ਖ਼ਬਰਾਂ |

ਤਾਜ਼ਾ |

ਹਿੰਸਾ ਨਹੀਂ ਹੈ ਟਰੰਪ ਦੀਆਂ ਨੀਤੀਆਂ ਦਾ ਢੁਕਵਾਂ ਜਵਾਬ
Published : Apr 28, 2026, 7:11 am IST
Updated : Apr 28, 2026, 7:11 am IST
SHARE ARTICLE
Violence is not an appropriate response to Trump's policies
Violence is not an appropriate response to Trump's policies

ਹਿੰਸਾ ਨਹੀਂ ਹੈ ਟਰੰਪ ਦੀਆਂ ਨੀਤੀਆਂ ਦਾ ਢੁਕਵਾਂ ਜਵਾਬ

ਅਮਰੀਕਾ ਵਿਚ ਰਾਸ਼ਟਰਪਤੀਆਂ ਤੇ ਸਿਆਸੀ ਨੇਤਾਵਾਂ ਉੱਤੇ ਕਾਤਲਾਨਾ ਹਮਲੇ ਕੋਈ ਨਵੀਂ ਗੱਲ ਨਹੀਂ, ਪਰ ਸ਼ਨਿੱਚਰਵਾਰ ਰਾਤ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜਿਸ ਢੰਗ ਨਾਲ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ, ਉਹ ਸੱਚਮੁੱਚ ਖ਼ਤਰਨਾਕ ਤੇ ਗੁਸਤਾਖ਼ ਕਿਸਮ ਦਾ ਸੀ। ਇਹ ਯਤਨ ਕੌਮੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਵਾ੍ਹਈਟ ਹਾਊਸ ਨੇੜੇ ਸਥਿਤ ਹੋਟਲ ਹਿਲਟਨ ਵਿਚ ਤਕਰੀਬਨ 2700 ਮਹਿਮਾਨਾਂ ਦੀ ਹਾਜ਼ਰੀ ਵਿਚ ਹੋਇਆ। ਇਨ੍ਹਾਂ ਮਹਿਮਾਨਾਂ ਵਿਚ ਟਰੰਪ ਤੋਂ ਇਲਾਵਾ ਉਸ ਦੀ ਪਤਨੀ ਮਿਲੇਨੀਆ, ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ, ਟਰੰਪ ਪ੍ਰਸ਼ਾਸਨ ਦੇ ਉੱਚ ਅਹਿਲਕਾਰ, ਦਰਜਨਾਂ ਹੋਰ ਪ੍ਰਤਿਸ਼ਠਿਤ ਅਮਰੀਕੀ ਨਾਗਰਿਕ ਅਤੇ ਸੈਂਕੜੇ ਪੱਤਰਕਾਰ ਸ਼ਾਮਲ ਸਨ। ਵਾ੍ਹਈਟ ਹਾਊਸ ਕੌਰੈੱਸਪੌਂਡੈਂਟਸ ਐਸੋਸੀਏਸ਼ਨ ਦੀ ਮੇਜ਼ਬਾਨੀ ਵਾਲਾ ਇਹ ਸਮਾਗਮ ਇਕ ਸਾਲਾਨਾ ਈਵੈਂਟ ਹੈ। ਰਾਸ਼ਟਰਪਤੀ ਵਜੋਂ ਅਪਣੇ ਦੂਜੇ ਕਾਰਜਕਾਲ ਦੌਰਾਨ ਟਰੰਪ ਪਹਿਲੀ ਵਾਰ ਇਸ ਵਿਚ ਹਾਜ਼ਰੀ ਭਰਨ ਆਏ ਸਨ। ਅਪਣੇ ਇਸ ਕਾਰਜਕਾਲ ਦੌਰਾਨ ਹੋਏ ਪਹਿਲੇ ਦੋ ਸਾਲਾਨਾ ਈਵੈਂਟਸ ਦਾ ਉਨ੍ਹਾਂ ਨੇ ਇਸ ਆਧਾਰ ਉੱਤੇ ਬਾਇਕਾਟ ਕੀਤਾ ਸੀ ਕਿ ਮੀਡੀਆ ਉਨ੍ਹਾਂ ਦੇ ਕਥਨਾਂ ਨੂੰ ਸੰਜੀਦਗੀ ਨਾਲ ਨਹੀਂ ਲੈਂਦਾ ਅਤੇ ਉਨ੍ਹਾਂ ਦੀ ‘ਨਾਵਾਜਬ’ ਤੇ ‘ਨਾਜਾਇਜ਼’ ਤੌਰ ’ਤੇ ਆਲੋਚਨਾ ਕਰਦਾ ਆਇਆ ਹੈ। ਪਰ ਇਸ ਵਾਰ ਇਰਾਨ ਨਾਲ ‘ਬੇਲੋੜੀ’ ਜੰਗ ਕਾਰਨ ਆਮ ਲੋਕਾਂ ਵਿਚ ਲਗਾਤਾਰ ਡਿੱਗਦੀ ਜਾ ਰਹੀ ਸਾਖ਼ ਤੇ ਮਕਬੂਲੀਅਤ ਕਾਰਨ ਉਨ੍ਹਾਂ ਨੇ ਇਸ ਡਿਨਰ ਵਿਚ ਹਾਜ਼ਰੀ ਭਰਨੀ ਅਤੇ ਪੱਤਰਕਾਰ ਭਾਈਚਾਰੇ ਨੂੰ ‘ਬੇਤਕੁੱਲਫ਼ੀ ਨਾਲ ਮਿਲਣ’ ਨੂੰ ਅਪਣੀ ਮੁੱਖ ਤਰਜੀਹ ਬਣਾਇਆ। ਜ਼ਿਕਰਯੋਗ ਹੈ ਕਿ ਟਰੰਪ ਸ਼ਨਿਚਰਵਾਰ ਤੇ ਐਤਵਾਰ ਨੂੰ ਵਾਸ਼ਿੰਗਟਨ ਦੀ ਥਾਂ ਫਲੋਰਿਡਾ ਸਥਿਤ ਅਪਣੀ ਅਸਟੇਟ ਵਿਚ ਸਮਾਂ ਗੁਜ਼ਾਰਨਾ ਬਿਹਤਰ ਸਮਝਦੇ ਹਨ। ਇਸ ਵਾਰ ਉਨ੍ਹਾਂ ਨੇ ਵਾਸ਼ਿੰਗਟਨ ਵਿਚ ਰੁਕਣਾ ਬਿਹਤਰ ਸਮਝਿਆ। ਸਮਾਗਮ ਭੀੜ ਭਰਿਆ ਹੋਣ ਅਤੇ ਸਮਾਜ ਦੇ ਕਈ ਵਰਗਾਂ ਦੇ ਲੋਕਾਂ ਦੀ ਇਸ ਵਿਚ ਸ਼ਮੂਲੀਅਤ ਨੇ ਹਮਲਾਵਰ ਲਈ ਹਮਲਾ ਵਿਉਂਤਣ ਅਤੇ ਇਸ ਨੂੰ ਅਮਲੀ ਰੂਪ ਦੇਣ ਦਾ ਕੰਮ ਆਸਾਨ ਬਣਾ ਦਿਤਾ।

ਟਰੰਪ ਉੱਤੇ ਪਿਛਲੇ ਦੋ ਸਾਲਾਂ ਦੌਰਾਨ ਇਹ ਤੀਜਾ ਹਮਲਾ ਹੈ। 2024 ਵਿਚ ਉਨ੍ਹਾਂ ਦੀ ਇਕ ਚੋਣ ਰੈਲੀ ਉਪਰ ਇਕ ਨੌਜਵਾਨ ਸ਼ਾਰਪਸ਼ੂਟਰ ਨੇ ਗੋਲੀ ਚਲਾਈ ਸੀ ਜਿਸ ਕਾਰਨ ਅਮਰੀਕੀ ਗੁਪਤਚਰ ਸੇਵਾ (ਸੀਕਰੈੱਟ ਸਰਵਿਸ) ਦਾ ਇਕ ਏਜੰਟ ਮਾਰਿਆ ਗਿਆ ਸੀ। ਇਕ ਗੋਲੀ ਟਰੰਪ ਦਾ ਕੰਨ ਛੂਹ ਕੇ ਲੰਘ ਗਈ ਸੀ ਜਿਸ ਕਰ ਕੇ ਉਹ ਮਾਮੂਲੀ ਜ਼ਖ਼ਮੀ ਹੋਏ ਸਨ। ਦੂਜੀ ਵਾਰ ਉਨ੍ਹਾਂ ਦੇ ਇਕ ਜਲਸੇ ਤੋਂ ਪਹਿਲਾਂ ਹੀ ਨਿਸ਼ਾਨੇਬਾਜ਼, ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ ਸੀ। ਹੁਣ ਵਾਲੇ ਹਮਲਾਵਰ ਦਾ ਨਾਮ ਕੋਲ ਟੌਮਸ ਐਲੇਨ ਦਸਿਆ ਗਿਆ ਹੈ। ਉਹ ਕੋਈ ਸਿਰਫਿਰਿਆ ਨਹੀਂ। ਕੈਲੇਫੋਰਨੀਆ ਸੂਬੇ ਦਾ ਵਸਨੀਕ ਇਹ ਯੁਵਕ ਚੰਗਾ ਪੜਿ੍ਹਆ-ਲਿਖਿਆ ਹੈ ਅਤੇ ਮਕੈਨੀਕਲ ਇੰਜਨੀਅਰ ਹੋਣ ਤੋਂ ਇਲਾਵਾ ਚੰਗੇ ਅਧਿਆਪਕ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ। ਇਹ ਚਰਚਾਵਾਂ ਹਨ ਕਿ ਇਸ ਕਿਸਮ ਦੀ ਸ਼ੋਹਰਤ ਕਾਰਨ ਹੀ ਉਸ ਨੂੰ ਟਰੰਪ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਸੀ। ਇਹੋ ਸੱਦਾ-ਪੱਤਰ ਦੋ ਸੁਰੱਖਿਆ ਬੈਰੀਅਰ ਆਸਾਨੀ ਨਾਲ ਪਾਰ ਕਰਨ ਵਿਚ ਉਸ ਵਾਸਤੇ ਮਦਦਗਾਰ ਸਾਬਤ ਹੋਇਆ। ਤੀਜੇ ਅੜਿੱਕੇ ’ਤੇ ਉਸ ਨੂੰ ਗੋਲੀ ਚਲਾਉਣੀ ਪਈ ਜੋ ਇਕ ਸੁਰੱਖਿਆ ਕਰਮੀ ਨੂੰ ਲੱਗੀ ਵੀ, ਪਰ ਬੁਲੇਟ-ਪਰੂਫ਼ ਜੈਕੇਟ ਪਹਿਨੀ ਹੋਣ ਕਰ ਕੇ ਉਹ ਸੁਰੱਖਿਆ ਕਰਮੀ ਬੱਚ ਗਿਆ। ਅਮਰੀਕਾ ਵਿਚ ਰਾਸ਼ਟਰਪਤੀਆਂ ਜਾਂ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰਾਂ ਦੀਆਂ ਹੱਤਿਆਵਾਂ ਜਾਂ ਕਾਤਲਾਨਾ ਹਮਦਿਲਆਂ ਦਾ ਲੰਮਾ-ਚੌੜਾ ਇਤਿਹਾਸ ਹੈ। ਹੱਤਿਆਰਿਆਂ ਦਾ ਸ਼ਿਕਾਰ ਬਣਨ ਵਾਲੇ ਚਾਰ ਰਾਸ਼ਟਰਪਤੀ ਸਨ : ਅਬਰਾਹਮ Çਲੰਕਨ (1865), ਜੇਮਜ਼ ਗੈਰਫੀਲਡ (1881), ਵਿਲੀਅਮ ਮੈਕਿਨਲੀ (1901) ਅਤੇ ਜੌਹਨ ਕੈਨੇਡੀ (1963)। 1981 ਵਿਚ ਰੌਨਲਡ ਰੀਗਨ ਵਾਸ਼ਿੰਗਟਨ ਦੇ ਹਿਲਟਨ ਹੋਟਲ ਦੇ ਹੀ ਬਾਹਰਵਾਰ ਇਕ ਕਾਤਲਾਨਾ ਹਮਲੇ ਵਿਚ ਸਖ਼ਤ ਫੱਟੜ ਹੋ ਗਏ ਸਨ। ਇਹ ਸਾਰਾ ਇਤਿਹਾਸ ਇਹੋ ਦੱਸਦਾ ਹੈ ਕਿ ਦੁਨੀਆਂ ਦਾ ਸਭ ਤੋਂ ਤਾਕਤਵਰ ਰਾਜਨੇਤਾ ਵੀ ਹਰ ਕਿਸਮ ਦੀਆਂ ਸੁਰੱਖਿਆ ਪੇਸ਼ਬੰਦੀਆਂ ਦੇ ਬਾਵਜੂਦ ਜਾਂਬਾਜ਼ ਹੱਤਿਆਰਿਆਂ ਦੇ ਹਮਲਿਆਂ ਤੋਂ ਸੁਰੱਖਿਅਤ ਨਹੀਂ।
ਟਰੰਪ ਦੇ ਹਮਲਾਵਰ ਕੋਲ ਐਲੇਨ ਨੇ ਟਰੰਪ ਉੱਤੇ ਅਮਰੀਕਨਾਂ ਨਾਲ ਧੋਖਾ ਕਰਨ ਅਤੇ ਬਾਲੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਵਰਗੇ ਦੋਸ਼ ਲਾਏ ਹਨ ਜਿਨ੍ਹਾਂ ਨੂੰ ਟਰੰਪ ਨੇ ਉਸ ਦੀ ‘ਮਾਨਸਿਕ ਗ਼ਲਾਜ਼ਤ’ ਦਾ ਸਬੂਤ ਕਰਾਰ ਦਿਤਾ ਹੈ। ਅਜਿਹੇ ਮੋੜਵੇਂ ਦੋਸ਼ਾਂ ਦੇ ਬਾਵਜੂਦ ਸੱਚ ਇਹ ਵੀ ਹੈ ਕਿ ਟਰੰਪ ਦੀਆਂ ਆਪਹੁਦਰੀਆਂ ਨੇ ਉਸ ਦੇ ਦੋਖੀਆਂ ਤੇ ਵਿਰੋਧੀਆਂ ਦੀ ਤਾਦਾਦ ਵਿਚ ਬਹੁਤ ਵਾਧਾ ਕੀਤਾ ਹੈ। ਪਰ ਨਾਲ ਹੀ ਹਕੀਕਤ ਇਹ ਵੀ ਹੈ ਕਿ ਸਭਿਆ ਸੰਸਾਰ ਵਿਚ ਹਿੰਸਾ ਤੇ ਹੱਤਿਆਵਾਂ ਦੀ ਰਾਜਨੀਤੀ ਦੀ ਕੋਈ ਥਾਂ ਨਹੀਂ। ਲਿਹਾਜ਼ਾ, ਹਿੰਸਾ ਦਾ ਸਹਾਰਾ ਲੈਣ ਵਰਗੇ ਰੁਝਾਨ ਦੀ ਸਖ਼ਤ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਟਰੰਪ ਪਿਛਲੇ ਸਵਾ ਸਾਲ ਤੋਂ ਦੁਨੀਆਂ ਦੇ ਤਕਰੀਬਨ ਸਾਰੇ ਦੇਸ਼ਾਂ ਨੂੰ ਆਰਥਿਕ ਤੌਰ ’ਤੇ ਅਸਥਿਰ ਕਰਨ ਅਤੇ ਸੰਯੁਕਤ ਰਾਸ਼ਟਰ ਵਰਗੇ ਆਲਮੀ ਸੰਗਠਨਾਂ ਤੇ ਕੌਮਾਂਤਰੀ ਕਾਨੂੰਨਾਂ ਦੀਆਂ ਧੱਜੀਆਂ ਉਡਾਉਣ ਦੇ ਰਾਹ ਤੁਰਦਾ ਆਇਆ ਹੈ, ਪਰ ਹੁਣ ਉਸ ਨੂੰ ਵੀ ਅਹਿਸਾਸ ਹੋਣ ਲੱਗ ਪਿਆ ਹੈ ਕਿ ਉਸ ਦੀਆਂ ਆਪਹੁਦਰੀਆਂ ਅਮਰੀਕਾ ਨੂੰ ਹੀ ਪੁੱਠੀਆਂ ਪੈ ਰਹੀਆਂ ਹਨ। ਤਾਨਾਸ਼ਾਹੀ ਬਿਰਤੀ ਵਾਲੇ ਹੁਕਮਰਾਨਾਂ ਨੂੰ ਸਬਕ ਸਿਖਾਉਣ ਦੇ ਤੌਰ-ਤਰੀਕੇ ਜਮਹੂਰੀ ਪ੍ਰਬੰਧ ਦੇ ਅੰਦਰ ਸਦਾ ਹੀ ਨਿਹਿਤ ਰਹੇ ਹਨ। ਟਰੰਪ ਦੇ ਮਾਮਲੇ ਵਿਚ ਵੀ ਇਹ ਤੌਰ-ਤਰੀਕੇ ਅਪਣਾ ਰੰਗ ਦਿਖਾਉਣ ਲੱਗ ਪਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement