ਖ਼ਬਰਾਂ |

ਤਾਜ਼ਾ |

ਚੜ੍ਹਾਵੇ ਦੀ ਚੋਰੀ : ਜਨਮਭੂਮੀ ਵਿਖੇ ਆਸਥਾ ਨਾਲ ਧਰੋਹ
Published : Jun 27, 2026, 6:54 am IST
Updated : Jun 27, 2026, 6:54 am IST
SHARE ARTICLE
Theft of offerings: Betrayal of faith in the homeland
Theft of offerings: Betrayal of faith in the homeland

ਐਸ.ਆਈ.ਟੀ. ਦੀ ਮੁਸਤੈਦੀ ਅਤੇ ਹੁਣ ਤਕ ਦੀ ਕਾਰਗੁਜ਼ਾਰੀ ਜਿੱਥੇ ਜ਼ਾਹਰਾ ਤੌਰ ’ਤੇ ਸ਼ਲਾਘਾਯੋਗ ਜਾਪਦੀ

Theft of offerings: Betrayal of faith in the homeland: ਰਾਮ ਭਗਤਾਂ ਵਲੋਂ ਹੀ ਸ੍ਰੀ ਰਾਮ ਜਨਮਭੂਮੀ ਤੀਰਥ ਦੇ ਚੜ੍ਹਾਵੇ ਦਾ ਗ਼ਬਨ ਤੇ ਚੋਰੀ ਅਕਸਰ ਕਿਆਸੇ ਨਹੀਂ ਜਾਂਦੇ, ਪਰ ਇਹ ਅਣਕਿਆਸਿਆ ਵਰਤਾਰਾ ਅਯੁੱਧਿਆ ਵਿਖੇ ਵਾਪਰਿਆ ਹੈ ਅਤੇ ਬਹੁਤ ਵੱਡੇ ਪੈਮਾਨੇ ’ਤੇ ਵਾਪਰਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਵਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਵਲੋਂ ਦਰਜ ਐਫ਼.ਆਈ.ਆਰ. ਅਤੇ ਇਸ ਐਫ.ਆਈ.ਆਰ. ਵਿਚ ਨਾਮਜ਼ਦ ਅੱਠ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਉਪਰੋਕਤ ਨਾਪਾਕ ਹਕੀਕਤ ਦਾ ਸਿੱਧਾ-ਸਪਸ਼ਟ ਪ੍ਰਮਾਣ ਹੈ। ਇਹ ਸਾਰੇ ਮੁਲਜ਼ਮ ਸ੍ਰੀ ਰਾਮ ਜਨਮਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਸਵੈਮਸੇਵਕ ਜਾਂ ਕਰਮਚਾਰੀ ਦੱਸੇ ਜਾਂਦੇ ਹਨ। ਐੱਸ.ਆਈ.ਟੀ. ਦਾ ਗਠਨ ਉਪਰੋਕਤ ਟਰੱਸਟ ਦੇ ਮੈਂਬਰ ਕ੍ਰਿਸ਼ਨ ਮੋਹਨ ਦੀ ਸ਼ਿਕਾਇਤ ਦੇ ਆਧਾਰ ’ਤੇ 13 ਜੂਨ ਨੂੰ ਕੀਤਾ ਗਿਆ ਸੀ। ਇਸ ਸ਼ਿਕਾਇਤ ਵਿਚ ਸ੍ਰੀ ਰਾਮ ਜਨਮਭੂਮੀ ਤੀਰਥ ਦੇ ਚੜ੍ਹਾਵੇ ਅਤੇ ਫ਼ੰਡਾਂ ਵਿਚ ਕਰੋੜਾਂ ਰੁਪਏ ਦੀ ਚੋਰੀ ਤੇ ਘਪਲੇਬਾਜ਼ੀ ਦੇ ਦੋਸ਼ਾਂ ਤੋਂ ਇਲਾਵਾ ਸ਼ਰਧਾਲੂਆਂ ਵਲੋਂ ਨਜ਼ਰਾਨੇ ਵਜੋਂ ਪੇਸ਼ ਕੀਤੇ ਗਏ ਜ਼ੇਵਰਾਤ ਤੇ ਹੋਰ ਕੀਮਤੀ ਵਸਤਾਂ ਦੀ ਹੇਰਾਫ਼ੇਰੀ ਦੇ ਦੂਸ਼ਨ ਵੀ ਲਾਏ ਗਏ ਸਨ। ਇਸ ਸ਼ਿਕਾਇਤ ਤੋਂ ਉਪਜੇ ਰਾਜਸੀ ਵਿਵਾਦ ਅਤੇ ਟਰੱਸਟ ਵਲੋਂ ਮਾਮਲੇ ਉੱਤੇ ਕਥਿਤ ਪਰਦਾਪੋਸ਼ੀ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ 16 ਦਿਨ ਪਹਿਲਾਂ ਐਸ.ਆਈ.ਟੀ. ਦੇ ਗਠਨ ਅਤੇ ਸਾਰੇ ਦੋਸ਼ਾਂ ਦੀ ਬਾਰੀਕੀ ਨਾਲ ਜਾਂਚ ਦੇ ਹੁਕਮ ਦਿਤੇ ਸਨ। ਐੱਸ.ਆਈ.ਟੀ. ਵਲੋਂ ਤਿੰਨ ਦਿਨ ਪਹਿਲਾਂ ਪੇਸ਼ ਕੀਤੀ ਗਈ ਅੰਤਰਿਮ ਜਾਂਚ ਰਿਪੋਰਟ ਦੇ ਆਧਾਰ ’ਤੇ ਅਯੁੱਧਿਆ ਪੁਲੀਸ ਨੇ ਐਫ਼.ਆਈ.ਆਰ. ਦਰਜ ਕੀਤੀ। ਇਸੇ ਐਫ.ਆਈ.ਆਰ. ਦੀ ਬੁਨਿਆਦ ’ਤੇ ਐਸ.ਆਈ.ਟੀ. ਨੇ 18 ਘੰਟਿਆਂ ਦੇ ਅੰਦਰ ਅੱਠ ਸ਼ੱਕੀ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ।

ਐਸ.ਆਈ.ਟੀ. ਦੀ ਮੁਸਤੈਦੀ ਅਤੇ ਹੁਣ ਤਕ ਦੀ ਕਾਰਗੁਜ਼ਾਰੀ ਜਿੱਥੇ ਜ਼ਾਹਰਾ ਤੌਰ ’ਤੇ ਸ਼ਲਾਘਾਯੋਗ ਜਾਪਦੀ ਹੈ, ਉੱਥੇ ਇਹ ਕੁਝ ਸਵਾਲ ਵੀ ਉਭਾਰਦੀ ਹੈ। ਕ੍ਰਿਸ਼ਨ ਰਾਏ ਦੀ ਸ਼ਿਕਾਇਤ ਵਿਚ 15 ਮੈਂਬਰੀ ਟਰੱਸਟ ਦੇ ਦੋ ਸਰਗਰਮ ਮੈਂਬਰਾਂ - ਚੰਪਤ ਰਾਏ ਤੇ ਅਨੂਕਲਪ ਮਿਸ਼ਰਾ ਖ਼ਿਲਾਫ਼ ਗੰਭੀਰ ਦੂਸ਼ਨ ਲਾਏ ਗਏ ਸਨ, ਪਰ ਐੱਸ.ਆਈ.ਟੀ. ਦੀ ਅੰਤਰਿਮ ਰਿਪੋਰਟ ਇਨ੍ਹਾਂ ਦੋਵਾਂ ਮੈਂਬਰਾਂ ਦੀ ਭੂਮਿਕਾ ਬਾਰੇ ਅਜੇ ਖ਼ਾਮੋਸ਼ ਹੈ। ਇਹ ਸੰਭਵ ਹੈ ਕਿ ਸ਼ਿਕਾਇਤ ਅੰਦਰਲੇ ਦੂਸ਼ਨ ਚੌਧਰ ਦੀ ਲੜਾਈ ਦਾ ਹਿੱਸਾ ਹੋਣ, ਫਿਰ ਵੀ ਇਨ੍ਹਾਂ ਬਾਰੇ ਐੱਸ.ਆਈ.ਟੀ. ਦੀ ਖ਼ਾਮੋਸ਼ੀ, ਸਪਸ਼ਟੀਕਰਨ ਦੀ ਤਲਬਗ਼ਾਰ ਜ਼ਰੂਰ ਹੈ। ਲਿਹਾਜ਼ਾ, ਇਹ ਉਮੀਦ ਕੀਤੀ ਜਾਣੀ ਅਸੁਭਾਵਿਕ ਨਹੀਂ ਕਿ ਐੱਸ.ਆਈ.ਟੀ. ਦੀ ਮੁਕੰਮਲ ਰਿਪੋਰਟ ਉਪਰੋਕਤ ਦੋਵਾਂ ਮੈਂਬਰਾਂ ਦੀ ਭੂਮਿਕਾ ਤੇ ਜਵਾਬਦੇਹੀ ਉੱਤੇ ਰੌਸ਼ਨੀ ਅਵੱਸ਼ ਪਾਵੇਗੀ।
ਚੜ੍ਹਾਵੇ ਦੀ ਵਿਆਪਕ ਚੋਰੀ ਅਤੇ ਫ਼ੰਡਾਂ ਦੀ ਦੁਰਵਰਤੋਂ ਵਰਗੇ ਦੋਸ਼ਾਂ ਨੇ ਉੱਤਰ ਪ੍ਰਦੇਸ਼ ਵਿਚ ਵਿਰੋਧੀ ਪਾਰਟੀਆਂ ਨੂੰ ਯੋਗੀ ਆਦਿਤਿਆਨਾਥ ਸਰਕਾਰ ਖ਼ਿਲਾਫ਼ ਪ੍ਰਚਾਰ ਮੁਹਿੰਮ ਜਥੇਬੰਦ ਕਰਨ ਲਈ ਭਰਪੂਰ ਮਸਾਲਾ ਬਖ਼ਸ਼ਿਆ ਹੋਇਆ ਹੈ। ਇਸ ਤੋਂ ਹੁਕਮਰਾਨ ਭਾਰਤੀ ਜਨਤਾ ਪਾਰਟੀ ਦੇ ਕਾਡਰ ਅੰਦਰ ਕਸੂਤਾ ਫਸੇ ਹੋਣ ਵਾਲਾ ਜਜ਼ਬਾ ਪੈਦਾ ਹੋਣਾ ਗ਼ੈਰ-ਕੁਦਰਤੀ ਨਹੀਂ। ਕੱਟੜਵਾਦੀ ਹਿੰਦੂ ਸੰਗਠਨਾਂ, ਖ਼ਾਸ ਕਰ ਕੇ ਵਿਸ਼ਵ ਹਿੰਦੂ ਪਰਿਸ਼ਦ ਨੇ ਸਾਰੇ ਟਰੱਸਟ ਮੈਂਬਰਾਂ ਦੀ ਜਵਾਬਦੇਹੀ ਤੈਅ ਕੀਤੇ ਜਾਣ ਅਤੇ ਸ੍ਰੀ ਰਾਮ ਜਨਮਭੂਮੀ ਤੀਰਥ ਦੇ ਸਮੁੱਚੇ ਪ੍ਰਬੰਧ ਵਿਚ ਉਨ੍ਹਾਂ ਦੀ ਹੁਣ ਤਕ ਦੀ ਭੂਮਿਕਾ ਦਾ ਮੁਲਾਂਕਣ ਕੀਤੇ ਜਾਣ ਦੀ ਮੰਗ ਕੀਤੀ ਹੈ। ਵਿਸ਼ਵ ਸਿੰਧੀ ਸੇਵਾ ਸੰਘ, ਜਿਸ ਨੇ ਤੀਰਥ ਅਸਥਾਨ ਨੂੰ ਚਾਂਦੀ ਦੀਆਂ 200 ਇੱਟਾਂ ਸਿੰਧੀ ਸਮਾਜ ਦੀ ਤਰਫ਼ੋਂ ਭੇਟ ਕੀਤੀਆਂ  ਸਨ, ਨੇ 60 ਕਿਲੋਗ੍ਰਾਮ ਚਾਂਦੀ ਇਸ ਅਸਥਾਨ ਦੇ ਖ਼ਜ਼ਾਨੇ ਵਿਚੋਂ ਗਾਇਬ ਹੋਣ ਦੇ ਦੋਸ਼ਾਂ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਟਰੱਸਟ ਇਹ ਸਪਸ਼ਟ ਕਰੇ ਕਿ ਉਪਰੋਕਤ ਇੱਟਾਂ ਕਿੱਥੇ ਵਰਤੀਆਂ ਗਈਆਂ। ਉਂਜ ਇਹ ਪਹਿਲੀ ਵਾਰ ਨਹੀਂ ਜਦੋਂ ਕਿਸੇ ਧਰਮ ਅਸਥਾਨ ਦੇ ਖ਼ਜ਼ਾਨੇ ਵਿਚ ਸੰਨ੍ਹ ਲਾਉਣ ਜਾਂ ਫ਼ੰਡਾਂ ਦੀ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੋਵੇ। ਆਂਧਰਾ ਪ੍ਰਦੇਸ਼ ਵਿਚ ਤਿਰੂਪਤੀ ਧਾਮ ਅਪਣੇ ਅਤਿਆਧੁਨਿਕ ਪ੍ਰਬੰਧਕੀ ਢਾਂਚੇ ਦੇ ਬਾਵਜੂਦ ਸਮੇਂ ਸਮੇਂ ਸਕੈਂਡਲਾਂ ਨਾਲ ਜੂਝਦਾ ਆਇਆ ਹੈ। ਕੇਰਲਾ ਤੇ ਤਾਮਿਲ ਨਾਡੂ ਦੇ ਪ੍ਰਾਚੀਨ ਮੰਦਿਰਾਂ ਦੇ ‘ਸੀਲਬੰਦ’ ਤਹਿਖ਼ਾਨਿਆਂ ਅੰਦਰੋਂ ਸੋਨਾ ਗਾਇਬ ਹੋਣ ਦੀਆਂ ਅੱਧੀ ਦਰਜਨ ਘਟਨਾਵਾਂ ਪਿਛਲੇ ਇਕ ਦਸ਼ਕ ਦੌਰਾਨ ਸਾਹਮਣੇ ਆਈਆਂ ਹਨ। ਕਿਉਂਕਿ ਸ੍ਰੀ ਰਾਮ ਜਨਮਭੂਮੀ ਤੀਰਥ ਕਈ ਦਹਾਕਿਆਂ ਦੀ ਸਿਆਸੀ-ਸਮਾਜਿਕ ਜਦੋਜਹਿਦ ਅਤੇ ਲੰਬੀ ਕਾਨੂੰਨੀ ਲੜਾਈ ਮਗਰੋਂ ਵਜੂਦ ਵਿਚ ਆਇਆ ਹੈ, ਇਸ ਲਈ ਟਰੱਸਟ ਦਾ ਫ਼ਰਜ਼ ਬਣਦਾ ਹੈ ਕਿ ਉਹ ਚੜ੍ਹਾਵੇ ਦੀਆਂ ਰਕਮਾਂ ਅਤੇ ਕੀਮਤੀ ਵਸਤਾਂ ਦਾ ਡਿਜੀਟਲ ਰਿਕਾਰਡ ਰੋਜ਼ਾਨਾ ਜਨਤਕ ਬਣਾਏ ਅਤੇ ਤੀਰਥ ਦੇ ਪ੍ਰਬੰਧ ਜਾਂ ਉਸਾਰੀ ਦੇ ਕੰਮਾਂ ਲਈ ਵਰਤੇ ਜਾਂਦੇ ਫ਼ੰਡਾਂ ਦੀ ਡਿਜੀਟਲ ਟਰੈਕਿੰਗ ਸੰਭਵ ਬਣਾਏ। ਇਸ ਤਰ੍ਹਾਂ ਹੁਣ ਤਕ ਆਏ ਚੜ੍ਹਾਵਿਆਂ ਅਤੇ ਖ਼ਰਚਿਆਂ ਦੀ ਨਿਰਪੱਖ ਤੇ ਆਜ਼ਾਦਾਨਾ ਆਡਿਟਿੰਗ ਵੀ ਫੌਰੀ ਤੌਰ ’ਤੇ ਸ਼ੁਰੂ ਹੋਣੀ ਚਾਹੀਦੀ ਹੈ। ਤੀਰਥਾਂ ਤੇ ਹੋਰ ਧਰਮ ਅਸਥਾਨਾਂ ਦੀ ਮਰਿਆਦਾ ਤੇ ਪਾਵਨਤਾ ਜਿੱਥੇ ਹਰ ਹਾਲ ਯਕੀਨੀ ਬਣੀ ਰਹਿਣੀ ਚਾਹੀਦੀ ਹੈ, ਉੱਥੇ ਆਸਥਾਵਾਨਾਂ ਅੰਦਰਲੀ ਆਸਥਾ ਨਾਲ ਧਰੋਹ ਵੀ ਮੁਆਫ਼ ਨਹੀਂ ਕੀਤਾ ਜਾਣਾ ਚਾਹੀਦਾ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement