ਖ਼ਬਰਾਂ |

ਤਾਜ਼ਾ |

‘ਈਬੋਲਾ' ਖ਼ਿਲਾਫ਼ ਜਥੇਬੰਦ ਹੋਣ ਦੀ ਸਖ਼ਤ ਲੋੜ
Published : May 22, 2026, 7:20 am IST
Updated : May 22, 2026, 7:34 am IST
SHARE ARTICLE
photo
photo

ਵਿਸ਼ਵ ਸਿਹਤ ਸੰਗਠਨ ਮੁਤਾਬਿਕ ਤਿੰਨਾਂ ਦੇਸ਼ਾਂ ਵਿਚ ਈਬੋਲਾ ਦੇ 500 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ।

ਈਬੋਲਾ ਵਾਇਰਸ ਦਾ ਕੋਈ ਕੇਸ ਅਜੇ ਭਾਰਤ ਵਿਚ ਨਹੀਂ ਮਿਲਿਆ, ਫਿਰ ਵੀ ਸਿਹਤ ਸੇਵਾਵਾਂ ਬਾਰੇ ਭਾਰਤੀ ਡਾਇਰੈਕਟਰ ਜਨਰਲ (ਡੀਜੀਐੱਚਐੱਸ) ਨੇ ਹਵਾਈ ਅੱਡਿਆਂ ਨੂੰ ਹਦਾਇਤ ਕਰ ਦਿਤੀ ਹੈ ਕਿ ਇਸ ਵਾਇਰਸ ਦੀ ਲਾਗ ਵਾਲੇ ਅਫ਼ਰੀਕੀ ਮੁਲਕਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੀ ਇਮੀਗ੍ਰੇਸ਼ਨ ਅਧਿਕਾਰੀ ਡਾਕਟਰੀ ਜਾਂਚ ਕਰਵਾਉਣ ਅਤੇ ਇਹ ਅਮਲ ਮੁਕੰਮਲ ਹੋਣ ਮਗਰੋਂ ਹੀ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਦੇਣ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਮੁਤਾਬਿਕ ਈਬੋਲਾ ਰੋਗ ਕੌਂਗੋ ਜਮਹੂਰੀ ਗਣਰਾਜ (ਡੀ.ਆਰ.ਸੀ.), ਯੁਗਾਂਡਾ ਤੇ ਦੱਖਣੀ ਸੂਡਾਨ ਵਿਚ ਫੈਲਿਆ ਹੋਇਆ ਹੈ ਅਤੇ ਇਨ੍ਹਾਂ ਤਿੰਨਾਂ ਮੁਲਕਾਂ ਵਿਚ ਇਸ ਰੋਗ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਤਿੰਨੋਂ ਮੁਲਕ ਗ਼ਰੀਬ ਹਨ; ਖ਼ਾਨਾਜੰਗੀ ਤੇ ਅਰਾਜਕਤਾ ਨਾਲ ਜੂਝਦੇ ਆ ਰਹੇ ਹਨ ਅਤੇ ਕਿਸੇ ਵੀ ਮਹਾਂਮਾਰੀ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਦੀ ਸਥਿਤੀ ਵਿਚ ਨਹੀਂ। ਕੌਂਗੋ ਅਤਿਅੰਤ ਕੀਮਤੀ ਖਣਿਜਾਂ ਦੀ ਭਰਪੂਰਤਾ ਵਾਲੀ ਧਰਤੀ ਹੈ, ਪਰ ਇਨ੍ਹਾਂ ਖਣਿਜਾਂ ਦਾ ਖ਼ਜ਼ਾਨਾ ਕਾਬੂ ਕਰਨ ਦੀਆਂ ਲਾਲਸਾਵਾਨ ਧਿਰਾਂ (ਖ਼ਾਸ ਕਰ ਕੇ ਚੀਨ, ਅਮਰੀਕਾ ਅਤੇ ਕੁੱਝ ਯੂਰੋਪੀਅਨ ਦੇਸ਼) ਇਸ ਮੁਲਕ ਨੂੰ ਅਰਾਜਕਤਾ ਤੋਂ ਬਾਹਰ ਹੀ ਨਹੀਂ ਆਉਣ ਦੇ ਰਹੀਆਂ। ਇਨ੍ਹਾਂ ਮੁਲਕਾਂ ਵਲੋਂ ਪਰੋਮੋਟ ਕੀਤੀਆਂ ਕੰਪਨੀਆਂ ਲਿਥੀਅਮ, ਕੋਬਾਲਟ, ਤਾਂਬਾ, ਟੈਂਟੂਲਮ ਤੇ ਹੋਰ ਕੀਮਤੀ ਖਣਿਜਾਂ ਦੀਆਂ ਖਾਣਾਂ ਉੱਤੇ ਕਾਬਜ਼ ਹਨ ਅਤੇ ਅਪਣੀ ਅਜਾਰੇਦਾਰੀ ਬਰਕਰਾਰ ਰੱਖਣ ਲਈ ਹਰ ਜਾਇਜ਼-ਨਾਜਾਇਜ਼ ਹਰਬਾ ਵਰਤਦੀਆਂ ਆ ਰਹੀਆਂ ਹਨ। ਕੀਮਤੀ ਮਿੱਟੀਆਂ ਇਸ ਕਰ ਕੇ ਕੀਮਤੀ ਹਨ ਕਿਉਂਕਿ ਉਨ੍ਹਾਂ ਅੰਦਰ ਛੁਪੇ ਬਹੁਤ ਮਹਿੰਗੇ ਖਣਿਜਾਂ ਦੀ ਮਿਕਦਾਰ ਸੀਮਤ ਹੁੰਦੀ ਹੈ ਅਤੇ ਉਸ ਮਿਕਦਾਰ ਨੂੰ ਮਸ਼ੀਨਾਂ ਦੀ ਥਾਂ ਮਨੁੱਖੀ ਹੱਥਾਂ ਨਾਲ ਹੀ ਕੱਢਿਆ ਜਾ ਸਕਦਾ ਹੈ। ਅਜਿਹਾ ਅਮਲ ਕਈ ਨਵੀਆਂ ਨਵੀਆਂ ਬਿਮਾਰੀਆਂ ਦੀ ਪੈਦਾਇਸ਼ ਦੀ ਵਜ੍ਹਾ ਬਣਦਾ ਹੈ। ਇਹੋ ਜਿਹੀਆਂ ਬਿਮਾਰੀਆਂ ਵਿਚ ਈਬੋਲਾ ਵੀ ਸ਼ਾਮਲ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਿਕ ਤਿੰਨਾਂ ਦੇਸ਼ਾਂ ਵਿਚ ਈਬੋਲਾ ਦੇ 500 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 130 ਮਰੀਜ਼ ਪਿਛਲੇ ਦੋ ਹਫ਼ਤਿਆਂ ਦੌਰਾਨ ਮੌਤ ਦਾ ਸ਼ਿਕਾਰ ਹੋ ਗਏ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਵਾਇਰਸ ਦਾ ਜਿਹੜਾ ਸਟ੍ਰੇਨ ਫੈਲਿਆ ਹੋਇਆ ਹੈ, ਉਹ ਜਾਨਲੇਵਾ ਕਿਸਮ ਦਾ ਹੈ। ਇਸ ਦੀ ਸ਼ਨਾਖ਼ਤ ‘ਬੁੰਦੀਬੂਗੀਯੋ’ ਸਟ੍ਰੇਨ ਵਜੋਂ ਹੋਈ ਹੈ। ਇਸ ਦੀ ਰੋਕਥਾਮ ਲਈ ਟੀਕਾ ਜਾਂ ਇਲਾਜ ਅਜੇ ਤਕ ਵਿਕਸਿਤ ਨਹੀਂ ਹੋਇਆ।

ਇਸ ਮਰਜ਼ ਦੇ ਲੱਛਣਾਂ ਵਿਚ ਬੁਖ਼ਾਰ, ਕਮਜ਼ੋਰੀ, ਸਿਰਦਰਦ, ਪੱਠਿਆਂ ਵਿਚ ਪੀੜ, ਪੇਚਸ਼, ਗਲੇ ਦੀ ਸੋਜ਼ਿਸ਼ ਅਤੇ ਬਿਨਾਂ ਕਾਰਨ ਦੇ ਖ਼ੂਨ ਵਹਿਣ ਲੱਗਣਾ ਆਦਿ ਸ਼ਾਮਲ ਹਨ। ਜ਼ਰੂਰੀ ਨਹੀਂ ਕਿ ਲਾਗ ਲੱਗਣ ਤੋਂ ਤੁਰੰਤ ਬਾਅਦ ਇਹ ਲੱਛਣ ਪ੍ਰਗਟ ਹੋਣ। ਇਹ ਪੂਰੀ ਤਰ੍ਹਾਂ ਵਿਕਸਿਤ ਹੋਣ ਵਿਚ 21 ਦਿਨਾਂ ਤੱਕ ਦਾ ਸਮਾਂ ਤੱਕ ਲੈ ਸਕਦੇ ਹਨ। ਲੱਛਣ ਜ਼ਾਹਿਰ ਹੋਣ ਮਗਰੋਂ ਮਰੀਜ਼ ਦੀ ਹਾਲਤ ਲਗਾਤਾਰ ਵਿਗੜਦੀ ਜਾਂਦੀ ਹੈ। ਜ਼ਿਆਦਾ ਵਿਗੜਨ ’ਤੇ ਇਹ ਮੌਤ ਦੀ ਵਜ੍ਹਾ ਵੀ ਬਣ ਸਕਦੀ ਹੈ। ਈਬੋਲਾ ਕੋਈ ਨਵੀਂ ਬਿਮਾਰੀ ਨਹੀਂ। ਇਹ ਪਹਿਲਾਂ ਵੀ ਸਮੇਂ ਸਮੇਂ ਫੈਲਦੀ ਆਈ ਹੈ। ਪਰ ਹੁਣ ਵਾਲੀ ਇਸ ਦੀ ਕਿਸਮ (ਸਟ੍ਰੇਨ) ਵੱਧ ਘਾਤਕ ਹੈ।

ਕੀ ਇਹ ਮਰਜ਼, ਮਹਾਂਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ? ਵਿਸ਼ਵ ਸਿਹਤ ਸੰਗਠਨ ਦਾ ਜਵਾਬ ‘ਹਾਂ’ ਵਿਚ ਹੈ। ਇਸ ਸੰਸਥਾ ਮੁਤਾਬਿਕ ਭਾਵੇਂ ਈਬੋਲਾ ਮੁੱਖ ਤੌਰ ’ਤੇ ਅਫ਼ਰੀਕੀ ਮਹਾਂਦੀਪ ਤਕ ਹੀ ਸੀਮਤ ਰਹਿੰਦਾ ਆਇਆ ਹੈ, ਫਿਰ ਵੀ ਇਸ ਦੀ ਲਾਗ ਹੋਰਨਾਂ ਮਹਾਂਦੀਪਾਂ ਤੋਂ ਅਫ਼ਰੀਕਾ ਆਏ ਜਾਂ ਅਫ਼ਰੀਕਾ ਤੋਂ ਹੋਰਨਾਂ ਮਹਾਂਦੀਪਾਂ ਵਿਚ ਜਾਣ ਵਾਲੇ ਲੋਕਾਂ ਨੂੰ ਲੱਗ ਸਕਦੀ ਹੈ। ਸਿੱਧਾ-ਪੱਧਰਾ ਇਲਾਜ ਅਜੇ ਸੰਭਵ ਨਾ ਹੋਣ ਕਾਰਨ ਇਸ ਦੇ ਛੂਤ ਵਾਲੇ ਮਰੀਜ਼ ਅੰਦਰਲੀ ਰੋਗਾਂ ਨਾਲ ਲੜਨ ਦੀ ਸ਼ਕਤੀ ਉਪਰ ਵੱਧ ਨਿਰਭਰ ਕਰਦਾ ਹੈ ਕਿ ਉਹ ਖ਼ਤਰੇ ਵਾਲੀ ਅਵਸਥਾ ਤੋਂ ਬਾਹਰ ਆਉਂਦਾ ਹੈ ਜਾਂ ਨਹੀਂ।

ਸਥਿਤੀ ਦਾ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਅਮਰੀਕਾ ਵਲੋਂ ਜਨਵਰੀ ਮਹੀਨੇ ਵਿਸ਼ਵ ਸਿਹਤ ਸੰਗਠਨ ਨਾਲੋਂ ਨਾਤਾ ਤੋੜੇ ਜਾਣ ਤੋਂ ਬਾਅਦ ਜਰਮਨੀ, ਫਰਾਂਸ, ਨੈਦਰਲੈਂਡਜ਼ ਤੇ ਬਿਟ੍ਰੇਨ ਨੇ ਵੀ ਫੰਡਾਂ ਦੇ ਆਪੋ-ਅਪਣੇ ਕੋਟੇ ਵਿਚ ਕਮੀ ਕਰ ਦਿਤੀ ਹੈ ਜਿਸ ਕਾਰਨ ਇਸ ਸੰਸਥਾ ਨੂੰ ਅਪਣਾ ਸਾਲਾਨਾ ਬਜਟ 8 ਫ਼ੀਸਦੀ ਘਟਾਉਣਾ ਪਿਆ। ਫੰਡਾਂ ਦੀ ਇਸੇ ਘਾਟ ਕਰ ਕੇ ਹੀ ਇਹ ਸੰਸਥਾ ਈਬੋਲਾਂ ਦੇ ਇਲਾਜ ਲਈ ਢੁਕਵੀਆਂ ਰਕਮਾਂ ਅਲਾਟ ਕਰਨ ਦੇ ਅਸਮਰੱਥ ਹੈ।

ਅਜਿਹੇ ਹਾਲਾਤ ਵਿਚ ਭਾਰਤ ਸਮੇਤ ਬਾਕੀ ਮੁਲਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਈਬੋਲਾ ਦੇ ਇਲਾਜ ਵਾਸਤੇ ਅਮਰੀਕਾ ਜਾਂ ਯੂਰੋਪ ਦਾ ਮੂੰਹ ਦੇਖਣ ਦੀ ਥਾਂ ਖ਼ੁਦ ਜਥੇਬੰਦ ਹੋਣ ਅਤੇ ਆਪੋ-ਅਪਣੇ ਖੋਜ ਸਾਧਨਾਂ ਨੂੰ ਸਰਗਰਮ ਕਰਨ। ਮਹਾਂਮਾਰੀਆਂ ਦੇ ਪਾਸਾਰ ਨੂੰ ਰੋਕਣ ਲਈ ਭਾਰਤ ਦੀ ਅਗਵਾਈ ਹੇਠ ਪਿਛਲੇ ਸਾਲ ਹੋਈ ਆਲਮੀ ਸੰਧੀ ਨੇ ਇਲਾਜ-ਪ੍ਰਕਿਰਿਆਵਾਂ ਦੀ ਖੋਜ ਵਿਚ ਸਭ ਧਿਰਾਂ ਦੇ ਸਹਿਯੋਗ ਦੀ ਉਮੀਦ ਪੈਦਾ ਕੀਤੀ ਸੀ। ਪਰ ਹੁਣ ਇਸ ਕਾਰਜ ਵਿਚ ਯੋਗਦਾਨ ਪਾਉਣ ਪ੍ਰਤੀ ਅਮੀਰ ਮੁਲਕਾਂ ਦੀ ਝਿਜਕ ਨੇ ਉਪਰੋਕਤ ਸੰਧੀ ਨੂੰ ਬੇਅਸਰ ਬਣਾ ਦਿਤਾ ਹੈ। ਇਹ ਪਹੁੰਚ ਚਿੰਤਾਜਨਕ ਵੀ ਹੈ ਅਤੇ ਖ਼ਤਰਨਾਕ ਵੀ। 

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਥਿਤ ਵੀਡੀਓ ਨੂੰ ਲੈ ਕੇ 'ਆਪ' ਨੇ ਪੇਸ਼ ਕੀਤੀਆਂ 2 ਰਿਪੋਰਟਾਂ, ਕਿਹਾ-ਵੀਡੀਓ 'ਚ ਦਿਖਣ ਵਾਲਾ ਸਖਸ਼ ਭਗਵੰਤ ਮਾਨ ਨਹੀਂ

18 Jun 2026 1:36 PM

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM
Advertisement