ਜਵਾਬ ਵਿਚ ਕਾਂਗਰਸੀ ਵਫ਼ਦ ਦੇ ਇਕ ਸਿੱਖ ਮੈਂਬਰ ਨੇ ਕਿਹਾ, ‘‘ਨਹੀਂ ਜੀ, ਆਪ ਸੇ ਕੋਈ ਗ਼ਲਤੀ ਨਹੀਂ ਹੂਈ ਜੀ...।''
ਮੈਨੂੰ ਅਪਣੇ ਬਚਪਨ ਤੋਂ ਲੈ ਕੇ ਹੁਣ ਤਕ, ਸਦਾ ਵੱਡੇ ਵੱਡੇ ਲੀਡਰਾਂ ਦੇ ਨੇੜੇ ਰਹਿਣ ਦਾ ਮੌਕਾ ਮਿਲਿਆ ਹੈ। ਪਹਿਲਾਂ ਮੇਰੇ ਪਿਤਾ ਦੇ ਘਰ, ਲੀਡਰਾਂ ਦਾ ਆਉਣਾ-ਜਾਣਾ ਆਮ ਸੀ। ਉਦੋਂ ਮੈਂ ਚਾਹ-ਪਾਣੀ ਨਾਲ ਉੁਨ੍ਹਾਂ ਦੀ ਸੇਵਾ ਕਰਨ ਦੇ ਬਹਾਨੇ, ਉੁਨ੍ਹਾਂ ਦੀਆਂ ਦਿਲਚਸਪ ਅਤੇ ਰਾਜ਼ ਵਾਲੀਆਂ ਗੱਲਾਂ ਸੁਣਨ ਦਾ ਮੌਕਾ ਹੱਥੋਂ ਨਹੀਂ ਸੀ ਜਾਣ ਦੇਂਦਾ। ਸਿਆਸੀ ਲੋਕਾਂ ਦੀਆਂ ਗੱਲਾਂ ਸੁਣਨ ਦਾ ਮੈਨੂੰ ਝੱਸ ਜਿਹਾ ਪੈ ਗਿਆ ਸੀ। ਇਨ੍ਹਾਂ ਲੀਡਰਾਂ ਨੂੰ ਤਿੰਨ ਸ਼ੇ੍ਰਣੀਆਂ ਵਿਚ ਵੰਡਿਆ ਜਾ ਸਕਦਾ ਹੈ--ਅਕਾਲੀ, ਕਾਂਗਰਸੀ ਅਤੇ ਹਰਿਆਣੇ ਦੇ ਜਾਟ ਆਗੂ। ਤਿੰਨਾਂ ਨਾਲ ਮੇਰੇ ਪਿਤਾ ਦੇ ਬੜੇ ਚੰਗੇ ਸਬੰਧ ਸਨ ਤੇ ਉਹ ਉੁਨ੍ਹਾਂ ਦੀ ਰੁਪਏ ਪੈਸੇ ਨਾਲ ਚੰਗੀ ‘ਸੇਵਾ’ ਕਰਦੇ ਰਹਿੰਦੇ ਸਨ। ਮਗਰੋਂ ਪੱਤਰਕਾਰੀ ਦੇ ਕਿੱਤੇ ਵਿਚ ਆ ਜਾਣ ਕਾਰਨ ਵੀ, ਮੈਨੂੰ ਇਨ੍ਹਾਂ ਦੀ ਨੇੜਤਾ ਅਪਣੇ ਆਪ ਹੀ ਪ੍ਰਾਪਤ ਹੋ ਗਈ।
ਹਰਿਆਣਵੀ ਜਾਟ ਲੀਡਰਾਂ ਦੀ ਗੱਲ ਫਿਰ ਕਿਸੇ ਸਮੇਂ ਕਰਾਂਗਾ। ਇਸ ਸਮੇਂ ਜੇ ਕਾਂਗਰਸੀ ਤੇ ਅਕਾਲੀ ਲੀਡਰਾਂ ਬਾਰੇ ਅਪਣੇ ਤਜਰਬਿਆਂ ਦਾ ਨਚੋੜ ਪੇਸ਼ ਕਰਾਂ ਤਾਂ ਮੈਂ ਕਹਾਂਗਾ ਕਿ ਅਕਾਲੀ ਲੀਡਰਾਂ ਨਾਲ ਇਕ ਘੰਟਾ ਬਿਤਾ ਚੁੱਕਣ ਮਗਰੋਂ, ਤੁਹਾਡਾ ਪੇਟ ਤਾਂ ਆਫਰ ਚੁੱਕਾ ਹੋਵੇਗਾ ਕਿਉਂਕਿ ਅਕਾਲੀ ਲੀਡਰ, ਖਾਣ-ਖਵਾਣ ਵਿਚ ਤਾਂ ਚੰਗਾ ਵਿਸ਼ਵਾਸ ਰਖਦੇ ਹਨ ਪਰ ਜੇ ਤੁਸੀ ਯਾਦ ਰੱਖਣ ਵਾਲੀ ਕੋਈ ਗੱਲ ਚੇਤੇ ਕਰਨੀ ਚਾਹੋ ਜੋ ਤੁਹਾਨੂੰ ਇਸ ਮਿਲਣੀ ਵਿਚ ਸੁਣਨ ਨੂੰ ਮਿਲੀ ਹੋਵੇ ਤਾਂ ਚੰਗੀ ਤਗੜੀ ਨਿਰਾਸ਼ਾ ਹੀ ਤੁਹਾਡੇ ਪੱਲੇ ਪਈ ਦਿੱਸੇਗੀ। ਇਸ ਦੇ ਉਲਟ, ਜੇ ਤੁਸੀ ਕਿਸੇ ਕਾਂਗਰਸੀ ਲੀਡਰ ਨਾਲ ਇਕ ਘੰਟਾ ਬਿਤਾ ਆਏ ਹੋ ਤਾਂ ਉਸ ਨੇ ਤੁਹਾਡੇ ਨਾਲ ਜ਼ਰੂਰ ਅਜਿਹੀਆਂ ਕੰਮ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹੋਣਗੀਆਂ ਜਿਨ੍ਹਾਂ ਨੂੰ ਤੁਸੀ ਅਪਣੇ ਚੇਤੇ ਵਿਚ, ਬੜੀ ਦੇਰ ਤਕ ਸੰਭਾਲ ਕੇ ਰਖਣਾ ਚਾਹੋਗੇ।
ਮੈਂ ਜਦੋਂ ਯਾਦ ਕਰਦਾ ਹਾਂ ਤਾਂ ਮੈਨੂੰ ਯਾਦ ਆਉਂਦਾ ਹੈ ਕਿ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ, ਗਿ: ਜ਼ੈਲ ਸਿੰਘ, ਪ੍ਰੇਮ ਸਿੰਘ ਪ੍ਰੇਮ ਤੇ ਉਸ ਤੋਂ ਪਹਿਲਾਂ, ਪ੍ਰਤਾਪ ਸਿੰਘ ਕੈਰੋਂ, ਨਾਰਾਇਣ ਸਿੰਘ ਸ਼ਾਹਬਾਜ਼ਪੁਰੀ ਆਦਿ ਕਿਸ ਤਰ੍ਹਾਂ ਦਿਲ ਖੋਲ੍ਹ ਕੇ ਅੰਦਰ ਦੀਆਂ ਅਤੇ ਬੜੇ ਹੀ ਪਤੇ ਦੀਆਂ ਗੱਲਾਂ ਸਾਂਝੀਆਂ ਕਰਿਆ ਕਰਦੇ ਸਨ ਤੇ ਫਿਰ ਅਕਾਲੀ ਲੀਡਰਾਂ ਨਾਲ ਬਿਤਾਏ ਲੰਮੇ ਸਮੇਂ ਨੂੰ ਯਾਦ ਕਰਦਾ ਹਾਂ ਤਾਂ ਲਗਦਾ ਹੈ ਕਿ ਅਕਾਲੀ ਲੀਡਰਾਂ ਕੋਲ ਇਸ ਤੋਂ ਵੱਧ ਦੱਸਣ ਵਾਲਾ ਕਦੇ ਕੁੱਝ ਹੋਇਆ ਹੀ ਨਹੀਂ ਕਿ ਫ਼ਲਾਣਾ ਅਕਾਲੀ ਬੜਾ ‘ਘਟੀਆ’ ਹੈ ਤੇ ਫ਼ਲਾਣੇ ਨੂੰ ਤਾਂ ‘‘ਮੈਂ ਦਿਨੇ ਤਾਰੇ ਨਾ ਵਿਖਾ ਦਿਤੇ ਤਾਂ ਮੈਂ ਜੱਟ ਦਾ ਪੁੱਤ ਕਾਹਦਾ ਹੋਇਆ!’’ ਲਗਦਾ ਹੈ, ਅਕਾਲੀ ਲੀਡਰਾਂ ਦੀ ਕੁਲ ਰਾਜਨੀਤੀ, ਇਕ ਦੂਜੇ ਨੂੰ ਭੰਡਣ, ਡੇਗਣ ਅਤੇ ਅਖ਼ੀਰ ਵਿਚ ‘ਜੱਟ’ ਹੋਣ ਦਾ ਐਲਾਨ ਕਰਨ ਤਕ ਹੀ ਸੀਮਤ ਹੁੰਦੀ ਹੈ ਤੇ ਉੁਨ੍ਹਾਂ ਦੇ ਆਸ-ਪਾਸ ਜਿਹੜੀਆਂ ਮਹੱਤਵਪੂਰਨ ਗੱਲਾਂ ਹੋ, ਬੀਤ ਰਹੀਆਂ ਹੁੰਦੀਆਂ ਹਨ, ਉੁਨ੍ਹਾਂ ਵਿਚ ਨਾ ਤਾਂ ਉੁਨ੍ਹਾਂ ਨੂੰ ਕੋਈ ਦਿਲਚਸਪੀ ਹੁੰਦੀ ਹੈ ਅਤੇ ਨਾ ਹੀ ਇਨ੍ਹਾਂ ਬਾਰੇ ਜਾਣਨ ਦੀ ਉਹ ਕੋਸ਼ਿਸ਼ ਹੀ ਕਰਦੇ ਹਨ।
ਇਕ ਅਕਾਲੀ ਲੀਡਰ ਪੰਜ ਸਾਲ ਕੇਂਦਰ ਵਿਚ ਵੀ ਵਜ਼ੀਰ ਬਣ ਕੇ ਰਹਿ ਆਵੇ ਤਾਂ ਅਮੀਰ ਭਾਵੇਂ ਹੋ ਗਿਆ ਹੋਵੇ ਪਰ ਕੌਮੀ ਸਿਆਸਤ ਬਾਰੇ ਉਸ ਦੀ ਜਾਣਕਾਰੀ, ਪੰਜ ਸਾਲ ਪਹਿਲਾਂ ਵਾਲੀ ਹੀ ਬਣੀ ਰਹਿੰਦੀ ਹੈ ਕਿਉਂਕਿ ਉਥੇ ਵੀ ਉਹ ਅਪਣੇ ‘ਸਰਕਲ’ ਵਿਚ ਹੀ ਘਿਰਿਆ ਰਹਿੰਦਾ ਹੈ ਤੇ ‘ਤੁੰਨ ਦਿਉ ਸਾਲੇ ਚਮਾਰ ਨੂੰ’, ‘ਖ਼ਰੀਦ ਲਉ ਸਾਲੇ ਭਾਪੇ ਨੂੰ’, ‘ਜੱਟ ਦੀ ਮੁੱਛ ਨੂੰ ਹੱਥ ਪਾਉਣ ਵਾਲੇ ਨੂੰ ਸਿਖਾ ਦਿਉ ਸਬਕ’ ਤੋਂ ਅੱਗੇ ਗੱਲ ਹੀ ਕੋਈ ਨਹੀਂ ਹੁੰਦੀ। ਮੈਂ ਬੜੇ ਬੜੇ ਧੜਵੈਲ ਅਤੇ ਅਕਾਲੀਆਂ ਨਾਲੋਂ ਜ਼ਿਆਦਾ ਤਗੜੇ ਕਾਂਗਰਸੀ ਲੀਡਰਾਂ ਦੇ ਮੂੰਹੋਂ ਕਦੀ ‘ਜੱਟ’ ਹੋਣ ਦਾ ਦਾਅਵਾ ਨਹੀਂ ਸੁਣਿਆ ਪਰ ਕਹਿੰਦੇ ਕਹਾਉਂਦੇ ਅਕਾਲੀ ਲੀਡਰ ਵੀ, ਦਿਨ ਵਿਚ ਦੋ ਵਾਰ, ਇਹ ਦਾਅਵਾ ਨਾ ਕਰ ਲੈਣ ਤਾਂ ਉੁਨ੍ਹਾਂ ਨੂੰ ਸ਼ਾਇਦ ਰੋਟੀ ਹਜ਼ਮ ਨਹੀਂ ਹੁੰਦੀ। ਚਲੋ ਬਾਕੀ ਗੱਲਾਂ ਇਕ ਪਾਸੇ, ਪਰ ਇਹ ਵੀ ਸੱਚ ਹੈ ਕਿ ਸਾਰੀ ਦੁਨੀਆਂ ਦੀ ਸੈਰ ਕਰ ਆਉਣ ਮਗਰੋਂ ਵੀ ਜੇ ਤੁਸੀ ਉੁਨ੍ਹਾਂ ਨੂੰ ਕੋਈ ਦਿਲਚਸਪ ਗੱਲ ਸੁਣਾਉਣ ਲਈ ਕਹਿ ਬੈਠੋ ਤਾਂ ਛੇਤੀ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਵਿਦੇਸ਼ ਵਿਚ ਵੀ ਉਹ ਗੁਰਦਵਾਰਿਆਂ ਅਤੇ ਅਪਣੇ ਪਿੰਡ ਦੇ ਯਾਰ-ਬੇਲੀਆਂ ਤੋਂ ਬਿਨਾਂ, ਦੁਨੀਆਂ ਦਾ ਕੁੱਝ ਨਹੀਂ ਸਨ ਵੇਖ ਸਕੇ, ਨਾ ਕੁੱਝ ਜਾਣ ਹੀ ਸਕੇ ਸਨ ਕਿਉਂਕਿ ਵਿਦੇਸ਼ ਵਿਚ ਵੀ, ਬਚਪਨ ਦੇ ਯਾਰ ਬੇਲੀਆਂ ਨੇ ਉਨ੍ਹਾਂ ਨੂੰ ਕਦੇ ਵਲੈਤੀ ਲਾਲ ਪਰੀ ਅਤੇ ਮੁਰਗ ਮੁਸੱਲਮ ਦੀ ਅਰਦਲ ’ਚੋਂ ਉਠਣ ਹੀ ਨਹੀਂ ਸੀ ਦਿਤਾ।
ਪਰ ਕਾਂਗਰਸੀਆਂ ਦੀ ਗੱਲ ਵਖਰੀ ਹੈ। ਮੈਨੂੰ ਯਾਦ ਆਉਂਦੇ ਹਨ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਚੌਧਰੀ ਦਰਸ਼ਨ ਸਿੰਘ ਜੋ ਪਹਿਲੀ ਵਾਰ ਮੈਨੂੰ ਅਪਣੇ ਕੁੜਮ, ਇਕ ਆਈ. ਏ. ਐਸ. ਅਫ਼ਸਰ, ਦੇ ਘਰ ਮਿਲੇ। ਅੱਧਾ ਘੰਟਾ ਉੁਨ੍ਹਾਂ ਨਾਲ ਗੱਲ ਕਰ ਕੇ ਮੈਨੂੰ ਸਵਾਦ ਆ ਗਿਆ। ਸ਼ੁਰੂ ਵਿਚ ਉਹ ਝਿਜਕ ਕੇ ਗੱਲ ਕਰ ਰਹੇ ਸਨ ਪਰ ਅਪਣੇ ਕੁੜਮਾਂ ਕੋਲੋਂ ਮੇਰੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਮਗਰੋਂ, ਉਹ ਨਿਸ਼ੰਗ ਹੋ ਕੇ ਗੱਲ ਕਰਨ ਲੱਗ ਪਏ। ਮੈਨੂੰ ਵੀ ਇਹੋ ਜਹੇ ਬੰਦਿਆਂ ਦੀ ਹੀ ਸੰਗਤ ਚਾਹੀਦੀ ਹੁੰਦੀ ਹੈ ਜਿਨ੍ਹਾਂ ਨਾਲ ਪੰਜ ਮਿੰਟ ਗੱਲ ਕਰ ਕੇ ਤੁਸੀ ਅਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਨ ਲੱਗੋ ਤੇ ਤੁਹਾਨੂੰ ਲੱਗੇ ਕਿ ਇਹ ਬੰਦਾ ਨਾ ਮਿਲਦਾ ਤਾਂ ਤੁਸੀ ਬੜੇ ਘਾਟੇ ਵਿਚ ਰਹਿਣਾ ਸੀ। ਖਾਣ-ਪੀਣ ਵਿਚ ਮੈਨੂੰ ਵੀ ਕੋਈ ਦਿਲਚਸਪੀ ਨਹੀਂ ਸੀ ਤੇ ਚੌਧਰੀ ਹੁਰਾਂ ਨੂੰ ਵੀ ਨਹੀਂ ਸੀ। ਉਹ ਕਿਸੇ ਅਜਿਹੇ ਬੰਦੇ ਦੀ ਭਾਲ ਵਿਚ ਲਗਦੇ ਸਨ ਜਿਸ ਅੱਗੇ ਉਹ ਅਪਣੇ ਦਿਲ ਦੇ ਭਾਰ ਨੂੰ ਹੌਲਾ ਕਰ ਸਕਣ ਤੇ ਮੈਂ ਤਾਂ ਹਮੇਸ਼ਾ ਹੀ ਅਜਿਹੇ ਬੰਦੇ ਦੀ ਭਾਲ ਵਿਚ ਹੁੰਦਾ ਹਾਂ ਜੋ ਕੋਈ ਨਵਾਂ ਗਿਆਨ ਤੇ ਨਵੀਂ ਜਾਣਕਾਰੀ ਦੇ ਸਕੇ।
ਥੋੜ੍ਹੀ ਜਹੀ ਝਿਜਕ ਮਗਰੋਂ, ਚੌਧਰੀ ਜੀ ਨੇ ਬਲੂ-ਸਟਾਰ ਆਪ੍ਰੇਸ਼ਨ ਦੀਆਂ ਗੱਲਾਂ ਸ਼ੁਰੂ ਕਰ ਦਿਤੀਆਂ। ਕਹਿਣ ਲੱਗੇ, ‘‘ਜੋ ਕੁੱਝ ਅਖ਼ਬਾਰਾਂ ਵਿਚ ਛੱਪ ਰਿਹਾ ਹੈ, ਉਹ ਸੱਚ ਨਹੀਂ ਹੈ। ਖ਼ੁਦ ਇੰਦਰਾ ਗਾਂਧੀ ਵੀ ਸਮਝਦੀ ਹੈ ਕਿ ਉਸ ਕੋਲੋਂ ਵੱਡੀ ਭੁੱਲ ਹੋ ਗਈ ਹੈ।’’ ਮੇਰੇ ਲਈ ਇਹ ਇਕ ਅਸਲੋਂ ਨਵੀਂ ਗੱਲ ਸੀ। ਇੰਦਰਾ ਗਾਂਧੀ ਅਜੇ ਜੀਵਤ ਸੀ ਤੇ ਕਾਂਗਰਸੀ, ਇਸ ਵਿਸ਼ੇ ’ਤੇ ਕਿਸੇ ਸਿੱਖ ਨਾਲ ਗੱਲ ਕਰਨੋਂ ਪ੍ਰਹੇਜ਼ ਹੀ ਕਰਦੇ ਸਨ। ਸਾਡਾ ‘ਪੰਜ ਪਾਣੀ’ 1982 ਵਿਚ ਹੀ, ਵੱਡਾ ਘਾਟਾ ਪਾ ਕੇ, ਬੰਦ ਹੋ ਚੁੱਕਾ ਸੀ ਤੇ ਅਸੀ ਉਸ ਵੇਲੇ ਅਖ਼ਬਾਰ ਜਾਂ ਪਰਚਾ ਕੋਈ ਨਹੀਂ ਸੀ ਕਢਦੇ, ਭਾਵੇਂ ਅੰਦਰੋ ਅੰਦਰੀ ਤਿਆਰੀ ਵਿਚ ਲੱਗੇ ਹੋਏ ਸੀ ਤੇ ਪਿਛਲੇ ਕਰਜ਼ੇ ਵਾਪਸ ਕਰਨ ਲਈ ਕਈ ਛੋਟੇ-ਮੋਟੇ ਕੰਮ ਕਰਨ ਵਿਚ ਰੁੱਝੇ ਰਹਿੰਦੇ ਸੀ।
ਚੌਧਰੀ ਦਰਸ਼ਨ ਸਿੰਘ ਨੇ ਇੰਦਰਾ ਗਾਂਧੀ ਬਾਰੇ ਉਪ੍ਰੋਕਤ ਫ਼ਿਕਰਾ ਬੋਲ ਕੇ ਮੈਨੂੰ ਹੈਰਾਨ ਕਰ ਦਿਤਾ। ਮੈਂ ਉੁਨ੍ਹਾਂ ਨੂੰ ਪੂਰੀ ਗੱਲ ਸੁਣਾਉਣ ਲਈ ਕਿਹਾ। ਜੋ ਕੁੱਝ ਉਨ੍ਹਾਂ ਨੇ ਦਸਿਆ, ਉਹ ਅੱਜ ਵੀ ਬੜਾ ਦਿਲਚਸਪ ਅਤੇ ਵਖਰਾ ਜਿਹਾ ਸੱਚ ਬਿਆਨ ਲੱਗੇਗਾ। ਚੌਧਰੀ ਦਰਸ਼ਨ ਸਿੰਘ, ਅਪਣੇ ਦੋ ਸਿੱਖ ਸਾਥੀਆਂ ਨਾਲ ਪ੍ਰਧਾਨ ਮੰਤਰੀ ਨੂੰ ਮਿਲਣ ਚਲੇ ਗਏ। ਉੁਨ੍ਹਾਂ ਦਾ ਦੂਜਾ ਸਾਥੀ, ਜਨਰਲ ਰਾਜਿੰਦਰ ਸਿੰਘ ਸਪੈਰੋ ਸੀ ਜਿਸ ਨੂੰ ਹਿੰਦ-ਪਾਕਿ ਜੰਗ ਸਮੇਂ ਬੜੀ ਪ੍ਰਸਿੱਧੀ ਮਿਲੀ ਸੀ। ਫ਼ੌਜ ਵਿਚੋਂ ਰੀਟਾਇਰ ਹੋ ਕੇ, ਸਪੈਰੋ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ। ‘ਸਪੈਰੋ’ ਸਾਡੀ ਨਜ਼ਰ ਵਿਚ ਵੀ ਇਕ ‘ਹੀਰੋ’ ਹੀ ਸੀ ਕਿਉਂਕਿ ਪਾਕਿਸਤਾਨ ਨਾਲ ਹੋਈ ਜੰਗ ਸਮੇਂ, ਉਸ ਨੂੰ ਮੀਡੀਆ ਨੇ ਇਕ ਹੀਰੋ ਵਜੋਂ ਹੀ ਪੇਸ਼ ਕੀਤਾ ਸੀ। ਪਰ ਬਲੂ-ਸਟਾਰ ਆਪ੍ਰੇਸ਼ਨ (ਦਰਬਾਰ ਸਾਹਿਬ ਉਤੇ ਕੀਤੇ ਗਏ ਫ਼ੌਜੀ ਹਮਲੇ) ਮਗਰੋਂ ਜਦੋਂ ਉਸ ਨੂੰ ਟੀਵੀ ਉਤੇ ਅਜੀਬ ਢੰਗ ਨਾਲ ਗੱਲਾਂ ਕਰਦਿਆਂ ਸੁਣਿਆ ਤਾਂ ਸਾਡਾ ਵੀ ਦਿਲ ਟੁਟ ਗਿਆ ਸੀ।
ਖ਼ੈਰ, ਚੌਧਰੀ ਦਰਸ਼ਨ ਸਿੰਘ, ਅਪਣੇ ਜਿਨ੍ਹਾਂ ਦੋ ਸਾਥੀਆਂ ਨੂੰ ਨਾਲ ਲੈ ਕੇ, ਇੰਦਰਾ ਗਾਂਧੀ ਨੂੰ ਮਿਲਣ ਗਏ, ਉੁਨ੍ਹਾਂ ਵਿਚ ਇਕ ਇਹ ਫ਼ੌਜੀ ਜਰਨੈਲ ਰਾਜਿੰਦਰ ਸਿੰਘ ਸਪੈਰੋ ਵੀ ਸੀ ਤੇ ਇਕ ਕੋਈ ਹੋਰ ਸੀ, ਜਿਸ ਦਾ ਨਾਂ ਮੈਨੂੰ ਯਾਦ ਨਹੀਂ ਰਿਹਾ। ਇੰਦਰਾ ਗਾਂਧੀ ਨੂੰ ਮਿਲ ਕੇ ਇਹ ਕਹਿਣਗੇ ਕੀ, ਇਸ ਬਾਰੇ ਇਨ੍ਹਾਂ ਨੂੰ ਆਪ ਵੀ ਕੁੱਝ ਨਹੀਂ ਸੀ ਪਤਾ ਪਰ ਏਨਾ ਜ਼ਰੂਰ ਜਾਣਦੇ ਸੀ ਕਿ ਇਸ ਮੌਕੇ, ਲੀਡਰ ਨੂੰ ਮਿਲਣਾ ਜ਼ਰੂਰ ਚਾਹੀਦਾ ਹੈ। ਇਹ ਅਜੇ ਕੁਰਸੀਆਂ ਉਤੇ ਬੈਠੇ ਹੀ ਸਨ ਕਿ ਇੰਦਰਾ ਗਾਂਧੀ ਨੇ ਆਪ ਹੀ ਗੱਲ ਛੇੜੀ, ‘‘ਪੰਜਾਬ ਕਾ ਕਿਆ ਹਾਲ ਹੈ?’’
ਸਾਹਮਣੇ ਬੈਠੇ ਤਿੰਨਾਂ ਸਿੱਖਾਂ ਨੂੰ ਸੁੱਝ ਨਹੀਂ ਸੀ ਰਿਹਾ ਕਿ ਜਵਾਬ ਵਿਚ ਕੀ ਆਖਣ। ਇੰਦਰਾ ਗਾਂਧੀ ਨੇ ਉੁਨ੍ਹਾਂ ਦੀ ਮੁਸ਼ਕਲ ਨੂੰ ਮਹਿਸੂਸ ਕਰਦਿਆਂ ਆਪ ਹੀ ਕਹਿ ਦਿਤਾ, ‘‘ਹਮ ਜਾਨਤੇ ਹੈਂ, ਹਮ ਸੇ ਬਹੁਤ ਬੜੀ ਭੂਲ ਹੋ ਗਈ ਹੈ। ਫ਼ੌਜ ਨੇ ਅਕਾਲ ਤਖ਼ਤ ਕੋ ਨੁਕਸਾਨ ਪਹੁੰਚਾ ਕਰ ਬਹੁਤ ਬੜੀ ਗ਼ਲਤੀ ਕਰ ਦੀ ਹੈ....।’’
ਰਾਜਿੰਦਰ ਸਿੰਘ ਸਪੈਰੋ, ਬਾਕੀ ਦੁਹਾਂ ਨੂੰ ਹੈਰਾਨੀ ਵਿਚ ਪਾ ਕੇ ਬੋਲ ਪਿਆ, ‘‘ਨਹੀਂ ਜੀ ਨਹੀਂ, ਪ੍ਰਧਾਨ ਮੰਤਰੀ ਜੀ, ਆਪ ਨੇ ਕੋਈ ਭੂਲ ਨਹੀਂ ਕੀ। ਯੇਹ ਅਕਾਲੀ ਤੋ ਐਸੇ ਹੀ ਸ਼ੋਰ ਮਚਾ ਰਹੇ ਹੈਂ। ਅਕਾਲ ਤਖ਼ਤ ਤੋ ਇਤਿਹਾਸ ਮੇ ਕੋਈ ਹੂਆ ਹੀ ਨਹੀਂ। ਯੇਹ ਤੋ ਵੋਹ ਜਗ੍ਹਾ ਹੈ ਜਹਾਂ ਸਿੱਖ ਬਾਹਰ ਸੇ ਆ ਕਰ, ਅਪਨੇ ਘੋੜੇ ਬਾਂਧ ਦੀਆ ਕਰਤੇ ਥੇ ਤਾਕਿ ਅੰਦਰ ਦਰਬਾਰ ਸਾਹਿਬ ਮੇਂ ਮਾਥਾ ਟੇਕ ਆਏਂ....।’’
ਇੰਦਰਾ ਗਾਂਧੀ, ਜਨਰਲ ਸਪੈਰੋ ਦੇ ਇਸ ਲਤੀਫ਼ੇ ਨੂੰ ਸੁਣ ਕੇ ਖ਼ੁਸ਼ ਨਾ ਹੋਈ ਤੇ ਉਸ ਨੇ ਵਿਸ਼ਾ ਬਦਲਣ ਦੇ ਇਰਾਦੇ ਨਾਲ ਏਨਾ ਹੀ ਕਿਹਾ, ‘‘ਕਹੀਏ, ਕੋਈ ਕਾਮ ਹੈ ਮੇਰੇ ਸੇ?’’ ਚੌਧਰੀ ਦਰਸ਼ਨ ਸਿੰਘ ਨੇ ਉੱਤਰ ਦਿਤਾ, ‘‘ਨਹੀਂ, ਹਮ ਤੋ ਸਿਰਫ਼ ਆਪ ਕੇ ਦਰਸ਼ਨ ਕਰਨੇ ਔਰ ਪੰਜਾਬ ਦੇ ਲੋਗੋਂ ਕੇ ਲੀਏ ਆਪ ਕਾ ਸੰਦੇਸ਼ ਲੇਨੇ ਹੀ ਆਏ ਥੇ....।’’ ਇੰਦਰਾ ਗਾਂਧੀ ਨੇ ਉੁਨ੍ਹਾਂ ਨੂੰ ਉਠ ਜਾਣ ਦਾ ਇਸ਼ਾਰਾ ਕੀਤਾ ਤਾਂ ਹੌਲੀ ਆਵਾਜ਼ ਵਿਚ ਉਹ ਅਜੇ ਵੀ ਕਹਿ ਰਹੀ ਸੀ, ‘‘ਹਮ ਜਾਨਤੇ ਹੈਂ, ਹਮ ਸੇ ਬਹੁਤ ਬੜੀ ਗ਼ਲਤੀ ਹੋ ਗਈ ਹੈ...।’’ ਚੌਧਰੀ ਦਰਸ਼ਨ ਸਿੰਘ ਅਨੁਸਾਰ, ਇੰਦਰਾ ਗਾਂਧੀ ਨੂੰ ਉਸ ਸਮੇਂ ਚਾਪਲੂਸੀ ਕਰਨ ਅਤੇ ਝੂਠ ਬੋਲ ਕੇ ਉਸ ਨੂੰ ਖ਼ੁਸ਼ ਕਰਨ ਵਾਲੇ ਬੰਦੇ ਚੰਗੇ ਨਹੀਂ ਸਨ ਲੱਗ ਰਹੇ ਤੇ ਚਾਹੁੰਦੀ ਸੀ ਕਿ ਕੋਈ ਸੱਚ ਬੋਲਣ ਦੀ ਹਿੰਮਤ ਕਰਨ ਵਾਲਾ ਹੀ ਉਸ ਕੋਲ ਆ ਕੇ ਬੈਠੇ।
ਤਿੰਨੇ ਕਾਂਗਰਸੀ ਆਗੂ ਬਾਹਰ ਆ ਗਏ। ਚੌਧਰੀ ਦਰਸ਼ਨ ਸਿੰਘ ਤੇ ਉੁਨ੍ਹਾਂ ਦਾ ਸਾਥੀ, ਜਨਰਲ ਸਪੈਰੋ ਨੂੰ ਪੈ ਗਏ ਤੇ ਪੁੱਛਣ ਲਗੇ, ‘‘ਤੂੰ ਮੈਡਮ ਨੂੰ ਕੀ ਕਹਿ ਰਿਹਾ ਸੀ? ਕਿਥੋਂ ਪੜਿ੍ਹਆ ਸੀ ਤੂੰ ਕਿ ਅਕਾਲ ਤਖ਼ਤ, ਨਿਰੀ ਘੋੜੇ ਬੰਨ੍ਹਣ ਵਾਲੀ ਢਿਗ ਸੀ, ਹੋਰ ਕੁੱਝ ਨਹੀਂ?’’ ਜਨਰਲ ਸਪੈਰੋ ਖਚਰੀ ਹਾਸੀ ਹਸਦਾ ਹੋਇਆ ਬੋਲਿਆ, ‘‘ਓ ਭਾਈ, ਮੈਂ ਕੋਈ ਮੈਡਮ ਨੂੰ ਇਤਿਹਾਸ ਪੜ੍ਹਾਉਣ ਲਈ ਗਿਆ ਸੀ? ਨਾ ਭਈ ਨਾ, ਮੈਂ ਤਾਂ ਅਪਣੇ ਨੰਬਰ ਲਵਾਉਣ ਲਈ ਗਿਆ ਸੀ ਤੇ ਕੁੱਝ ਨਾ ਕੁੱਝ ਤਾਂ ਕਹਿਣਾ ਹੀ ਸੀ ਨਾ....।’’ ਚੌਧਰੀ ਦਰਸ਼ਨ ਸਿੰਘ ਕਹਿਣ ਲੱਗੇ, ‘‘ਇਹ ਕੁੱਝ ਨਾ ਕੁੱਝ ਕਹਿ ਕੇ, ਇੰਦਰਾ ਗਾਂਧੀ ਨੂੰ ਖ਼ੁਸ਼ ਕਰਨਾ ਚਾਹੁਣ ਵਾਲੇ, ਸਾਡੇ ਵਰਗਿਆਂ ਦਾ ਵੀ ਅਕਸ ਖ਼ਰਾਬ ਕਰ ਆਉਂਦੇ ਨੇ। ਮਿਲਣ ਦਾ ਸਮਾਂ ਲੈਣ ਵਿਚ ਮੈਨੂੰ ਕਾਫ਼ੀ ਕਠਿਨਾਈ ਹੋਈ ਸੀ ਪਰ ਮੇਰੇ ਸਾਥੀ ਦੇ ਦੋ ਗ਼ਲਤ ਫ਼ਿਕਰਿਆਂ ਨੇ ਸਾਨੂੰ ਦੋ ਮਿੰਟ ਵੀ ਉਥੇ ਬੈਠਣ ਨਾ ਦਿਤਾ ਤੇ ਲੀਡਰ ਨੇ ਸਾਨੂੰ ਚਾਪਲੂਸ ਸਮਝ ਕੇ, ਇਕ ਵੀ ਕੰਮ ਦੀ ਗੱਲ ਨਾ ਕੀਤੀ। ਜੇ ਸਪੈਰੋ, ਝੂਠ ਬੋਲ ਕੇ, ਮਾਹੌਲ ਖ਼ਰਾਬ ਨਾ ਕਰਦਾ ਤਾਂ ਮੈਂ ਸੋਚ ਕੇ ਗਿਆ ਸੀ ਕਿ ਕੋਈ ਨਾ ਕੋਈ ਚੰਗੀ ਗੱਲ ਕਰਨ ਲਈ ਬੀਬੀ ਨੂੰ ਜ਼ਰੂਰ ਤਿਆਰ ਕਰ ਲਵਾਂਗਾ ਜਿਸ ਨਾਲ ਪਿਛਲੀ ਗ਼ਲਤੀ ਦਾ ਸੁਧਾਰ ਹੋ ਸਕੇ ਤੇ ਪੰਜਾਬ ਦੇ ਹਾਲਾਤ ਹੋਰ ਨਾ ਵਿਗੜ ਸਕਣ। ਪਰ ਸਪੈਰੋ ਨੇ ਮੇਰੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫੇਰ ਦਿਤਾ।’’
ਛੇਤੀ ਹੀ ਮਗਰੋਂ, ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿਤੀ ਗਈ। ਬਹੁਤ ਸਾਰਾ ਸੱਚ, ਸਾਡੀਆਂ ਅੱਖਾਂ ਤੋਂ ਓਝਲ ਹੋ ਗਿਆ ਹੈ ਤੇ ਕਹਿ ਨਹੀਂ ਸਕਦੇ, ਕਦੀ ਸਾਹਮਣੇ ਆਉਣ ਵੀ ਦਿਤਾ ਜਾਏਗਾ ਜਾਂ ਨਹੀਂ। ਜਿੰਨਾ ਕੁ ਸੱਚ ਹੁਣ ਤਕ ਵੀ ਸਾਹਮਣੇ ਆਇਆ ਹੈ, ਉਹ ਵੀ ਕਾਂਗਰਸੀਆਂ ਦੀ ਮਦਦ ਨਾਲ ਹੀ ਆਇਆ ਹੈ। ਅਕਾਲੀਆਂ ਦਾ ਜਵਾਬ ਤਾਂ ਚਾਂਦੀ ਦੇ ਰੁਪਈਏ ਦੀ ਟੁਣਕਾਰ ਵਰਗਾ ਹੀ ਹੁੰਦਾ ਹੈ ਕਿ, ‘‘ਛੱਡੋ ਜੀ, ਹੁਣ ਪੁਰਾਣੀਆਂ ਗੱਲਾਂ ਵਿਚ ਹੀ ਉਲਝੇ ਰਹੀਏ ਕਿ.....?’’
(20 ਦਸੰਬਰ 2009 ਦੇ ਸਪੋਕਸਮੈਨ ਪਰਚੇ ਵਿਚੋਂ) (ਮਰਹੂਮ ਜੋਗਿੰਦਰ ਸਿੰਘ)
