ਖ਼ਬਰਾਂ |

ਤਾਜ਼ਾ |

ਡੋਪਿੰਗ : ਗਲਾਸਗੋ ਖੇਡਾਂ 'ਚ ਭਾਰਤ ਦੀ ਨਮੋਸ਼ੀਜਨਕ ਸ਼ੁਰੂਆਤ
Published : Jul 25, 2026, 9:38 am IST
Updated : Jul 25, 2026, 9:51 am IST
SHARE ARTICLE
photo
photo

ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਾਸਤੇ 191 ਮੈਂਬਰੀ ਭਾਰਤੀ ਦਲ ਬ੍ਰਿਟੇਨ ਭੇਜਿਆ ਹੋਇਆ ਹੈ।

ਗਲਾਸਗੋ (ਸਕੌਟਲੈਂਡ) ਵਿਚ ਰਾਸ਼ਟਰਮੰਡਲ ਖੇਡਾਂ ਦੀ ਸ਼ੁਰੂਆਤ ਵਿਚ ਹੀ ਭਾਰਤ ਨੂੰ ਡੋਪਿੰਗ ਦੇ ਕੇਸਾਂ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਨੂੰ ਮੁਕਾਬਲਿਆਂ ਦੇ ਰਸਮੀ ਆਗਾਜ਼ ਤੋਂ ਪਹਿਲਾ ਜੂਡੋਕਾ ਅਰੁਨ ਕੁਮਾਰ ਦੇ ਡੋਪਿੰਗ ਟੈਸਟ ਦਾ ਮੁੱਢਲਾ ਨਤੀਜਾ ਸਾਹਮਣੇ ਆਉਂਦਿਆਂ ਹੀ ਉਸ ਨੂੰ ਭਾਰਤੀ ਖਿਡਾਰੀ ਦਲ ਵਿਚੋਂ ਬਾਹਰ ਕਰ ਦਿਤਾ ਗਿਆ ਅਤੇ ਰਾਤ ਤਕ ਵਤਨ ਵਾਪਸੀ ਲਈ ਜਹਾਜ਼ ’ਤੇ ਵੀ ਚੜ੍ਹਾ ਦਿਤਾ ਗਿਆ। ਉਸ ਨੂੰ ਪ੍ਰਦਰਸ਼ਨ ਸੁਧਾਰਨ ਵਾਲੀ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਦਾ ਦੋਸ਼ੀ ਦਸਿਆ ਗਿਆ ਹੈ। ਇਸੇ ਦਿਨ ਇਕ ਭਾਰਤੀ ਵੇਟਲਿਫ਼ਟਰ ਦਿਲਬਾਗ਼ ਸਿੰਘ ਨੂੰ ਵੀ ਜਹਾਜ਼ ’ਤੇ ਚੜ੍ਹਾਇਆ ਗਿਆ; ਉਸ ਦੇ ਅਪਣੇ ਕਸੂਰ ਕਾਰਨ ਨਹੀਂ; ਸਾਥੀਆਂ ਦੀਆਂ ਕੋਤਾਹੀਆਂ ਕਾਰਨ।

ਉਹ ਡੋਪਿੰਗ ਦਾ ਦੋਸ਼ੀ ਨਹੀਂ ਸੀ, ਪਰ ਉਸ ਦੀ ਵਤਨ ਵਾਪਸੀ ਲਈ ਉਸ ਦੇ ਉਹ ਸਾਥੀ ਕਸੂਰਵਾਰ ਸਨ ਜੋ ਪਹਿਲਾਂ ਡੋਪਿੰਗ-ਵਿਰੋਧੀ ਕੇਸਾਂ ਵਿਚ ਫਸ ਚੁੱਕੇ ਸਨ। ਆਲਮੀ ਐਂਟੀ-ਡੋਪਿੰਗ ਏਜੰਸੀ (ਵਾਡਾ) ਦੇ ਨਿਯਮਾਂ ਅਨੁਸਾਰ 1 ਜੂਨ, 2025 ਤੋਂ 22 ਜੁਲਾਈ 2026 ਦੌਰਾਨ ਪੰਜ ਭਾਰਤੀ ਵੇਟਲਿਫ਼ਟਰ ਡੋਪਿੰਗ ਦੇ ਦੋਸ਼ੀ ਨਿਕਲੇ। ਏਨੀ ਵੱਡੀ ਗਿਣਤੀ ਵਿਚ ਡੋਪਿੰਗ ਕੇਸਾਂ ਕਾਰਨ ਓਲੰਪਿਕ ਨਿਯਮਾਂ ਮੁਤਾਬਿਕ ਗਲਾਸਗੋ ਖੇਡਾਂ ਵਿਚ ਭਾਰਤੀ ਵੇਟਲਿਫ਼ਟਿੰਗ ਕੋਟਾ 16 ਤੋਂ ਘਟਾ ਕੇ 11 ਪ੍ਰਤੀਯੋਗੀਆਂ ਦਾ ਕਰ ਦਿਤਾ ਗਿਆ। ਭਾਰਤੀ ਖੇਡ ਅਧਿਕਾਰੀਆਂ ਨੂੰ ਪਹਿਲਾਂ ਉਮੀਦ ਸੀ ਕਿ ਰਾਸ਼ਟਰਮੰਡਲ ਖੇਡ ਪ੍ਰਬੰਧਕ 12 ਵੇਟਲਿਫ਼ਟਰਾਂ ਨੂੰ ਮੁਕਾਬਲਿਆਂ ਵਿਚ ਭਾਗ ਲੈਣ ਦੀ ਇਜਾਜ਼ਤ ਦੇ ਦੇਣਗੇ। ਇਸੇ ਕਾਰਨ 12 ਵੇਟਲਿਫ਼ਟਰਾਂ ਨੂੰ ਭਾਰਤੀ ਖਿਡਾਰੀ ਦਲ ਵਿਚ ਸ਼ਾਮਲ ਕੀਤਾ ਗਿਆ ਸੀ। ਪਰ ਇਜਾਜ਼ਤ ਸਿਰਫ਼ 11 ਦੀ ਭਾਗੀਦਾਰੀ ਨੂੰ ਮਿਲੀ। ਲਿਹਾਜ਼ਾ, ਮੈਡਲ ਦੀਆਂ ਉਮੀਦਾਂ ਦੇ ਬਾਵਜੂਦ ਦਿਲਬਾਗ਼ ਸਿੰਘ ਨੂੰ ਵਤਨ ਪਰਤਾਉਣਾ ਇਸ ਕਰ ਕੇ ਵਾਜਬ ਸਮਝਿਆ ਗਿਆ ਕਿ ਪਿੱਠ ਵਿਚ ਤਕਲੀਫ਼ ਕਾਰਨ ਉਹ ਬਰਮਿੰਘਮ ਸਥਿਤ ਭਾਰਤੀ ਅਭਿਆਸ ਕੇਂਦਰ ਵਿਚ ਕਈ ਦਿਨਾਂ ਤੋਂ ਅਭਿਆਸ ਨਹੀਂ ਸੀ ਕਰ ਸਕਿਆ। ਜ਼ਿਕਰਯੋਗ ਹੈ ਕਿ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਾਸਤੇ 191 ਮੈਂਬਰੀ ਭਾਰਤੀ ਦਲ ਬ੍ਰਿਟੇਨ ਭੇਜਿਆ ਹੋਇਆ ਹੈ।

ਇਸ ਵਿਚ 126 ਅਥਲੀਟ ਹਨ ਅਤੇ ਬਾਕੀ ਅਧਿਕਾਰੀ। ਏਨਾ ਵੱਡਾ ਖੇਡ ਦਲ ਹੋਣ ਦੇ ਬਾਵਜੂਦ ਭਾਰਤੀ ਮੈਡਲਾਂ ਦੀ ਉਮੀਦ ਇਸ ਵਾਰ ਬਹੁਤੀ ਜ਼ਿਆਦਾ ਨਹੀਂ ਕਿਉਂਕਿ ਕੁਸ਼ਤੀਆਂ, ਹਾਕੀ, ਕ੍ਰਿਕਟ, ਨਿਸ਼ਾਨੇਬਾਜ਼ੀ ਤੇ ਕੁਝ ਹੋਰ ਉਨ੍ਹਾਂ ਖੇਡ ਵੰਨਗੀਆਂ ਨੂੰ ਇਸ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਜਗ੍ਹਾ ਨਹੀਂ ਦਿਤੀ ਗਈ, ਜਿਨ੍ਹਾਂ ਵਿਚ ਭਾਰਤ ਅਕਸਰ ਮੈਡਲ ਜਿੱਤਦਾ ਆਇਆ ਹੈ। ਖਿਡਾਰੀਆਂ ਵਿਚ ਡੋਪਿੰਗ ਦਾ ਪ੍ਰਚਲਣ ਰੋਕਣ ਵਾਲੀ ਆਲਮੀ ਸੰਸਥਾ ‘ਵਾਡਾ’ (ਵਰਲਡ ਐਂਟੀ ਡੋਪਿੰਗ ਏਜੰਸੀ) ਨੇ ਡੋਪਿੰਗ ਦੇ ਪਾਜ਼ੇਟਿਵ ਕੇਸਾਂ ਦੇ ਆਧਾਰ ’ਤੇ ਜੋ ਦਰਜਾਬੰਦੀ ਕੀਤੀ ਹੈ, ਉਸ ਵਿਚ ਭਾਰਤ ਦਾ ਸਥਾਨ ਸਿਖ਼ਰਲਾ ਹੈ। ਇਹ, ਸਚਮੁੱਚ, ਬਹੁਤ ਨਮੋਸ਼ੀਜਨਕ ਦਰਜਾ ਹੈ। ‘ਵਾਡਾ’ ਦੇ ਬੁਲੇਟਿਨ ਮੁਤਾਬਿਕ ਕੌਮੀ ਜਾਂ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਦੌਰਾਨ ਪ੍ਰਦਰਸ਼ਨ ਸੁਧਾਰਨ ਵਾਲੀਆਂ ਮਾਦਕ ਦਵਾਈਆਂ ਜਾਂ ਵਿਧੀਆਂ ਦੀ ਵਰਤੋਂ ਦੇ ਭਾਰਤੀ ਦੋਸ਼ੀਆਂ ਦੀ ਗਿਣਤੀ ਤਿੰਨ ਫ਼ੀਸਦੀ ਤੋਂ ਵੱਧ ਨਿਕਲਦੀ ਆ ਰਹੀ ਹੈ।

ਅਜਿਹੀ ਧੋਖੇਬਾਜ਼ੀ ਨਾਕਾਬਿਲ-ਇ-ਬਰਦਾਸ਼ਤ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਪਿਛਲੇ ਪੰਜ ਵਰਿ੍ਹਆਂ ਦੌਰਾਨ ਕੌਮੀ ਤੇ ਕੌਮਾਂਤਰੀ ਏਜੰਸੀਆਂ ਦੀ ਸਖ਼ਤੀ ਦੇ ਬਾਵਜੂਦ ਡੋਪਿੰਗ ਦਾ ਪ੍ਰਚਲਣ ਘਟਿਆ ਨਹੀਂ, ਬਲਕਿ ਵਧਿਆ ਹੈ। ਜੇ ਇਹੋ ਰੁਝਾਨ ਹੋਰ ਬਰਕਰਾਰ ਰਹਿੰਦਾ ਹੈ ਤਾਂ ਕੁਝ ਸਮੇਂ ਲਈ ਵੱਖ ਵੱਖ ਖੇਡ ਵੰਨਗੀਆਂ ਦੇ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤੀ ਸ਼ਮੂਲੀਅਤ ਉੱਪਰ ਪਾਬੰਦੀ ਵੀ ਲੱਗ ਸਕਦੀ ਹੈ। ਅਜਿਹੇ ਖ਼ਤਰੇ ਦੇ ਬਾਵਜੂਦ ਅਥਲੈਟਿਕਸ, ਵੇਟਲਿਫ਼ਟਿੰਗ, ਕੁਸ਼ਤੀਬਾਜ਼ੀ ਆਦਿ ਖੇਡ ਕਲਾਵਾਂ ਦੀਆਂ ਕੌਮੀ ਫ਼ੈਡਰੇਸ਼ਨਾਂ ਵਲੋਂ ਢੁਕਵੀਂ ਸੰਜੀਦਗੀ ਨਾ ਦਿਖਾਏ ਜਾਣਾ ਭਾਰਤ ਲਈ ਬਦਨਾਮੀ ਤੇ ਖ਼ੁਨਾਮੀ ਲਗਾਤਾਰ ਖੱਟ ਰਿਹਾ ਹੈ। 
ਡੋਪਿੰਗ ਦੀ ਰੋਕਥਾਮ ਲਈ ‘ਵਾਡਾ’ ਦੀਆਂ ਹਦਾਇਤਾਂ ਮੁਤਾਬਿਕ ਭਾਰਤ ਵਿਚ ‘ਨਾਡਾ’ (ਨੈਸ਼ਨਲ ਐਂਟੀ ਡੋਪਿੰਗ ਏਜੰਸੀ) ਮੌਜੂਦ ਹੈ ਜੋ ਕਿ ਯੁਵਾ ਮਾਮਲਿਆਂ ਤੇ ਖੇਡਾਂ ਬਾਰੇ ਮੰਤਰਾਲੇ ਅਧੀਨ ਕੰਮ ਕਰਦੀ ਆ ਰਹੀ ਹੈ। ਉਸ ਦੀ ਸਹਾਇਤਾ ਲਈ ਐਨ.ਡੀ.ਟੀ.ਐੱਲ (ਨੈਸ਼ਨਲ ਡੋਪ ਟੈਸਟਿੰਗ ਲੈਬੋਰੇਟਰੀ) ਵੀ ਨਵੀਂ ਦਿੱਲੀ ਵਿਚ ਸਥਾਪਿਤ ਹੈ। ਇਨ੍ਹਾਂ ਵਲੋਂ ਜਿੱਥੇ ਕੌਮਾਂਤਰੀ ਤੇ ਕੌਮੀ ਮੁਕਾਬਲਿਆਂ ਦੌਰਾਨ ਅਥਲੀਟਾਂ ਦੇ ਖ਼ੂਨ ਤੇ ਪਿਸ਼ਾਬ ਦੇ ਸੈਂਪਲ ਸਰਗਰਮੀ ਨਾਲ ਲਏ ਜਾਂਦੇ ਹਨ, ਉੱਥੇ ਮੁਕਾਬਲਿਆਂ ਦੀ ਅਣਹੋਂਦ ਦੇ ਦਿਨਾਂ ਦੌਰਾਨ ਵੀ ਟਾਵੇਂ ਟਾਵੇਂ ਅਥਲੀਟਾਂ ਨੂੰ ਟੈਸਟਾਂ ਲਈ ਬੁਲਾਇਆ ਜਾਂਦਾ ਹੈ। ਅਜਿਹੀ ਚੌਕਸੀ ਦੇ ਬਾਵਜੂਦ ਡੋਪਿੰਗ ਕੇਸਾਂ ਵਿਚ ਭਾਰਤੀਆਂ ਦਾ ਵੱਧ ਫਸਣਾ ਇਸ ਹਕੀਕਤ ਦੀ ਤਸਦੀਕ ਹੈ ਕਿ ਸਾਡੇ ਅਥਲੀਟ ਜਾਂ ਉਨ੍ਹਾਂ ਦੇ ਕੋਚ, ਮੈਡਲ ਜਿੱਤਣ ਵਾਸਤੇ ਧੋਖ਼ੇਬਾਜ਼ੀ ਤੋਂ ਪਰਹੇਜ਼ ਕਰਨਾ ਅਨੈਤਿਕ ਨਹੀਂ ਸਮਝਦੇ। ਇਸ ਪ੍ਰਵਿਰਤੀ ਦੇ ਕਈ ਕਾਰਨ ਹਨ। ਇਕ ਮੁੱਖ ਕਾਰਨ ਹੈ ਕੌਮਾਂਤਰੀ ਮੁਕਾਬਲੇ ਜਿੱਤਣ ਵਾਲਿਆਂ ਨੂੰ ਮਿਲਦੇ ਵੱਡੇ-ਵੱਡੇ ਮਾਇਕ ਇਨਾਮ-ਸਨਮਾਨ ਅਤੇ ਅਹਿਮ ਅਹੁਦਿਆਂ ਵਾਲੀਆਂ ਸਰਕਾਰੀ ਨੌਕਰੀਆਂ। ਇਕ ਕੌਮਾਂਤਰੀ ਮੁਕਾਬਲਾ ਜਿੱਤਣ ’ਤੇ ਕਰੋੜਾਂ ਰੁਪਏ ਮਿਲਣਾ ਕਈ ਅਥਲੀਟਾਂ ਦਾ ਦਿਮਾਗ਼ ਖ਼ਰਾਬ ਕਰ ਦਿੰਦਾ ਹੈ। ਇਸੇ ਤਰ੍ਹਾਂ ਭਾਰਤੀ ਦਵਾਫ਼ਰੋਸ਼ਾਂ ਤੇ ਜਿਮਾਂ ਵਿਚੋਂ ਸਟੈਰੌਇਡ-ਯੁਕਤ ਤਾਕਤ-ਵਧਾਊ ਦਵਾਈਆਂ ਜਾਂ ਅਜਿਹੇ ਹੋਰ ਮਾਦੇ ਆਸਨੀ ਨਾਲ ਮਿਲਣਾ ਵੀ ਡੋਪਿੰਗ ਨੂੰ ਹਵਾ ਦੇ ਰਿਹਾ ਹੈ। ਉਪਰੋਂ ‘ਵਾਡਾ’ ਵਲੋਂ ਪਾਬੰਦੀਸ਼ੁਦਾ ਮਾਦਿਆਂ ਬਾਰੇ ਸਮੇਂ ਸਮੇਂ ਦਿਤੀ ਜਾਂਦੀ ਜਾਣਕਾਰੀ ਬਾਰੇ ਅਗਿਆਨ ਵੀ ਅਥਲੀਟਾਂ ਜਾਂ ਉਨ੍ਹਾਂ ਦੇ ਕੋਚਾਂ ਨੂੰ ਕਸੂਤਾ ਫਸਾਉਂਦਾ ਆਇਆ ਹੈ। ਅਜਿਹੀਆਂ ਸਾਰੀਆਂ ਕੁਰੀਤੀਆਂ ਤੋਂ ਇਖ਼ਲਾਕ ਦੀ ਮਜ਼ਬੂਤੀ ਰਾਹੀਂ ਬਚਿਆ ਜਾ ਸਕਦਾ ਹੈ। ਪਰ ਇਸ ਪਾਸੇ ਨਾ ਤਾਂ ਸਾਡੇ ਹੁਕਮਰਾਨਾਂ ਦਾ ਧਿਆਨ ਹੈ, ਅਤੇ ਨਾ ਹੀ ਖੇਡ ਫ਼ੈਡਰੇਸ਼ਨਾਂ ਦਾ।


 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM

ਮਹਾਨ ਰੇਡਰ ਕਬੱਡੀ ਖਿਡਾਰੀ ਗੁਰਜੀਤ ਤੂਤ ਦਾ ਦੇਹਾਂਤ

12 Aug 2026 2:53 PM

ਰਾਜਪਾਲ ਨੂੰ ਮਿਲੇ CM Bhagwant Mann, ਬਾਹਰ ਆ ਕੇ CM ਮਾਨ ਨੇ ਦੱਸੀ ਸਾਰੀ ਗੱਲ

12 Aug 2026 2:52 PM

ਪੰਜਾਬ ਦੀ ਸਿਆਸਤ 'ਚ ਡਰ ਨਹੀਂ, ਭਰੋਸਾ ਪੈਦਾ ਕਰੇ ਭਾਜਪਾ, ਕੈਪਟਨ ਅਮਰਿੰਦਰ ਦੀ ਪਾਰਟੀ ਨੂੰ ਨਸੀਹਤ

09 Aug 2026 2:20 PM

ਜਲੰਧਰ ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ

08 Aug 2026 3:06 PM
Advertisement