ਠਲ੍ਹ ਨਹੀਂ ਰਹੀ ਪਾਕਿ ਵਿਚ ਦਹਿਸ਼ਤਗ਼ਰਦੀ
ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਦਰਮਿਆਨ ਤਨਾਜ਼ਾ ਵੱਧ ਗਿਆ ਹੈ। ਬੁੱਧਵਾਰ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਕੋਹਾਟ ਜ਼ਿਲ੍ਹੇ ਵਿਚ ਦੋ ਅਫ਼ਗ਼ਾਨ ਡਰੋਨ ਫੁੰਡ ਲੈਣ ਦਾ ਦਾਅਵਾ ਕੀਤਾ। ਇਹ ਡਰੋਨ ਹਮਲਾ ਦੋ ਦਿਨ ਪਹਿਲਾਂ ਪੂਰਬੀ ਅਫ਼ਗ਼ਾਨਿਸਤਾਨ ਦੇ ਪਕਤਿਕਾ ਤੇ ਨੰਗਰਹਾਰ ਸੂਬਿਆਂ ਵਿਚ ‘‘ਦਹਿਸ਼ਤਗ਼ਰਦਾਂ ਦੇ ਅੱਡਿਆਂ’’ ਉੱਤੇ ਪਾਕਿਸਤਾਨੀ ਹਵਾਈ ਬੰਬਾਰੀ ਦੇ ਜਵਾਬ ਵਿਚ ਕੀਤਾ ਗਿਆ। ਡਰੋਨ ਹਮਲਾ ਨਾਕਾਮ ਬਣਾਉਣ ਦੇ ਦਾਅਵੇ ਤੋਂ ਬਾਅਦ ਪਾਕਿਸਤਾਨ ਨੇ ਇਹ ਵੀ ਦਾਅਵਾ ਕੀਤਾ ਕਿ ਅਫ਼ਗ਼ਾਨ ਫ਼ੌਜ ਵਲੋਂ ਪਾਕਿਸਤਾਨੀ ਸਰਹੱਦੀ ਚੌਕੀਆਂ ਵਲ ਗੋਲਾਬਾਰੀ ਕੀਤੀ ਗਈ ਜਿਸ ਦਾ ਮਕਸਦ ‘‘ਦਹਿਸ਼ਤਗ਼ਰਦਾਂ ਦੀ ਘੁਸਪੈਠ ਲਈ ਕਵਰ ਪ੍ਰਦਾਨ ਕਰਨਾ ਸੀ।’’ ਦੂਜੇ ਪਾਸੇ, ਅਫ਼ਗ਼ਾਨਿਸਤਾਨ ਦੀ ਤਾਲਿਬਾਨ ਹਕੂਮਤ ਨੇ ਡਰੋਨ ਭੇਜਣ ਜਾਂ ਗੋਲਾਬਾਰੀ ਦੇ ਦੋਸ਼ ਰੱਦ ਕੀਤੇ ਹਨ ਅਤੇ ਜਵਾਬੀ ਦੋਸ਼ ਲਾਇਆ ਹੈ ਕਿ ਪਾਕਿਸਤਾਨ ਸਰਕਾਰ, ਹਵਾਈ ਬੰਬਾਰੀ ਰਾਹੀਂ ਸਾਧਾਰਨ ਅਫ਼ਗ਼ਾਨ ਨਾਗਰਿਕਾਂ ਦੀਆਂ ਜਾਨਾਂ ਲੈ ਰਹੀ ਹੈ ਅਤੇ ਇਸ ‘‘ਮੁਜਰਿਮਾਨਾ ਕਾਰਵਾਈ’’ ਉੱਤੇ ਪਰਦਾਪੋਸ਼ੀ ਕਰਨ ਦੀ ਖ਼ਾਤਿਰ ਅਫ਼ਗ਼ਾਨਿਸਤਾਨ ਉੱਪਰ ਤਰ੍ਹਾਂ-ਤਰ੍ਹਾਂ ਦੀ ਦੂਸ਼ਨਬਾਜ਼ੀ ਦਾ ਸਹਾਰਾ ਲੈਂਦੀ ਆ ਰਹੀ ਹੈ।
ਦੋਵਾਂ ਮੁਲਕਾਂ ਦਰਮਿਆਨ ਤਨਾਜ਼ੇ ਦਾ ਮੌਜੂਦਾ ਦੌਰ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੇ ਸ਼ਹਿਰ ਕੋਹਾਟ ਵਿਚ ਸ਼ੁਕਰਵਾਰ ਦੇ ਦਹਿਸ਼ਤੀ ਹਮਲੇ ਤੋਂ ਸ਼ੁਰੂ ਹੋਇਆ। ਜ਼ਿਕਰਯੋਗ ਹੈ ਕਿ ਚਾਰ ਮਹੀਨੇ ਪਹਿਲਾਂ ਚੀਨ, ਤੁਰਕੀ, ਕਤਰ ਤੇ ਸਾਊਦੀ ਅਰਬ ਦੀ ਵਿਚੋਲਗਿਰੀ ਸਦਕਾ ਦੋਵਾਂ ਗੁਆਂਢੀ ਮੁਲਕਾਂ ਨੇ ਇਕ-ਦੂਜੇ ਉੱਪਰ ਹਮਲੇ ਨਾ ਕਰਨ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਕੁੱਝ ਮਹੀਨੇ ਮੁਕਾਬਲਤਨ ਠੰਢ-ਠੰਢਾਰਾ ਰਿਹਾ, ਪਰ ਕੋਹਾਟ ਵਿਚ ਪੁਲੀਸ ਹੈੱਡਕੁਆਰਟਰ ਦੇ ਅਹਾਤੇ ਦੇ ਅੰਦਰ ਸਥਿਤ ਮਸਜਿਦ ਉੱਪਰ ਆਤਮਘਾਤੀ ਦਹਿਸ਼ਤੀ ਹਮਲੇ ਨੇ ਇਹ ਗੋਲੀਬੰਦੀ ਖ਼ਤਮ ਕਰਵਾ ਦਿਤੀ। ਇਸ ਹਮਲੇ ਵਿਚ 31 ਵਿਅਕਤੀ ਮਾਰੇ ਗਏ। ਇਨ੍ਹਾਂ ਵਿਚ 8 ਹਮਲਾਵਰ ਵੀ ਸ਼ਾਮਲ ਸਨ। ਬਾਕੀ ਮ੍ਰਿਤਕਾਂ ਵਿਚੋਂ ਸੀਨੀਅਰ ਪੁਲੀਸ ਅਫ਼ਸਰਾਂ ਸਮੇਤ 14 ਪੁਲੀਸ ਮੁਲਾਜ਼ਮਾਂ ਦੇ ਹਲਾਕ ਹੋਣ ਦੀ ਤਸਦੀਕ ਵੀ ਪਾਕਿਸਤਾਨੀ ਫ਼ੌਜ ਦੇ ਤਰਜਮਾਨਾਂ ਵਲੋਂ ਕੀਤੀ ਗਈ ਹੈ। ਉਸ ਤੋਂ ਬਾਅਦ ਅਫ਼ਗ਼ਾਨ ਸਰਹੱਦ ਨੇੜੇ ਹੰਗੂ ਵਿਚ ਵੀ ਕਥਿਤ ਦਹਿਸ਼ਤੀਆਂ ਨੇ ਘਾਤ ਲਾ ਕੇ ਕੀਤੇ ਹਮਲੇ ਰਾਹੀਂ 6 ਪੁਲੀਸ ਮੁਲਾਜ਼ਮ ਮਾਰ ਦਿਤੇ। ਪਾਕਿਸਤਾਨ ਸਰਕਾਰ ਨੇ ਇਨ੍ਹਾਂ ਹਮਲਿਆਂ ਲਈ ‘ਫਿਤਨਾ-ਉਲ-ਖਵਾਰਿਜ’ (ਵਿਦੇਸ਼ੀ ਸਹਾਇਤਾ ਪ੍ਰਾਪਤ ਦਹਿਸ਼ਤੀਆਂ) ਨੂੰ ਦੋਸ਼ੀ ਦਸਿਆ ਹੈ। ਇਹ ਨਾਮ ਹੁਣ ਸਰਕਾਰੀ ਤੌਰ ’ਤੇ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਲਈ ਵਰਤਿਆ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਟੀ.ਟੀ.ਪੀ. ਨੇ ਕੋਹਾਟ ਹਮਲੇ ਸਬੰਧੀ ਦੋਸ਼ ਰੱਦ ਕੀਤੇ ਹਨ ਅਤੇ ਕਿਹਾ ਹੈ ਕਿ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਸੰਗਠਨਾਂ ਨਾਲ ਉਸ ਦਾ ਕੋਈ ਵਾਹ-ਵਾਸਤਾ ਨਹੀਂ। ਅਜਿਹੇ ਘਟਨਾਕ੍ਰਮ ਦੌਰਾਨ ਹੀ ਪਾਕਿਸਤਾਨ ਸਰਕਾਰ ਨੇ ਅਫ਼ਗ਼ਾਨ ਹਕੂਮਤ ਉੱਪਰ ਪਾਕਿਸਤਾਨ-ਵਿਰੋਧੀ ਦਹਿਸ਼ਤਗ਼ਰਦਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਅਤੇ ਬਦਲਾ ਲੈਣ ਲਈ ‘‘ਅਫ਼ਗ਼ਾਨ ਭੂਮੀ ਅੰਦਰਲੇ ਦਹਿਸ਼ਤੀ ਅੱਡਿਆਂ’’ ਉੱਤੇ ਬੰਬਾਰੀ ਵਾਲਾ ਰਾਹ ਅਪਣਾਇਆ। ਇਸ ਬੰਬਾਰੀ ਵਿਚ 31 ਦਹਿਸ਼ਤੀਆਂ ਦੀਆਂ ਜਾਨਾਂ ਲੈਣ ਦੇ ਪਾਕਿਸਤਾਨੀ ਦਾਅਵੇ ਨੂੰ ਕੌਮਾਂਤਰੀ ਰੈੱਡ ਕਰਾਸ ਨੇ ਇਸ ਆਧਾਰ ’ਤੇ ਖ਼ਾਰਿਜ ਕਰ ਦਿਤਾ ਹੈ ਕਿ ਮੌਤਾਂ ਦੀ ਅਸਲ ਗਿਣਤੀ 7 ਹੈ ਅਤੇ ਇਹ ਸਾਰੇ ਵਿਅਕਤੀ ਦਹਿਸ਼ਤਗ਼ਰਦ ਨਾ ਹੋ ਕੇ ਸਾਧਾਰਨ ਅਫ਼ਗ਼ਾਨ ਨਾਗਰਿਕ ਸਨ।
ਕੋਹਾਟ ਹਮਲੇ ਦਾ ਮਾਮਲਾ ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਮੰਗਲਵਾਰ ਨੂੰ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਸਾਲਾਨਾ ਇਜਲਾਸ ਵਿਚ ਵੀ ਉਠਾਇਆ, ਪਰ ਇਸ ਵਾਰ ਉਨ੍ਹਾਂ ਨੇ ਭਾਰਤ ਉੱਤੇ ਤਹਿਰੀਕ-ਇ-ਤਾਲਿਬਾਨ (ਟੀ.ਟੀ.ਪੀ.) ਦੀ ਪੁਸ਼ਤਪਨਾਹੀ ਦੇ ਦੋਸ਼ ਲਾਉਣ ਤੋਂ ਗੁਰੇਜ਼ ਕੀਤਾ। ਤੋਹਮਤਾਂ ਦਾ ਨਿਸ਼ਾਨਾ ਮੁੱਖ ਤੌਰ ’ਤੇ ਅਫ਼ਗ਼ਾਨ ਹਕੂਮਤ ਹੀ ਬਣੀ ਰਹੀ। ਉਂਜ, ਸੋਚਣ ਵਾਲੀ ਗੱਲ, ਦਰਅਸਲ, ਇਹ ਹੈ ਕਿ ਜਿਹੜਾ ਮੁਲਕ ਪਿਛਲੇ ਤਿੰਨ ਵਰਿ੍ਹਆਂ ਦੇ ਅੰਦਰ 3600 ਤੋਂ ਵੱਧ ‘ਦਹਿਸ਼ਤਗ਼ਰਦ’ ਸਿਰਫ਼ ਖ਼ੈਬਰ-ਪਖ਼ਤੂਨਖ਼ਵਾ ਸੂਬੇ ਦੇ ਅੰਦਰ ਮਾਰਨ ਦੇ ਦਾਅਵੇ ਕਰਦਾ ਆਇਆ ਹੈ (ਬਲੋਚਿਸਤਾਨ ਵਿਚ ਇਸੇ ਅਰਸੇ ਦੌਰਾਨ ਮਾਰੇ ਗਏ ‘ਦਹਿਸ਼ਤੀਆਂ’ ਦੀ ਗਿਣਤੀ ਵੱਖਰੀ ਹੈ), ਉਹ ਤਕਰੀਬਨ ਹਰ ਰੋਜ਼ ਇਕ-ਨਾ-ਇਕ ਦਹਿਸ਼ਤੀ ਹਮਲੇ ਦਾ ਸ਼ਿਕਾਰ ਕਿਉਂ ਹੁੰਦਾ ਆ ਰਿਹਾ ਹੈ। ਜ਼ਾਹਿਰ ਹੈ ਕਿ ਕਥਿਤ ਦਹਿਸ਼ਤੀ ਸੰਗਠਨਾਂ ਨੂੰ ਆਮ ਲੋਕਾਂ ਤੋਂ ਸਿਆਸੀ ਇਮਦਾਦ ਵੀ ਹਾਸਿਲ ਹੋ ਰਹੀ ਹੈ ਅਤੇ ਮਾਇਕ ਤੇ ਜਿਸਮਾਨੀ ਮਦਦ ਵੀ ਮਿਲਦੀ ਆ ਰਹੀ ਹੈ। ਇਹ ਹਕੂਮਤੀ ਨੀਤੀਆਂ ਪ੍ਰਤੀ ਨਾਖ਼ੁਸ਼ੀ ਤੇ ਬੇਇਤਬਾਰੀ ਦੀ ਸਪਸ਼ਟ ਨਿਸ਼ਾਨੀ ਹੈ। ਲਿਹਾਜ਼ਾ, ਗੁਆਂਢੀ ਮੁਲਕਾਂ ਨੂੰ ਦੋਸ਼ ਦੇਣ ਦੀ ਥਾਂ ਉਪਰੋਕਤ ਮਰਜ਼ ਦਾ ਇਲਾਜ ਵੱਧ ਜ਼ਰੂਰੀ ਹੈ।
