ਸੋਮਵਾਰ ਨੂੰ ਅਲੀਗੰਜ (ਲਖ਼ਨਊ) ਵਿਚ ਮਨੁੱਖੀ ਜਾਨਾਂ ਦੀ ਤਾਦਾਦ 18 ਦੱਸੀ ਗਈ ਹੈ। ਇਨ੍ਹਾਂ ਤੋਂ ਇਲਾਵਾ 7 ਕੁੱਤੇ ਵੀ ਬੁਰੀ ਤਰ੍ਹਾਂ ਝੁਲਸ ਗਏ।
ਹੌਜ਼ ਰਾਣੀ ਤੋਂ ਬਾਅਦ ਅਲੀਗੰਜ ਅਗਨੀ ਕਾਂਡ। ਭਾਰਤੀ ਸ਼ਹਿਰਾਂ, ਖ਼ਾਸ ਕਰ ਕੇ ਮਹਾਂਨਗਰਾਂ ਦੇ ਕਾਰੋਬਾਰੀ ਕੇਂਦਰਾਂ ਵਿਚ ਅਗਨੀ ਕਾਂਡਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੀ ਗਿਣਤੀ ਵਧਣ ਦੇ ਨਾਲ ਨਾਲ ਇਨਸਾਨੀ ਮੌਤਾਂ ਦੀ ਸੰਖਿਆ ਵਿਚ ਇਜ਼ਾਫ਼ਾ ਵੀ ਕੁਦਰਤੀ ਵਰਤਾਰਾ ਹੈ। ਪਰ ਕੀ ਇਸ ਵਰਤਾਰੇ ਤੋਂ ਕੋਈ ਸਬਕ ਸਿਖਿਆ ਗਿਆ ਹੈ? ਹੌਜ਼ ਰਾਣੀ (ਦੱਖਣੀ ਦਿੱਲੀ) ਅਗਨੀ ਕਾਂਡ ਵਿਚ 23 ਜਾਨਾਂ ਗਈਆਂ। ਹੁਣ ਸੋਮਵਾਰ ਨੂੰ ਅਲੀਗੰਜ (ਲਖ਼ਨਊ) ਵਿਚ ਮਨੁੱਖੀ ਜਾਨਾਂ ਦੀ ਤਾਦਾਦ 18 ਦੱਸੀ ਗਈ ਹੈ। ਇਨ੍ਹਾਂ ਤੋਂ ਇਲਾਵਾ 7 ਕੁੱਤੇ ਵੀ ਬੁਰੀ ਤਰ੍ਹਾਂ ਝੁਲਸ ਗਏ।
ਅਜਿਹੇ ਬਹੁਤੇ ਅਗਨੀ ਕਾਂਡਾਂ ਦੀ ਵਜ੍ਹਾ ਇੱਕੋ ਹੀ ਦੱਸੀ ਜਾਂਦੀ ਹੈ : ਸ਼ਾਰਟ ਸਰਕਟ। ਬਿਜਲੀ ਦੀਆਂ ਤਾਰਾਂ ਵੱਧ ਲੋਡ ਨਾਲ ਭਖ਼ ਜਾਣ ਕਾਰਨ ਆਪੋ ਵਿਚ ਜੁੜਨੀਆਂ ਤੇ ਚੰਗਿਆੜੇ ਨਿਕਲਣੇ। ਮੌਸਮੀ ਤਪਸ਼ ਨੂੰ ਵੀ ਅਕਸਰ ਅਜਿਹੇ ਭਾਣੇ ਲਈ ਦੋਸ਼ੀ ਦਸਿਆ ਜਾਂਦਾ ਹੈ; ਇਹ ਹਕੀਕਤ ਭੁਲਾ ਕੇ ਕਿ ਤਪਸ਼ ਵਧਾਉਣ ਵਾਲੇ ਹਾਲਾਤ ਸਬੰਧਤ ਇਮਾਰਤ ਦੇ ਅੰਦਰ ਹੀ ਹੁੰਦੇ ਹਨ। ਇਮਾਰਤੀ ਉਸਾਰੀ, ਬਿਜਲਈ ਫਿਟਿੰਗਜ਼, ਪਾਵਰ ਲੋਡਿੰਗ ਅਤੇ ਇਮਾਰਤੀ ਹਵਾਦਾਰੀ ਦੇ ਨਿਯਮਾਂ ਤੇ ਅਸੂਲਾਂ ਦੀਆਂ ਸਿੱਧੀਆਂ ਉਲੰਘਣਾਵਾਂ ਬਹੁਤੀ ਵਾਰ ਉਪਰੋਕਤ ਹਾਲਾਤ ਦੀ ਵਜ੍ਹਾ ਸਾਬਤ ਹੁੰਦੀਆਂ ਹਨ। ਸ਼ਹਿਰੀ ਮਾਮਲਿਆਂ ਬਾਰੇ ਪਾਰਲੀਮਾਨੀ ਕਮੇਟੀ ਦੀ ਰਿਪੋਰਟ ਦੇਸ਼ ਅੰਦਰਲੀਆਂ 80 ਫ਼ੀ ਸਦੀ ਮਾਰਕੀਟਾਂ ਅਤੇ ਕਾਰੋਬਾਰੀ ਇਮਾਰਤਾਂ ਵਿਚ ਉਪਰੋਕਤ ਉਲੰਘਣਾਵਾਂ ਦੀ ਬਹੁਲਤਾ ਦਾ ਜ਼ਿਕਰ ਕਰਦੀ ਹੈ।
ਇਹੋ ਰਿਪੋਰਟ ਉਲੰਘਣਾਵਾਂ ਦੀ ਸਹੀ ਸ਼ਨਾਖ਼ਤ ਅਤੇ ਇਨ੍ਹਾਂ ਨੂੰ ਦੂਰ ਕਰਵਾਉਣ ਦੇ ਉਪਾਵਾਂ ਉੱਤੇ ਜ਼ੋਰ ਵੀ ਦਿੰਦੀ ਹੈ। ਅਫ਼ਸੋਸ ਇਹ ਹੈ ਕਿ ਪਾਰਲੀਮਾਨੀ ਰਿਪੋਰਟ ਵਾਲੇ ਇਸ ਦੇ ਰੁਤਬੇ ਨੂੰ ਕੌਮੀ ਰਾਜਧਾਨੀ ਦਿੱਲੀ ਵਿਚ ਹੀ ਜੇਕਰ ਰਾਜਨੇਤਾਵਾਂ ਤੇ ਅਧਿਕਾਰੀਆਂ ਵਲੋਂ ਸੰਜੀਦਗੀ ਨਾਲ ਨਹੀਂ ਲਿਆ ਗਿਆ ਤਾਂ ਬਾਕੀ ਦੇਸ਼ ਵਿਚ ਇਸ ਦਾ ਕੀ ਹਸ਼ਰ ਹੋਇਆ ਹੋਵੇਗਾ, ਇਹ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ। ਅਲੀਗੰਜ ਅਗਨੀਕਾਂਡ ਅਜਿਹੀ ਗ਼ੈਰ-ਸੰਜੀਦਗੀ ਦੀ ਇਕ ਭਖ਼ਵੀਂ ਮਿਸਾਲ ਹੈ। ਅਲੀਗੰਜ (ਲਖਨਊ) ਵਿਚਲੀ ਕਾਰੋਬਾਰੀ ਇਮਾਰਤ ਵਿਚ ਅਗਨੀਕਾਂਡ ਬਾਅਦ ਦੁਪਹਿਰ 2:30 ਵਜੇ ਦੇ ਆਸ-ਪਾਸ ਸ਼ੁਰੂ ਹੋਇਆ। ਭੜਕੀ ਅੱਗ ਨੂੰ ਸਭ ਤੋਂ ਪਹਿਲਾਂ ਇਕ ਮਹਿਲਾ ਸਫ਼ਾਈ ਕਰਮੀ ਨੇ ਦੇਖਿਆ। ਉਸ ਵਲੋਂ ਰੌਲਾ ਪਾਏ ਜਾਣ ਦੇ ਚੰਦ ਮਿੰਟਾਂ ਦੇ ਅੰਦਰ ਪੂਰੀ ਇਮਾਰਤ ਅੱਗ ਦੀ ਲਪੇਟ ਵਿਚ ਆ ਗਈ। ਫ਼ਾਇਰ ਬ੍ਰਿਗੇਡ ਨੇ ਪੁੱਜਣ ਵਿਚ ਬਹੁਤੀ ਦੇਰ ਨਹੀਂ ਲਾਈ। 15 ਅੱਗ-ਬੁਝਾਊ ਇੰਜਣ ਅੱਗ ’ਤੇ ਕਾਬੂ ਪਾਉਣ ਲਈ ਵਰਤੇ ਗਏ।
ਇਕ ਘੰਟੇ ਦੇ ਅੰਦਰ ਇਹ ਕੰਮ ਮੁਕੰਮਲ ਕਰ ਲਿਆ ਗਿਆ। 22 ਬੰਦੇ ਵੀ ਬਚਾਏ ਗਏ ਅਤੇ ਇਕ ਤੋਤਾ, 8 ਬਿੱਲੀਆਂ ਤੇ 7 ਕੁੱਤੇ ਵੀ ਬਚਾਅ ਲਏ ਗਏ। ਬਚਾਏ ਬੰਦਿਆਂ ਵਿਚੋਂ 7 ਵੱਧ ਝੁਲਸੇ ਹੋਏ ਸਨ। ਸ਼ਾਇਦ ਇਸੇ ਲਈ ਤਿੰਨ ਦੀ ਮੌਤ ਹੋ ਗਈ। ਅਜਿਹੇ ਅੰਕੜਿਆਂ ਤੋਂ ਉਲਟ ਇਸ ਘਟਨਾ ਵਿਚ ਇਮਾਰਤੀ ਉਲੰਘਣਾਵਾਂ ਤੇ ਕਾਨੂੰਨੀ ਬੇਕਾਇਦਗੀਆਂ ਹੈਰਾਨੀਜਨਕ ਹਨ। ਇਮਾਰਤੀ ਪਲਾਟ ਵੀਰੇਂਦਰ ਪ੍ਰਤਾਪ ਸ਼ੁਕਲਾ ਦੇ ਨਾਮ ’ਤੇ ਹੈ। ਇਸ ਉੱਤੇ ਇਕ-ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ ਉਸਾਰੀ ਲਈ ਨਕਸ਼ਾ ਸੁਰੇਂਦਰ ਤੇ ਧੀਰੇਂਦਰ ਸ਼ੁਕਲਾ ਦੇ ਨਾਮ ’ਤੇ ਪਾਸ ਹੋਇਆ। ਫਿਰ ਇਕ ਦੀ ਥਾਂ ਚਾਰ ਮੰਜ਼ਿਲਾਂ ਉਸਾਰੀਆਂ ਗਈਆਂ; ਉਹ ਵੀ ਰਿਹਾਇਸ਼ੀ ਨਹੀਂ, ਕਾਰੋਬਾਰੀ। ਇਸੇ ਲਈ ਇਮਾਰਤ ਅੰਦਰ ਗੇਮਿੰਗ ਜ਼ੋਨ ਵੀ ਸੀ, ਕੋਚਿੰਗ ਸੈਂਟਰ ਵੀ, ਐਨੀਮੇਸ਼ਨ ਟ੍ਰੇਨਿੰਗ ਸੈਂਟਰ ਵੀ, ਪਾਲਤੂ ਜਾਨਵਰ ਤੇ ਪੰਛੀ ਵੇਚਣ ਵਾਲੀ ਦੁਕਾਨ ਵੀ ਅਤੇ ਰੰਗ-ਰੋਗਨਾਂ ਦਾ ਗ਼ੁਦਾਮ ਵੀ।
ਦੋ-ਤਿੰਨ ਹੋਰ ਛੋਟੀਆਂ ਛੋਟੀਆਂ ਦੁਕਾਨਾਂ ਵੀ ਸਨ। ਏਨੇ ਕਾਰੋਬਾਰੀ ਅਦਾਰੇ, ਪਰ ਨਾ ਅੱਗ ਤੋਂ ਸੁਰੱਖਿਆ ਦੇ ਪ੍ਰਬੰਧਾਂ ਦੀ ਮੌਜੂਦਗੀ ਦਾ ਸਰਟੀਫ਼ਿਕੇਟ ਅਤੇ ਨਾ ਹੀ ਬਿਜਲਈ ਫਿਟਿੰਗਜ਼ ਦਰੁਸਤ ਹੋਣ ਦਾ ਪ੍ਰਮਾਣ-ਪੱਤਰ। ਬਿਜਲੀ ਦਾ ਮਨਜ਼ੂਰਸ਼ੁਦਾ ਲੋਡ 20 ਕਿਲੋਵਾਟ, ਅਸਲ ਲੋਡ 36.5 ਕਿਲੋਵਾਟ। ਗ਼ੁਦਾਮ ਵਿਚ ਪਲਾਸਟਿਕ, ਰੰਗਾਂ ਤੇ ਮਿੱਟੀ ਦੇ ਤੇਲ ਵਰਗੇ ਜਲਣਸ਼ੀਲ ਪਦਾਰਥਾਂ ਦੀ ਵੱਡੀ ਮੌਜੂਦਗੀ। ਚਿਣਗ ਲੱਗਦਿਆਂ ਹੀ ਅੱਗ ਦੇ ਭਾਂਬੜ ਉੱਠਣੇ ਸੁਭਾਵਿਕ ਹੀ ਸਨ। ਐਮਰਜੈਂਸੀ ਨਿਕਾਸ ਦੀ ਅਣਹੋਂਦ ਨੇ ਸਥਿਤੀ ਨੂੰ ਹੋਰ ਵੀ ਪੇਚੀਦਾ ਬਣਾ ਦਿਤਾ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪ੍ਰਸ਼ਾਸਨਿਕ ਸਖ਼ਤੀ ਲਈ ਮਸ਼ਹੂਰ ਹਨ। ਉਨ੍ਹਾਂ ਦੇ ਹੁਕਮਾਂ ’ਤੇ ਪੁਲੀਸ ਨੇ 6 ਮੁਲਜ਼ਮਾਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕਰ ਕੇ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਰ ਸਰਕਾਰੀ ਅਫ਼ਸਰ ਵੀ ਮੁਅੱਤਲ ਕੀਤੇ ਗਏ ਹਨ। ਜਾਂਚ-ਪੜਤਾਲ ਹਫ਼ਤੇ ਅੰਦਰ ਮੁਕੰਮਲ ਕਰ ਕੇ 10 ਦਿਨਾਂ ਬਾਅਦ ਚਾਰਜਸ਼ੀਟ ਦਾਇਰ ਕੀਤੇ ਜਾਣ ਦੇ ਹੁਕਮ ਵੀ ਜਾਰੀ ਹੋਏ ਹਨ। ਪਰ ਸਵਾਲ ਇਹੋ ਉੱਠਦਾ ਹੈ ਕਿ ਪ੍ਰਸ਼ਾਸਨ ਨੂੰ ਜਾਗ, ਤਬਾਹੀ ਤੋਂ ਬਾਅਦ ਕਿਉਂ ਆਉਂਦੀ ਹੈ? ਕੀ ਦਿੱਲੀ ਦਾ ਹੌਜ਼ ਰਾਣੀ ਅਗਨੀ ਕਾਂਡ ਬਾਕੀ ਮੁਲਕ ਦੇ ਸ਼ਹਿਰੀ ਅਧਿਕਾਰੀਆਂ ਤੇ ਰਾਜਨੇਤਾਵਾਂ ਲਈ ਵੱਡੀ ਚਿਤਾਵਨੀ ਨਹੀਂ ਸੀ ਕਿ ਸ਼ਹਿਰਾਂ ਦੀਆਂ ਕਾਰੋਬਾਰੀ ਇਮਾਰਤਾਂ ਬਾਰੂਦੀ ਗੋਲਿਆਂ ਵਰਗੀ ਸਥਿਤੀ ਵਿਚ ਹਨ? ਇਸੇ ਲਈ ਇਨ੍ਹਾਂ ਦੀ ਵਿਸਫ਼ੋਟਕ ਹੋਣੀ ਨੂੰ ਟਾਲਣ ਦੇ ਉਪਾਅ ਫ਼ੌਰੀ ਤੌਰ ’ਤੇ ਸਰਗਰਮੀ ਨਾਲ ਸ਼ੁਰੂ ਹੋ ਜਾਣੇ ਚਾਹੀਦੇ ਹਨ। ਕੀ ਅਜਿਹਾ ਕਾਰਜ ਆਰੰਭਣਾ ਉਨ੍ਹਾਂ ਦੀ ਪ੍ਰਸ਼ਾਸਨਿਕ ਜ਼ਿੰਮੇਵਾਰੀ ਨਹੀਂ? ਅਤੇ ਜੇ ਹੈ ਤਾਂ ਜ਼ਿੰਮੇਵਾਰੀ ਦੀ ਲਗਾਤਾਰ ਅਣਦੇਖੀ ਕਿਉ?
