ਇਰਾਨ ਤੇ ਅਮਰੀਕਾ ਦਰਮਿਆਨ ਜੰਗ ਫਿਰ ਭੜਕ ਉੱਠਣ ਕਾਰਨ ਆਲਮੀ ਊਰਜਾ ਸੰਕਟ ਮੁੜ ਗਹਿਰਾਉਣ ਲੱਗਾ
ਇਰਾਨ ਤੇ ਅਮਰੀਕਾ ਦਰਮਿਆਨ ਜੰਗ ਫਿਰ ਭੜਕ ਉੱਠਣ ਕਾਰਨ ਆਲਮੀ ਊਰਜਾ ਸੰਕਟ ਮੁੜ ਗਹਿਰਾਉਣ ਲੱਗਾ ਹੈ। ਅਮਰੀਕਾ ਨੇ (ਲਗਾਤਾਰ ਚੌਥੇ ਦਿਨ) ਬੁੱਧਵਾਰ ਨੂੰ ਇਰਾਨ ਦੇ ਦਰਜਨਾਂ ਫ਼ੌਜੀ ਤੇ ਗ਼ੈਰ-ਫ਼ੌਜੀ ਠਿਕਾਣਿਆਂ ਨੂੰ ਬੰਬਾਰੀ ਦਾ ਨਿਸ਼ਾਨਾ ਬਣਾਇਆ। ਇਰਾਨ ਨੇ ਇਸ ਦਾ ਜਵਾਬ ਪੱਛਮੀ ਏਸ਼ੀਆ ਵਿਚਲੇ ਅਮਰੀਕਾ ਦੇ ਇਤਿਹਾਦੀਆਂ ਉਪਰ ਮਿਜ਼ਾਈਲ ਤੇ ਡਰੋਨ ਹਮਲੇ ਕਰ ਕੇ ਦਿਤਾ।
ਜ਼ਾਹਰਾ ਤੌਰ ’ਤੇ ਹਾਲਾਤ ਹੁਣ ਦੁਬਾਰਾ 14 ਜੂਨ ਤੋਂ ਪਹਿਲਾਂ ਵਾਲੇ ਦਿਨਾਂ ਵਰਗੇ ਹੋ ਗਏ ਹਨ। ਉਸ ਤਾਰੀਖ਼ ਨੂੰ ਦੋਵਾਂ ਮੁਲਕਾਂ ਨੇ ਸਾਰੇ ਮਸਲੇ ਗੱਲਬਾਤ ਰਾਹੀਂ ਨਿਪਟਾਉਣ ਦੀ ਖ਼ਾਤਿਰ 60 ਦਿਨਾਂ ਦੀ ਆਰਜ਼ੀ ਜੰਗਬੰਦੀ ਪ੍ਰਤੀ ਰਜ਼ਾਮੰਦੀ ਪ੍ਰਗਟਾਈ ਸੀ। ਇਹ ਜੰਗਬੰਦੀ ਹੁਣ ਤਾਰ-ਤਾਰ ਹੋ ਚੁੱਕੀ ਹੈ ਅਤੇ ਇਸ ਦਾ ਖ਼ਮਿਆਜ਼ਾ ਭਾਰਤ ਵਰਗੇ ਮੁਲਕਾਂ ਨੂੰ ਭੁਗਤਣਾ ਪੈ ਰਿਹਾ ਹੈ ਜਿਹੜੇ ਇਕ ਪਾਸੇ ਜਿੱਥੇ ਕੱਚੇ ਤੇਲ ਤੇ ਪੈਟਰੋ ਗੈਸਾਂ ਦੀਆਂ ਅਪਣੀਆਂ ਲੋੜਾਂ ਲਈ ਪੱਛਮੀ ਏਸ਼ੀਆ ਉਪਰ ਨਿਰਭਰ ਹਨ, ਉੱਥੇ ਦੂਜੇ ਪਾਸੇ ਕੌਮਾਂਤਰੀ ਜਹਾਜ਼ਰਾਨੀ ਦੀ ਹਿੱਤ-ਪੂਰਤੀ ਵਾਸਤੇ ਵਿਆਪਕ ਪੱਧਰ ’ਤੇ ਜਹਾਜ਼ੀ ਅਮਲਾ ਵੀ ਜੁਟਾਉਂਦੇ ਆਏ ਹਨ।
ਜ਼ਿਕਰਯੋਗ ਹੈ ਕਿ ਪੱਛਮੀ ਏਸ਼ੀਆ ਤੋਂ ਤੇਲ ਤੇ ਗੈਸ ਦੀ ਸਪਲਾਈ ਸੰਭਵ ਬਣਾਉਣ ਵਾਲੇ ਬਹੁਤੇ ਟੈਂਕਰਾਂ ਦਾ ਕਾਰੋਬਾਰ, ਅਮੂਮਨ, ਭਾਰਤੀ ਜਹਾਜ਼ੀ ਅਮਲੇ ਉੱਤੇ ਨਿਰਭਰ ਹੈ। ਇਸੇ ਲਈ ਟੈਂਕਰਾਂ ਜਾਂ ਕੰਟੇਨਰ ਬੇੜਿਆਂ ਉੱਤੇ ਇਰਾਨੀ ਜਾਂ ਅਮਰੀਕੀ ਹਮਲਿਆਂ ਕਾਰਨ ਜਾਨੀ ਨੁਕਸਾਨ ਵੀ ਜ਼ਿਆਦਾ ਭਾਰਤੀਆਂ ਦਾ ਹੀ ਹੋਇਆ ਹੈ। ਬ੍ਰਿਟਿਸ਼ ਮੇਰੀਟਾਈਮ ਸਕਿਉਰਿਟੀ ਇੰਸਟੀਟਿਊਟ, ਜੋ ਕਿ ਕੌਮਾਂਤਰੀ ਜਹਾਜ਼ਰਾਨੀ ਉਪਰ ਨਿਗ਼ਰਾਨ ਵਜੋਂ ਕੰਮ ਕਰਨ ਵਾਲਾ ਅਹਿਮ ਅਦਾਰਾ ਹੈ, ਦੇ ਅੰਕੜਿਆਂ ਅਨੁਸਾਰ ਮੰਗਲਵਾਰ ਤਕ ਭਾਰਤੀ ਅਮਲੇ ਵਾਲੇ 29 ਬੇੜੇ ਪੱਛਮੀ ਏਸ਼ਿਆਈ ਸਮੁੰਦਰੀ ਪਾਣੀਆਂ ਵਿਚ ਹਮਲਿਆਂ ਦਾ ਸ਼ਿਕਾਰ ਹੋਏ। ਇਨ੍ਹਾਂ ਹਮਲਿਆਂ ਵਿਚ ਭਾਰਤੀ ਮ੍ਰਿਤਕਾਂ ਦੀ ਗਿਣਤੀ 9 ਮੰਨੀ ਜਾਂਦੀ ਹੈ ਜਦੋਂਕਿ 31 ਹੋਰ ਭਾਰਤੀ ਜਹਾਜ਼ੀ ਜ਼ਖ਼ਮੀ ਹੋਏ।
ਜ਼ਿਕਰਯੋਗ ਹੈ ਕਿ ਮੰਗਲਵਾਰ ਵੱਡੇ ਤੜਕੇ ਹੋਰਮੁਜ਼ ਜਜ਼ੀਰੇ ਦੇ ਦੱਖਣੀ ਪਾਸੇ ਦੋ ਟੈਂਕਰਾਂ ਉਪਰ ਇਰਾਨੀ ਮਿਜ਼ਾਈਲ ਹਮਲਿਆਂ ਵਿਚ ਇਕ ਭਾਰਤੀ ਜਹਾਜ਼ੀ ਦੇ ਮਰਨ ਅਤੇ 10 ਹੋਰਨਾਂ ਦੇ ਜ਼ਖ਼ਮੀ ਹੋਣ ਵਾਲੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਦੇ ਪ੍ਰਸੰਗ ਵਿਚ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਇਰਾਨ ਸਰਕਾਰ ਕੋਲ ਸਖ਼ਤ ਰੋਸ ਦਾ ਪ੍ਰਗਟਾਵਾ ਪਹਿਲਾਂ ਹੀ ਕੌਮਾਂਤਰੀ ਪੱਧਰ ’ਤੇ ਚਰਚਾ ਵਿਚ ਹੈ। ਸਰਕਾਰੀ ਪੱਖ ਅਜੇ ਭਾਵੇਂ ਇਰਾਨੀ ਉਪ ਰਾਜਦੂਤ ਨੂੰ ਵਿਦੇਸ਼ ਦਫ਼ਤਰ ਵਿਚ ਤਲਬ ਕਰ ਕੇ ਰੋਸ ਪੱਤਰ ਸੌਂਪੇ ਜਾਣ ਦੀ ਖ਼ਬਰ ਤਕ ਸੀਮਤ ਹੈ, ਫਿਰ ਵੀ ਕੌਮਾਂਤਰੀ ਹਲਕਿਆਂ ਵਿਚ ਚੁੰਝ-ਚਰਚਾ ਇਹੋ ਹੈ ਕਿ ਭਾਰਤ ਨੇ ਇਰਾਨ ਸਰਕਾਰ ਪਾਸੋਂ ਉਪਰੋਕਤ ਦੋਵਾਂ ਹਮਲਿਆਂ ਦੇ ਪੀੜਤਾਂ ਲਈ ਮੁਆਵਜ਼ਾ ਸਖ਼ਤੀ ਨਾਲ ਮੰਗਿਆ ਹੈ।
ਇਕ ਗੱਲ ਸਾਫ਼ ਹੈ ਕਿ ਮੌਜੂਦਾ ਸੰਕਟ ਇਕ ਪਾਸੇ ਇਰਾਨੀ ਬਲੈਕਮੇਲ ਅਤੇ ਦੂਜੇ ਪਾਸੇ ਅਮਰੀਕੀ ਧੌਂਸ ਦੀ ਪੈਦਾਇਸ਼ ਹੈ। ਇਨ੍ਹਾਂ ਦੋਵਾਂ ਪੁੜਾਂ ਦਰਮਿਆਨ ਬਾਕੀ ਦੁਨੀਆਂ ਦੀ ਊਰਜਾ ਸਪਲਾਈ ਫਸੀ ਹੋਈ ਹੈ। ਹੋਰਮੁਜ਼ ਜਲਮਾਰਗ ਵਿਚ ਜਹਾਜ਼ਰਾਨੀ ਨੂੰ ਪਿਛਲੇ 60 ਵਰਿ੍ਹਆਂ ਦੌਰਾਨ ਕਦੇ ਵੀ ਕਿਸੇ ਦਿੱਕਤ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਹਿਮਕਾਈ ਨੇ ਇਸ ਕੌਮਾਂਤਰੀ ਜਲਮਾਰਗ ਉਪਰ ਇਰਾਨ ਨੂੰ ਅਪਣਾ ਮਾਲਕੀ-ਹੱਕ ਜਤਾਉਣ ਅਤੇ ਬਲੈਕਮੇÇਲੰਗ ਦੇ ਹਥਿਆਰ ਵਜੋਂ ਵਰਤਣ ਦਾ ਬਹਾਨਾ ਬਖ਼ਸ਼ ਦਿਤਾ।
ਹੁਣ ਜਦੋਂ ਇਰਾਨ ਇਸ ਜਲਮਾਰਗ ਨੂੰ ਕੌਮਾਂਤਰੀ ਜਹਾਜ਼ਰਾਨੀ ਲਈ ਬੰਦ ਕਰਨ ਅਤੇ ਖਾੜੀ ਫਾਰਸ ਦੇ ਮੁਲਕਾਂ ਦਾ ਤੇਲ ਕਾਰੋਬਾਰ ਠੱਪ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ ਤਾਂ ਟਰੰਪ ਇਹ ਲਾਂਘਾ ਖੁੱਲ੍ਹਾ ਰੱਖਣ ਅਤੇ ਕੌਮਾਂਤਰੀ ਜਹਾਜ਼ਰਾਨੀ ਨੂੰ ਸੁਰੱਖਿਆ ਪ੍ਰਦਾਨ ਕਰਨ ਬਦਲੇ ‘20 ਫ਼ੀਸਦੀ ਫ਼ੀਸ’ ਵਸੂਲਣ ਦੀਆਂ ਗੱਲਾਂ ਕਰਨ ਲੱਗਾ। ਇਹ ਮੰਗ ਓਨੀ ਹੀ ਨਾਜਾਇਜ਼ ਸੀ ਜਿੰਨੇ ਇਰਾਨੀ ਪੈਂਤੜੇ। ਗ਼ਨੀਮਤ ਇਹੋ ਰਹੀ ਕਿ ਟਰੰਪ ਦੇ ਅਪਣੇ ਹੀ ਸਹਿਯੋਗੀਆਂ, ਖ਼ਾਸ ਕਰ ਕੇ ਉਪ ਰਾਸ਼ਟਰਪਤੀ ਜੇ.ਡੀ.ਵੈਂਸ ਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦਖ਼ਲ ਦੇ ਕੇ ਅਪਣੇ ‘ਬੌਸ’ ਨੂੰ ਇਹ ਸਮਝਾਇਆ ਕਿ ‘20 ਫ਼ੀਸਦੀ ਫ਼ੀਸ’ ਅਮਰੀਕਾ ਦੇ ਅਪਣੇ ਹੀ ਇਸ ਸਟੈਂਡ ਦੀ ਬੇਹੁਰਮਤੀ ਹੈ ਕਿ ਸਾਰੇ ਕੌਮਾਂਤਰੀ ਜਲਮਾਰਗ ਕਿਸੇ ਵੀ ਕਿਸਮ ਦੀ ਟੌਲ ਜਾਂ ਫ਼ੀਸ ਤੋਂ ਮੁਕਤ ਹੋਣੇ ਚਾਹੀਦੇ ਹਨ। ਉਂਜ, ਇਸ ਸਾਰੇ ਘਟਨਾ-ਚੱਕਰ ਨੇ ਇਹ ਦਰਸਾ ਦਿਤਾ ਕਿ ਧੌਂਸਵਾਦ ਵੀ ਇਕ ਸੀਮਾ ਤਕ ਸੰਭਵ ਹੋ ਸਕਦਾ ਹੈ। ਇਹੋ ਸਬਕ ਹੁਣ ਇਰਾਨ ਨੂੰ ਵੀ ਉਸ ਦੀ ਬਲੈਕਮੇÇਲੰਗ ਦੇ ਪ੍ਰਸੰਗ ਵਿਚ ਸਮਝਾਏ ਜਾਣ ਦੀ ਲੋੜ ਹੈ।
ਇਸੇ ਸੰਦਰਭ ਵਿਚ ਭਾਰਤੀ ਪਹਿਲ ਨੂੰ ਕੌਮਾਂਤਰੀ ਹਲਕਿਆਂ ਵਲੋਂ ਉਚੇਚੇ ਤੌਰ ’ਤੇ ਜ਼ਿਕਰਯੋਗ ਮੰਨਿਆ ਜਾ ਰਿਹਾ ਹੈ। ਇਨ੍ਹਾਂ ਹਲਕਿਆਂ ਮੁਤਾਬਿਕ ਭਾਰਤ ਨੇ ਇਹ ਦਰਸਾ ਦਿਤਾ ਹੈ ਕਿ ਉਸ ਲਈ ਅਪਣੇ ਨਾਗਰਿਕਾਂ ਦੀ ਸੁਰੱਖਿਆ ਵੀ ਓਨੀ ਹੀ ਅਹਿਮ ਹੈ ਜਿੰਨੀਆਂ ਕਿ ਕੌਮੀ ਊਰਜਾ ਲੋੜਾਂ। ਜਿਨ੍ਹਾਂ ਦੋ ਟੈਂਕਰਾਂ ਨੂੰ ਇਰਾਨੀ ਮਿਜ਼ਾਈਲਾਂ ਦਾ ਨਿਸ਼ਾਨਾ ਬਣਾਇਆ ਗਿਆ, ਉਹ ਤਕਨੀਕੀ ਤੌਰ ’ਤੇ ਇਰਾਨੀ ਪਾਣੀਆਂ ਵਿਚ ਨਹੀਂ ਬਲਕਿ ਓਮਾਨੀ ਪਾਣੀਆਂ ਵਿਚ ਸਨ। ਇਨ੍ਹਾਂ ਦੀ ਮਲਕੀਅਤ ਵੀ ਸਾਈਪ੍ਰਸ ਤੇ ਲਾਇਬੇਰੀਆ ਵਰਗੇ ਦੇਸ਼ਾਂ ਦੀ ਹੈ ਜੋ ਕਿ ਇਰਾਨ ਦੇ ਦੁਸ਼ਮਣ ਨਹੀਂ ਮੰਨੇ ਜਾਂਦੇ।
ਅਜਿਹੀ ਅਸਲੀਅਤ ਦੇ ਬਾਵਜੂਦ ਇਰਾਨ ਨੇ ਇਨ੍ਹਾਂ ਬੇੜਿਆਂ ਉੱਤੇ ਹਮਲੇ ਕੀਤੇ। ਅਜਿਹੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣੇ ਚਾਹੀਦੇ। ਜਹਾਜ਼ਰਾਨੀ ਬਾਰੇ ਆਲਮੀ ਸਮਝੌਤਿਆਂ ਦੀ ਧੌਂਸਵਾਦੀਆਂ ਵਲੋਂ ਵੀ ਪਾਲਣਾ ਹੋਣੀ ਚਾਹੀਦੀ ਹੈ ਅਤੇ ਧੌਂਸਵਾਦ ਦੇ ਪੀੜਤਾਂ ਵਲੋਂ ਵੀ। ਇਸੇ ਨੇਮ ਪ੍ਰਤੀ ਪਾਬੰਦਗੀ ਹਰ ਸੂਰਤ ਵਿਚ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
