ਖ਼ਬਰਾਂ |

ਤਾਜ਼ਾ |

ਸਰਕਾਰ ਨੂੰ ਗੰਭੀਰ ਚੁਣੌਤੀ ਦਾ ਸਾਹਮਣਾ
Published : Apr 29, 2026, 7:30 am IST
Updated : Apr 29, 2026, 7:34 am IST
SHARE ARTICLE
Patiala railway track bomb blast
Patiala railway track bomb blast

ਰੇਲ ਪਟੜੀ 'ਤੇ ਬੰਬ ਧਮਾਕੇ ਵਾਲੀ ਘਟਨਾ ਨੂੰ ਪੰਜਾਬ ਪੁਲੀਸ ਤੋਂ ਇਲਾਵਾ ਕੇਂਦਰੀ ਏਜੰਸੀਆਂ ਵਲੋਂ ਵੀ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਪਟਿਆਲਾ ਜ਼ਿਲ੍ਹੇ ਵਿਚ ਸੋਮਵਾਰ ਰਾਤੀਂ ਸ਼ੰਭੂ ਤੇ ਰਾਜਪੁਰਾ ਦਰਮਿਆਨ ਰੇਲ ਪਟੜੀ ’ਤੇ ਬੰਬ ਧਮਾਕੇ ਅਤੇ ਉਸੇ ਰਾਤ ਬਟਾਲਾ ਪੁਲੀਸ ਜ਼ਿਲ੍ਹੇ ਦੇ ਪਿੰਡ ਭੋਮਾ ਵਿਚ ਦੋ ਵਿਅਕਤੀਆਂ ਦੀ ਹੱਤਿਆ ਵਰਗੀਆਂ ਸਨਸਨੀਖੇਜ਼ ਘਟਨਾਵਾਂ ਨੇ ਜਿੱਥੇ ਪੰਜਾਬ ਵਿਚ ਅਮਨ-ਕਾਨੂੰਨ ਦੀ ਵਿਵਸਥਾ ਪ੍ਰਤੀ ਚਿੰਤਾ ਪੈਦਾ ਕੀਤੀ ਹੈ, ਉੱਥੇ ਭਗਵੰਤ ਮਾਨ ਸਰਕਾਰ ਦੇ ਵਿਰੋਧੀਆਂ ਨੂੰ ਇਸ ਸਰਕਾਰ ਦੀਆਂ ਤਰਜੀਹਾਂ ਬਾਰੇ ਸਵਾਲ ਖੜ੍ਹੇ ਕਰਨ ਦਾ ਮੌਕਾ ਵੀ ਬਖ਼ਸ਼ ਦਿਤਾ ਹੈ। ਰੇਲ ਪਟੜੀ ’ਤੇ ਬੰਬ ਧਮਾਕੇ ਵਾਲੀ ਘਟਨਾ ਨੂੰ ਪੰਜਾਬ ਪੁਲੀਸ ਤੋਂ ਇਲਾਵਾ ਕੇਂਦਰੀ ਏਜੰਸੀਆਂ ਵਲੋਂ ਵੀ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਇਸ ਦੀ ਮੁੱਖ ਵਜ੍ਹਾ ਇਹ ਵੀ ਹੈ ਕਿ ਇਸ ਸਾਲ ਦੌਰਾਨ ਇਹ ਦੂਜੀ ਵਾਰ ਹੈ ਜਦੋਂ ਮੁੰਬਈ-ਅੰਮ੍ਰਿਤਸਰ ਰੇਲਵੇ ਫਰੇਟ ਕੌਰੀਡੋਰ ਦੇ ਅੰਬਾਲਾ-ਲੁਧਿਆਣਾ ਸੈਕਸ਼ਨ ਵਿਚ ਰੇਲ ਪਟੜੀ ਨੂੰ ਬੰਬ ਧਮਾਕੇ ਦਾ ਨਿਸ਼ਾਨਾ ਬਣਾਇਆ ਗਿਆ। ਮੀਡੀਆ ਰਿਪੋਰਟਾਂ ਦਸਦੀਆਂ ਹਨ ਕਿ ਸੋਮਵਾਰ ਰਾਤੀਂ ਸ਼ੰਭੂ ਨੇੜੇ ਬੰਬ ਧਮਾਕਾ ਉਸ ਸਮੇਂ ਹੋਇਆ ਜਦੋਂ ਰੇਲ ਪਟੜੀ ਤੋਂ ਇਕ ਮਾਲ ਗੱਡੀ ਗੁਜ਼ਰ ਰਹੀ ਸੀ।

ਧਮਾਕੇ ਕਾਰਨ ਇਸ ਦੇ ਚਾਲਕਾਂ ਨੇ ਜ਼ੋਰਦਾਰ ਝਟਕਾ ਜ਼ਰੂਰ ਮਹਿਸੂਸ ਕੀਤਾ, ਪਰ ਮਾਲ ਗੱਡੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਉਨ੍ਹਾਂ ਵਲੋਂ ਇਹ ਮਾਮਲਾ ਰਿਪੋਰਟ ਕੀਤੇ ਜਾਣ ਤੋਂ ਬਾਅਦ ਹੀ ਪੁਲੀਸ ਚੌਕਸ ਹੋਈ। ਘਟਨਾ ਸਥਾਨ ਤੋਂ ਇਕ ਵਿਅਕਤੀ ਦਾ ਧੜ ਤੇ ਮਾਸ ਦੇ ਟੁਕੜੇ ਮਿਲਣ ਅਤੇ ਪਟੜੀ ਨੂੰ ਪੁੱਜੇ ਨੁਕਸਾਨ ਤੋਂ ਇਲਾਵਾ ਡੈਟੋਨੇਟਰ ਤੇ ਤਾਰਾਂ ਦੇ ਟੁਕੜਿਆਂ ਦੀ ਮੌਜੂਦਗੀ ਤੋਂ ਪੁਲੀਸ ਇਸ ਨਤੀਜੇ ਉੱਤੇ ਪਹੁੰਚੀ ਹੈ ਕਿ ਬੰਬ ਫਿੱਟ ਕਰਨ ਵਾਲਾ ਵਿਅਕਤੀ ਧਮਾਕੇ ਦੀ ਜ਼ੱਦ ਵਿਚ ਹੋਣ ਕਾਰਨ ਮੌਕੇ ’ਤੇ ਹੀ ਮਾਰਿਆ ਗਿਆ।

ਇਸੇ ਥਾਂ ਦੇ ਨੇੜਿਓਂ ਹਰਿਆਣਾ ਤੇ ਯੂ.ਪੀ. ਦੀਆਂ ਨੰਬਰ ਪਲੇਟਾਂ ਵਾਲੇ ਦੋ ਮੋਟਰਸਾਈਕਲਾਂ ਤੇ ਇਕ ਅੱਧਸੜੇ ਮੋਬਾਈਲ ਦਾ ਮਿਲਣਾ ਇਹ ਸ਼ੱਕ ਪੈਦਾ ਕਰਦਾ ਹੈ ਕਿ ਧਮਾਕੇ ਕਾਰਨ ਮਰਿਆ ਬੰਦਾ ਇਕੱਲਾ ਨਹੀਂ ਸੀ। ਉਸ ਦੇ ਕੁੱਝ ਸਾਥੀ ਵੀ ਉਸ ਦੇ ਨਾਲ ਸਨ। ਉਸ ਦੀ ਸ਼ਨਾਖ਼ਤ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪੰਜਵੜ ਦੇ ਜਗਰੂਪ ਸਿੰਘ ਵਜੋਂ ਹੋਈ ਹੈ। ਪੁਲੀਸ ਦਾ ਦਾਅਵਾ ਹੈ ਕਿ ਉਹ ਡਿਬਰੂਗੜ੍ਹ ਜੇਲ੍ਹ (ਆਸਾਮ) ਵਿਚ ਨਜ਼ਰਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਹਮਾਇਤੀ ਸੀ। ਉਸ ਦੇ ਇਸ ਪਿਛੋਕੜ ਤੋਂ ਇਲਾਵਾ ‘ਖ਼ਾਲਿਸਤਾਨ ਨੈਸ਼ਨਲ ਆਰਮੀ’ ਨਾਮੀ ਖਾੜਕੂ ਜਥੇਬੰਦੀ ਦੀਆਂ ਰੇਲ ਪਟੜੀਆਂ ਉਡਾਉਣ ਦੀਆਂ ਧਮਕੀਆਂ ਦੀ ਬਿਨਾਅ ’ਤੇ ਪੁਲੀਸ ਸਮੁੱਚੇ ਘਟਨਾਕ੍ਰਮ ਨੂੰ ਖ਼ਾਲਿਸਤਾਨੀ ਅਨਸਰਾਂ ਦੀ ਕੁਚਾਲ ਦੱਸ ਰਹੀ ਹੈ।

ਇਸੇ ਦਿਨ ਦੇਰ ਸ਼ਾਮੀਂ ਬਟਾਲਾ ਪੁਲੀਸ ਜ਼ਿਲ੍ਹੇ ਦੇ ਪਿੰਡ ਭੋਮਾ ਵਿਚ ਮੋਟਰਸਾਈਕਲ ਸਵਾਰ ਅਣਪਛਾਤਿਆਂ ਵਲੋਂ ਸੈਰ ਕਰ ਰਹੇ ਤਿੰਨ ਵਿਅਕਤੀਆਂ ਉੱਤੇ ਅੰਨ੍ਹੇਵਾਹ ਫਾਇਰਿੰਗ ਕੀਤੇ ਜਾਣ ਦੀ ਘਟਨਾ ਨੂੰ ਵੀ ਸਨਸਨੀਖ਼ੇਜ਼ ਹਮਲੇ ਰੋਕਣ ਵਿਚ ਪੁਲੀਸ ਦੀ ਨਾਕਾਮੀ ਨਾਲ ਜੋੜਿਆ ਜਾ ਰਿਹਾ ਹੈ। ਉਪਰੋਕਤ ਵਾਰਦਾਤ ਵਿਚ ਦੋ ਯੁਵਕ ਕਸ਼ਮੀਰ ਸਿੰਘ ਤੇ ਜੁਗਰਾਜ ਸਿੰਘ ਮਾਰੇ ਗਏ ਅਤੇ ਤੀਜਾ ਸਖ਼ਤ ਜ਼ਖ਼ਮੀ ਹੋਇਆ। ਮੁਢਲੀਆਂ ਰਿਪੋਰਟਾਂ ਦਸਦੀਆਂ ਹਨ ਕਿ ਇਨ੍ਹਾਂ ਤਿੰਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਇਨ੍ਹਾਂ ਨੂੰ ਕਦੇ ਕੋਈ ਧਮਕੀ ਮਿਲੀ ਸੀ। ਅਮੂਮਨ ਅਜਿਹੀਆਂ ਹੱਤਿਆਵਾਂ ਨੂੰ ਗੈਂਗਸਟਰ-ਗੁਟਾਂ ਦੀਆਂ ਆਪਸੀ ਲੜਾਈਆਂ ਨਾਲ ਜੋੜਿਆ ਜਾਂਦਾ ਹੈ।

ਪਰ ਭੋਮਾ ਕਾਂਡ ਵਿਚ ਅਜਿਹੇ ਦਾਅਵਿਆਂ ਦੀ ਅਣਹੋਂਦ ਕਿਸੇ ਡੂੰਘੇਰੀ ਸਾਜ਼ਿਸ਼ ਵਲ ਸੈਨਤ ਮੰਨੀ ਜਾ ਰਹੀ ਹੈ। ਅਜਿਹੀਆਂ ਵਾਰਦਾਤਾਂ ਪੰਜਾਬ ਦੀ ਆਮ ਆਦਮੀ ਸਰਕਾਰ ਲਈ ਜਿੱਥੇ ਇਕ ਵੱਡੀ ਰਾਜਸੀ ਚੁਣੌਤੀ ਹਨ, ਉੱਥੇ ਇਹ ਗੈਂਗਸਟਰਾਂ ਖ਼ਿਲਾਫ਼ ਪੰਜਾਬ ਪੁਲੀਸ ਵਲੋਂ ਵਿੱਢੀ ਗਈ ਜੰਗ ਦੀ ਅਸਰਦਾਇਕਤਾ ਉੱਤੇ ਪ੍ਰਸ਼ਨ-ਚਿੰਨ੍ਹ ਵਾਂਗ ਵੀ ਹਨ। ਸੰਘਣੀ ਵਸੋਂ ਵਾਲੇ ਕਿਸੇ ਵੀ ਸੂਬੇ ਵਿਚ ਮਾਰ-ਕਾਟ ਜਾਂ ਲਾਕਾਨੂੰਨੀ ਵਰਗੀਆਂ ਘਟਨਾਵਾਂ ਦਾ ਮੁਕੰਮਲ ਖ਼ਾਤਮਾ ਕਦੇ ਵੀ ਸੰਭਵ ਨਹੀਂ ਹੋ ਸਕਦਾ; ਇਹ ਅਸਲੀਅਤ ਦਰਕਿਨਾਰ ਨਹੀਂ ਕੀਤੀ ਜਾਣੀ ਚਾਹੀਦੀ। ਪਰ ਜਦੋਂ ਸਨਸਨੀਖੇਜ਼ ਵਾਰਦਾਤਾਂ ਬਾਕਾਇਦਗੀ ਨਾਲ ਵਾਪਰਨ ਤਾਂ ਉਹ ਸਰਕਾਰ ਦੇ ਵਿਰੋਧੀਆਂ ਨੂੰ ਲਫ਼ਜ਼ੀ ਜਹਾਦ ਛੇੜਨ ਦਾ ਅਵਸਰ ਪ੍ਰਦਾਨ ਕਰ ਦਿੰਦੀਆਂ ਹਨ।

ਇਸੇ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਤਿੱਖੀ ਬਿਆਨਬਾਜ਼ੀ ਸੁਣਨ ਨੂੰ ਮਿਲ ਰਹੀ ਹੈ। ਕੁੱਝ ਰਾਜਸੀ ਹਲਕੇ ਤਾਂ ਅਜਿਹੀਆਂ ਘਟਨਾਵਾਂ ਨੂੰ ਆਮ ਆਦਮੀ ਪਾਰਟੀ ਦੀ ‘ਅੰਦਰੂਨੀ ਖ਼ਾਨੀਜੰਗੀ’ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ‘ਸਾਜ਼ਿਸ਼’ ਵੀ ਦੱਸ ਰਹੇ ਹਨ। ਤੋਹਮਤਾਂ ਵਾਲੇ ਅਜਿਹੇ ਆਲਮ ਵਿਚ ਇਹ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਅਮਨ-ਕਾਨੂੰਨ ਦੀ ਵਿਵਸਥਾ ਭੰਗ ਕਰਨ ਵਾਲੀਆਂ ਵਾਰਦਾਤਾਂ ਨੂੰ ਸੰਕੀਰਣ ਰਾਜਨੀਤਕ ਪ੍ਰਿਜ਼ਮ ਵਿਚੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਸਰਕਾਰ ਦੀਆਂ ਨਾਕਾਮੀਆਂ ’ਤੇ ਉਂਗਲ ਜ਼ਰੂਰ ਧਰੀ ਜਾਣੀ ਚਾਹੀਦੀ ਹੈ, ਪਰ ਇਨ੍ਹਾਂ ਨੂੰ ਰਾਜਸੀ ਚਿੱਕੜਬਾਜ਼ੀ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਅਜਿਹੀ ਪਹੁੰਚ ਹੀ ਰਾਜਨੀਤਕ ਸੂਝ ਤੇ ਸੁਹਜ ਦਾ ਅਸਲ ਪ੍ਰਮਾਣ ਮੰਨੀ ਜਾਂਦੀ ਹੈ। 


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement