹਾਜ਼ਾ, ਅਮਰੀਕਾ ਨੂੰ ਤਤਫੱਟ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜੋ ਬਾਕੀ ਦੁਨੀਆਂ ਤੋਂ ਇਲਾਵਾ ਉਸ ਦੇ ਅਪਣੇ ਹਿੱਤਾਂ ਲਈ ਵੀ ਗ਼ੈਰ-ਲਾਹੇਵੰਦਾ ਹੋਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM
Advertisement