ਮੇਰੇ ਅੰਦਰ ਸੱਚੇ ਧਰਮ ਲਈ ਸ਼ਰਧਾ, ਮੇਰੀ ਮਾਂ ਨੇ ਭਰੀ ਪਰ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਇਕ ਕੈਂਪ (ਪਾਉਂਟਾ ਸਾਹਿਬ) ਵਿਚ 10 ਦਿਨ ਬਿਤਾ ਆਉਣ ਮਗਰੋਂ....
ਮੇਰੇ ਅੰਦਰ ਸੱਚੇ ਧਰਮ ਲਈ ਸ਼ਰਧਾ, ਮੇਰੀ ਮਾਂ ਨੇ ਭਰੀ ਪਰ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਇਕ ਕੈਂਪ (ਪਾਉਂਟਾ ਸਾਹਿਬ) ਵਿਚ 10 ਦਿਨ ਬਿਤਾ ਆਉਣ ਮਗਰੋਂ, ਧਰਮ ਨੂੰ ਓਪਰੀ ਨਜ਼ਰੇ ਨਿਹਾਰਨ ਦੀ ਨਹੀਂ ਸਗੋਂ ਇਸ ਅਥਾਹ ਸਮੁੰਦਰ ਵਿਚ ਗੋਤਾ ਲਾ ਕੇ, ਸੱਚ ਦੀ ਖੋਜ ਕਰਨ ਦੀ ਆਦਤ ਪੈ ਗਈ। ਪਾਉਂਟਾ ਸਾਹਿਬ ਕੈਂਪ ਵਿਚ ਜਦੋਂ ਪਿ੍ਰੰਸੀਪਲ ਸਤਿਬੀਰ ਸਿੰਘ ਨੇ, ਬਾਬਾ ਨਾਨਕ ਦੇ ਨਾਂ ਨਾਲ ਜੋੜੀ ਗਈ ਇਕ ਕਰਾਮਾਤੀ ਸਾਖੀ ਦੀ ਵਿਗਿਆਨਕ ਤੇ ਤਰਕਵਾਦੀ ਵਿਆਖਿਆ ਪੇਸ਼ ਕੀਤੀ ਤਾਂ ਗੁਰਦਵਾਰਾ ਹਾਲ ਦੇ ਇਕ ਕੋਨੇ ਵਿਚ ਬੈਠੇ, ਪਿ੍ਰੰਸੀਪਲ ਸਤਿਬੀਰ ਸਿੰਘ ਦਾ ਲੈਕਚਰ ਸੁਣ ਰਹੇ, ਦੋ ਨਿਹੰਗਾਂ ਨੇ, ਅਪਣੇ ਬਰਛੇ ਸੂਤ ਲਏ ਤੇ ਪਿ੍ਰੰਸੀਪਲ ਸਾਹਿਬ ਨੂੰ ਮਾਰਨ ਲਈ ਦੌੜੇ। ਅਸੀ ਚਾਲੀ-ਪੰਜਾਹ ਮੁੰਡਿਆਂ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨਿਹੰਗਾਂ ਨੂੰ ਕਾਬੂ ਕੀਤਾ ਤੇ ਉਨ੍ਹਾਂ ਕੋਲੋਂ ਬਰਛੇ ਖੋਹੇ।
ਮੈਂ ਉਸ ਵੇਲੇ ਬੀ.ਏ. ਵਿਚ ਪੜ੍ਹਦਾ ਸੀ।
ਮੈਨੂੰ ਉਸ ਕੈਂਪ ਵਿਚ ਹੀ ਪਹਿਲੀ ਵਾਰ ਸਮਝ ਆਈ ਕਿ ਧਰਮ ਵਿਚ ਝੂਠ ਏਨਾ ਜ਼ਿਆਦਾ ਰਲਾਇਆ ਜਾ ਚੁੱਕਾ ਹੈ ਕਿ ਭਾਵੇਂ ਬਾਬਾ ਨਾਨਕ ਵਰਗਾ ਕੋਈ ਮਹਾਂਪੁਰਸ਼ ਇਸ ਝੂਠ ਨੂੰ ਝੂਠ ਆਖਣ ਦੀ ਹਿੰਮਤ ਕਰੇ ਤੇ ਭਾਵੇਂ ਪਿ੍ਰੰਸੀਪਲ ਸਤਿਬੀਰ ਸਿੰਘ ਵਰਗਾ ਆਮ ਵਿਦਵਾਨ, ਉਸ ਨੂੰ ਵਿਰੋਧ ਦਾ ਸਾਹਮਣਾ ਤਾਂ ਕਰਨਾ ਹੀ ਪਵੇਗਾ। ਬਹੁਤੇ ਲੋਕ ਇਹੀ ਚਾਹੁੰਦੇ ਹਨ ਕਿ ਜਿਹੜਾ ਝੂਠ ਉਹ ਦੇਰ ਤੋਂ ਸੱਚ ਕਰ ਕੇ ਮੰਨਦੇ ਚਲੇ ਆ ਰਹੇ ਹਨ, ਉਸੇ ਨੂੰ ਚਲਦਾ ਰਹਿਣ ਦਿਤਾ ਜਾਏ ਤੇ ਉਸ ਨੂੰ ‘ਸੱਚ’ ਕਹਿਣ ਦੀ ਗ਼ਲਤ ਰੀਤ ਹੀ ਚਾਲੂ ਰੱਖੀ ਜਾਵੇ ਵਰਨਾ ਉਨ੍ਹਾਂ ਦੇ ‘‘ਜਜ਼ਬਾਤ ਨੂੰ ਸੱਟ’’ ਲੱਗ ਜਾਏਗੀ ਤੇ ਉਹ ਸੱਟ ਲਾਉਣ ਵਾਲੇ ਨੂੰ ਜ਼ਖ਼ਮੀ ਜ਼ਰੂਰ ਕਰਨਗੇ।
ਈਸਾ ਤੋਂ ਲੈ ਕੇ ਨਾਨਕ ਤਕ, ਜਿਸ ਵੀ ਮਹਾਂਪੁਰਸ਼ ਨੇ ਬੀਤੇ ਦੇ ਝੂਠ ਉਤੇ ਸੱਚ ਦੀ ਰੋਸ਼ਨੀ ਪਾਈ, ਉਸ ਨੂੰ ਗਾਲਾਂ ਵੀ ਖਾਣੀਆਂ ਪਈਆਂ, ਪੱਥਰ ਵੀ ਤੇ ਕਈ ਹਾਲਤਾਂ ਵਿਚ ਮੌਤ ਵੀ ਸਹੇੜਨੀ ਪਈ। ਫਿਰ ਵੀ ਸੱਚ ਦੀ ਖੋਜ ਕਰਨ ਦਾ ਰਾਹ ਹੀ ਅਜਿਹਾ ਹੈ ਕਿ ਜਿਹੜਾ ਕੋਈ ਇਸ ਰਾਹ ਪੈ ਜਾਏ, ਉਹ ਸਾਰੀਆਂ ਤਕਲੀਫ਼ਾਂ, ਔਕੜਾਂ ਤੇ ਦੁਸ਼ਵਾਰੀਆਂ ਝੇਲ ਕੇ ਵੀ, ਪਿੱਛੇ ਨਹੀਂ ਮੁੜਨਾ ਚਾਹੁੰਦਾ। ਕਾਲਪਨਿਕ ‘ਨਾਗਮਣੀ’ ਨੂੰ ਲੱਭਣ ਦਾ ਯਤਨ ਕਰਨ ਵਾਲਿਆਂ ਨੂੰ ਪਤਾ ਹੁੰਦਾ ਹੈ ਕਿ ਇਸ ਨੂੰ ਪ੍ਰਾਪਤ ਕਰਨਾ ਸੌਖਾ ਨਹੀਂ ਹੁੰਦਾ ਕਿਉਂਕਿ ਜ਼ਹਿਰੀਲੇ ਨਾਗ, ਹਰ ਸਮੇਂ, ਇਸ ਦੀ ਰਖਿਆ ਕਰ ਰਹੇ ਹੁੰਦੇ ਹਨ। ਪਰ ਖੋਜੀ ਲੋਕ ਫਿਰ ਵੀ ‘ਮਣੀ’ ਪ੍ਰਾਪਤ ਕਰਨ ਲਈ ਅੱਗੇ ਵਧਣੋਂ ਨਹੀਂ ਰੁਕਦੇ। ਸੱਚ ਦੇ ਖੋਜੀਆਂ ਨੂੰ ਸੱਚ, ਨਾਗਮਣੀ ਨਾਲੋਂ ਵੀ ਜ਼ਿਆਦਾ ਮਨਮੋਹਕ ਤੇ ਆਕਰਸ਼ਕ ਲਗਦਾ ਹੈ ਤੇ ਜਿਸ ਨੂੰ ਇਸ ਦਾ ਸੁਆਦ ਲੱਗ ਜਾਏ, ਉਸ ਨੂੰ ਭਾਵੇਂ ਸਾਰਾ ਜ਼ਮਾਨਾ ਹੀ ਕਿਉਂ ਨਾ ਵੱਟੇ ਮਾਰਨ ਲੱਗ ਜਾਏ, ਉਹ ਸੱਚ ਦੀ ਖੋਜ ਬੰਦ ਨਹੀਂ ਕਰਦਾ।
ਅਪਣੀ ਮਾਂ ਰਾਹੀਂ ਹੀ ਇਕ ਗੱਲ ਹੋਰ ਮੇਰੀ ਘੁੱਟੀ ਵਿਚ ਦਾਖ਼ਲ ਹੋ ਗਈ ਕਿ ਪੈਸੇ ਨਾਲ ਮੋਹ ਕਦੇ ਨਹੀਂ ਪਾਉਣਾ ਚਾਹੀਦਾ। ਬਸ, ਕੰਮ ਚਲਦਾ ਰਹੇ ਤੇ ਇੱਜ਼ਤ ਬਚੀ ਰਹੇ - ਧਨ ਦੀ ਲੋੜ ਏਨੇ ਲਈ ਹੀ ਹੁੰਦੀ ਹੈ। ਇਸ ਤੋਂ ਵੱਧ ਧਨ ਜੇ ਤੁਹਾਡੇ ਕੋਲ ਹੈ ਤਾਂ ਅਪਣੇ ਆਸ ਪਾਸ ਦੇ ਸਮਾਜ ਦੀ ਅਤੇ ਗ਼ਰੀਬ ਦੀ ਹਾਲਤ ਸੁਧਾਰਨ ਲਈ ਲਗਾ ਦਿਉ - ਰੱਬ ਵੀ ਖ਼ੁਸ਼ ਹੋਵੇਗਾ ਤੇ ਤੁਹਾਨੂੰ ਅਪਣੇ ਅੰਦਰ ਵੀ ਬੜੀ ਸ਼ਾਂਤੀ ਮਹਿਸੂਸ ਹੋਵੇਗੀ। ਮੇਰੇ ਮਾਤਾ-ਪਿਤਾ ਦੀ ਸੋਚ ਵਖਰੀ ਸੀ। ਮੇਰੇ ਭਰਾ ਦੀ ਸੋਚ, ਬਿਲਕੁਲ ਹੀ ਮੇਰੀ ਸੋਚ ਦੇ ਉਲਟ ਸੀ। ਮੈਂ ਜਵਾਨੀ ਵੇਲੇ ਤੋਂ ਹੀ, ਸਮਾਜ ਦੇ ਭਲੇ ਲਈ ਕੁੱਝ ਕੰਮ ਕਰਨਾ ਚਾਹੁੰਦਾ ਸੀ ਜਦਕਿ ਮੇਰੇ ਪਿਤਾ ਮੈਨੂੰ ‘ਵੱਡਾ ਕਾਰਖ਼ਾਨੇਦਾਰ’ ਬਣਿਆ ਵੇਖਣਾ ਚਾਹੁੰਦੇ ਸਨ। ਮੈਂ ਘਰੋਂ ਵੱਖ ਹੋਇਆ ਤਾਂ ਇਕ ਪੈਸਾ ਵੀ ਨਾ ਲਿਆ।
ਦਿੱਲੀ ਵਾਲੇ ਅਪਣੇ ਦਫ਼ਤਰ ਦਾ ਫ਼ਰਨੀਚਰ ਵੇਚਿਆ ਤੇ ਚੰਡੀਗੜ੍ਹ ਆ ਗਿਆ। ਸ. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨਾਲ ਹੋਈ ਜ਼ਿਆਦਤੀ ਵਿਰੁਧ ਵਿਰੋਧ ਰੋਸ ਪ੍ਰਗਟ ਕਰਨ ਵਾਲਿਆਂ ਵਿਚੋਂ ਮੋਹਰੀ ਹੋਣ ਕਰ ਕੇ, ਜਦ ਸਿਆਸਤਦਾਨਾਂ ਨੇ, ਪੁਜਾਰੀਆਂ ਕੋਲੋਂ ਮੇਰੇ ਵਿਰੁਧ ਛੇਕੂ ‘ਹੁਕਮਨਾਮਾ’ ਜਾਰੀ ਕਰਵਾ ਦਿਤਾ ਤਾਂ ਮੈਂ ਇਸ ਨੂੰ ਸਿਧਾਂਤ ਦਾ ਸਵਾਲ ਬਣਾ ਲਿਆ ਕਿ ਪੁਜਾਰੀਵਾਦ ਅੱਗੇ ਸਿਰ ਨਹੀਂ ਝੁਕਾਣਾ - ਕੀਮਤ ਭਾਵੇਂ ਕੁੱਝ ਵੀ ਕਿਉਂ ਨਾ ਤਾਰਨੀ ਪਵੇ। ਸੱਭ ਠੀਕ ਠਾਕ ਚਲਦਾ ਰਿਹਾ ਪਰ ‘ਰੋਜ਼ਾਨਾ ਸਪੋਕਸਮੈਨ’ ਸ਼ੁਰੂ ਹੋਣ ਮਗਰੋਂ ਜਦੋਂ ਦੋ-ਤਿੰਨ ਵਾਰ ਅਖ਼ਬਾਰ ਬੰਦ ਹੁੰਦੀ ਨਜ਼ਰ ਆਈ (ਕਿਉਂਕਿ ਸਾਡੇ ਕੋਲ ਕਾਗ਼ਜ਼ ਖ਼ਰੀਦਣ ਜੋਗੇ ਪੈਸੇ ਨਹੀਂ ਸਨ ਹੁੰਦੇ) ਤਾਂ ਪੱਕੇ ਸਾਥੀਆਂ ਨੇ ਵੀ ਡਰਦੇ ਡਰਦੇ ਸਲਾਹ ਦੇਣੀ ਸ਼ੁਰੂ ਕਰ ਦਿਤੀ ਕਿ ਇਕ ਮਿੰਟ ਲਈ ‘ਪੇਸ਼’ ਹੋ ਕੇ ਕਰੋੜਾਂ ਦੇ ਸਰਕਾਰੀ ਇਸ਼ਤਿਹਾਰ ਤਾਂ ਲੈ ਲਵਾਂ ਤੇ ਅਖ਼ਬਾਰ ਤਾਂ ਬਚਾ ਲਵਾਂ ‘‘ਕਿਉਂਕਿ ਅਖ਼ਬਾਰ ਬੰਦ ਹੋ ਗਈ ਤਾਂ ਅੱਗੇ ਪੁਜਾਰੀਵਾਦ ਵਿਰੁਧ ਲੜਾਈ ਕਾਹਦੇ ਨਾਲ ਲੜੇਂਗਾ?’’
ਮੇਰਾ ਜਵਾਬ ਇਹੀ ਸੀ ਕਿ ਅਖ਼ਬਾਰ ਬੰਦ ਕਰਵਾਣੀ ਪ੍ਰਵਾਨ ਹੈ ਪਰ ਸਿਧਾਂਤ ਤੇ ਸੱਚ ਦਾ ਸਾਥ ਨਹੀਂ ਛੱਡਾਂਗਾ। ਇਸ ਸੱਭ ਕੁੱਝ ਦੇ ਬਾਵਜੂਦ, ਜਦੋਂ ਅਪਣੇ ਵਿਰੋਧੀਆਂ ਦੀਆਂ ਕਲਮਾਂ ਅਤੇ ਜ਼ਬਾਨਾਂ ’ਚੋਂ ਇਹ ਫੁੱਲ ਕਿਰਦੇ ਵੇਖਦਾ ਸੀ ਕਿ ‘ਜੋਗਿੰਦਰ ਸਿੰਘ ਕਰੋੜਾਂ ਰੁਪਏ ਇਕੱਠੇ ਕਰ ਰਿਹਾ ਹੈ ਤੇ ਅਖ਼ੀਰ ਵਿਦੇਸ਼ ਵਿਚ ਭੱਜ ਜਾਏਗਾ’’ ਤਾਂ ਉਦਾਸ ਮਾਹੌਲ ਵਿਚ ਵੀ ਮੇਰਾ ਹਾਸਾ ਨਿਕਲ ਜਾਂਦਾ ਸੀ। ਮੇਰੇ ਵਿਰੋਧੀਆਂ ਨੂੰ ਸੱਚ ਨਾਲ ਏਨੀ ਨਫ਼ਰਤ ਕਿਉਂ ਹੈ ਜਾਂ ਖ਼ਾਲਸ ਝੂਠ ਬੋਲ ਕੇ ਉਨ੍ਹਾਂ ਨੂੰ ਸਵਾਦ ਕਿਉਂ ਆਉਂਦਾ ਹੈ? ਜਿਹੜਾ ਬੰਦਾ, ਜਵਾਨੀ ਤੋਂ ਲੈ ਕੇ ਹੁਣ ਤਕ, ਕਰੋੜਾਂ ਨੂੰ ਲੱਤ ਮਾਰ ਕੇ ਸੁਟਦਾ ਰਿਹਾ ਹੈ ਤੇ ਜਿਸ ਲਈ ਅੱਜ ਵੀ ਹਕੂਮਤ ਦੀ ਈਨ ਮੰਨ ਕੇ, ਕਰੋੜਾਂ ਰੁਪਏ ਪ੍ਰਾਪਤ ਕਰਨਾ, ਖੱਬੇ ਹੱਥ ਦਾ ਕੰਮ ਹੈ, ਉਹ ਕਿਸੇ ਗ਼ਲਤ ਢੰਗ ਨਾਲ ਕਰੋੜਾਂ ਇਕੱਠੇ ਕਿਉਂ ਕਰੇਗਾ? ਕੋਈ ਮਹਾਂ ਮੂਰਖ ਹੀ ਇਹ ਗੱਲ ਸੋਚ ਸਕਦਾ ਹੈ।
ਮੇਰੇ ਪਾਠਕ ਮੇਰੇ ਬਾਰੇ ਇਹ ਗੱਲਾਂ ਜਾਣਦੇ ਹਨ, ਫਿਰ ਵੀ ਅੱਜ ਸ਼ਾਇਦ ਦੁਹਰਾ ਰਿਹਾ ਹਾਂ। ਕਾਰਨ? ਪਿਛਲੇ ਦੋ ਮਹੀਨਿਆਂ ਵਿਚ, ਕੁੱਝ ਨੌਜੁਆਨਾਂ ਨੇ ਮੈਨੂੰ ਇਕ ਸਵਾਲ ਵਾਰ ਵਾਰ ਪੁਛਿਆ ਹੈ ਕਿ ਦੂਜਿਆਂ ਨੂੰ ਮਾਇਆ ਤੋਂ ਦੂਰ ਰਹਿਣ ਦਾ ਉਪਦੇਸ਼ ਦੇਣ ਵਾਲੇ ਆਪ ਮਾਇਆਧਾਰੀ ਕਿਉਂ ਬਣ ਜਾਂਦੇ ਹਨ ਤੇ ਮੇਰਾ ਉਨ੍ਹਾਂ ਬਾਰੇ ਕੀ ਵਿਚਾਰ ਹੈ? ਇਹ ਵੀ ਪੁਛਿਆ ਗਿਆ ਹੈ ਕਿ ਮੈਂ ਅਪਣੇ ਬਾਰੇ ਵੀ ਖੁਲ੍ਹ ਕੇ ਦੱਸਾਂ। ਸਵਾਲ ਪੁੱਛਣ ਵਾਲਿਆਂ ਵਿਚ ਚਾਰ ‘ਨਾਸਤਕ’ ਨੌਜੁਆਨ ਵੀ ਹਨ ਜੋ ਪਹਿਲਾਂ ਧਰਮ ਨੂੰ ਮੰਨਦੇ ਸਨ ਪਰ ਦੂਜਿਆਂ ਨੂੰ ਮਾਇਆ ਤੋਂ ਦੂਰ ਰਹਿਣ ਦਾ ਉਪਦੇਸ਼ ਦੇਣ ਵਾਲਿਆਂ ਨੂੰ ਜਦ ਉਨ੍ਹਾਂ ਨੇ ‘ਅੰਨ੍ਹੇ ਬੋਲੇ ਮਾਇਆਧਾਰੀ’ ਵਾਲੇ ਰੂਪ ਵਿਚ ਆਪ ਵੇਖਿਆ ਤਾਂ ਉਨ੍ਹਾਂ ਦਾ ਧਰਮ ਵਿਚ ਵਿਸ਼ਵਾਸ ਹੀ ਡੋਲ ਗਿਆ। ਇਕ ਨੌਜੁਆਨ ਨੇ ਮੇਰੇ ਵਿਰੋਧੀਆਂ ਦੀ ਇਕ ਲਿਖਤ ਵੀ ਨਾਲ ਭੇਜੀ ਹੈ ਜਿਸ ਵਿਚ ਮੇਰੇ ’ਤੇ ਦੋਸ਼ ਲਗਾਇਆ ਗਿਆ ਹੈ ਕਿ ਮੈਂ ‘ਕਰੋੜਾਂ ਰੁਪਏ’ ਇਕੱਤਰ ਕਰ ਰਿਹਾ ਹਾਂ।
ਜੇ ਅਪਣੀ ਹੀ ਗੱਲ ਕਰਾਂ ਤਾਂ ਮੈਂ ਜਨਮ ਤੋਂ ਹੀ ਧਰਮ ਅਤੇ ਰੱਬ ਵਿਚ ਵਿਸ਼ਵਾਸ ਰਖਦਾ ਹਾਂ (ਧਰਮ ਨਾਲ ਜੁੜੇ ਝੂਠ ਅਤੇ ਅੰਧ-ਵਿਸ਼ਵਾਸ ਵਿਚ ਨਹੀਂ) ਅਤੇ ਮੇਰਾ ਮਨ ਕਹਿੰਦਾ ਹੈ ਕਿ ਹਰ ਸੌਖਾ ਬੰਦਾ ਮਰ ਕੇ ਜਦੋਂ ਰੱਬ ਕੋਲ ਪੇੇਸ਼ ਹੁੰਦਾ ਹੈ ਤਾਂ ਰੱਬ ਉਸ ਨੂੰ ਪੁਛਦਾ ਹੈ, ‘‘ਧਰਤੀ ਉਤੇ ਕਿ ਆਮ ਦੌਰਾਨ, ਤੈਨੂੰ ਅਪਣੇ ਗੁਜ਼ਾਰੇ ਲਈ ਤਾਂ ਬਹੁਤ ਥੋੜੇ ਪਦਾਰਥਾਂ ਦੀ ਲੋੜ ਸੀ। ਪਰ ਭਲਾ ਬੰਦਾ ਜਾਣ ਕੇ, ਮੈਂ ਤੈਨੂੰ ਲੋੜ ਤੋਂ ਵੱਧ ਦਿਤਾ ਤਾਕਿ ਤੂੰ ਇਸ ਨਾਲ ਅਪਣੇ ਆਲੇ ਦੁਆਲੇ ਸੁੱਖ ਵਰਤਾ ਸਕੇਂ ਤੇ ਗ਼ਰੀਬਾਂ, ਦੁਖੀਆਂ ਦਾ ਦਰਦ ਵੰਡਾ ਸਕੇਂ।
ਕੀ ਤੂੰ ਇਸ ਤਰ੍ਹਾਂ ਕੀਤਾ ਕਿ ਸਾਰਾ ਧਨ ਦੌਲਤ, ਅਪਣੇ ਤੇ ਅਪਣੇ ਪ੍ਰਵਾਰ ਉਤੇ ਹੀ ਖ਼ਰਚ ਕਰਦਾ ਰਿਹਾ?’’ਜਦੋਂ ਹਜ਼ਰਤ ਈਸਾ ਮਸੀਹ ਕਹਿੰਦਾ ਹੈ ਕਿ ਅਮੀਰ ਆਦਮੀ ਲਈ ਰੱਬ ਦੇ ਦਰ ਤਕ ਪਹੁੰਚਣਾ, ਸੂਈ ਦੇ ਨੱਕੇ ਵਿਚੋਂ ਲੰਘਣ ਬਰਾਬਰ ਹੋਵੇਗਾ ਤਾਂ ਮੈਨੂੰ ਲਗਦਾ ਹੈ, ਉਸ ਦਾ ਮਤਲਬ ਇਹੀ ਹੈ ਕਿ ਰੱਬ ਵਲੋਂ ਪੁੱਛੇ ਜਾਣ ਵਾਲੇ ਉਪ੍ਰੋਕਤ ਸਵਾਲ ਦਾ ਜਵਾਬ, ਕੋਈ ਕੋਈ ਅਮੀਰ ਹੀ ਦੇ ਸਕੇਗਾ ਵਰਨਾ ਬਹੁਤੇ ਅਮੀਰ, ਕਿਉਂਕਿ ਮਾਇਆ ਨੂੰ ਤਜੋਰੀਆਂ ਵਿਚ ਬੰਦ ਰੱਖਣ ਵਾਲੀ ਚੀਜ਼ ਹੀ ਸਮਝਦੇ ਹਨ ਤੇ ਅਪਣੇ ਉਤੇ ਹੀ ਖ਼ਰਚਦੇ ਹਨ, ਇਸ ਲਈ ਉਹ ਰੱਬ ਦੇ ਇਸ ਛੋਟੇ ਜਹੇ ਸਵਾਲ ਦਾ ਜਵਾਬ ਵੀ ਨਹੀਂ ਦੇ ਸਕਣਗੇ। ਮੈਂ ਅਪਣੇ ਪਿਤਾ ਅਤੇ ਭਰਾ ਤੋਂ ਲੈ ਕੇ, ਹਰ ਅਮੀਰ ਨੂੰ ਇਹੀ ਕਹਿੰਦਾ ਰਿਹਾ ਹਾਂ ਕਿ ਜੇ ਪ੍ਰਮਾਤਮਾ ਨੇ ਉਹਨਾਂ ਨੂੰ ਦੌਲਤ ਦਿਤੀ ਹੈ ਤਾਂ ਇਸ ਨੂੰ ਅਪਣੇ ਆਸ ਪਾਸ ਦੇ ਗ਼ਰੀਬਾਂ ਦੀ ਭਲਾਈ ਲਈ ਵਰਤਣ ਜਾਂ ਕਿਸੇ ਅਜਿਹੇ ਕੰਮ ਲਈ ਖ਼ਰਚ ਕਰ ਜਾਣ ਜੋ ਆਉਂਦੀਆਂ ਪੀੜ੍ਹੀਆਂ ਦੇ ਵੀ ਕੰਮ ਆਉਣ ਵਾਲਾ ਹੋਵੇ। ਬਾਹਰ ਦੇ ਕਿਸੇ ਅਮੀਰ ਨੇ ਮੇਰੀ ਗੱਲ ਕੀ ਸਮਝਣੀ ਹੈ, ਮੈਂ ਅਪਣੇ ਖ਼ੂਨ ਦੇ ਰਿਸ਼ਤੇਦਾਰ ਅਮੀਰਾਂ ’ਚੋਂ ਕਿਸੇ ਇਕ ਨੂੰ ਵੀ ਨਹੀਂ ਸਮਝਾ ਸਕਿਆ।
ਪਰ ਮੈਨੂੰ ਖ਼ੁਸ਼ੀ ਹੋਈ ਜਦੋਂ ਮੈਨੂੰ ਪਤਨੀ ਵੀ ਉਹ ਮਿਲ ਗਈ ਜੋ ਇਸ ਮਾਮਲੇ ਵਿਚ ਮੇਰੇ ਨਾਲੋਂ ਵੀ ਵੱਧ ‘ਮੂਰਖ’ ਮੰਨੀ ਜਾਣ ਲੱਗੀ। ਕੋਈ ਗ਼ਰੀਬ ਆਉਂਦਾ, ਉਹ ਉਸ ਨੂੰ ਦਿਲ ਖੋਲ੍ਹ ਕੇ ਮਦਦ ਦੇਂਦੀ। ਇਕ ਦਿਨ ਮੈਨੂੰ ਕਿਸੇ ਨੇ ਦਸਿਆ ਕਿ ਰੇੜ੍ਹੀਆਂ ਵਾਲੇ ਮੇਰੀ ਪਤਨੀ ਜਗਜੀਤ ਦੇ ਬੜੇ ਗੁਣ ਗਾਉਂਦੇ ਹਨ। ਮੈਂ ਜਗਜੀਤ ਨੂੰ ਪੁਛਿਆ ਤਾਂ ਬੋਲੀ, ‘‘ਇਨ੍ਹਾਂ ਵਿਚਾਰਿਆਂ ਦੇ ਕੰਮ ਥੋੜੇ ਥੋੜੇ ਪੈਸਿਆਂ ਕਾਰਨ ਰੁਕੇ ਹੋਏ ਸਨ। ਕਿਸੇ ਦੀ ਪੰਜ ਸੌ ਨਾਲ ਜ਼ਿੰਦਗੀ ਸੰਵਰ ਸਕਦੀ ਸੀ ਤੇ ਕਿਸੇ ਦੀ ਹਜ਼ਾਰ ਦੋ ਹਜ਼ਾਰ ਨਾਲ। ਮੈਂ ਘਰ ਵਿਚ ਬਾਬਾ ਜੀ (ਗੁਰੂ ਗ੍ਰੰਥ ਸਾਹਿਬ) ਅੱਗੇ ਜਿਹੜਾ ਮੱਥਾ ਟੇਕਦੀ ਹਾਂ, ਉਹ ਪੈਸਾ ਇਨ੍ਹਾਂ ਨੂੰ ਦੇ ਦੇਂਦੀ ਹਾਂ। ਇਨ੍ਹਾਂ ਸਾਰਿਆਂ ਦੇ ਰੁਕੇ ਹੋਏ ਕੰਮ ਹੋ ਗਏ।’’ ਫਿਰ ਹੱਸ ਕੇ ਬੋਲੀ, ‘‘ਜਦੋਂ ਮੈਂ ਮਰੀ ਤਾਂ ਹੋਰ ਕੋਈ ਆਵੇ ਨਾ ਆਵੇ, ਰੇੜ੍ਹੀਆਂ ਵਾਲੇ ਸਾਰੇ ਜ਼ਰੂਰ ਆਉਣਗੇ, ਵੇਖ ਲਵਿਉ।’’
ਜਗਜੀਤ ਇਕ ਦਿਨ ਬੜੀਆਂ ਸੋਚਾਂ ਵਿਚ ਡੁੱਬੀ ਹੋਈ ਸੀ। ਸ਼ਾਦੀ ਨੂੰ ਅਜੇ ਚਾਰ-ਪੰਜ ਸਾਲ ਹੀ ਹੋਏ ਸਨ। ਸਾਡਾ ਹੱਥ ਵੀ ਤੰਗ ਹੀ ਰਹਿੰਦਾ ਸੀ ਕਿਉਂਕਿ ‘ਪੰਜ ਪਾਣੀ’ ਲਗਾਤਾਰ ਘਾਟੇ ਵਿਚ ਜਾ ਰਿਹਾ ਸੀ। ਮੈਂ ਸੋਚਿਆ, ਪੈਸੇ ਦੀ ਤੰਗੀ ਤੋਂ ਪ੍ਰੇਸ਼ਾਨ ਹੋ ਕੇ, ਅਪਣੀ ਕਿਸਮਤ ਨੂੰ ਕੋਸ ਰਹੀ ਹੋਵੇਗੀ। ਪੁੱਛਣ ’ਤੇ ਬੋਲੀ, ‘‘ਮੈਂ ਰੱਬ ਨਾਲ ਗੱਲਾਂ ਕਰ ਰਹੀ ਸੀ। ਕਹਿ ਰਹੀ ਸੀ, ਮੈਨੂੰ ਏਨਾ ਪੈਸਾ ਦੇ ਕਿ ਮੈਂ ਸਾਰੇ ਗ਼ਰੀਬਾਂ ਨੂੰ ਵੰਡ ਦੇਵਾਂ ਤੇ ਕੋਈ ਵੀ ਗ਼ਰੀਬ ਨਾ ਰਹੇ। ਮੇਰੇ ਕੋਲ ਗ਼ਰੀਬ ਦੀ ਗ਼ਰੀਬੀ ਨਹੀਂ ਵੇਖੀ ਜਾਂਦੀ।’’
ਮੈਂ ਕਿਹਾ, ‘‘ਇਹ ਕੰਮ ਤਾਂ ਰੱਬ ਆਪ ਵੀ ਕਰ ਸਕਦਾ ਸੀ ਕਿ ਦੁਨੀਆਂ ਵਿਚ ਕੋਈ ਗ਼ਰੀਬ ਨਾ ਹੋਵੇ। ਪਰ ਉਸ ਦੀ ਰਜ਼ਾ ਸ਼ਾਇਦ ਇਹ ਵੇਖਣ ਦੀ ਹੈ ਕਿ ਜਿਨ੍ਹਾਂ ਨੂੰ ਉਹ ਦੌਲਤ ਦੇਂਦਾ ਹੈ, ਉਹ ਉਸ ਦੌਲਤ ਨੂੰ, ਦੁਨੀਆਂ ਦੀ ਗ਼ਰੀਬੀ ਦੂਰ ਕਰਨ, ਅਗਿਆਨਤਾ ਦੂਰ ਕਰਨ ਤੇ ਅੰਧ-ਵਿਸ਼ਵਾਸ ਦੂਰ ਕਰਨ ਲਈ ਵੀ ਕੁੱਝ ਖ਼ਰਚ ਕਰਦੇ ਹਨ ਜਾਂ ਸਾਰਾ ਅਪਣੇ ਉਤੇ ਹੀ ਖ਼ਰਚ ਕਰ ਦੇਂਦੇ ਹਨ? ਮੇਰਾ ਖ਼ਿਆਲ ਹੈ ਕਿ ਦੁਨੀਆਂ ਦੇ ਬਹੁਤੇ ਅਮੀਰ, ਅਪਣੀ ਦੌਲਤ ਨੂੰ, ਅਪਣੇ ਨਿਜੀ ਸੁੱਖ ਆਰਾਮ ਦਾ ਇਕ ਸਾਧਨ ਹੀ ਸਮਝਦੇ ਹਨ ਤੇ ਉਨ੍ਹਾਂ ਦਾ ਧਿਆਨ ਕਦੇ ਗ਼ਰੀਬ ਦੀ ਗ਼ਰੀਬੀ ਅਤੇ ਸਮਾਜ ਦੇ ਪਛੜੇਵੇਂ ਵਲ ਗਿਆ ਹੀ ਨਹੀਂ। ਉਹ ਵੱਧ ਤੋਂ ਵੱਧ ਪੈਸਾ ਜਾਇਦਾਦ ਬਨਾਉਣ, ਜ਼ਮੀਨਾਂ ਖ਼ਰੀਦਣ ਅਤੇ ਖਾਣ ਪੀਣ ਉਤੇ ਹੀ ਉਡਾਂਦੇ ਰਹਿੰਦੇ ਹਨ।
ਚਲੋ ਇਹ ਤਾਂ ਹੋਇਆ ਆਮ ਜਿਹੇ ਅਮੀਰਾਂ ਦਾ ਹਾਲ। ਉਨ੍ਹਾਂ ਦੀ ਗੱਲ ਛੱਡ ਕੇ, ਅਸੀ ਆਈਏ ਉਨ੍ਹਾਂ ‘ਕਰੋੜਪਤੀਆਂ’ ਵਲ ਜੋ ਸਟੇਜਾਂ ਤੋਂ ਜਾਂ ਅਖ਼ਬਾਰਾਂ ਰਾਹੀਂ ਤੇ ਟੀਵੀ ਚੈਨਲਾਂ ਰਾਹੀਂ, ਲੋਕਾਂ ਨੂੰ ਮਾਇਆ ਦਾ ਤਿਆਗ ਕਰਨ ਦੇ ਉਪਦੇਸ਼ ਦਿਨ ਰਾਤ ਦੇਂਦੇ ਰਹਿੰਦੇ ਹਨ ਪਰ ਆਪ ਮਾਇਆ ਇਕੱਠੀ ਕਰਨ ਲਗਿਆਂ, ਵੱਡੇ ਵੱਡੇ ਅਮੀਰ ਕਾਰਖ਼ਾਨੇਦਾਰਾਂ ਤੇ ਵਪਾਰੀਆਂ ਨੂੰ ਵੀ ਪਿੱਛੇ ਛੱਡ ਜਾਣਾ ਚਾਹੁੰਦੇ ਹਨ। ਕੌਣ ਹਨ ਇਹ ਲੋਕ? ਅਪਣੇ ਆਸੇ ਪਾਸੇ ਵੇਖੋ : ਸੰਤ ਬਾਬੇ, ਡੇਰੇਦਾਰ, ਨਾਮੀ ਗਰਾਮੀ ਰਾਗੀ, ਕਥਾਕਾਰ, ਧਰਮ ਨਾਲ ਜੁੜੇ ਵਿਦਵਾਨ ਤੇ ਧਰਮ ਦਾ ਨਾਂ ਲੈ ਕੇ, ਦਿਨ ਵਿਚ 10-10 ਵਾਰੀ ਮਰ ਜਾਣ ਦੇ ਐਲਾਨ ਕਰਨ ਵਾਲੇ ਧਾਰਮਕ ਆਗੂ। ਜੀ ਹਾਂ, ਅਜਕਲ ਇਨ੍ਹਾਂ ਸਾਰੇ ਤਬਕਿਆਂ ਵਿਚ ‘ਕਰੋੜਪਤੀ’ ਆਮ ਮਿਲ ਜਾਂਦੇ ਹਨ।
ਇਨ੍ਹਾਂ ਕਰੋੜਪਤੀਆਂ ਦੀਆਂ ਸਾਂਝੀਆਂ ਆਦਤਾਂ ਜ਼ਰਾ ਨੋਟ ਕਰ ਲਉ। ਇਨ੍ਹਾਂ ਸਾਰਿਆਂ ਨੇ ਉਹ ਟੂਟੀ ਹੀ ਖੋਲ੍ਹੀ ਹੁੰਦੀ ਹੈ ਜਿਸ ਰਾਹੀਂ ਪਾਣੀ, ਟੈਂਕੀ ਦੇ ਅੰਦਰ ਆਉਂਦਾ ਹੈ ਪਰ ਉਹ ਟੂਟੀ ਰੱਖੀ ਹੀ ਨਹੀਂ ਹੋਈ ਜਿਸ ਰਾਹੀਂ ਕਦੀ ਪਾਣੀ ਦੀ ਇਕ ਬੂੰਦ ਬਾਹਰ ਵੀ ਜਾ ਸਕੇ। ਇਹ ਮਹਾਂ ਕੰਜੂਸ (ਮੱਖੀ ਚੂਸ ਕਿਸਮ) ਦੇ ਬੰਦੇ ਹੁੰਦੇ ਹਨ। ਦਿਨ ਰਾਤ ਲੋਕਾਂ ਨੂੰ ਉਪਦੇਸ਼ ਦੇਂਦੇ ਰਹਿੰਦੇ ਹਨ ਕਿ ਮਾਇਆ ‘ਨਾਗਣੀ’ ਹੈ ਜੋ ‘ਵਿਣ ਦੰਤਾਂ’ (ਦੰਦਾਂ ਬਗ਼ੈਰ) ਵੀ ਸੱਭ ਕੁੱਝ ਖਾ ਜਾਂਦੀ ਹੈ, ਇਸ ਲਈ ਇਸ ਤੋਂ ਬੱਚ ਕੇ ਰਹੋ ਪਰ ਆਪ ਜ਼ਮੀਨਾਂ, ਜਾਇਦਾਦਾਂ ਖ਼ਰੀਦਣ ਤੇ ਹੋਰ ਕਾਰੋਬਾਰ ਸ਼ੁਰੂ ਕਰਨ ਵਿਚ ਹਿੰਦੁਸਤਾਨ ਦਾ ਕੋਨਾ ਕੋਨਾ ਗਾਹ ਮਾਰਦੇ ਹਨ ਤੇ ਵਿਦੇਸ਼ਾਂ ਵਿਚ ਵੀ ਜਾਇਦਾਦਾਂ ਖ਼ਰੀਦਣਾ ‘ਸ਼ੁਭ’ ਸਮਝਦੇ ਹਨ। ਸਾਲ ਵਿਚ ਪੰਜ ਛੇ ਵਾਰ ਵਿਦੇਸ਼ਾਂ ਵਿਚ ਜਾ ਕੇ ‘ਪ੍ਰਚਾਰ’ ਕਰਨਾ ਇਨ੍ਹਾਂ ਦਾ ਅਗਲਾ ਸਾਂਝਾ ਸ਼ੌਕ ਹੈ। ਇਨ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਮਰ ਕੇ ਨਾਲ ਕੁੱਝ ਨਹੀਂ ਜਾਣਾ ਪਰ ਸਾਰੇ ਹੀ ਸਮਝਦੇ ਹਨ ਕਿ ਸਾਇੰਸ ਏਨੀ ਤਰੱਕੀ ਕਰ ਰਹੀ ਹੈ ਕਿ ਸ਼ਾਇਦ ਮਰ ਕੇ ਵੀ ‘ਨਾਲ ਲਿਜਾਣ’ ਦਾ ਕਿਸੇ ਦਿਨ ਕੋਈ ਪ੍ਰਬੰਧ ਹੋ ਹੀ ਜਾਏ ਤੇ ਉਸੇ ਦੀ ਉਡੀਕ ਵਿਚ ‘ਜਾਇਦਾਦ’ ਵੀ ਇਕੱਠੀ ਕਰ ਰਹੇ ਹਨ ਤੇ ਲੋਕਾਂ ਨੂੰ ਇਹ ਉਪਦੇਸ਼ ਵੀ ਦਈ ਜਾ ਰਹੇ ਹਨ ਕਿ ਮਾਇਆ ਦਾ ਮੋਹ ਤਿਆਗੋ ਤੇ ਕਰੋੜਪਤੀ ਸੰਤ ਬਾਬਿਆਂ, ਰਾਗੀਆਂ, ਕਥਾਕਾਰਾਂ ਤੇ ਪੰਥ ਪੰਥ ਕੂਕਣ ਵਾਲਿਆਂ ਦੇ ਹਵਾਲੇ ਕਰੀ ਜਾਉ। ਕਿਸੇ ਗ਼ਰੀਬ ਨੂੰ 5 ਰੁਪਏ ਵੀ ਦੇਣੇ ਪੈ ਜਾਣ ਤਾਂ ਇਨ੍ਹਾਂ ਦਾ ‘ਬਲੱਡ ਪ੍ਰੈਸ਼ਰ ਹਾਈ’ ਹੋ ਜਾਂਦਾ ਹੈ, ਇਸੇ ਲਈ ਇਹ ਗ਼ਰੀਬ ਵਲ ਵੇਖਦੇ ਹੀ ਨਹੀਂ। ਪੰਥ, ਧਰਮ ਅਤੇ ਸਿੱਖੀ ਦੀ ਦਿਨ ਰਾਤ ਦੁਹਾਈ ਪਾਉਣ ਵਾਲਿਆਂ ਨੂੰ ਜ਼ਰਾ ਇਕ ਵਾਰ ਕਹਿ ਕੇ ਵੇਖ ਲਉ ਕਿ ਅਪਣੀ ‘ਨੇਕ ਕਮਾਈ’ ਨਾਲ ਬਣਾਈ ਕਰੋੜਾਂ ਦੀ ਜਾਇਦਾਦ ਦਾ ਦਸਵਾਂ ਹਿੱਸਾ (ਦਸਵੰਧ) ਕਿਸੇ ਪੰਥਕ ਕਾਰਜ ਲਈ ਦੇ ਦੇਣ, ਫਿਰ ਵੇਖੋ, ਤੁਹਾਨੂੰ ਚੰਡਾਲ ਬਣ ਕੇ ਕਿਵੇਂ ਅਪਣਾ ਅਸਲ ਰੂਪ ਵਿਖਾ ਦੇਂਦੇ ਹਨ।
ਮੈਂ ਇਨ੍ਹਾਂ ਲੋਕਾਂ ਦੀ ਸੋਹਬਤ ਵਿਚ ਜਾਣ ਤੋਂ ਸਦਾ ਦੂਰ ਹੀ ਰਹਿਣ ਦਾ ਯਤਨ ਕੀਤਾ ਹੈ। ਕੀ ਪਤਾ ਕਿਹੜੇ ਖ਼ਰਬੂਜ਼ੇ ਦਾ ਰੰਗ ਕਿਹੜੇ ਖ਼ਰਬੂਜ਼ੇ ਨੂੰ ਕਦੋਂ ਚੜ੍ਹ ਜਾਏ? ਪਰ ਸਮਾਜ ਉਤੇ ਇਨ੍ਹਾਂ ਮਹਾਂਪੁਰਸ਼ਾਂ ਦਾ ਕਿਹੋ ਜਿਹਾ ਅਸਰ ਪੈ ਰਿਹਾ ਹੈ, ਇਸ ਦਾ ਪਤਾ ਲਾਇਆ ਜਾਏ ਤਾਂ ਦਿਲ ਸੁਕੜਨ ਲਗਦਾ ਹੈ। ਜਰਮਨੀ ਤੋਂ ਆਏ ਇਕ ਪਾਠਕ ਨੂੰ ਮੈਂ ਸਵਾਲ ਕੀਤਾ, ‘‘ਤੁਹਾਡੇ ਬੱਚੇ ਤੁਹਾਡੇ ਕਾਬੂ ਵਿਚ ਹਨ? ਕੀ ਉਹ ਤੁਹਾਡੀ ਗੱਲ ਮੰਨਦੇ ਹਨ?’’ ਉਹ ਉਦਾਸ ਜਹੇ ਹੋ ਕੇ ਬੋਲੇ, ‘‘ਉਹ ਸਾਡਾ ਤੇ ਸਾਡੇ ਪ੍ਰਚਾਰਕਾਂ, ਧਰਮ ਦੇ ਆਗੂਆਂ ਦਾ ਦੋਗਲਾਪਨ ਵੇਖਦੇ ਹਨ ਤਾਂ ਬਗ਼ਾਵਤ ਦੇ ਰਾਹ ਪੈ ਜਾਂਦੇ ਹਨ। ਉਹ ਪੱਛਮ ਤੋਂ ਪ੍ਰਭਾਵਤ ਹਨ ਜਿਥੇ ਇਨਸਾਨ, ਅੰਦਰੋਂ ਬਾਹਰ ਇਕ ਹੁੰਦਾ ਹੈ, ਸਾਡੀ ਤਰ੍ਹਾਂ ਨਹੀਂ ਕਿ ਮੂੰਹ ’ਚੋਂ ਮਾਇਆ ਦੇ ਤਿਆਗ ਦੇ ਪ੍ਰਵਚਨ ਨਿਕਲਣ ਤੇ ਮਨ ਵਿਚ, ਕਰੋੜਪਤੀ, ਅਰਬਪਤੀ ਤੇ ਖਰਬਪਤੀ ਬਣਨ ਦੇ ਸੁਪਨੇ ਅੰਗੜਾਈਆਂ ਲੈ ਰਹੇ ਹੋਣ ਤੇ ਮਾਇਆ ਇਕੱਠੀ ਕਰਨ ਦੀ ਦੌੜ ਲੱਗੀ ਹੋਈ ਹੋਵੇ। ਸਾਡੀ ਨਵੀਂ ਪੀੜ੍ਹੀ, ਸਾਡੇ ਦੋਗਲੇਪਨ ਨੂੰ ਬਰਦਾਸ਼ਤ ਨਹੀਂ ਕਰ ਰਹੀ, ਇਸ ਲਈ ਬਗ਼ਾਵਤ ਦੇ ਰਾਹ ਪੈ ਗਈ ਹੈ।’’
ਮੈਂ ਦਸਿਆ, ਇਥੇ ਵੀ ਇਹੀ ਕੁੱਝ ਹੋਣਾ ਸ਼ੁਰੂ ਹੋ ਗਿਆ ਹੈ। ਹਿੰਦੁਸਤਾਨੀ ਸਮਾਜ, ਪੰਜਾਬੀ ਸਮਾਜ ਤੇ ਸਿੱਖ ਸਮਾਜ ਦੋਰਾਹੇ ’ਤੇ ਆ ਖੜੇ ਹੋਏ ਹਨ। ਕਿਤਾਬਾਂ ਤੇ ਗ੍ਰੰਥਾਂ ਵਿਚ ਲਿਖੇ ਫ਼ਲਸਫ਼ੇ ਨੂੰ ਨਵੀਂ ਪੀੜ੍ਹੀ ਬਾਅਦ ਵਿਚ ਪੜ੍ਹਦੀ ਹੈ, ਪਹਿਲਾਂ ਸਾਡੇ ਲੀਡਰਾਂ, ਧਰਮ ਦੇ ਆਗੂਆਂ ਤੇ ਪ੍ਰਚਾਰਕਾਂ ਦੇ ਦੋਗਲੇਪਨ ਨੂੰ ਵੇਖਦੀ ਹੈ ਤੇ ਦਲੀਲ ਦੇਣ ਲੱਗ ਜਾਂਦੀ ਹੈ ਕਿ ਜੇ ਧਰਮ, ਕੁੱਝ ਠੀਕ ਕਰ ਸਕਦਾ ਹੁੰਦਾ ਤਾਂ ਦਿਨ ਰਾਤ, ਧਰਮ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਤਾਂ ਸੁਧਾਰ ਲੈਂਦਾ। ਇਹ ਪ੍ਰਚਾਰ ਕੁੱਝ ਕਰਦੇ ਨੇ ਤੇ ਜੀਵਨ ਉਸ ਦੇ ਉਲਟ ਜਾ ਕੇ ਗੁਜ਼ਾਰਦੇ ਨੇ। ਨਵੀਂ ਪੀੜ੍ਹੀ ਨੂੰ ਕੀ ਜਵਾਬ ਦਈਏ?
ਤੁਸੀ ਜਿਨ੍ਹਾਂ ਕਰੋੜਪਤੀ ਸੰਤ ਬਾਬਿਆਂ, ਰਾਗੀਆਂ, ਕਥਾਕਾਰਾਂ, ਧਰਮੀ ਵਿਦਵਾਨਾਂ ਤੇ ਧਰਮੀ ਆਗੂਆਂ ਨੂੰ ਜਾਣਦੇ ਹੋ, ਉਨ੍ਹਾਂ ਬਾਰੇ ਪੂਰੀ ਈਮਾਨਦਾਰੀ ਨਾਲ ਸੋਚੋ ਤੇ ਮੈਨੂੰ ਦੱਸੋ, ਉਨ੍ਹਾਂ ’ਚੋਂ ਕੋਈ ਇਕ ਵੀ ਹੈ ਜੋ ਪੰਥ ਲਈ, ਧਰਮ ਲਈ ਤੇ ਗ਼ਰੀਬ ਲਈ, ਅਪਣੀ ਕੁਲ ਸੰਪਤੀ ਦਾ ਦਸਵਾਂ ਹਿੱਸਾ (ਦਸਵੰਧ) ਦੇ ਸਕੇ ਜਾਂ ਜਿਸ ਨੇ ਅਜਿਹਾ ਕੀਤਾ ਹੋਵੇ? ਜੇ ਇਕ ਵੀ ਨਹੀਂ ਲੱਭ ਸਕਦੇ ਤਾਂ ਕਿਉਂ ਆਸ ਕਰਦੇ ਹੋ ਕਿ ਨਵੀਂ ਪੀੜ੍ਹੀ ਉਨ੍ਹਾਂ ਦਾ ਦੋਗਲਾਪਨ ਵੇਖ ਕੇ ਵੀ ਧਰਮ ਵਲ ਖਿੱਚੀ ਆਵੇਗੀ? ਜਿਹੜਾ ਧਰਮ ਸਾਫ਼ ਤੇ ਸਵੱਛ ਆਗੂ, ਪ੍ਰਚਾਰਕ, ਲੇਖਕ ਤੇ ਧਰਮੀ ਮਨੁੱਖ ਨਹੀਂ ਪੈਦਾ ਕਰ ਸਕਦਾ, ਉਸ ਕੋਲ ਚੰਗਾ ਫ਼ਲਸਫ਼ਾ ਭਾਵੇਂ ਢੇਰਾਂ ਵਿਚ ਪਿਆ ਹੋਵੇ ਤੇ ਸ਼ਹੀਦਾਂ ਦੀਆਂ ਲਾਈਨਾਂ ਲੱਗੀਆਂ ਹੋਣ, ਉਹ ਸਮਾਜ ਉਤੇ ਕੋਈ ਪ੍ਰਭਾਵ ਨਹੀਂ ਪਾ ਸਕਦਾ।
(14 ਫ਼ਰਵਰੀ, 2010 ਦੇ ਪਰਚੇ ਵਿਚੋਂ)
