ਖ਼ਬਰਾਂ |

ਤਾਜ਼ਾ |

ਦਰੁਸਤ ਨਹੀਂ ਭਾਰਤੀਆਂ ਦਾ ਰੂਸ ਵਲ ਪਰਵਾਸ
Published : May 19, 2026, 6:40 am IST
Updated : May 19, 2026, 6:40 am IST
SHARE ARTICLE
The migration of Indians to Russia is not correct.
The migration of Indians to Russia is not correct.

ਦਰੁਸਤ ਨਹੀਂ ਭਾਰਤੀਆਂ ਦਾ ਰੂਸ ਵਲ ਪਰਵਾਸ

ਮਾਸਕੋ ’ਤੇ ਯੂਕਰੇਨੀ ਡਰੋਨ ਹਮਲੇ ਵਿਚ ਇਕ ਭਾਰਤੀ ਨਾਗਰਿਕ ਦੀ ਮੌਤ ਅਤੇ ਤਿੰਨ ਹੋਰ ਭਾਰਤੀ ਨਾਗਰਿਕਾਂ ਦੇ ਜ਼ਖ਼ਮੀ ਹੋਣ ਦੀ ਘਟਨਾ ਨੇ ਦੇਸ਼ਵਾਸੀਆਂ ਦਾ ਧਿਆਨ ਰੂਸ ਵਿਚ ਰਹਿ ਰਹੇ ਭਾਰਤੀ ਲੋਕਾਂ ਦੀ ਹਾਲਤ ਵਲ ਖਿੱਚਿਆ ਹੈ। ਮਾਸਕੋ ਸਥਿਤ ਭਾਰਤੀ ਦੂਤਾਵਾਸ ਨੇ ਤਿੰਨਾਂ ਜ਼ਖ਼ਮੀ ਭਾਰਤੀਆਂ ਦੀ ਮਿਜ਼ਾਜਪੁਰਸੀ ਭਾਰਤੀ ਸਫ਼ਾਰਤੀ ਅਧਿਕਾਰੀਆਂ ਵਲੋਂ ਕੀਤੇ ਜਾਣ ਦੀ ਜਾਣਕਾਰੀ ਜ਼ਰੂਰ ਨਸ਼ਰ ਕੀਤੀ ਹੈ, ਪਰ ਇਹ ਨਹੀਂ ਦਸਿਆ ਕਿ ਮ੍ਰਿਤਕ ਜਾਂ ਜ਼ਖ਼ਮੀਆਂ ਦੇ ਨਾਂਅ ਕੀ ਹਨ ਅਤੇ ਉਹ ਕਿਹੜੇ ਭਾਰਤੀ ਖ਼ਿੱਤੇ ਤੋਂ ਹਨ। ਅਜਿਹੀ ਬੁਨਿਆਦੀ ਜਾਣਕਾਰੀ ਦੀ ਅਣਹੋਂਦ ਅਲਗਰਜ਼ੀ ਵਾਲਾ ਪ੍ਰਭਾਵ ਪੈਦਾ ਕਰਦੀ ਹੈ। ਦੂਤਾਵਾਸਾਂ ਨੂੰ ਅਜਿਹੇ ਪ੍ਰਭਾਵ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਚਾਰੋਂ ਭਾਰਤੀ ਮਾਸਕੋ ਦੇ ਇਕ ਉਪ ਨਗਰ ਵਿਚ ਇੱਕੋ ਫ਼ਲੈਟ ਵਿਚ ਰਹਿੰਦੇ ਸਨ ਅਤੇ ਇਹ ਫਲੈਟ, ਡਰੋਨ ਹਮਲੇ ਦਾ ਸਿੱਧਾ ਨਿਸ਼ਾਨਾ ਬਣਿਆ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਯੂਕਰੇਨ ਨੇ 600 ਤੋਂ ਵੱਧ ਡਰੋਨ ਰੂਸ ਦੇ ਵੱਖ ਵੱਖ ਹਿੱਸਿਆਂ ਵਲ ਦਾਗੇ ਸਨ। ਇਨ੍ਹਾਂ ਵਿਚੋਂ ਬਹੁਗਿਣਤੀ ਨੂੰ ਤਾਂ ਰੂਸੀ ਸੁਰੱਖਿਆ ਫ਼ੌਜਾਂ ਨੇ ਬੇਅਸਰ ਬਣਾ ਦਿਤਾ, ਪਰ 70 ਦੇ ਕਰੀਬ ਡਰੋਨ ਰੂਸੀ ਸੁਰੱਖਿਆ ਕਵਚ ਨੂੰ ਮਾਤ ਦੇਣ ਅਤੇ ਸਿਵਲੀਅਨ ਤੇ ਫ਼ੌਜੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਿਚ ਕਾਮਯਾਬ ਹੋ ਗਏ। ਰੂਸੀ ਖ਼ਬਰ ਏਜੰਸੀਆਂ ਮੁਤਾਬਿਕ ਇਕੱਲੇ ਮਾਸਕੋ ਖ਼ਿੱਤੇ ਵਿਚ ਡਰੋਨਾਂ ਕਾਰਨ ਇਕ ਦਰਜਨ ਤੋਂ ਵੱਧ ਇਮਾਰਤਾਂ ਜਾਂ ਕਾਰੋਬਾਰੀ ਠਿਕਾਣਿਆਂ ਨੂੰ ਨੁਕਸਾਨ ਪਹੁੰਚਿਆ। ਇਨ੍ਹਾਂ ਹਮਲਿਆਂ ਵਿਚ ਘੱਟੋਘੱਟ ਪੰਜ ਬੰਦੇ ਮਾਰੇ ਗਏ ਅਤੇ ਇਕ ਦਰਜਨ ਤੋਂ ਵੱਧ ਸਿਵਲੀਅਨ ਜ਼ਖ਼ਮੀ ਹੋਏ। ਯੂਕਰੇਨ-ਰੂਸ ਜੰਗ ਤਕਰੀਬਨ ਚਾਰ ਵਰ੍ਹੇ ਪੁਰਾਣੀ ਹੋ ਚੁਕੀ ਹੈ। ਇਸ ਵਿਚ 24 ਦੇ ਕਰੀਬ ਭਾਰਤੀਆਂ ਦੇ ਮਰਨ ਦੀਆਂ ਖ਼ਬਰਾਂ ਹਨ। ਬਹੁਤੇ ਮ੍ਰਿਤਕ ਉਨ੍ਹਾਂ ਲੋਕਾਂ ਵਿਚੋਂ ਸਨ ਜੋ ਭਾਰਤੀ ਏਜੰਟਾਂ ਵਲੋਂ ਗ਼ਲਤ ਕਿਸਮ ਦੇ ਝਾਂਸੇ ਦੇ ਕੇ ਰੂਸ ਭੇਜੇ ਗਏ ਅਤੇ ਉੱਥੇ ਰੂਸੀ ਫ਼ੌਜੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਜੰਗੀ ਮੁਹਾਜ਼ ’ਤੇ ਕੁਲੀਆਂ ਵਜੋਂ ਵਰਤਿਆ। ਇਨ੍ਹਾਂ ਮੌਤਾਂ ਖ਼ਿਲਾਫ਼ ਭਾਰਤ ਵਿਚ ਰੌਲਾ ਪੈਣ ਮਗਰੋਂ ਵਿਦੇਸ਼ ਮੰਤਰਾਲੇ ਨੇ ਦਖ਼ਲ ਦੇ ਕੇ ਭਾਰਤੀ ਪਰਵਾਸੀਆਂ ਦੀ ਫ਼ੌਜੀ ਕੁਲੀਆਂ ਵਜੋਂ ਦੁਰਵਰਤੋਂ ਤਾਂ ਰੁਕਵਾ ਦਿਤੀ, ਪਰ ਭਾਰਤੀ ਕਿਰਤੀਆਂ ਦੇ ਸ਼ੋਸ਼ਣ ਦੀਆਂ ਸ਼ਿਕਾਇਤਾਂ ਅਜੇ ਵੀ ਸੋਸ਼ਲ ਮੀਡੀਆ ’ਤੇ ਦੇਖੀਆਂ ਜਾ ਸਕਦੀਆਂ ਹਨ। 
ਵਿਦੇਸ਼ ਮੰਤਰਾਲੇ ਅਨੁਸਾਰ ਇਸ ਵੇਲੇ ਸਮੁੱਚੇ ਰੂਸ ਵਿਚ 70 ਹਜ਼ਾਰ ਭਾਰਤੀ ਮੌਜੂਦ ਹਨ ਜਿਨ੍ਹਾਂ ਵਿਚ ਦਿਹਾੜੀਦਾਰ ਕਾਮੇ, ਕਾਰੋਬਾਰੀ, ਦੁਕਾਨਦਾਰ, ਆਈ.ਟੀ. ਪ੍ਰੋਫ਼ੈਸ਼ਨਲਜ਼ ਅਤੇ 4500 ਦੇ ਕਰੀਬ ਵਿਦਿਆਰਥੀ ਸ਼ਾਮਲ ਹਨ। ਵਿਦਿਆਰਥੀ ਮੁੱਖ ਤੌਰ ’ਤੇ ਮੈਡੀਕਲ ਕਾਲਜਾਂ ਜਾਂ ਟੈਕਨੀਕਲ ਯੂਨੀਵਰਸਟੀਆਂ ਵਿਚ ਪੜ੍ਹਦੇ ਹਨ। ਰੂਸ ਵਿਚ ਕਿਰਤੀਆਂ ਦੀ ਭਾਰੀ ਘਾਟ ਹੈ। ਇਸ ਘਾਟ ਨੂੰ ਜਾਇਜ਼ ਵਸੀਲਿਆਂ ਰਾਹੀਂ ਪੂਰਾ ਕਰਨ ਦੇ ਉਦੇਸ਼ ਨਾਲ ਇਕ ਸਮਝੌਤਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਇਸ ਵਰ੍ਹੇ ਦੀ ਭਾਰਤ ਫੇਰੀ ਸਮੇਂ ਸਹੀਬੰਦ ਹੋਇਆ ਸੀ। ਇਸ ਦੇ ਤਹਿਤ ਸਾਲ 2026 ਦੌਰਾਨ 70 ਹਜ਼ਾਰ ਭਾਰਤੀ ਹੁਨਰਮੰਦ ਤੇ ਗ਼ੈਰ-ਹੁਨਰਮੰਦ ਕਾਮੇ ਰੂਸ ਭੇਜੇ ਜਾਣੇ ਸਨ, ਪਰ ਪਿਛਲੇ ਕੁਸੈਲੇ ਤਜਰਬਿਆਂ ਦੇ ਮੱਦੇਨਜ਼ਰ ਰੂਸ ਜਾਣ ਵਾਲੇ ਕਿਰਤੀਆਂ ਦੀ ਗਿਣਤੀ, ਹੁਣ ਤਕ, ਸੀਮਤ ਜਹੀ ਰਹੀ। ਅਜਿਹੇ ਮੱਠੇ ਹੁੰਗਾਰੇ ਦੀ ਇਕ ਹੋਰ ਵਜ੍ਹਾ ਹੈ ਰੂਸ ਵਿਚ ਭਾਰਤੀਆਂ ਨਾਲ ਨਸਲੀ ਵਿਤਕਰੇ ਦੀਆਂ ਘਟਨਾਵਾਂ। ਇਸ ਤੋਂ ਇਲਾਵਾ ਰੂਸ ਆਰਥਿਕ ਪੱਖੋਂ ਵੀ ਮਹਿੰਗਾ ਮੁਲਕ ਹੈ। ਉੱਥੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਤੇ ਮਕਾਨਾਂ ਦੇ ਕਿਰਾਏ ਦੀਆਂ ਦਰਾਂ ਉੱਚੀਆਂ ਹੋਣ ਅਤੇ ਇਨ੍ਹਾਂ ਦੇ ਅਨੁਪਾਤ ਵਿਚ ਉਜਰਤਾਂ ਘੱਟ ਹੋਣ ਕਾਰਨ ਭਾਰਤੀ ਉਸ ਮੁਲਕ ਵਿਚ ਜਾ ਵਸਣ ਨੂੰ ਤਰਜੀਹ ਨਹੀਂ ਦਿੰਦੇ।
ਬਹਰਹਾਲ, ਜੋ ਕੁਝ ਮਾਸਕੋ ਖਿੱਤੇ ਵਿਚ ਵਾਪਰਿਆ ਹੈ, ਉਹ ਭਾਰਤੀ ਹਿੱਤਾਂ ਲਈ ਅਫ਼ਸੋਸਨਾਕ ਹੈ। ਮਾਸਕੋ ਸਥਿਤ ਭਾਰਤੀ ਦੂਤਾਵਾਸ ਨੇ ਮ੍ਰਿਤਕ ਭਾਰਤੀ ਦੀ ਦੇਹ ਛੇਤੀ ਤੋਂ ਛੇਤੀ ਵਤਨ ਪਰਤਾਉਣ ਦਾ ਭਰੋਸਾ ਦਿਤਾ ਹੈ, ਪਰ ਰੂਸੀ ਪ੍ਰਸ਼ਾਸਨਿਕ ਢਾਂਚੇ ਦੀ ਸੁਸਤੀ ਕਾਰਨ ਪੋਸਟ ਮਾਰਟਮ ਵਰਗੀ ਰੁਟੀਨ ਕਾਰਵਾਈ ਵੀ ਕਈ ਦਿਨਾਂ ਤਕ ਪਛੜੀ ਰਹਿ ਸਕਦੀ ਹੈ। ਦਰਅਸਲ, ਭਾਰਤੀ ਕਾਮਿਆਂ ਲਈ ਰੂਸ ਕਿਸੇ ਵੀ ਤਰ੍ਹਾਂ ‘ਸੁਨਹਿਰੀ ਧਰਤੀ’ (ਗੋਲਡਨ ਲੈਂਡ) ਨਹੀਂ। ਉੱਥੇ ਜ਼ਮੀਨ ਬਹੁਤ ਹੈ; ਜ਼ਰ (ਧਨ-ਦੌਲਤ) ਉਸ ਅਨੁਪਾਤ ਵਿਚ ਮੌਜੂਦ ਨਹੀਂ। ਉਸ ਮੁਲਕ ਵਲੋਂ ਲੜੀ ਜਾ ਰਹੀ ਜੰਗ ਨੇ ਜਿੱਥੇ ਯੂਕਰੇਨ ਨੂੰ ਆਰਥਿਕ, ਮਾਇਕ, ਰਾਜਨੀਤਕ ਤੇ ਸਮਾਜਿਕ ਤੌਰ ’ਤੇ ਕਮਜ਼ੋਰ ਕੀਤਾ ਹੈ, ਉੱਥੇ ਰੂਸੀ ਅਰਥਚਾਰੇ ਨੂੰ ਵੀ ਭਾਰੀ ਖੋਰਾ ਲਾਇਆ ਹੈ। ਇਹੀ ਕਾਰਨ ਹੈ ਕਿ ਰੂਸੀ ਲੋਕ ਭਾਰਤ ਵਿਚ, ਖ਼ਾਸ ਕਰ ਕੇ ਗੋਆ ਅਤੇ ਹੋਰ ਦੱਖਣੀ ਰਾਜਾਂ ਦੇ ਸਾਹਿਲੀ ਜ਼ਿਲ੍ਹਿਆਂ ਵਿਚ ਆ ਵਸਣ ਨੂੰ ਤਰਜੀਹ ਦੇ ਰਹੇ ਹਨ। ਰੂਸ ਵਿਚ ਸਾਲਾਨਾ ਮਹਿੰਗਾਈ ਦਰ 20 ਫ਼ੀਸਦੀ ਦੇ ਆਸ-ਪਾਸ ਹੈ ਅਤੇ ਅਪਰਾਧਾਂ ਦੀ ਦਰ ਵੀ ਮਹਿੰਗਾਈ ਦਰ ਤੋਂ ਊਣੀ ਨਹੀਂ। ਅਜਿਹੇ ਹਾਲਾਤ ਵਿਚ ਭਾਰਤ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਭਾਰਤੀ ਨਾਗਰਿਕਾਂ ਨੂੰ ਅਜਿਹੇ ਮੁਲਕਾਂ ਵਲ ਪਰਵਾਸ ਵਾਸਤੇ ਉਤਸ਼ਾਹਿਤ ਨਾ ਕਰੇ। ਕਿਰਤੀਆਂ ਸਬੰਧੀ ਸਮਝੌਤਾ ਰੂਸ ਨੂੰ ਤਾਂ ਰਾਸ ਆਉਣ ਵਾਲਾ ਹੈ, ਭਾਰਤੀਆਂ ਲਈ ਇਹ, ਫ਼ਿਲਹਾਲ ਕਿਸੇ ਵੀ ਤਰ੍ਹਾਂ ਹਿੱਤਕਾਰੀ ਨਹੀਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement