ਖ਼ਬਰਾਂ |

ਤਾਜ਼ਾ |

ਪੰਜਾਬੀ ਸੂਬੇ ਨੇ ਸਿੱਖਾਂ ਦੇ ਸਿਰਾਂ ਉਤੋਂ ਛਤਰੀ ਹਟਾ ਦਿਤੀ!
Published : Nov 1, 2026, 6:58 am IST
Updated : Nov 1, 2026, 7:12 am IST
SHARE ARTICLE
Nijji Diary De Panne News
Nijji Diary De Panne News

ਉਹ ਸੁਪਨੇ ਹਵਾ ਹੋ ਗਏ ਜੋ ‘ਸੂਬੇ' ਵਿਚ ਨਿਮਾਣੇ ਤੇ ਪੰਥ-ਪ੍ਰਸਤ ਸਿੱਖਾਂ ਦੀ ਤਾਕਤ 100-ਗੁਣਾਂ ਬਣਦੀ ਵੇਖਣ ਲਈ ਲਏ ਗਏ ਸਨ। ਬਣੀ ਹੈ ਤਾਕਤ ਪਰ ਪੰਥ ਵਲ ਪਿਠ ਕਰ ....

ਮੈਂ ਚੰਡੀਗੜ੍ਹ ਦੇ ਲਾਅ ਕਾਲਜ ਵਿਚ ਪੜ੍ਹਦਾ ਸੀ। ਇਸ ਤੋਂ ਪਹਿਲਾਂ, ਮਾਂ-ਬਾਪ ਦੀ ਉੁਂਗਲੀ ਫੜੇ ਬਿਨਾਂ, ਕਦੇ ਘਰ ਤੋਂ ਬਾਹਰ ਵੀ ਨਹੀਂ ਸੀ ਨਿਕਲਿਆ। ਚੰਡੀਗੜ੍ਹ ਸੋਹਣਾ ਤਾਂ ਲੱਗਾ ਪਰ ਘਰ ਦੀ ਯਾਦ ਬਹੁਤ ਆਉੁਂਦੀ ਸੀ। ਹਰ ਮਹੀਨੇ, ਕਿਸੇ ਨਾ ਕਿਸੇ ਬਹਾਨੇ, 100 ਮੀਲ ਦਾ ਪੈਂਡਾ ਕਰ ਕੇ, ਘਰ ਪੁਜ ਜਾਣਾ ਤੇ ਰੋਂਦੀ ਕੁਰਲਾਂਦੀ ਮਾਂ ਨੂੰ ਯਕੀਨ ਦੁਆਉਣਾ ਕਿ ਛੇਤੀ ਹੀ ਪੜ੍ਹਾਈ ਖ਼ਤਮ ਕਰ ਕੇ ਵਾਪਸ ਆ ਜਾਵਾਂਗਾ। 

ਕਾਲਜ ਵਿਚ ਇਕ ਦੋਸਤ ਫਿਰ ਐਸਾ ਮਿਲ ਗਿਆ ਜਿਸ ਨੇ ਚੰਡੀਗੜ੍ਹ ਨੂੰ ਏਨਾ ਦਿਲਕਸ਼ ਬਣਾ ਦਿਤਾ ਕਿ 6 ਮਹੀਨੇ ਬਾਅਦ, ਘਰ ਜਾਣ ਦਾ ਖ਼ਿਆਲ ਵੀ ਫ਼ਾਲਤੂ ਲੱਗਣ ਲੱਗ ਪਿਆ। ਜਤਿੰਦਰ, ਮੋਗੇ ਦੇ ‘ਪੀ’ ਮਾਰਕਾ ਤੇਲ ਬਣਾਉਣ ਵਾਲੇ ਪ੍ਰਸਿੱਧ ਆਰੀਆ ਸਮਾਜੀ ਪ੍ਰਵਾਰ ਦਾ ਬੇਟਾ ਸੀ ਤੇ ਮੈਂ ਖ਼ਾਲਸਾ ਸਕੂਲ ਦੀ ਪੜ੍ਹਾਈ ਵੇਲੇ ਤੋਂ ਹੀ ਆਰੀਆ ਸਮਾਜ ਨੂੰ ਸਿੱਖ-ਵਿਰੋਧੀ ਮੰਨਣ ਵਾਲਾ। ਪਰ ਜਤਿੰਦਰ ਦੇ ਪਿਆਰ ਭਰੇ ਵਤੀਰੇ ਨੇ ਬਾਕੀ ਸੱਭ ਗੱਲਾਂ ਨੂੰ ਪਿੱਛੇ ਸੁਟ ਦਿਤਾ ਤੇ ਬਾਕੀ ਰਹਿ ਗਈ ਸਿਰਫ਼ ਇਕ ਪਿਆਰ-ਭਿੱਜੀ ਦੋਸਤੀ। ਸਾਡੀ ਦੋਸਤੀ ਦੀਆਂ ਧੁੰਮਾਂ ਇਸ ਤਰ੍ਹਾਂ ਪੈ ਗਈਆਂ ਕਿ ਹਰ ਕੋਈ ਸਾਨੂੰ ਸੱਕੇ ਭਰਾ ਸਮਝਣ ਲੱਗ ਪਿਆ। ਸਾਡੇ ਨਾਂ ਵੀ ਇਕੋ ਜਹੇ ਸਨ -- ਜੋਗਿੰਦਰ ਤੇ ਜਤਿੰਦਰ। ਮੈਨੂੰ ਆਮ ਪੁਛਿਆ ਜਾਂਦਾ ਸੀ ਕਿ ਮੇਰੇ ‘ਭਰਾ’ ਨੇ ਕੇਸ ਕਿਉਂ ਨਹੀਂ ਰੱਖੇ ਹੋਏ? ਅਸੀ ਹਰ ਵੇਲੇ ਇਕੱਠੇ ਹੀ ਰਹਿੰਦੇ ਸੀ। ਕਲਾਸ ਵਿਚ ਵੀ ਇਕੱਠੇ ਹੀ ਬੈਠਦੇ। ਜੇ ਕਿਸੇ ਦਿਨ, ਇਕ ਬੀਮਾਰ ਪੈ ਜਾਂਦਾ ਤਾਂ ਦੂਜੇ ਲਈ ਵੀ ਕਲਾਸ ਵਿਚ ਬੇਠਣਾ ਔਖਾ ਹੋ ਜਾਂਦਾ ਸੀ। ਪੰਜ ਮਿੰਟ ਬਾਅਦ ਹੀ, ਕਲਾਸ ’ਚੋਂ ਬਾਹਰ ਨਿਕਲ ਆਉੁਂਦਾ ਤੇ ਬੀਮਾਰ ਦੋਸਤ ਵਲ ਭੱਜ ਉਠਦਾ। 

ਜਤਿੰਦਰ ਸੀ ਤਾਂ ਆਰੀਆ ਸਮਾਜੀ ਪ੍ਰਵਾਰ ਤੋਂ ਪਰ ਮੈਂ ਵੇਖਿਆ, ਉਹ ਮੇਰੀ ਤਰ੍ਹਾਂ ਹੀ ਬੜੇ ਖੁਲ੍ਹੇ ਵਿਚਾਰਾਂ ਵਾਲਾ ਸੀ ਤੇ ਕੱਟੜਪੁਣਾ ਤਾਂ ਉਸ ਦੇ ਨੇੜੇ ਵੀ ਨਹੀਂ ਸੀ ਢੁਕਿਆ। ਉਸ ਨੇ ਹੀ ਪਹਿਲੀ ਵਾਰ ਮੈਨੂੰ ਇਕ ਮੁਸਲਮਾਨ ਮਿੱਤਰ ਨਾਲ ਮਿਲਾਇਆ। ਕਹਿਣ ਲੱਗਾ, ‘‘ਯਾਰ ਸਾਡੇ ਦੇਸ਼ ਵਿਚ ਫ਼ਿਰਕਾਪ੍ਰਸਤੀ ਬਹੁਤ ਹੈ। ਇਹ ਸਾਡਾ ਮਿੱਤਰ ਦਰ ਦਰ ਦੀਆਂ ਠੋਕਰਾਂ ਖਾ ਚੁੱਕਾ ਹੈ ਪਰ ਮੁਸਲਮਾਨ ਹੋਣ ਕਰ ਕੇ, ਇਸ ਨੂੰ ਕੋਈ ਨੌਕਰੀ ਨਹੀਂ ਦੇਂਦਾ। ਬੀ.ਏ. ਫ਼ਸਟ ਡਵੀਜ਼ਨ ਵਿਚ ਪਾਸ ਕੀਤੀ ਏ ਇਹਨੇ। ਤੂੰ ਕੋਈ ਮਦਦ ਕਰ ਸਕਦੈਂ ਇਸ ਦੀ?’’

ਜਤਿੰਦਰ ਨੂੰ ਪਤਾ ਸੀ, ਮੇਰੇ ਪਿਤਾ ਇਕ ਫ਼ੈਕਟਰੀ ਦੇ ਮਾਲਕ ਸਨ। ਮੈਂ ਉਸ ਮੁਸਲਮਾਨ ਨੂੰ ਨੌਕਰੀ ਦਿਵਾਉਣ ਦਾ ਭਰੋਸਾ ਦਿਤਾ ਪਰ ਉਹ ਚੰਡੀਗੜ੍ਹ ਤੋਂ ਬਾਹਰ ਨਹੀਂ ਸੀ ਜਾਣਾ ਚਾਹੁੰਦਾ ਤੇ ਇਹ ਵੀ ਚਾਹੁੰਦਾ ਸੀ ਕਿ ਉਸ ਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਏ।  ਮੇਰੇ ਮਨ ਵਿਚ ਇਕ ਗੱਲ ਆਈ। ਮੈਂ ਕਿਹਾ, ‘‘ਤੂੰ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਇਕ ਚਿੱਠੀ ਲਿਖ ਤੇ ਉਸ ਨੂੰ ਦਸ ਕਿ ਮੁਸਲਮਾਨ ਹੋਣ ਕਰ ਕੇ, ਤੈਨੂੰ ਪੰਜਾਬ ਵਿਚ ਕੋਈ ਨੌਕਰੀ ਦੇਣ ਨੂੰ ਵੀ ਤਿਆਰ ਨਹੀਂ।’’

ਸਾਰਿਆਂ ਨੂੰ ਗੱਲ ਪਸੰਦ ਆ ਗਈ। ਸ਼ਾਇਦ ਬਖ਼ਸ਼ੀ ਗ਼ੁਲਾਮ ਮੁਹੰਮਦ ਸੀ ਉਸ ਵੇਲੇ ਦਾ ਮੁੱਖ ਮੰਤਰੀ। ਹਫ਼ਤੇ ਕੁ ਬਾਅਦ ਹੀ ਉਸ ਮੁਸਲਮਾਨ ਮਿੱਤਰ ਦੇ ਘਰ ਦਾ ਦਰਵਾਜ਼ਾ, ਸਵੇਰੇ ਸਵੇਰੇ, ਇਕ ਡੀ.ਐਸ.ਪੀ. ਨੇ ਆ ਖੜਕਾਇਆ। ਦੋ ਕਾਂਸਟੇਬਲ ਵੀ ਉਸ ਦੇ ਨਾਲ ਸਨ। ਜਦ ਸਾਡੇ ਮੁਸਲਮਾਨ ਮਿੱਤਰ ਨੇ ਸਿਪਾਹੀ ਨੂੰ ਦਰਵਾਜ਼ੇ ਤੇ ਵੇਖਿਆ ਤਾਂ ਉਹ ਘਬਰਾ ਗਿਆ ਤੇ ਪਿਛਲੇ ਦਰਵਾਜ਼ਿਉਂ ਦੌੜ ਜਾਣ ਦੀ ਸੋਚਣ ਲੱਗਾ ਪਰ ਫਿਰ ਸੰਭਲ ਗਿਆ ਤੇ ਉਨ੍ਹਾਂ ਨੂੰ ਉਸ ਨੇ ‘ਜੀਅ ਆਇਆਂ’ ਕਹਿ ਦਿਤਾ। ਡੀ.ਐਸ.ਪੀ. ਨੇ ਬੜੇ ਸਲੀਕੇ ਨਾਲ ਦਸਿਆ, ‘‘ਤੁਸੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੂੰ ਕੋਈ ਚਿੱਠੀ ਲਿਖੀ ਸੀ। ਉਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਤੁਹਾਨੂੰ ਕਲ ਸਵੇਰੇ 11 ਵਜੇ ਅਪਣੇ ਦਫ਼ਤਰ ਵਿਚ ਬੁਲਾਇਆ ਹੈ। ਤੁਸੀ ਸਾਰੇ ਕਾਗ਼ਜ਼ ਪੱਤਰ ਲੈ ਕੇ ਤਿਆਰ ਰਹਿਣਾ। ਮੈਂ ਆਪ ਆ ਕੇ ਤੁਹਾਨੂੰ ਲੈ ਜਾਵਾਂਗਾ ਤੇ ਮੁੱਖ ਮੰਤਰੀ ਨਾਲ ਮਿਲਾ ਦੇਵਾਂਗਾ।’’

ਸਾਡੇ ਮੁਸਲਮਾਨ ਮਿੱਤਰ (ਉਸ ਦਾ ਨਾਂ ਮੈਨੂੰ ਯਾਦ ਨਹੀਂ ਆ ਰਿਹਾ) ਦਾ ਹੌਸਲਾ ਤਾਂ ਕਾਇਮ ਹੋ ਗਿਆ ਪਰ ਫਿਰ ਵੀ ਉਸ ਨੂੰ ਇਹ ਯਕੀਨ ਨਹੀਂ ਸੀ ਕਿ ਉਸ ਦੀ ਗੱਲ ਵੀ ਕੋਈ ਸੁਣੇਗਾ। ਉਹ ਇਹੀ ਸੋਚ ਕੇ ਚਲਾ ਗਿਆ ਕਿ ‘ਚਲੋ ਸਿਆਸੀ ਲੋਕਾਂ ਨੂੰ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰਦਿਆਂ ਤਾਂ ਵੇਖ ਹੀ ਆਵਾਂਗੇ। ਕੁੱਝ ਨਹੀਂ ਦੇਣਗੇ ਤਾਂ ਨਾ ਸਹੀ ਪਰ ਖੋਹ ਵੀ ਤਾਂ ਕੁੱਝ ਨਹੀਂ ਲੈਣਗੇ।’ ਸਾਡਾ ਮੁਸਲਮਾਨ ਦੋਸਤ, ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਕਮਰੇ ਵਿਚੋਂ ਬਾਹਰ ਨਿਕਲਿਆ ਤਾਂ ਉਸ ਦੇ ਹੱਥ ਵਿਚ ਮੁੱਖ ਮੰਤਰੀ ਵਲੋਂ ਇਕ ਹੋਰ ਅਫ਼ਸਰ ਦੇ ਨਾਂ ਲਿਖੀ ਹੋਈ ਚਿੱਠੀ ਸੀ ਜਿਸ ਵਿਚ ਲਿਖਿਆ ਸੀ ਕਿ ‘‘ਕਸ਼ਮੀਰ ਦੇ ਮੁੱਖ ਮੰਤਰੀ... ਦੀ ਸਿਫ਼ਾਰਸ਼ ਅਨੁਸਾਰ, ਇਸ ਨੌਜੁਆਨ ਨੂੰ ਇਕ ਹਫ਼ਤੇ ਦੇ ਅੰਦਰ ਅੰਦਰ, ਢੁਕਵੀਂ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਜਾਏ ਤੇ ਰੀਪੋਰਟ ਮੈਨੂੰ ਭੇਜੀ ਜਾਏ।’’ 

ਸ. ਕੈਰੋਂ ਦੀ ਚਿੱਠੀ ਲੈ ਕੇ, ਸਾਡਾ ਮੁਸਲਮਾਨ ਦੋਸਤ, ਉਸ ਅਫ਼ਸਰ ਕੋਲ ਗਿਆ ਤਾਂ ਅੰਦਰੋਂ ਅਪਣੀ ਪਸੰਦ ਦੀ ਨੌਕਰੀ ਦਾ ਲਿਖਤੀ ਪ੍ਰਵਾਨਾ ਲੈ ਕੇ ਹੀ ਬਾਹਰ ਨਿਕਲਿਆ। ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ। ਸ਼ਾਮ ਨੂੰ ਉਹਨੇ ਮੇਰਾ ਧਨਵਾਦ ਖ਼ਾਸ ਤੌਰ ਤੇ ਕਰਨ ਲਈ ਸਾਨੂੰ ਹੋਟਲ ਵਿਚ ਸੱਦ ਕੇ ਵਧੀਆ ਪਾਰਟੀ ਵੀ ਦਿਤੀ। ਹੋਸਟਲ ਵਿਚ ਮੇਰੇ ਨੇੜੇ ਹੀ, ਇਕ ਅਕਾਲੀ ਐਮ.ਐਲ.ਏ. ਚੌਧਰੀ ਲੱਖੀ ਸਿੰਘ ਦਾ ਬੇਟਾ ਸੁਰਿੰਦਰ ਸਿੰਘ ਚੌਧਰੀ ਵੀ ਰਹਿੰਦਾ ਸੀ। ਉਹ ਬੜਾ ਪੱਕਾ ਅਕਾਲੀ ਸੀ। ਉਸ ਨੂੰ ਮੈਂ ਮੁਸਲਮਾਨ ਦੋਸਤ ਦੀ ਗੱਲ ਸੁਣਾਈ ਤਾਂ ਉਹ ਖ਼ੁਸ਼ ਹੋ ਕੇ ਬੋਲਿਆ, ‘‘ਹਾਅ ਇਹ ਹੋਈ ਨਾ ਗੱਲ! ਓ ਸੁਣਾ ਉਨ੍ਹਾਂ ਸਾਰਿਆਂ ਨੂੰ ਇਹ ਸਾਖੀ ਜਿਹੜੇ ਸਿੱਖ ਹੋ ਕੇ ਵੀ ਪੰਜਾਬੀ ਸੂਬੇ ਦੀ ਮੁਖ਼ਾਲਫ਼ਤ ਕਰਦੇ ਨੇ। ਪੰਜਾਬੀ ਸੂਬਾ ਬਣ ਗਿਆ ਤਾਂ ਉਹ ਸਿੱਖਾਂ ਦੀ ਬਹੁਗਿਣਤੀ ਵਾਲਾ ਪਹਿਲਾ ਸੂਬਾ ਹੋਵੇਗਾ ਤੇ ਉਸ ਦਾ ਮੁੱਖ ਮੰਤਰੀ, ਹਿੰਦੁਸਤਾਨ ਵਿਚ ਰਹਿੰਦੇ ਕਿਸੇ ਵੀ ਦੁਖੀ ਸਿੱਖ ਦੀ ਪੁਕਾਰ ਇਸ ਤਰ੍ਹਾਂ ਹੀ ਮਿੰਟਾਂ ਸਕਿੰਟਾਂ ਵਿਚ ਸੁਣੇਗਾ ਜਿਸ ਤਰ੍ਹਾਂ ਤੇਰੇ ਮੁਸਲਮਾਨ ਦੋਸਤ ਦੀ ਪੁਕਾਰ, ਕਸ਼ਮੀਰ ਦੇ ਮੁੱਖ ਮੰਤਰੀ ਨੇ ਸੁਣੀ ਹੈ। ਹੈ ਤਾਂ ਕੈਰੋਂ ਵੀ ਸਿੱਖ ਹੀ ਪਰ ਇਹ ਕਿਸੇ ਸਿੱਖ ਦੀ ਮਦਦ ਨਹੀਂ ਕਰੇਗਾ ਕਿਉਂਕਿ ਇਹ ਡਰਦੈ ਕਿ ਇਹਨੂੰ ਕੋਈ ‘ਸਿੱਖਾਂ ਦਾ ਹਮਾਇਤੀ’ ਕਹਿ ਕੇ ਇਸ ਦੀ ਕੁਰਸੀ ਨਾ ਖੋਹ ਲਵੇ।

ਇਹੀ ਹਾਲ ਦਿੱਲੀ ਵਿਚ ਸਵਰਨ ਸਿੰਘ ਤੇ ਗੁਰਦਿਆਲ ਸਿੰਘ ਢਿੱਲੋਂ ਵਰਗਿਆਂ ਦਾ ਹੈ...।’’ ਉਸ ਮਗਰੋਂ, ਰੌਲਾ ਸੁਣ ਕੇ ਇਕੱਠੇ ਹੋ ਗਏ ਮੁੰਡਿਆਂ ਸਾਹਮਣੇ ਸੁਰਿੰਦਰ ਨੇ ਪੰਜਾਬੀ ਸੂਬੇ ਦੇ ਹੱਕ ਵਿਚ ਵੱਡੀ ਸਾਰੀ ਤਕਰੀਰ ਵੀ ਕਰ ਦਿਤੀ ਕਿ ਇਕ ਵਾਰ ਸਿੱਖ ਬਹੁਗਿਣਤੀ ਵਾਲਾ ਪੰਜਾਬੀ ਸੂਬਾ ਬਣ ਲੈਣ ਦਿਉ, ਕਿਸੇ ਵੀ ਸਿੱਖ ਨਾਲ, ਪੂਰੇ ਦੇਸ਼ ਵਿਚ ਧੱਕਾ ਨਹੀਂ ਹੋ ਸਕੇਗਾ ਕਿਉਂਕਿ ਪੰਜਾਬੀ ਸੂਬੇ ਦੇ ਮੁੱਖ ਮੰਤਰੀ ਦੀ ਇਕ ਚਿੱਠੀ ਨਾਲ ਹੀ, ਧੱਕਾ ਕਰਨ ਵਾਲਿਆਂ ਨੂੰ ਪਤਾ ਲੱਗ ਜਾਏਗਾ ਕਿ ਸਿੱਖ ਕੋਈ ਲਾਵਾਰਸ ਜਹੀ ਕੌਮ ਨਹੀਂ, ਇਹਦੇ ਪਿੱਛੇ ਵੀ ਇਕ ਸਰਕਾਰ ਖੜੀ ਹੈ ਤੇ ਸਿੱਖ ਨਾਲ ਜ਼ਿਆਦਤੀ ਖ਼ਤਮ ਨਾ ਕੀਤੀ ਤਾਂ ਪੰਜਾਬੀ ਸੂਬੇ ਦੀ ਸਰਕਾਰ ਦੀ ‘ਖ਼ਾਲਸਾਈ ਝਿੜਕ’ ਸਹਿਣੀ ਔਖੀ ਹੋ ਜਾਏਗੀ...।’’

ਲਾਅ ਕਾਲਜ ਵਿਚ ਪੜ੍ਹਦੇ ਸਮੇਂ ਦੀਆਂ ਪੁਰਾਣੀਆਂ ਗੱਲਾਂ ਅੱਜ ਉਸ ਸਮੇਂ ਯਾਦ ਆ ਗਈਆਂ ਜਦੋਂ ਇਕ ਹਰਿਆਣਵੀ ਸਿੱਖ, ਗੁਰਬਖ਼ਸ਼ ਸਿੰਘ ਵਲੋਂ ਮਰਨ ਵਰਤ ਰੱਖ ਕੇ ਇਹ ਮੰਗ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਕਿ 21 ਸਾਲ ਤੋਂ ਜੇਲਾਂ ਵਿਚ ਬੰਦ ਉਹ ਸਿੱਖ ਕੈਦੀ ਤਾਂ ਰਿਹਾਅ ਕਰ ਦਿਤੇ ਜਾਣ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ। ਸਿੱਖ ਬਹੁਗਿਣਤੀ ਵਾਲੇ ਪੰਜਾਬੀ ਸੂਬੇ ਵਿਚ ਅਕਾਲੀ ਸਰਕਾਰ, ਰਾਜਗੱਦੀ ਉਤੇ ਬੈਠੀ ਹੈ ਪਰ ਕਿਸੇ ਵਜ਼ੀਰ ਨੇ ਗੁਰਬਖ਼ਸ਼ ਸਿੰਘ ਨਾਲ ਹਮਦਰਦੀ ਪ੍ਰਗਟ ਨਹੀਂ ਕੀਤੀ। 

ਮੈਂ ਮੁੱਖ ਮੰਤਰੀ ਹੁੰਦਾ ਤਾਂ ਆਪ ਭੁੱਖ ਹੜਤਾਲ ਵਾਲੀ ਥਾਂ ’ਤੇ ਜਾਂਦਾ ਤੇ ਜੇ ਨਾ ਜਾ ਸਕਦਾ ਤਾਂ ਐਲਾਨ ਕਰ ਦੇਂਦਾ ਕਿ ਅਸੀ ਗੁਰਬਖ਼ਸ਼ ਸਿੰਘ ਦੀ ਮੰਗ ਨਾਲ, ਪੂਰੇ ਤੌਰ ’ਤੇ ਖੜੇ ਹਾਂ ਤੇ ਅਸੈਂਬਲੀ ਦਾ ਸੈਸ਼ਨ ਸੱਦ ਕੇ, ਇਸ ਸਬੰਧੀ ਮਤਾ ਵੀ ਪਾਸ ਕਰਾਂਗੇ ਤੇ ਜੋ ਆਪ ਕਰ ਸਕਦੇ ਹੋਏ, ਤੁਰਤ ਕਰਾਂਗੇ ਪਰ ਨਾਲ ਹੀ ਦੂਜੇ ਮੁੱਖ ਮੰਤਰੀਆਂ ਨੂੰ ਵੀ ਆਖਾਂਗੇ ਕਿ 1984 ਦਾ ਚੈਪਟਰ ਬੰਦ ਕਰਨ ਲਈ ਸਾਰੇ ਸਿੱਖ ਬੰਦੀਆਂ ਨੂੰ ਤੁਰਤ ਰਿਹਾਅ ਕਰ ਦਿਤਾ ਜਾਏ। ਇਸ ਨਾਲ ਸੱਭ ਦੇ ਗਿਲੇ ਸ਼ਿਕਵੇ ਦੂਰ ਹੋ ਜਾਣੇ ਸਨ। ਹੋਇਆ ਇਸ ਤੋਂ ਐਨ ਉਲਟ।

ਗੁਰਬਖ਼ਸ਼ ਸਿੰਘ ਤੋਂ ਦੂਰੀ ਬਣਾ ਕੇ ਰੱਖਣ ਦੇ ਯਤਨ ਕੀਤੇ ਗਏ ਤੇ ਇਹ ਬਿਆਨ ਜਾਰੀ ਕੀਤੇ ਗਏ ਕਿ ਇਸ ਮਾਮਲੇ ਦਾ ਪੰਜਾਬ ਸਰਕਾਰ ਨਾਲ ਕੋਈ ਸਬੰਧ ਨਹੀਂ, ਇਸ ਲਈ ਪੰਜਾਬ ਸਰਕਾਰ ਕੁੱਝ ਨਹੀਂ ਕਰ ਸਕਦੀ। ਸੱਚ ਪੁੱਛੋ ਤਾਂ ਪੰਜਾਬ ਸਰਕਾਰ ਦੇ ਮਖ਼ਮਲੀ ਗ਼ਲੀਚਿਆਂ ਅਤੇ ਉੱਚੀਆਂ ਸ਼ਾਹੀ ਕੁਰਸੀਆਂ ਉਤੇ ਸਜਣ ਵਾਲੇ ਅਕਾਲੀਆਂ ਦਾ ਫ਼ਰਜ਼ ਤਾਂ ਇਹ ਬਣਦਾ ਸੀ ਕਿ ਉਹ ਕੁਰਸੀਆਂ ਉਤੇ ਬੈਠਣ ਤੋਂ ਪਹਿਲਾਂ ਸਾਰੇ ਨੌਜੁਆਨਾਂ ਦੀ ਰਿਹਾਈ ਨੂੰ ਸ਼ਰਤ ਬਣਾ ਲੈਂਦੇ ਤੇ ਭਵਿੱਖ ਵਿਚ ਕਿਸੇ ਦੀ ਗਿ੍ਰਫ਼ਤਾਰੀ ਕੀਤੇ ਜਾਣ ਉਤੇ ਰੋਕ ਲਵਾ ਲੈਂਦੇ। ‘ਪੰਜ ਪਾਣੀ’ ਤੇ ‘ਸਪੋਕਸਮੈਨ’ ਦੀਆਂ ਪੁਰਾਣੀਆਂ ਫ਼ਾਈਲਾਂ ਕੱਢ ਕੇ ਵੇਖ ਲਉ, ਅਸੀ ‘ਰਾਜੀਵ-ਲੌਂਗੋਵਾਲ ਸਮਝੌਤੇ’ ਦੀ ਵਿਰੋਧਤਾ ਕਰ ਕੇ ਲਿਖਿਆ ਸੀ ਕਿ ਅਜਿਹੇ ਸਮਝੌਤਿਆਂ ਦੀ ਪਹਿਲੀ ਮੱਦ ਹੀ ਇਹ ਹੁੰਦੀ ਹੈ ਕਿ ਜੇਲਾਂ ਵਿਚ ਬੰਦ ਸਾਰੇ ਕੈਦੀ ਤੁਰਤ ਰਿਹਾਅ ਕਰ ਦਿਤੇ ਜਾਣਗੇ ਤੇ ਉਨ੍ਹਾਂ ਵਿਰੁਧ ਕੇਸ ਵਾਪਸ ਲੈ ਲਏ ਜਾਣਗੇ। ਅਸੀ ‘ਪੰਜ ਪਾਣੀ’ ਅਤੇ ‘ਸਪੋਕਸਮੈਨ ਮਾਸਕ’ ਵਿਚ ਲਗਾਤਾਰ ਅਕਾਲੀ ਲੀਡਰਸ਼ਿਪ ਨੂੰ ਇਸ ਕੋਤਾਹੀ ਬਾਰੇ ਯਾਦ ਕਰਵਾਉਂਦੇ ਰਹੇ। ਰਾਜੀਵ-ਲੌਂਗੋਵਾਲ ਸਮਝੌਤੇ ਦੀ ਮੁੱਖ ਮੱਦ ਹੀ ਇਹ ਸੀ ਕਿ ਅਕਾਲੀਆਂ ਨੂੰ ਰਾਜ ਭਾਗ ਦਿਤਾ ਜਾਵੇਗਾ ਤੇ ਬਾਕੀ ਖ਼ਾਲੀ ਵਾਅਦੇ ਹੀ ਕੀਤੇ ਜਾਣਗੇ ਜਿਨ੍ਹਾਂ ਬਾਰੇ ਹਮੇਸ਼ਾ ਵਾਂਗ, ਮਗਰੋਂ ਜਾ ਕੇ ਕਹਿ ਦਿਤਾ ਜਾਏਗਾ ਕਿ, ‘‘ਭੁਲ ਵੀ ਜਾਉ ਹੁਣ। ਵਕਤ ਬਦਲ ਗਿਆ ਹੈ ਪਰ ਤੁਸੀ ਪੁਰਾਣੇ ਵਾਅਦਿਆਂ ਦੀ ਹੀ ਰੱਟ ਲਾਈ ਜਾ ਰਹੇ ਹੋ।’’ 

ਅੱਜ ਅਸਲ ਅਕਾਲੀ ਕਿਤੇ ਰਾਜ ਭਾਗ ਮਾਣ ਰਹੇ ਹੁੰਦੇ ਤਾਂ ਕਦੇ ਨਾ ਕਹਿੰਦੇ ਕਿ ‘ਅਸੀ ਕੁੱਝ ਨਹੀਂ ਕਰ ਸਕਦੇ’ ਬਲਕਿ ਇਹੀ ਕਹਿੰਦੇ ਕਿ ‘‘ਸਾਡੀ ਅਣਗਹਿਲੀ ਤੇ ਨਾਲਾਇਕੀ ਕਾਰਨ, ਜਿਹੜੇ ਉਦੋਂ ਜੇਲਾਂ ਵਿਚ ਰਹਿ ਗਏ ਸਨ ਜਾਂ ਜਿਨ੍ਹਾਂ ਨੂੰ 1995 ਤਕ ਚੱਲੇ ਸੰਘਰਸ਼ ਦੇ ਭਾਗ ਵਜੋਂ ਮਗਰੋਂ ਫੜਿਆ ਗਿਆ ਸੀ, ਉਨ੍ਹਾਂ ਨੂੰ ਰਿਹਾਅ ਅਸੀ ਕਰਵਾਵਾਂਗੇ ਤੇ ਕਿਸੇ ਨੂੰ ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ।’’ ਸਿੱਖ ਬਹੁਗਿਣਤੀ ਵਾਲੇ ਪੰਜਾਬੀ ਸੂਬੇ ਦੇ ਲਾਭ ਤਾਂ ਜੋ ਹੋਣੇ ਸਨ, ਉਹ ਕੁਰਸੀ - ਭਗਤ, ਸਿੱਖ ਲੀਡਰਸ਼ਿਪ ਨੇ ਹੋਣ ਹੀ ਨਹੀਂ ਦਿਤੇ ਪਰ ਇਸ ਦੇ ਨੁਕਸਾਨ ਗਿਣਨ ਦੀ ਕੋਸ਼ਿਸ਼ ਕਰੀਏ ਤਾਂ ਸੱਭ ਤੋਂ ਵੱਡਾ ਨੁਕਸਾਨ ਇਹੀ ਹੈ ਕਿ ਸਿੱਖਾਂ ਦੇ ਸਿਰ ਉਤੋਂ ਛਤਰੀ ਹਟ ਗਈ ਹੈ ਜੋ ਇਨ੍ਹਾਂ ਨੂੰ ਹਰ ਮੀਂਹ, ਝੱਖੜ, ਧੁੱਪ ਤੋਂ ਬਚਾ ਲਿਆ ਕਰਦੀ ਸੀ। ਇਸ ਛਤਰੀ ਦਾ ਨਾਂ ਅਕਾਲੀ ਦਲ ਅਤੇ ਅਕਾਲੀ ਲੀਡਰਸ਼ਿਪ ਸੀ।

ਹੁਣ ਅਕਾਲੀ ਦਲ ਤੇ ਇਸ ਦੀ ਲੀਡਰਸ਼ਿਪ, ਸੱਤਾ ਦੇ ਪਲੰਘ ’ਤੇ ਲੇਟੀ, ਘੁਰਾੜੇ ਮਾਰ ਰਹੀ ਹੈ ਤੇ ਜਿਹੜਾ ਸਿੱਖ ਉਨ੍ਹਾਂ ਦੀ ਨੀਂਦ ਵਿਚ ਖ਼ਲਲ ਪਾਵੇ, ਉਸ ਨੂੰ ਸਿੱਧਿਆਂ ਕਰਨ ਲਈ, ਇਸ ਕੋਲ ਅਕਾਲ ਤਖ਼ਤ ਦੇ ‘ਜਥੇਦਾਰਾਂ’ ਤੋਂ ਲੈ ਕੇ ਪੁਲਿਸ ਦੇ ਥਾਣੇਦਾਰਾਂ ਤਕ ਬੇਅੰਤ ਬਾਹੁ-ਬਲੀਏ ਹਨ। ਅੱਜ ਅਕਾਲੀ ਰਾਜ ਵਿਚ ਪੱਕਾ ਸਿੱਖ ਹੋਣਾ ਵੀ ਬੜਾ ਔਖਾ ਹੋ ਗਿਆ ਹੈ ਕਿਉਂਕਿ ਪੱਕਾ ਸਿੱਖ ਇਥੇ ਬਾਬੇ ਨਾਨਕ ਦੇ ਸਿੱਖ ਨੂੰ ਨਹੀਂ ਮੰਨਿਆ ਜਾਂਦਾ ਸਗੋਂ ‘ਜਥੇਦਾਰਾਂ’ ਦੇ ਸਿੱਖ ਨੂੰ ਮੰਨਿਆ ਜਾਂਦਾ ਹੈ। ਸਿੱਖ ਸੋਚ ਵਾਲਾ ਅਖ਼ਬਾਰ ਹੋਵੇ ਤਾਂ ਉਸ ਦੇ ਇਸ਼ਤਿਹਾਰ ਬੰਦ ਤੇ ਐਡੀਟਰ ਵਿਰੁਧ ਇਕ ਪਾਸੇ ਪੁਲਿਸ ਕੇਸ, ਦੂਜੇ ਪਾਸੇ ‘ਛੇਕਣ’ ਦੇ ਹੁਕਮਨਾਮੇ। ਸੱਚਾ ਤੇ ਪੰਥਕ ਸੋਚ ਵਾਲਾ ਸਿੱਖ ਲੀਡਰ ਹੋਵੇ ਤਾਂ ਉਸ ਨੂੰ ਘਰ ਬਿਠਾ ਦੇਣ ਲਈ ਸੌ ਹਰਬੇ। ਸੱਤਾ ’ਤੇ ਕਾਬਜ਼ ਸਿੱਖ ਲੀਡਰਾਂ ਦਾ ਹਾਲ ਵੀ ਕੈਰੋਂ, ਸਵਰਨ ਸਿੰਘ ਤੇ ਗੁਰਦਿਆਲ ਸਿੰਘ ਵਰਗਾ ਹੀ ਹੋ ਗਿਆ ਹੈ ਜੋ ਪੰਜਾਬ ਦੇ ਸਿੰਘਾਸਨ ’ਤੇ ਬੈਠੇ ਵੀ ਹਰ ਸਮੇਂ ਡਰਦੇ ਰਹਿੰਦੇ ਹਨ ਕਿ ਉਨ੍ਹਾਂ ਕੋਲੋਂ ਸਿੱਖਾਂ ਦਾ ਪੱਖ ਪੂਰਨ ਵਾਲੀ ਕੋਈ ਗੱਲ ਨਾ ਹੋ ਜਾਏ ਤੇ ਉਹਨਾਂ ਨੂੰ ਕੋਈ ‘ਫ਼ਿਰਕੂ’ ਨਾ ਕਹਿ ਦੇਵੇ ਨਹੀਂ ਤਾਂ ਉਨ੍ਹਾਂ ਦਾ ਭਵਿੱਖ ਖ਼ਤਰੇ ਵਿਚ ਪੈ ਜਾਏਗਾ। ਜੇਲਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਇਸੇ ਲਈ, ਸਜ਼ਾ ਪੂਰੀ ਕਰਨ ਮਗਰੋਂ ਵੀ ਬਾਹਰ ਲਿਆਉਣ ਲਈ ਮਰਨ ਵਰਤ ਰਖਣਾ ਪੈਂਦਾ ਹੈ ਜਦਕਿ ਉਨ੍ਹਾਂ ਦਾ ਹੱਕ ਇਹ ਬਣਦਾ ਸੀ ਕਿ ਉਹ ਬਹੁਤ ਪਹਿਲਾਂ ਅਪਣੇ ਆਪ, ਰਿਹਾਅ ਕਰ ਦਿਤੇ ਜਾਂਦੇ। 
 ਮਰਹੂਮ ਜੋਗਿੰਦਰ ਸਿੰਘ (ਐਤਵਾਰ, 22 ਦਸੰਬਰ, 2013 ਦੇ ਰੋਜ਼ਾਨਾ ਸਪੋਕਸਮੈਨ ਵਿਚੋਂ)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

? LIVE | 16 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

16 Nov 2026 1:45 PM

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM
Advertisement