ਰੂਸੀ ਮਿਜ਼ਾਈਲ ਹਮਲੇ ਵਿਚ ਚਾਰ ਭਾਰਤੀ ਜਹਾਜ਼ੀਆਂ ਦੀ ਮੌਤ ਸੋਗਮਈ ਤੇ ਤ੍ਰਾਸਦਿਕ ਘਟਨਾ ਹੈ
ਯੂਕਰੇਨ ਦੀ ਓਡੇਸਾ ਬੰਦਰਗਾਹ ਨੇੜੇ ਇਕ ਮਾਲਵਾਹਕ ਬੇੜੇ ਉਪਰ ਰੂਸੀ ਮਿਜ਼ਾਈਲ ਹਮਲੇ ਵਿਚ ਚਾਰ ਭਾਰਤੀ ਜਹਾਜ਼ੀਆਂ ਦੀ ਮੌਤ ਸੋਗਮਈ ਤੇ ਤ੍ਰਾਸਦਿਕ ਘਟਨਾ ਹੈ। ਮਿਜ਼ਾਈਲ ਟਕਰਾਉਣ ਨਾਲ ਬੇੜੇ ਨੂੰ ਅੱਗ ਲੱਗ ਗਈ ਜਿਸ ਕਾਰਨ 10 ਜਹਾਜ਼ੀ ਮਾਰੇ ਗਏ ਅਤੇ ਚਾਰ ਹੋਰ ਗੰਭੀਰ ਜ਼ਖ਼ਮੀ ਹੋਏ। ਜ਼ਖ਼ਮੀਆਂ ਵਿਚ ਵੀ ਇਕ ਭਾਰਤੀ ਸ਼ਾਮਲ ਹੈ। ਮੀਡੀਆ ਰਿਪੋਰਟਾਂ ਅਨੁਸਾਰ ਐਮ.ਵੀ. ਗੋਲਡਨ ਲੀਓ ਨਾਮੀ ਜਹਾਜ਼ ਵਿਚ ਕਣਕ ਲੱਦੀ ਹੋਈ ਸੀ।
ਅਫ਼ਰੀਕੀ ਮੁਲਕ ਗਿਨੀ ਬਿਸਾਊ ਦੇ ਝੰਡੇ ਵਾਲਾ ਇਹ ਬੇੜਾ ਜਿਵੇਂ ਹੀ ਓਡੇਸਾ ਬੰਦਰਗਾਹ ਤੋਂ ਬਾਹਰ ਨਿਕਲਿਆ ਤਾਂ ਮਿਜ਼ਾਈਲ ਇਸ ਦੇ ਡੈੱਕ ਨਾਲ ਆ ਟਕਰਾਇਆ। ਇਸ ਕਾਰਨ ਇਸ ਦੇ ਇੰਜਣ ਰੂਮ ਵਿਚ ਅੱਗ ਲੱਗ ਗਈ ਜਿਸ ’ਤੇ ਬਹੁਤ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ। ਮ੍ਰਿਤਕ ਭਾਰਤੀਆਂ ਦੇ ਨਾਮ ਅਭਿਸ਼ੇਕ ਨਿਸ਼ਾਦ, ਗੁਰਪ੍ਰ੍ਰੀਤ ਸਿੰਘ ਭੱਟ, ਅਖਿਲ ਜੋਯਾਨ ਅਤੇ ਜਗਨ ਸਿੰਘ ਦੱਸੇ ਗਏ ਹਨ। ਅਖਿਲ ਜੋਯਾਨ ਤੇ ਅਭਿਸ਼ੇਕ ਨਿਸ਼ਾਦ ਅਫ਼ਸਰ ਰੈਂਕ ਦੇ ਜਹਾਜ਼ੀ ਸਨ। ਗੁਰਪ੍ਰੀਤ ਭੱਟ ਪੰਜਾਬ ਤੋਂ ਸੀ। ਬਾਕੀ ਮ੍ਰਿਤਕ ਜਹਾਜ਼ੀਆਂ ਵਿਚੋਂ ਚਾਰ ਸੀਰੀਅਨ ਸਨ ਅਤੇ ਦੋ ਯੂਰੋਪੀਅਨ।
ਭਾਰਤੀ ਵਿਦੇਸ਼ ਮੰਤਰਾਲੇ ਨੇ ਉਪਰੋਕਤ ਹਮਲੇ ਦੇ ਸਬੰਧ ਵਿਚ ਰੂਸ ਸਰਕਾਰ ਕੋਲ ਸਖ਼ਤ ਰੋਸ ਪ੍ਰਗਟ ਕੀਤਾ ਹੈ। ਰੂਸ ਦਾ ਨਾਮ ਲਏ ਬਿਨਾਂ ਜਾਰੀ ਇਕ ਬਿਆਨ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੰਗਾਂ-ਯੁੱਧਾਂ ਦੌਰਾਨ ਵਪਾਰਕ ਜਹਾਜ਼ਰਾਨੀ ਨੂੰ ਨਿਸ਼ਾਨਾ ਬਣਾਏ ਜਾਣ ਦੇ ਖ਼ਿਲਾਫ਼ ਭਾਰਤ ਸਰਕਾਰ ਹਮੇਸ਼ਾਂ ਆਵਾਜ਼ ਉਠਾਉਂਦੀ ਆਈ ਹੈ। ਯੂਕਰੇਨੀ-ਰੂਸੀ ਜੰਗ ਵਿਚ ਭਾਰਤ ਨੂੰ ਵੀ ਘੜੀਸੇ ਜਾਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਉਂਜ, ਇਹ ਪਹਿਲੀ ਵਾਰ ਹੈ ਜਦੋਂ ਰੂਸ ਤੇ ਯੂਕਰੇਨ ਦੀ ਸਾਢੇ ਚਾਰ ਵਰਿ੍ਹਆਂ ਤੋਂ ਚੱਲ ਰਹੀ ਜੰਗ ਵਿਚ ਭਾਰਤੀ ਜਹਾਜ਼ੀਆਂ ਦਾ ਜਾਨੀ ਨੁਕਸਾਨ ਹੋਇਆ ਹੈ।
ਇਸ ਤੋਂ ਪਹਿਲਾਂ ਪੱਛਮੀ ਏਸ਼ੀਆ ਵਿਚਲੀ ਜੰਗ ਵਿਚ ਵੀ 11 ਭਾਰਤੀ ਜਹਾਜ਼ੀਆਂ ਦੀ ਮੌਤਾਂ ਪਿਛਲੇ ਦੋ ਮਹੀਨਿਆਂ ਦੌਰਾਨ ਹੋਈਆਂ ਸਨ। ਇਨ੍ਹਾਂ ਵਿਚੋਂ ਸੱਤ ਜਹਾਜ਼ੀ ਤਾਂ ਵਪਾਰਕ ਬੇੜਿਆਂ ਜਾਂ ਤੇਲ ਟੈਂਕਰਾਂ ਉੱਤੇ ਹਮਲਿਆਂ ਵਿਚ ਮਾਰੇ ਗਏ ਸਨ ਅਤੇ ਚਾਰ ਹੋਰ ਕੁਵੈਤ ਜਾਂ ਯੂ.ਏ.ਈ. ਵਿਚ ਤੇਲ ਕਾਰਖਾਨਿਆਂ ਉੱਤੇ ਇਰਾਨੀ ਡਰੋਨ ਹਮਲਿਆਂ ਦੀ ਜ਼ੱਦ ਵਿਚ ਆਉਣ ਕਾਰਨ ਜਾਨਾਂ ਗੁਆ ਚੁੱਕੇ ਹਨ। ਐਮ.ਵੀ. ਗੋਲਡਨ ਲੀਓ ਦੀ ਮਾਲਕ ਕੰਪਨੀ, ਭਾਰਤੀ ਦੱਸੀ ਜਾਂਦੀ ਹੈ। ਇਸ ਦਾ ਹੈੱਡਕੁਆਰਟਰ ਮੁੰਬਈ ਵਿਚ ਹੈ। ਭਾਰਤੀ ਮਲਕੀਅਤ ਦੇ ਬਾਵਜੂਦ ਇਸ ਵਲੋਂ ਅਪਣੇ ਬੇੜੇ ਗਿੰਨੀ ਬਿਸਾਊ ਦੇ ਝੰਡੇ ਹੇਠ ਚਲਾਉਣਾ ਟੈਕਸ ਦਰਾਂ ਤੇ ਕੌਮਾਂਤਰੀ ਮਹਿਸੂਲ ਘਟਾਉਣ ਦਾ ਇਕ ਤੌਰ-ਤਰੀਕਾ ਹੈ। ਇਸੇ ਤਰੀਕਾਕਾਰੀ ਦੇ ਜ਼ਰੀਏ ਵੱਖ ਵੱਖ ਮੁਲਕਾਂ ਦੀਆਂ ਵੱਡੀਆਂ ਜਹਾਜ਼ਰਾਨੀ ਕੰਪਨੀਆਂ ਅਪਣਾ ਮੁਨਾਫ਼ਾ ਵਧਾਉਣ ਵਿਚ ਕਾਮਯਾਬ ਰਹਿੰਦੀਆਂ ਆਈਆਂ ਹਨ। ਇਹ ਵੱਖਰੀ ਗੱਲ ਹੈ ਕਿ ਇਹ ਤਰੀਕਾਕਾਰੀ ਮਾਇਕ ਮੁਆਵਜ਼ੇ ਪੱਖੋਂ ਜਹਾਜ਼ੀ ਕਰਮੀਆਂ ਦੇ ਹਿਤਾਂ ਦੀ ਬਹੁਤੀ ਹਿਫ਼ਾਜ਼ਤ ਨਹੀਂ ਕਰਦੀ।
ਜਹਾਜ਼ਰਾਨੀ ਦੇ ਖੇਤਰ ਵਿਚ ਭਾਰਤੀਆਂ ਦੀਆਂ ਮੌਤਾਂ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਰਹਿਣ ਦੀ ਮੁੱਖ ਵਜ੍ਹਾ ਹੈ ਜਹਾਜ਼ੀਆਂ ਦੀ ਗਿਣਤੀ ਪੱਖੋਂ ਭਾਰਤੀਆਂ ਦੀ ਬਹੁਲਤਾ। ਇਸ ਵੇਲੇ ਤਿੰਨ ਲੱਖ ਤੋਂ ਵੱਧ ਭਾਰਤੀ ਨਾਗਰਿਕ ਵਪਾਰਕ ਜਹਾਜ਼ਰਾਨੀ ਵਿਚ ਨੌਕਰੀਸ਼ੁਦਾ ਹਨ। ਦਰਅਸਲ, ਫਿਲਪੀਨਜ਼ ਤੇ ਚੀਨ ਤੋਂ ਬਾਅਦ ਭਾਰਤ ਤੀਜਾ ਅਜਿਹਾ ਮੁਲਕ ਹੈ ਜੋ ਕੌਮਾਂਤਰੀ ਜਹਾਜ਼ਰਾਨੀ ਨੂੰ ਵੱਧ ਜਹਾਜ਼ੀ ਮੁਹੱਈਆ ਕਰਵਾ ਰਿਹਾ ਹੈ। ਤਿੰਨ ਲੱਖ ਭਾਰਤੀ ਜਹਾਜ਼ੀ ਕਰਮੀਆਂ ਵਿਚੋਂ ਵੀ 1.10 ਲੱਖ ਅਫ਼ਸਰ ਵਰਗ ਨਾਲ ਸਬੰਧਤ ਹਨ। ਅਜਿਹੇ ਬੇੜਿਆਂ ਦੀ ਤਾਦਾਦ ਕਾਫ਼ੀ ਵੱਡੀ ਹੈ ਜਿਨ੍ਹਾਂ ਦੇ ਕਪਤਾਨ ਤੇ ਮੁੱਖ ਇੰਜਨੀਅਰ ਭਾਰਤੀ ਨਾਗਰਿਕ ਹਨ ਅਤੇ ਬਾਕੀ ਕਰਮੀ ਫਿਲੀਪੀਨੋ ਜਾਂ ਹੋਰਨਾਂ ਦੇਸ਼ਾਂ ਤੋਂ ਹਨ। ਦਰਅਸਲ, ਭਾਰਤੀ ਜਹਾਜ਼ਰਾਨੀ ਕਰਮੀਆਂ ਦੀ ਵੱਧਦੀ ਜਾ ਰਹੀ ਮੰਗ ਦੇ ਮੱਦੇਨਜ਼ਰ ਹੀ ਭਾਰਤ ਸਰਕਾਰ ਨੇ ਸਾਲ 2030 ਤਕ ਅਜਿਹੇ ਸਿੱਖਿਅਤ ਕਰਮੀਆਂ ਦੀ ਸੰਖਿਆ ਚਾਰ ਲੱਖ ਤਕ ਪਹੁੰਚਾਉਣ ਦਾ ਟੀਚਾ ਮਿਥਿਆ ਹੋਇਆ ਹੈ।
ਰੁਜ਼ਗਾਰ ਦੇ ਬਿਹਤਰ ਅਵਸਰ ਤੇ ਚੰਗੀਆਂ ਤਨਖ਼ਾਹਾਂ ਦੇ ਬਾਵਜੂਦ ਵਪਾਰਕ ਜਹਾਜ਼ਰਾਨੀ ਨਾਲ ਖ਼ਤਰੇ ਵੀ ਜ਼ਿਆਦਾ ਜੁੜੇ ਹੋਏ ਹਨ। ਪਹਿਲਾਂ ਅਜਿਹੀ ਜਹਾਜ਼ਰਾਨੀ ਨੂੰ ਸਮੁੰਦਰੀ ਧਾੜਵੀਆਂ ਤੋਂ ਖ਼ਤਰਾ ਜ਼ਿਆਦਾ ਸੀ; ਹੁਣ ਜੰਗੀ ਅਖਾੜਿਆਂ ਦਾ ਪਸਾਰ ਜਹਾਜ਼ੀਆਂ ਦੀਆਂ ਜਾਨਾਂ ਦਾ ਖੌਅ ਬਣਿਆ ਹੋਇਆ ਹੈ। ਇਸੇ ਖੌਅ ਦੇ ਪ੍ਰਸੰਗ ਵਿਚ ਭਾਰਤ ਸਰਕਾਰ ਨੂੰ ਅਪਣਾ ਰੁਖ਼ ਵੱਧ ਸਖ਼ਤ ਬਣਾਉਣਾ ਚਾਹੀਦਾ ਹੈ। ਬਿਆਨਾਂ ਤਕ ਸੀਮਤ ਰਹਿਣ ਦੀ ਥਾਂ ਹਰ ਹਮਲਾਵਰ ਮੁਲਕ ਪਾਸੋਂ ਮੁਆਵਜ਼ਾ ਵਸੂਲਣਾ ਇਕ ਸਥਾਈ ਦਸਤੂਰ ਬਣ ਜਾਣਾ ਚਾਹੀਦਾ ਹੈ। ਰੂਸ, ਭਾਰਤ ਦਾ ਮਿੱਤਰ ਦੇਸ਼ ਹੈ। ਪਰ ਉਸ ਵਲੋਂ ਭਾਰਤੀ ਜਾਨੀ ਨੁਕਸਾਨ ਪ੍ਰਤੀ ਖ਼ਾਮੋਸ਼ੀ ਮਿੱਤਰਤਾ ਦੀ ਨਿਸ਼ਾਨੀ ਨਹੀਂ। ਉਸ ਨੂੰ ਅਹਿਸਾਸ ਕਰਵਾਇਆ ਜਾਣਾ ਚਾਹੀਦਾ ਹੈ ਕਿ ਭਾਰਤ ਸਰਕਾਰ ਦੀਆਂ ਨਜ਼ਰਾ ਵਿਚ ਹਰ ਭਾਰਤੀ ਨਾਗਰਿਕ ਦੀ ਜਾਨ ਕੀਮਤੀ ਹੈ।
