ਖ਼ਬਰਾਂ |

ਤਾਜ਼ਾ |

ਅਪਣੇ ਹੀ ਜਾਲ ’ਚ ਫਸਦਾ ਜਾ ਰਿਹਾ ਹੈ ਪਾਕਿਸਤਾਨ 
Published : Jun 25, 2026, 6:46 am IST
Updated : Jun 25, 2026, 6:46 am IST
SHARE ARTICLE
Pakistan is getting trapped in its own trap.
Pakistan is getting trapped in its own trap.

ਅਪਣੇ ਹੀ ਜਾਲ ’ਚ ਫਸਦਾ ਜਾ ਰਿਹਾ ਹੈ ਪਾਕਿਸਤਾਨ 

ਸਥਿਤੀ ਬਦਲਦਿਆਂ ਸਮਾਂ ਲੱਗ ਸਕਦਾ ਹੈ, ਪਰ ਇਹ ਬਦਲਦੀ ਜ਼ਰੂਰ ਹੈ। ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ (ਜਿਸ ਨੂੰ ਅਸੀ ਮਕਬੂਜ਼ਾ ਕਸ਼ਮੀਰ ਕਹਿੰਦੇ ਹਾਂ) ਵਿਚ ਜਨ-ਅੰਦੋਲਨ ਪਿਛਲੇ 15 ਦਿਨਾਂ ਤੋਂ ਲਗਾਤਾਰ ਜਾਰੀ ਹੈ। ਬਿਜਲੀ ਸਪਲਾਈ ਵਿਚ ਕਮੀ ਅਤੇ ਆਟੇ ਦੀ ਅਣਹੋਂਦ ਤੋਂ ਸ਼ੁਰੂ ਹੋਏ ਅੰਦੋਲਨ ਵਿਚ ਇਕ ਮੰਗ ‘ਆਜ਼ਾਦ’ ਕਸ਼ਮੀਰ ਅਸੈਂਬਲੀ ਵਿਚੋਂ  ਉਹ 12 ਸੀਟਾਂ ਖ਼ਤਮ ਕਰਨ ਦੀ ਹੈ ਜਿਹੜੀਆਂ ਮਕਬੂਜ਼ਾ ਕਸ਼ਮੀਰ ਤੋਂ ਬਾਹਰ ਰਹਿੰਦੇ ‘ਰਿਫ਼ਿਊਜੀ’ ਕਸ਼ਮੀਰੀਆਂ ਲਈ ਰਾਖਵੀਆਂ ਹਨ ਅਤੇ ਜਿਨ੍ਹਾਂ ਨੂੰ ਅਕਸਰ ਫੈਡਰਲ (ਮਰਕਜ਼ੀ) ਸਰਕਾਰ ਵਲੋਂ ਅਪਣੀ ਮਰਜ਼ੀ ਨਾਲ ਭਰਿਆ ਜਾਂਦਾ ਹੈ। ਇਸ ਪੁਰਅਮਨ ਅੰਦੋਲਨ ਨੂੰ ਕੁਚਲਣ ਲਈ ਪਾਕਿਸਤਾਨੀ ਫ਼ੌਜ ਨੇ ਕਈ ਦਮਨਕਾਰੀ ਢੰਗ ਵਰਤੇ। ਇਨ੍ਹਾਂ ਵਿਚ ਲਾਠੀਚਾਰਜ ਤੇ ਅੱਥਰੂ ਗੈਸ ਦੀ ਵਰਤੋਂ ਤੋਂ ਇਲਾਵਾ ਛਾਪੇਮਾਰੀ ਅਤੇ ਫਾਇਰਿੰਗ ਵੀ ਸ਼ਾਮਲ ਸਨ। ਛਾਪਿਆਂ ਦੌਰਾਨ ਅੰਦੋਲਨ ਦੇ ਨੇਤਾਵਾਂ ਦੇ ਪਰਿਵਾਰਾਂ ਨਾਲ ਬਦਸਲੂਕੀ ਤੇ ਕੁੱਟਮਾਰ ਇਕ ਦਸਤੂਰ ਬਣੇ ਰਹੇ। ਅਜਿਹੇ ਜਾਬਰਾਨਾ ਢੰਗ-ਤਰੀਕਿਆਂ ਕਾਰਨ ਚਾਰ ਦਰਜਨ ਮੌਤਾਂ ਹੋਣ ਦੀਆਂ ਖ਼ਬਰਾਂ ਹਨ ਜਿਨ੍ਹਾਂ ਦਾ ਕੌਮਾਂਤਰੀ ਪੱਧਰ ’ਤੇ ਸਖ਼ਤ ਨੋਟਿਸ ਲਿਆ ਗਿਆ। ਕਿਉਂਕਿ ਮਕਬੂਜ਼ਾ ਕਸ਼ਮੀਰ ਵਿਚ ਇੰਟਰਨੈੱਟ ਸੇਵਾਵਾਂ ਸਰਕਾਰ ਵਲੋਂ ਠੱਪ ਹਨ, ਇਸ ਕਰ ਕੇ ਅੰਦੋਲਨ ਤੇ ਸਰਕਾਰੀ ਦਮਨ ਦੀ ਅਸਲ ਤਸਵੀਰ ਸਾਹਮਣੇ ਆਉਣ ਵਿਚ ਸਮਾਂ ਲੱਗਦਾ ਹੈ। ਫਿਰ ਵੀ ਜੋ ਦ੍ਰਿਸ਼ਾਵਲੀ ਉੱਭਰ ਕੇ ਸਾਹਮਣੇ ਆਈ ਹੈ, ਉਹ ਅੰਦੋਲਨ ਮੱਠਾ ਪੈਣ ਦੀ ਥਾਂ ਵੱਧ ਤਿੱਖਾ ਹੋਣ ਦੀ ਹੈ। ਇਸੇ ਲਈ ਪਾਕਿਸਤਾਨੀ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਇਹ ਦੋਸ਼ ਲਾਉਣ ਵਾਲਾ ਰਾਹ ਚੁਣਿਆ ਕਿ ‘ਆਜ਼ਾਦ’ ਕਸ਼ਮੀਰ ਵਿਚ ਜੋ ਕੁੱਝ ਵਾਪਰ ਰਿਹਾ ਹੈ, ਉਸ ਪਿੱਛੇ ਭਾਰਤ ਦਾ ਹੱਥ ਹੈ ਅਤੇ ਭਾਰਤੀ ਏਜੰਸੀਆਂ ਹੀ ਅੰਦੋਲਨ ਦੀ ਅਗਵਾਈ ਕਰਨ ਵਾਲੀ ਸਾਂਝੀ ਅਵਾਮੀ ਐਕਸ਼ਨ ਕਮੇਟੀ (ਜੇ.ਏ.ਏ.ਸੀ) ਦੀ ਪੁਸ਼ਤਪਨਾਹੀ ਕਰ ਰਹੀਆਂ ਹਨ। ਨਾਲ ਹੀ ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ ਰਾਵਲਾਕੋਟ ਤੇ ਮੀਰਪੁਰ ਵਿਚ ਧਰਨੇ ’ਤੇ ਬੈਠੇ ਲੋਕ ਅਸਲ ਕਸ਼ਮੀਰੀ ਨਹੀਂ, ਗ਼ੈਰ-ਕਸ਼ਮੀਰੀ ਹਨ ਕਿਉਂਕਿ ਉਹ ਪੋਠੋਹਾਰੀ ਤੇ ਪਹਾੜੀ ਭਾਸ਼ਾਵਾਂ ਬੋਲਦੇ ਹਨ; ਕਸ਼ਮੀਰੀ ਭਾਸ਼ਾ ਦਾ ਤਾਂ ਉਨ੍ਹਾਂ ਨੂੰ ਇਲਮ ਤੱਕ ਨਹੀਂ। ਇੱਥੇ ਹੀ ਬਸ ਨਹੀਂ, ਇਸਲਾਮਾਬਾਦ ਵਿਚ ਇਕ ਮੀਡੀਆ ਕਾਨਫ਼ਰੰਸ ਦੌਰਾਨ ਖ਼ਵਾਜਾ ਨੇ ਭਾਰਤ ਉੱਤੇ ਉਪਰੋਕਤ ਦੋਸ਼ ਲਾਉਣ ਤੋਂ ਇਲਾਵਾ ਇਹ ਧਮਕੀ ਵੀ ਦਿਤੀ ਕਿ ਜੇਕਰ ਭਾਰਤ ਨੇ ਸਿੰਧੂ ਜਲ ਸੰਧੀ ਦੀ ਮੁਅੱਤਲੀ ਛੇਤੀ ਖ਼ਤਮ ਨਾ ਕੀਤੀ ਤਾਂ ਪਾਕਿਸਤਾਨ ਉਸ ਨਾਲ ਜੰਗ ਛੇੜਨ ਤੋਂ ਗੁਰੇਜ਼ ਨਹੀਂ ਕਰੇਗਾ।

ਇਹ ਪਹਿਲੀ ਵਾਰ ਨਹੀਂ ਜਦੋਂ ਪਾਕਿਸਤਾਨ ਨੇ ਉਸ ਦੀ ਭੂਮੀ ਉੱਤੇ ‘ਦਹਿਸ਼ਤਗ਼ਰਦੀ ਨੂੰ ਹਵਾ ਦੇਣ’ ਦੇ ਦੋਸ਼ ਭਾਰਤ ਉੱਤੇ ਲਾਏ ਹੋਣ। ਉਹ ਪਿਛਲੇ ਦਸ ਸਾਲਾਂ ਤੋਂ ਕੌਮਾਂਤਰੀ ਮੰਚਾਂ ਉੱਤੇ ਅਜਿਹੇ ਦੋਸ਼ ਲਗਾਤਾਰ ਲਾਉਂਦਾ ਆ ਰਿਹਾ ਹੈ। ਅਜਿਹੇ ਕਥਾਕ੍ਰਮ ਤੋਂ ਉਲਟ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਭਾਰਤ ਉੱਤੇ ਮਕਬੂਜ਼ਾ ਕਸ਼ਮੀਰ ਵਿਚ ਲੋਕ ਲਹਿਰ ਭੜਕਾਉਣ ਦੇ ਦੋਸ਼ ਖੁਲ੍ਹੇਆਮ ਲਾਏ ਹਨ। ਉਸ ਦਾ ਪੱਖ ਤਾਂ ਹਮੇਸ਼ਾ ਇਹੋ ਰਿਹਾ ਸੀ ਕਿ ਉਸ ਵਾਲੇ ਕਸ਼ਮੀਰ ਦੇ ਲੋਕ ਤਾਂ ਭਾਰਤ ਦਾ ਜ਼ਰਾ ਵੀ ਅਸਰ ਨਹੀਂ ਕਬੂਲਦੇ! ਦੂਜੇ ਪਾਸੇ, ਭਾਰਤੀ ਪੱਖ ਹਮੇਸ਼ਾਂ ਇਹ ਰਿਹਾ ਹੈ ਕਿ ਜੰਮੂ-ਕਸ਼ਮੀਰ ਵਿਚ ਦਹਿਸ਼ਤਗ਼ਰਦੀ ਤੇ ਹਿੰਸਾ, ਪਾਕਿਸਤਾਨ ਵਲੋਂ 1975 ਤੋਂ ਚਲਾਈ ਜਾ ਰਹੀ ਗੁਰੀਲਾ ਮੁਹਿੰਮ ਦਾ ਹਿੱਸਾ ਹੈ। ਭਾਰਤੀ ਰੱਖਿਆ ਮਾਹਿਰਾਂ ਅਨੁਸਾਰ ਉਪਰੋਕਤ ਸਥਿਤੀ ਅਜੇ ਵੀ ਬਦਲੀ ਨਹੀਂ। ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਵਲੋਂ ਸਿਖਲਾਈਯਾਫ਼ਤਾ ਦਹਿਸ਼ਤਗ਼ਰਦ, ਹੁਣ ਵੀ ਜੰਮੂ-ਕਸ਼ਮੀਰ ਵਿਚ ਭੇਜੇ ਜਾਣੇ ਜਾਰੀ ਹਨ। ਇਹ ਵਖਰੀ ਗੱਲ ਹੈ ਕਿ ਮੁਕਾਮੀ ਲੋਕਾਂ ਵਲੋਂ ਕਿਸੇ ਵੀ ਤਰ੍ਹਾਂ ਦੀ ਇਮਦਾਦ ਨਾ ਦਿਤੇ ਜਾਣ ਕਾਰਨ ਇਹ ਦਹਿਸ਼ਤਗ਼ਰਦ ਭਾਰਤੀ ਸੁਰੱਖਿਆ ਬਲਾਂ ਵਲੋਂ ਛੇਤੀ ਦਬੋਚ ਲਏ ਜਾਂਦੇ ਹਨ। ਜ਼ਾਹਿਰ ਹੈ ਕਿ ਅਪਣੇ ਕਬਜ਼ੇ ਹੇਠਲੇ ਕਸ਼ਮੀਰ ਵਿਚ ਜਨ-ਅਸੰਤੋਸ਼ ਲੰਮੇ ਸਮੇਂ ਤਕ ਦਬਾਅ ਕੇ ਰੱਖਣ ਤੋਂ ਬਾਅਦ ਹੁਣ ਲੋਕ ਰੋਹ ਬੇਕਾਬੂ ਹੋਣ ਤੋਂ ਘਬਰਾਏ ਪਾਕਿਸਤਾਨੀ ਹੁਕਮਰਾਨ ਭਾਰਤ-ਵਿਰੋਧੀ ਬਿਆਨਬਾਜ਼ੀ ਦੇ ਰਾਹ ਤੁਰ ਪਏ ਹਨ। ਉਹ ਵੀ ਅਜਿਹੀ ਬਿਆਨਬਾਜ਼ੀ ਜੋ ਪਾਕਿਸਤਾਨ ਦੇ ਹੁਣ ਤਕ ਦੇ ਸਟੈਂਡ ਤੋਂ ਬਿਲਕੁਲ ਉਲਟ ਹੈ।
ਭਾਰਤ ਨੇ ਖ਼ਵਾਜਾ ਆਸਿਫ਼ ਵਲੋਂ ਲਾਏ ਦੋਸ਼ਾਂ ਨੂੰ ਮੂਲੋਂ ਹੀ ਰੱਦ ਕਰ ਦਿਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਪਾਕਿਸਤਾਨੀ ਰੱਖਿਆ ਮੰਤਰੀ ਦੀਆਂ ਧਮਕੀਆਂ ਨੂੰ ‘ਗਿੱਦੜ ਭਬਕੀਆਂ’ ਕਰਾਰ ਦਿੰਦਿਆਂ ਕਿਹਾ ਕਿ ਇਹ ਧਮਕੀਆਂ ਮਕਬੂਜ਼ਾ ਕਸ਼ਮੀਰ ਦੀ ਅਸਲ ਤਸਵੀਰ ਦੁਨੀਆਂ ਸਾਹਮਣੇ ਆਉਣ ਤੋਂ ਉਪਜੀ ਘਬਰਾਹਟ ਦੀ ਪੈਦਾਇਸ਼ ਹਨ। ਕੌਮਾਂਤਰੀ ਮਾਹਿਰਾਂ ਦੀ ਰਾਇ ਹੈ ਕਿ ਭਾਰਤੀ ਤਰਜਮਾਨ ਨੇ ਪਾਕਿਸਤਾਨੀ ਰੱਖਿਆ ਮੰਤਰੀ ਦੀ ਬਿਆਨਬਾਜ਼ੀ ਦਾ ਸੰਜਮੀ ਢੰਗ ਨਾਲ ਜਵਾਬ ਦੇ ਕੇ ਸੁਹਜਮਈ ਪਹੁੰਚ ਦਾ ਮੁਜ਼ਾਹਰਾ ਕੀਤਾ ਹੈ। ਜੋ ਕੁੱਝ ਵਾਪਰਿਆ ਹੈ ਜਾਂ ਮਕਬੂਜ਼ਾ ਕਸ਼ਮੀਰ ਵਿਚ ਹੁਣ ਵੀ ਵਾਪਰ ਰਿਹਾ ਹੈ, ਉਸ ਤੋਂ ਠੇਸ ਪਾਕਿਸਤਾਨੀ ਅਕਸ ਨੂੰ ਪਹੁੰਚ ਰਹੀ ਹੈ। ਲਿਹਾਜ਼ਾ, ਉਸ ਖ਼ਿਲਾਫ਼ ਬੇਲੋੜੀ ਲੱਫ਼ਾਜ਼ੀ ਦੀ ਥਾਂ  ਉਸ ਨੂੰ ਅਪਣੇ ਹੀ ਚੱਕਰਵਿਊਹ ’ਚ ਉਲਝੇ ਰਹਿਣ ਦੇਣਾ ਚਾਹੀਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement