ਪਾਕਿਸਤਾਨ ਬਣਨ ਤੋਂ ਪਹਿਲਾਂ, ਸਾਰੇ ਵੱਡੇ ਪੰਜਾਬ ਵਿਚ ਸਿੱਖਾਂ ਦੀ ਆਬਾਦੀ ਕੇਵਲ 13 ਫ਼ੀ ਸਦੀ ਸੀ ਅਰਥਾਤ ਹਰ ਅੱਠ ਪੰਜਾਬੀਆਂ 'ਚੋਂ ਕੇਵਲ ਇਕ ਸਿੱਖ ਹੁੰਦਾ ਸੀ
ਮਾ. ਤਾਰਾ ਸਿੰਘ ਅਤੇ ਗਿ. ਕਰਤਾਰ ਸਿੰਘ, ਮਾਡਰਨ ਸਿਆਸੀ ਯੁਗ ਦੇ, ਸਿੱਖ ਆਗੂਆਂ ਦੇ ਪਹਿਲੇ ਪੂਰ ਦੇ ਉਹ ਮਹਾਨ ਆਗੂ ਹੋਏ ਹਨ ਜਿਨ੍ਹਾਂ ਉਤੇ ਸਿੱਖ, ਹਮੇਸ਼ਾ ਲਈ ਮਾਣ ਕਰ ਸਕਦੇ ਹਨ ਕਿਉਂਕਿ ਇਨ੍ਹਾਂ ਦੁਹਾਂ ਮੋਢੀ ਸਿੱਖ ਆਗੂਆਂ ਨੇ ਲਗਨ, ਸਿਦਕ, ਸਾਦਗੀ, ਮਾਇਆ ਤੋਂ ਮੁਕੰਮਲ ਨਿਰਲੇਪਤਾ, ਈਮਾਨਦਾਰੀ ਅਤੇ ਅਸੂਲ-ਪ੍ਰਸਤੀ ਦੇ ਉਹ ਕੀਰਤੀਮਾਨ ਸਥਾਪਤ ਕੀਤੇ ਜਿਹੜੇ ਬਾਕੀ ਦੇ ਸਾਰੇ ਹਿੰਦੁਸਤਾਨ ਦੇ ਆਗੂਆਂ ਨਾਲੋਂ ਬਿਹਤਰ ਸਨ ਤੇ ਗਾਂਧੀ, ਨਹਿਰੂ, ਪਟੇਲ ਵੀ ਇਨ੍ਹਾਂ ਗੁਣਾਂ ਵਿਚ, ਉਨ੍ਹਾਂ ਦੇ ਮੁਕਾਬਲੇ, ਬਹੁਤ ਪਿੱਛੇ ਸਨ। ਪਰ ਸਿੱਖਾਂ ਨੂੰ ਅਜੇ ਤੀਕ ਵੀ ਤਲਵਾਰ ਦੇ ਧਨੀਆਂ ਤੇ ਸ਼ਹੀਦ ਹੋ ਜਾਣ ਵਾਲਿਆਂ ਤੋਂ ਬਿਨਾਂ, ਕਿਸੇ ਹੋਰ ਆਗੂ ਦੀ ਕਦਰ ਕਰਨੀ ਨਹੀਂ ਆਈ, ਇਸ ਲਈ ਅਪਣੇ ਚੰਗੇ ਤੇ ਸਿਆਣੇ ਸਿੱਖ ਆਗੂਆਂ ਨੂੰ ਵੀ ਇਹ ਅਣਗੌਲਿਆਂ ਹੀ ਕਰੀ ਰਖਦੇ ਹਨ।
ਅੱਜ ਹਿੰਦੁਸਤਾਨ ਵਿਚ, ਛੋਟੀ ਛੋਟੀ ਕੁਰਬਾਨੀ ਕਰਨ ਵਾਲਿਆਂ ਦੇ ਨਾਵਾਂ ਤੇ ਵੱਡੇ ਵੱਡੇ ਸੀਰੀਅਲ ਬਣਾ ਕੇ ਵਿਖਾਏ ਜਾ ਰਹੇ ਹਨ ਤੇ ਉਨ੍ਹਾਂ ਨੂੰ ਪਹਾੜ ਨਾਲੋਂ ਵੱਡੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰ ਸਿੱਖਾਂ ਨੇ ਅਪਣੇ ਉਨ੍ਹਾਂ ਆਗੂਆਂ ਦਾ ਕਦੇ ਨਾਂ ਵੀ ਨਹੀਂ ਲਿਆ ਜਿਨ੍ਹਾਂ ਦੀ ਹਿੰਮਤ, ਸੂਝ ਤੇ ਦੂਰ-ਅੰਦੇਸ਼ੀ, ਸਿੱਖਾਂ ਨੂੰ ਭਾਰਤ ਦੇ ਇਤਿਹਾਸ ਵਿਚ ਨਵੀਂ ਥਾਂ ਲੈ ਕੇ ਦੇ ਸਕਦੀ ਸੀ। ਪੁਰਾਤਨ ਸਮੇਂ ਵਿਚ ਨਹੀਂ, ਆਜ਼ਾਦੀ ਦੀ ਲੜਾਈ ਵਿਚ ਵੀ, ਸਾਰੇ ਹਿੰਦੁਸਤਾਨ ਦੇ ਮੁਕਾਬਲੇ, ਕਿਤੇ ਵਧੀਆ ਪ੍ਰਾਪਤੀਆਂ ਕਰਨ ਵਾਲੀ ਇਸ ਕੌਮ ਨੇ ਨਾ ਆਪ ਅਪਣੀਆਂ ਪ੍ਰਾਪਤੀਆਂ ਉਤੇ ਕਦੇ ਫ਼ਖ਼ਰ ਕੀਤਾ ਹੈ, ਨਾ ਹਿੰਦੁਸਤਾਨ ਨੇ ਹੀ ਕਦੇ ਇਨ੍ਹਾਂ ਦਾ ਜ਼ਿਕਰ ਕੀਤਾ ਹੈ।
ਟੀ.ਵੀ. ਉਤੇ ਪਿੱਛੇ ਜਹੇ ‘ਰਾਣੀ ਝਾਂਸੀ’ ਨਾਂ ਦਾ ਸੀਰੀਅਲ ਵਿਖਾਇਆ ਗਿਆ। ਮੈਂ ਇਹ ਸਾਰਾ ਸੀਰੀਅਲ ਬੜੇ ਧਿਆਨ ਨਾਲ ਵੇਖਿਆ। ਰਾਣੀ ਝਾਂਸੀ ਨੂੰ 1857 ਵਿਚ ਅੰਗਰੇਜ਼ਾਂ ਵਿਰੁਧ ਬਗ਼ਾਵਤ ਕਰਨ ਵਾਲਿਆਂ ਵਿਚ ਸ਼ਾਮਲ ਕਰ ਕੇ, ਜਿਵੇਂ ਖੰਭਾਂ ਨੂੰ ਡਾਰਾਂ ਬਣਾ ਕੇ ਉਡਦੇ ਵਿਖਾਇਆ ਗਿਆ ਹੈ, ਉਸ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਕਿਵੇਂ ਵਡਿਆਇਆ ਜਾ ਰਿਹਾ ਹੈ ਜਦਕਿ ਸਿੱਖ, ਅਪਣੇ ਲੀਡਰਾਂ ਦੀਆਂ ਵੱਡੀਆਂ ਪ੍ਰਾਪਤੀਆਂ ਬਾਰੇ ਵੀ, ਨਾ ਆਪ ਕੁੱਝ ਜਾਣਦੇ ਹਨ, ਨਾ ਦੁਨੀਆਂ ਨੂੰ ਹੀ ਕੁੱਝ ਦਸ ਸਕਦੇ ਹਨ।
ਅੰਗਰੇਜ਼ਾਂ ਨੇ ਜਿਹੜੇ ਕਾਰਤੂਸ, ਭਾਰਤੀ ਫ਼ੌਜੀਆਂ ਨੂੰ ਦਿਤੇ ਸਨ, ਉਨ੍ਹਾਂ ਨੂੰ ਸੂਰ ਤੇ ਗਾਂ ਦੀ ਚਰਬੀ ਨਾਲ ਬੰਦ ਕੀਤਾ ਜਾਂਦਾ ਸੀ। ਕਾਰਤੂਸਾਂ ਨੂੰ ਚਲਾਉਣ ਲਈ, ਚਰਬੀ ਨੂੰ ਮੂੰਹ ਨਾਲ ਤੋੜਨਾ ਪੈਂਦਾ ਸੀ। ਕੁੱਝ ਹਿੰਦੂ ਤੇ ਮੁਸਲਮਾਨ ਫ਼ੌਜੀਆਂ ਨੇ ਕਿਹਾ ਕਿ ਸੂਰ ਤੇ ਗਾਂ ਦੀ ਚਰਬੀ ਵਾਲੇ ਕਾਰਤੂਸ, ਮੂੰਹ ਨਾਲ ਖੋਲ੍ਹਣ ਨਾਲ, ਉਨ੍ਹਾਂ ਦਾ ਧਰਮ ਭ੍ਰਿਸ਼ਟ ਹੁੰਦਾ ਹੈ, ਇਸ ਲਈ ਉਹ ਚਰਬੀ ਵਾਲੇ ਕਾਰਤੂਸਾਂ ਨੂੰ ਮੂੰਹ ਵਿਚ ਨਹੀਂ ਪਾਉਣਗੇ। ਬਸ ਇਥੋਂ ਉਹ ‘ਬਗ਼ਾਵਤ’ ਸ਼ੁਰੂ ਹੋਈ ਜਿਸ ਨੂੰ ਹੁਣ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ। ਕੁੱਝ ਰਿਆਸਤਾਂ ਦੇ ਰਾਜੇ, ਅੰਗਰੇਜ਼ਾਂ ਦੇ ਇਸ ਫ਼ੈਸਲੇ ਤੋਂ ਔਖੇ ਸਨ ਕਿ ਜੇ ਉਨ੍ਹਾਂ ਦੀ ਅਪਣੀ ਔਲਾਦ ਨਹੀਂ ਸੀ ਤਾਂ ਉਨ੍ਹਾਂ ਦੀ ਮੌਤ ਪਿੱਛੋਂ, ਉਨ੍ਹਾਂ ਦਾ ਰਾਜ, ਅੰਗਰੇਜ਼ੀ ਰਾਜ ਵਿਚ ਸ਼ਾਮਲ ਕਰ ਲਿਆ ਜਾਏਗਾ ਪਰ ਸਥਾਨਕ ਛੋਟੇ ਰਾਜਿਆਂ ਨੂੰ ਕਿਸੇ ਦੂਜੇ ਦੇ ਪੁੱਤਰ ਨੂੰ ਗੋਦ ਲੈਣ ਦੀ ਆਗਿਆ ਨਹੀਂ ਹੋਵੇਗੀ।
ਇਹ ਰਾਜੇ ਅਰਜ਼ ਗੁਜ਼ਾਰ ਰਹੇ ਸਨ ਕਿ ਉਨ੍ਹਾਂ ਨੂੰ ਗੋਦ ਲਏ ਬੱਚੇ ਨੂੰ ਅਪਣਾ ਮੁਤਬੰਨਾ (ਵਾਰਸ) ਥਾਪਣ ਦੀ ਆਗਿਆ ਦਿਤੀ ਜਾਵੇ। ਅੰਗਰੇਜ਼ਾਂ ਨੇ ਇਹ ਬੇਨਤੀਆਂ ਰੱਦ ਕਰ ਦਿਤੀਆਂ। ਰਾਣੀ ਝਾਂਸੀ ਵੀ ਇਨ੍ਹਾਂ ਵਿਚ ਸ਼ਾਮਲ ਸੀ। ਇਹ ਰਾਜੇ ਛੋਟੇ ਛੋਟੇ ਪਿੰਡਾਂ ਅਤੇ ਕਸਬਿਆਂ ਜਿੰਨੇ ਇਲਾਕਿਆਂ ਦੇ ‘ਰਾਜੇ’ ਸਨ ਤੇ ਉਸ ਵੇਲੇ ਹਿੰਦੁਸਤਾਨ ਦਾ ਇਨ੍ਹਾਂ ਨੂੰ ਨਾਂ ਵੀ ਨਹੀਂ ਸੀ ਆਉਂਦਾ। ਪਰ ‘ਰਾਣੀ ਝਾਂਸੀ’ ਸੀਰੀਅਲ ਵੇਖ ਕੇ ਇੰਜ ਲਗਦਾ ਹੈ ਜਿਵੇਂ ਇਨ੍ਹਾਂ ਨੂੰ ਅਪਣੇ ਇਲਾਕਿਆਂ ਦਾ ਤਾਂ ਨਾਂ ਵੀ ਨਹੀਂ ਸੀ ਆਉਂਦਾ ਤੇ ‘ਹਿੰਦੁਸਤਾਨ’ ਮਿੰਟ ਮਿੰਟ ਬਾਅਦ, ਉਨ੍ਹਾਂ ਦੀ ਜ਼ਬਾਨ ’ਚੋਂ ਨਿਕਲਦਾ ਸੀ। ਛੋਟੀ ਛੋਟੀ ਗੱਲ ’ਤੇ ਗਵਾਂਢੀ ਰਾਜਿਆਂ ਨਾਲ ਲੜ ਪੈਂਦੇ ਸਨ ਤੇ ਅਪਣੀ 200 ਤੋਂ ਲੈ ਕੇ 400 ਤਕ ਦੀ ‘ਸੈਨਾ’ ਸਾਹਮਣੇ ਅਪਣੀ ਜਾਤ ਅਤੇ ਅਪਣੇ-ਅਪਣੇ ਇਲਾਕੇ ਦਾ ਨਾਂ ਲੈ ਕੇ ਫੁੰਕਾਰੇ ਮਾਰਨ ਲਗਦੇ ਸਨ।
ਸਿੱਖਾਂ ਦੀ ਗੱਲ ਕਰੀਏ ਤਾਂ ਕਿਸੇ ਸਿੱਖ ਤੋਂ ਹੀ ਪੁੱਛ ਲਉ ਕਿ ਅੰਗਰੇਜ਼ਾਂ ਵਿਰੁਧ ਸੱਭ ਤੋਂ ਪਹਿਲੀ ਬਗ਼ਾਵਤ ਕਰਨ ਵਾਲੇ ਭਾਈ ਮਹਾਰਾਜ ਸਿੰਘ (1857 ਤੋਂ ਵੀ ਪਹਿਲਾਂ) ਦੀ ਮੌਤ ਕਿਹੜੇ ਦੇਸ਼ ਵਿਚ ਹੋਈ ਸੀ, ਤਾਂ ਦੋ ਕਰੋੜ ਸਿੱਖਾਂ ਵਿਚੋਂ ਸੌ ਸਿੱਖਾਂ ਨੂੰ ਛੱਡ ਕੇ, ਕਿਸੇ ਨੂੰ ਕੁੱਝ ਪਤਾ ਨਹੀਂ ਹੋਵੇਗਾ। ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਨੂੰ, ਕਾਮਰੇਡਾਂ ਨੇ ਅਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਵਰਤਣ ਦਾ ਫ਼ੈਸਲਾ ਕਰ ਕੇ, ਉਸ ਦਾ ਨਾਂ ਮਸ਼ਹੂਰ ਕਰ ਦਿਤਾ ਪਰ ਉਂਜ ਭਾਈ ਮਹਾਰਾਜ ਸਿੰਘ, ਕਿਸ਼ਨ ਸਿੰਘ ਗੜਗੱਜ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਤੇ ਉਸ ਸਮੇਂ ਦੇ ਹੋਰ ਸੈਂਕੜੇ ਸਿੱਖ ਸ਼ਹੀਦ, ਜੋ ਭਗਤ ਸਿੰਘ ਤੋਂ ਕਿਸੇ ਪ੍ਰਕਾਰ ਵੀ ਘੱਟ ਨਹੀਂ ਸਨ, ਬਾਰੇ ਸਿੱਖਾਂ ਨੂੰ ਕੁੱਝ ਵੀ ਪਤਾ ਨਹੀਂ ਹੋਵੇਗਾ।
ਅਸੀ ਗੱਲ ਸ਼ੁਰੂ ਕੀਤੀ ਸੀ ਸਿੱਖ ਲੀਡਰਾਂ ਤੋਂ। ਸਿੱਖਾਂ ਦੇ ਪਹਿਲੇ ਪੂਰ ਦੇ ਆਗੂ, ਦੇਸ਼ ਦੇ ਸਾਰੇ ਆਗੂਆਂ ਨਾਲੋਂ ਕਿਤੇ ਬਿਹਤਰ ਸਨ ਪਰ ਛੋਟੀਆਂ ਛੋਟੀਆਂ ਗੱਲਾਂ ਕਾਰਨ, ਸਿੱਖਾਂ ਨੇ ਉਨ੍ਹਾਂ ਨੂੰ ਵੀ ਵਿਸਾਰ ਛਡਿਆ। ਵਿਸਾਰ ਦੇਣਾ ਤਾਂ ਬੜਾ ਸੌਖਾ ਹੁੰਦਾ ਹੈ ਪਰ ਵਿਸਾਰ ਦੇਣ ਵਾਲੀਆਂ ਕੌਮਾਂ ਦਾ, ਦੂਜੇ ਵੀ ਕੋਈ ਸਤਿਕਾਰ ਨਹੀਂ ਕਰਦੇ ਤੇ ਉਨ੍ਹਾਂ ਨੂੰ ‘ਨਗੂਣੇ ਜਿਹੇ ਲੋਕ’ ਕਹਿ ਕੇ, ਹਕਾਰਤ ਨਾਲ ਵੇਖਣ ਲੱਗ ਜਾਂਦੇ ਹਨ। ਸਿੱਖਾਂ ਨਾਲ ਵੀ ਇਹੀ ਕੁੱਝ ਹੋਇਆ ਹੈ। ਮਾ. ਤਾਰਾ ਸਿੰਘ ਤੋਂ ਗੱਲ ਚੱਲੀ ਹੈ ਤਾਂ ਉਹ ਆਜ਼ਾਦੀ ਦੀ ਲੜਾਈ ਵਿਚ ਸਿੱਖਾਂ ਵਲੋਂ ਉਘਾ ਰੋਲ ਅਦਾ ਕਰਦੇ ਰਹੇ ਸਨ ਤੇ ਸਾਰੇ ਭਾਰਤ ਵਿਚ ਸਿੱਖਾਂ ਲਈ ਵਿਸ਼ੇਸ਼ ਸਤਿਕਾਰ ਕਾਇਮ ਕਰਨ ਵਿਚ ਸਫ਼ਲ ਰਹੇ ਸਨ। ਮਹਾਤਮਾ ਗਾਂਧੀ ਲਾਹੌਰ ਆਏ ਤਾਂ ਉਨ੍ਹਾਂ ਨੇ ਮਾਸਟਰ ਜੀ ਨੂੰ ਪੁਛਿਆ, ‘‘ਸਾਰੇ ਦੇਸ਼ ਵਿਚ ਆਜ਼ਾਦੀ ਲਈ ਏਨਾ ਜੋਸ਼ ਨਜ਼ਰ ਨਹੀਂ ਆਉਂਦਾ ਜਿੰਨਾ ਪੰਜਾਬ ਵਿਚ ਆਉਂਦਾ ਹੈ। ਅਜਿਹਾ ਕਿਉਂ ਹੈ?’’
ਮਾਸਟਰ ਜੀ ਦਾ ਉੱਤਰ ਸੀ, ‘‘ਇਹ ਇਸ ਲਈ ਹੈ ਕਿਉਂਕਿ ਇਥੇ ਸਿੱਖ ਵਸਦੇ ਹਨ ਤੇ ਬਾਕੀ ਦੇ ਦੇਸ਼ ਵਿਚ ਸਿੱਖ ਨਹੀਂ ਵਸਦੇ।’’ ਮਹਾਤਮਾ ਗਾਂਧੀ ਨੇ ਹੈਰਾਨ ਹੋ ਕੇ, ਮਾ. ਜੀ ਵਲ ਵੇਖਿਆ ਤਾਂ ਉਹ ਬੋਲੇ, ‘‘ਹੈਰਾਨ ਹੋਣ ਦੀ ਲੋੜ ਨਹੀਂ। ਹਿੰਦੁਸਤਾਨ ਨੂੰ ਗ਼ੁਲਾਮ ਹੋਇਆਂ ਸੈਂਕੜੇ ਸਾਲ ਹੋ ਗਏ ਨੇ ਤੇ ਹਿੰਦੁਸਤਾਨੀਆਂ ਨੂੰ ਆਜ਼ਾਦੀ ਦੀ ਕੀਮਤ ਵੀ ਯਾਦ ਨਹੀਂ ਰਹੀ ਜਦਕਿ ਸਿੱਖ ਤਾਂ ਅਜੇ 100 ਸਾਲ ਪਹਿਲਾਂ ਹੀ ਗ਼ੁਲਾਮ ਹੋਏ ਸਨ ਤੇ ਇਸ ਸਾਰੇ ਸਮੇਂ ਵਿਚ ਵੀ ਉਨ੍ਹਾਂ ਨੇ ਗ਼ੁਲਾਮੀ ਕਦੇ ਮੰਨੀ ਹੀ ਨਹੀਂ ਸਗੋਂ ਸ਼ੁਰੂ ਦਿਨ ਤੋਂ, ਗ਼ੁਲਾਮੀ ਦੇ ਸੰਗਲ ਤੋੜਨ ਲਈ ਜੂਝਦੇ ਆ ਰਹੇ ਨੇ। ਇਨ੍ਹਾਂ ਨੇ ਆਜ਼ਾਦੀ ਦਾ ਰਾਹ, ਕਿਸੇ ਦੇ ਕਹਿਣ ’ਤੇ ਨਹੀਂ ਚੁਣਿਆ ਸਗੋਂ ਆਜ਼ਾਦੀ ਦਾ ਜਜ਼ਬਾ ਇਨ੍ਹਾਂ ਦੀ ਘੁੱਟੀ ਵਿਚ ਮੌਜੂਦ ਹੈ।’’
ਪਾਕਿਸਤਾਨ ਬਣਨ ਤੋਂ ਪਹਿਲਾਂ, ਸਾਰੇ ਵੱਡੇ ਪੰਜਾਬ ਵਿਚ ਸਿੱਖਾਂ ਦੀ ਆਬਾਦੀ ਕੇਵਲ 13 ਫ਼ੀ ਸਦੀ ਸੀ ਅਰਥਾਤ ਹਰ ਅੱਠ ਪੰਜਾਬੀਆਂ ’ਚੋਂ ਕੇਵਲ ਇਕ ਸਿੱਖ ਹੁੰਦਾ ਸੀ। ਬਾਕੀ ਦੇ ਸੱਤ ਪੰਜਾਬੀ ਜਾਂ ਤਾਂ ਮੁਸਲਮਾਨ ਸਨ ਜਾਂ ਹਿੰਦੂ। ਏਨੀ ਛੋਟੀ ਕੌਮ ਦੇ ਲੀਡਰ ਨੂੰ ਦੇਸ਼ ਵਿਚ ਉਹ ਸਥਾਨ ਮਿਲਿਆ ਹੋਇਆ ਸੀ ਜੋ ਦੂਜੀਆਂ ਕੌਮਾਂ (ਹਿੰਦੂਆਂ ਤੇ ਮੁਸਲਮਾਨਾਂ) ਦੇ ਕਿਸੇ ਆਗੂ ਨੂੰ ਨਹੀਂ ਸੀ ਮਿਲਿਆ ਹੋਇਆ। ਕਾਂਗਰਸ, ਹਿੰਦੂ ਮਹਾਂਸਭਾ, ਮੁਸਲਿਮ ਲੀਗ ਤੇ ਯੂਨੀਅਨਿਸਟ ਪਾਰਟੀ ਸਮੇਤ, ਸੱਭ ਵਲੋਂ ਪੰਜਾਬ ਦਾ ਨਾਂ ਲੈਣ ਸਮੇਂ, ਸੱਭ ਤੋਂ ਪਹਿਲਾਂ ਮਾ. ਤਾਰਾ ਸਿੰਘ ਦਾ ਨਾਂ ਹੀ ਲਿਆ ਜਾਂਦਾ ਸੀ ਤੇ ਅੰਗਰੇਜ਼ ਵੀ, ਸਿੱਖਾਂ ਦੀ ਹਰ ਮੰਗ, ਸੱਭ ਤੋਂ ਪਹਿਲਾਂ ਮੰਨਣ ਦੀ ਕਰਦੇ ਸਨ। ਇਹ ਸੀ 13 ਫ਼ੀ ਸਦੀ ਸਿੱਖਾਂ ਦੇ ਲੀਡਰ, ਮਾ. ਤਾਰਾ ਸਿੰਘ ਦੀ ਲੀਡਰਸ਼ਿਪ ਦਾ ਚਮਤਕਾਰ।
ਆਜ਼ਾਦੀ ਦੀ ਲੜਾਈ, ਅੰਤਮ ਦੌਰ ਵਿਚ ਦਾਖ਼ਲ ਹੋ ਗਈ ਤਾਂ ਮੁਸਲਿਮ ਲੀਗ ਨੇ ਪਾਕਿਸਤਾਨ ਮੰਗ ਲਿਆ। ਉਸ ਦੀ ਇਹ ਮੰਗ ਠੀਕ ਸੀ ਕਿ ਜਦ ਸਾਰੇ ਪੰਜਾਬ ਵਿਚ, ਮੁਸਲਮਾਨਾਂ ਦੀ ਬਹੁਗਿਣਤੀ ਸੀ ਤਾਂ ਸਾਰਾ ਪੰਜਾਬ, ਪਾਕਿਸਤਾਨ ਵਿਚ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪਾਕਿਸਤਾਨ ਦਾ ਜਿਹੜਾ ਨਕਸ਼ਾ ਤਿਆਰ ਕੀਤਾ, ਉਸ ਦੀ ਸਰਹੱਦ ਗੁੜਗਾਉਂ ਸੀ ਅਰਥਾਤ ਦਿੱਲੀ ਦੇ ਪਰਲੇ ਪਾਸੇ ਤਕ। ਇਹ ਸਾਰਾ ਮੁਸਲਿਮ ਬਹੁਗਿਣਤੀ ਵਾਲਾ ਇਲਾਕਾ ਸੀ। ਅੰਗਰੇਜ਼ ਚਾਹੁੰਦੇ ਸਨ ਕਿ ਪਾਕਿਸਤਾਨ ਨੂੰ ਇਹ ਸਾਰਾ ਇਲਾਕਾ ਮਿਲ ਜਾਏ ਤਾਕਿ ਉਹ ਵੀ ਮਜ਼ਬੂਤ ਦੇਸ਼ ਬਣ ਕੇ ਉਭਰੇ ਤੇ ਹਿੰਦੁਸਤਾਨ ਦੇ ਮੁਕਾਬਲੇ, ਜ਼ਿਆਦਾ ਕਮਜ਼ੋਰ ਨਾ ਹੋਵੇ।
ਰੁਕਾਵਟ ਕੇਵਲ ਸਿੱਖਾਂ ਦੀ ਹੀ ਸੀ। ਮਾ. ਤਾਰਾ ਸਿੰਘ ਨੇ ‘ਆਜ਼ਾਦ ਪੰਜਾਬ’ ਵਰਗੀਆਂ ਕਈ ਤਜਵੀਜ਼ਾਂ ਰਖੀਆਂ ਤਾਕਿ ਪਾਕਿਸਤਾਨ ਨਾ ਬਣ ਸਕੇ। ਹਿੰਦੂ ਲੀਡਰਸ਼ਿਪ ਦੇ ਕਹਿਣ ’ਤੇ, ਸਿੱਖਾਂ ਨੇ ‘ਖ਼ਾਲਿਸਤਾਨ’ ਦੀ ਮੰਗ ਵੀ, ਪਾਕਿਸਤਾਨ ਬਣਨੋਂ ਰੋਕਣ ਲਈ ਚੁੱਕੀ ਅਤੇ ਸ਼੍ਰੋਮਣੀ ਕਮੇਟੀ ਕੋਲੋਂ ਇਸ ਦੇ ਹੱਕ ਵਿਚ ਮਤਾ ਵੀ ਪਾਸ ਕਰਵਾਇਆ ਪਰ ਅੰਦਰੋਂ ਹਰ ਕੋਈ ਜਾਣਦਾ ਸੀ ਕਿ 13 ਫ਼ੀ ਸਦੀ ਸਿੱਖ, ਜਿਨ੍ਹਾਂ ਦੀ ਸਾਰੇ ਪੰਜਾਬ ਵਿਚ ਕੇਵਲ ਇਕ ਤਹਿਸੀਲ ਵਿਚ ਹੀ ਬਹੁਗਿਣਤੀ ਸੀ (ਤਰਨ ਤਾਰਨ) ਉਹ ਕਿੰਨਾ ਕੁ ਵੱਡਾ ਖ਼ਾਲਿਸਤਾਨ ਲੈ ਸਕਦੇ ਹਨ ਤੇ ਇਹ ਕਿੰਨੇ ਕੁ ਦਿਨ ਚਲ ਸਕਦਾ ਹੈ। ਉਦੋਂ ਪੰਜਾਬ ਦਾ ਸੱਭ ਤੋਂ ਵੱਡਾ ਹਿੰਦੂ ਅਖ਼ਬਾਰ ‘ਮਿਲਾਪ’ ਹੋਇਆ ਕਰਦਾ ਸੀ ਜੋ ਹਰ ਰੋਜ਼ ਪਹਿਲੇ ਪੰਨੇ ’ਤੇ ਖ਼ਾਲਿਸਤਾਨ ਦੇ ਹੱਕ ਵਿਚ ਲਿਖਿਆ ਕਰਦਾ ਸੀ। ‘ਖ਼ਾਲਿਸਤਾਨ’ ਦਾ ਮਤਾ, ਸ਼੍ਰੋਮਣੀ ਕਮੇਟੀ ਵਿਚ ਵੀ ਕਿਸੇ ਵੱਡੇ ਅਕਾਲੀ ਲੀਡਰ ਨੇ ਨਹੀਂ, ਸਵਰਨ ਸਿੰਘ ਨੇ ਰਖਿਆ ਸੀ ਜਿਸ ਨੂੰ ਮਗਰੋਂ, ਇਨਾਮ ਵਜੋਂ, ਕੇਂਦਰ ਵਿਚ ਵਜ਼ੀਰ ਬਣਾ ਲਿਆ ਗਿਆ ਸੀ ਕਿਉਂਕਿ ਉਸ ਨੇ ਕਾਂਗਰਸੀ ਲੀਡਰਾਂ ਦੇ ਕਹਿਣ ’ਤੇ ਹੀ, ਖ਼ਾਲਿਸਤਾਨ ਦਾ ਮਤਾ ਪੇਸ਼ ਕੀਤਾ ਸੀ। ‘ਖ਼ਾਲਿਸਤਾਨ’ ਦੀ ਗੱਲ ਦਾ ਮਤਲਬ ਸੱਭ ਨੂੰ ਪਤਾ ਸੀ ਕਿ ਕਿਸੇ ਵੀ ਤਰ੍ਹਾਂ ਤੇ ਕਿਸੇ ਵੀ ਬਹਾਨੇ, ਪਾਕਿਸਤਾਨ ਨੂੰ ਬਣਨੋਂ ਰੋਕਣਾ ਹੈ ਤੇ ਜੇ ਇਹ ਬਣੇ ਵੀ ਤਾਂ ਬਹੁਤ ਕਮਜ਼ੋਰ ਹੋਵੇ ਜੋ ਛੇਤੀ ਹੀ ਵਾਪਸ ਹਿੰਦੁਸਤਾਨ ਵਿਚ ਸ਼ਾਮਲ ਹੋਣ ਨੂੰ ਅਪਣੇ ਭਲੇ ਦੀ ਗੱਲ ਸਮਝਣ ਲੱਗੇ।
ਅੰਗਰੇਜ਼ਾਂ ਨੇ, ਇਸ ਮਾਮਲੇ ਵਿਚ, ਅਖ਼ੀਰ ਦਮ ਤਕ ਪਾਕਿਸਤਾਨ ਮੰਗਣ ਵਾਲਿਆਂ ਦਾ ਸਾਥ ਦਿਤਾ ਕਿਉਂਕਿ ਉਹ ਹਿੰਦੁਸਤਾਨੀ ਲੀਡਰਾਂ ਦੇ ਦਿਲ ਦੀ ਗੱਲ ਜਾਣਦੇ ਸਨ ਤੇ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦਾ ਬਣਾਇਆ ਹੋਇਆ ਪਾਕਿਸਤਾਨ, ਇਕ ਕਮਜ਼ੋਰ ਦੇਸ਼ ਹੋਵੇ। ਉਨ੍ਹਾਂ ਨੇ ਅਖ਼ੀਰ ਦਮ ਤਕ, ਸਿੱਖ ਲੀਡਰਾਂ ਉਤੇ ਵੀ ਜ਼ੋਰ ਪਾਈ ਰਖਿਆ ਕਿ ਉਹ ਮੁਸਲਿਮ ਲੀਗ ਨਾਲ ਸਮਝੌਤਾ ਕਰ ਕੇ, ਪਾਕਿਸਤਾਨ ਵਿਚ ਹੀ ਰਹਿਣਾ ਪ੍ਰਵਾਨ ਕਰ ਲੈਣ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਨੂੰ ਅਪਣੇ ਘਰ ਬਾਰ ਨਹੀਂ ਛਡਣੇ ਪੈਣਗੇ, ਨਾ ਗੁਰਦਵਾਰਿਆਂ ਤੋਂ ਹੀ ਦੂਰ ਹੋਣਾ ਪਵੇਗਾ। ਪਰ ਸਾਰੀ ਸਿੱਖ ਕੌਮ ਦੀ ਸਰਬ ਸਾਂਝੀ ਰਾਏ ਇਹੀ ਸੀ ਕਿ ਪਾਕਿਸਤਾਨ ਵਾਲਿਆਂ ਦੀ ਹਰ ਪੇਸ਼ਕਸ਼ ਰੱਦ ਕਰ ਦਿਤੀ ਜਾਵੇ ਤੇ ਹਿੰਦੂਆਂ, ਹਿੰਦੁਸਤਾਨ ਨਾਲ ਹੀ ਅਪਣੀ ਕਿਸਮਤ ਜੋੜੀ ਜਾਏ।
ਅੰਗਰੇਜ਼ ਦਾ ਸਖ਼ਤ ਰਵਈਆ ਵੇਖ ਕੇ, ਕਾਂਗਰਸੀ ਲੀਡਰ ਸਮਝ ਗਏ ਕਿ ਅੰਗਰੇਜ਼ ਫ਼ੈਸਲਾ ਕਰੀ ਬੈਠਾ ਹੈ ਕਿ ਹਿੰਦੁਸਤਾਨ ਤੋਂ ਵੱਖ ਹੋਣ ਵਾਲਾ ਪਾਕਿਸਤਾਨ, ਇਕ ਕਮਜ਼ੋਰ ਦੇਸ਼ ਨਾ ਬਣੇ, ਇਸ ਲਈ ਉਹ ਮੁਸਲਿਮ ਬਹੁਗਿਣਤੀ ਵਾਲੇ ਸਾਰੇ ਸੂਬੇ ਪਾਕਿਸਤਾਨ ਨੂੰ ਦੇਣਾ ਚਾਹੁੰਦਾ ਹੈ ਤੇ ਇਸ ਨੂੰ ਹੁਣ ਰੋਕਿਆ ਨਹੀਂ ਜਾ ਸਕਦਾ। ਪੰਜਾਬ ਤੇ ਬੰਗਾਲ, ਦੋਵੇਂ ਹੀ ਮੁਸਲਿਮ ਬਹੁਗਿਣਤੀ ਦੇ ਸੂਬੇ ਸਨ ਤੇ ਇਹ ਦੋਵੇਂ ਹੀ ਪਾਕਿਸਤਾਨ ਵਿਚ ਜਾਣੇ ਤੈਅ ਸਨ। ਦੇਸ਼ ਦੇ ਸਾਰੇ ਲੀਡਰਾਂ (ਗਾਂਧੀ, ਨਹਿਰੂ, ਪਟੇਲ ਹੀ ਨਹੀਂ ਸਗੋਂ ਹਿੰਦੂ ਮਹਾਂਸਭਾ ਦੇ ਲੀਡਰਾਂ) ਦਾ ਵੀ ਇਹੀ ਵਿਚਾਰ ਬਣਿਆ ਕਿ ਇਸ ਅਣਹੋਣੀ ਨੂੰ ਜੇ ਕੋਈ ਟਾਲ ਸਕਦਾ ਹੈ ਤਾਂ ਉਹ ਕੇਵਲ ਸਿੱਖਾਂ ਦਾ ਲੀਡਰ ਮਾ. ਤਾਰਾ ਸਿੰਘ ਹੀ ਟਾਲ ਸਕਦਾ ਹੈ। ਮਾਸਟਰ ਜੀ ਨੂੰ ਕਿਹਾ ਗਿਆ ਕਿ ਜੇ ਉਹ ਸਾਰਾ ਪੰਜਾਬ, ਪਾਕਿਸਤਾਨ ਵਿਚ ਜਾਣੋਂ ਰੋਕ ਸਕਣ ਤਾਂ ਆਜ਼ਾਦ ਹਿੰਦੁੁਸਤਾਨ ਵਿਚ, ਉਹ ਜੋ ਚਾਹੁਣ, ਸਿੱਖਾਂ ਲਈ ਲੈ ਸਕਦੇ ਹਨ। ਮਤੇ ਪਾਸ ਕਰ ਕੇ ਵੀ ਤੇ ਅਖ਼ਬਾਰੀ ਬਿਆਨਾਂ, ਲਿਖਤਾਂ ਰਾਹੀਂ ਵੀ ਇਹ ਗੱਲ ਵਾਰ ਵਾਰ ਦੁਹਰਾਈ ਗਈ।
ਇਧਰ ਪੰਜਾਬ ਵਿਚ ਮਾਰਚ ਦੇ ਮਹੀਨੇ, ਅੰਗਰੇਜ਼ ਗਵਰਨਰ ਜਨਰਲ ਨੇ ਪੰਜਾਬ ਵਿਚ ਮੁਸਲਿਮ ਲੀਗ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿਤਾ ਤਾਕਿ ਲੀਗੀ ਸਰਕਾਰ, ਸਾਰੇ ਪੰਜਾਬ ਨੂੰ ਪਾਕਿਸਤਾਨ ਵਿਚ ਸ਼ਾਮਲ ਕਰਨ ਤੋਂ ਪਹਿਲਾਂ ਵਾਲੀ ਸਾਰੀ ਤਿਆਰੀ ਮੁਕੰਮਲ ਕਰ ਸਕੇ। ਪੰਜਾਬ ਦਾ ਹਿੰਦੂ ਤੇ ਸਿੱਖ, ਉਪਰੋਂ ਹੇਠਾਂ ਤਕ ਕੰਬਣ ਲੱਗ ਪਿਆ ਤੇ ਕਾਂਗਰਸੀ ਲੀਡਰਸ਼ਿਪ, ਹੋਣੀ ਅੱਗੇ ਹਥਿਆਰ ਸੁੱਟ ਕੇ ਚੁੱਪੀ ਧਾਰ ਗਈ। ਉਹ ਨਹੀਂ ਸੀ ਚਾਹੁੰਦੀ ਕਿ ਅੱਧਾ ਪੰਜਾਬ ਤੇ ਅੱਧਾ ਬੰਗਾਲ ਬਚਾਉਂਦੇ ਬਚਾਉਂਦੇ, ਹੱਥ ਵਿਚ ਆਉਂਦੀ ਦਿਸ ਰਹੀ ਰਾਜਸੱਤਾ, ਹੋਰ ਅੱਗੇ ਪੈ ਜਾਏ। ਉਹ ਪੂਰੇ ਪੰਜਾਬ ਤੇ ਪੂਰੇ ਬੰਗਾਲ ਦੀ ਕੁਰਬਾਨੀ ਦੇਣ ਲਈ ਮਨੋਂ ਤਿਆਰ ਹੋ ਚੁੱਕੀ ਸੀ।
ਇਸ ਵੇਲੇ ਮਾ. ਤਾਰਾ ਸਿੰਘ ਇਕ ਅਸਮਾਨੋਂ ਉਤਰੇ ਤਾਰੇ ਵਾਂਗ ਕੜਕਿਆ ਕਿ ‘‘ਮੈਂ ਪੰਜਾਬ ਵਿਚ ਲੀਗੀਆਂ ਦਾ ਰਾਜ ਇਕ ਦਿਨ ਲਈ ਵੀ ਨਹੀਂ ਚਲਣ ਦਿਆਂਗਾ ਤੇ ਖ਼ੂਨ ਦੀਆਂ ਨਦੀਆਂ ਵਹਾ ਕੇ ਵੀ, ਪੰਜਾਬ ਨੂੰ ਪਾਕਿਸਤਾਨ ਵਿਚ ਜਾਣੋ ਬਚਾ ਲਵਾਂਗਾ। ਜੇ ਅੰਗਰੇਜ਼ ਤੇ ਕਾਂਗਰਸ ਵਾਲੇ ਵੀ ਪਿੱਛੇ ਹਟ ਜਾਣ ਤਾਂ ਵੀ ਮੈਂ ਇਕੱਲਾ ਹੀ ਇਨ੍ਹਾਂ ਲਈ ਕਾਫ਼ੀ ਹਾਂ।’’ ਇਸ ਇਕ ਬਿਆਨ ਨੇ ਤੜਥੱਲੀ ਮਚਾ ਦਿਤੀ। ਅੰਗਰੇਜ਼ ਗਵਰਨਰ ਜਨਰਲ ਨੇ, ਮੁਸਲਿਮ ਲੀਗ ਨੂੰ ਵਜ਼ਾਰਤ ਬਨਾਉਣ ਦਾ ਦਿਤਾ ਸੱਦਾ ਵਾਪਸ ਲੈ ਲਿਆ। ਲੀਗੀਆਂ ਨੂੰ ਅਪਣਾ ਮਹੱਲ ਢਹਿ ਢੇਰੀ ਹੁੰਦਾ ਦਿਸਿਆ। ਉਨ੍ਹਾਂ ਨੇ ਖ਼ੂਨ ਖ਼ਰਾਬਾ ਸ਼ੁਰੂ ਕਰ ਦਿਤਾ। ਸਿੱਖਾਂ ਨੇ ਵੀ ਖ਼ੂਬ ਮੁਕਾਬਲਾ ਕੀਤਾ। ਦੋਹਾਂ ਪਾਸਿਆਂ ਦੇ ਕਈ ਲੋਕ ਮਾਰੇ ਗਏ ਪਰ ਅੰਤ, ਅੰਗਰੇਜ਼ ਨੂੰ ਮੰਨਣਾ ਪਿਆ ਕਿ ਸਿੱਖਾਂ ਦਾ ਹਿੱਸਾ ਉਨ੍ਹਾਂ ਨੂੰ ਦੇਣਾ ਹੀ ਪੈਣਾ ਹੈ ਤੇ ਅਜਿਹਾ ਕੀਤੇ ਬਿਨਾ, ਇਨਸਾਫ਼ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿਚ ਇਸ ਅਸੂਲ ਨੂੰ ਪ੍ਰਵਾਨਗੀ ਮਿਲ ਗਈ ਤਾਂ ਬੰਗਾਲ ਵਿਚ ਕਿਵੇਂ ਨਾਂਹ ਕੀਤੀ ਜਾ ਸਕਦੀ ਸੀ? ਦੋਵੇਂ ਮੁਸਲਿਮ-ਬਹੁਗਿਣਤੀ ਵਾਲੇ ਸੂਬੇ ਸਨ ਤੇ ਦੋਹਾਂ ਨੂੰ ਹੀ ਵੰਡਣਾ ਪਿਆ।
ਇਸ ਤਰ੍ਹਾਂ ਮਾ. ਤਾਰਾ ਸਿੰਘ ਦੀ ਸਿਆਣਪ ਨਾਲ ਅੱਧਾ ਪੰਜਾਬ ਤੇ ਅੱਧਾ ਬੰਗਾਲ ਬਚਾ ਕੇ, ਸਿੱਖ ਆਜ਼ਾਦ ਹਿੰਦੁਸਤਾਨ ਵਿਚ ਦਾਖ਼ਲ ਹੋਏ। ਦੇਸ਼ ਲਈ 80 ਫ਼ੀ ਸਦੀ ਕੁਰਬਾਨੀਆਂ ਤੇ ਅੱਧਾ ਪੰਜਾਬ, ਅੱਧਾ ਬੰਗਾਲ ਪ੍ਰਾਪਤ ਕਰਨ ਵਾਲਾ ਸ਼ਾਨਦਾਰ ਇਤਿਹਾਸ ਉਨ੍ਹਾਂ ਕੋਲ ਸੀ। ਆਜ਼ਾਦ ਭਾਰਤ ਵਿਚ ਸਿੱਖਾਂ ਨਾਲ ਕੀ ਹੋਇਆ ਤੇ ਉਨ੍ਹਾਂ ਨੇ ਠੀਕ ਰਸਤੇ ’ਤੇ ਚਲ ਕੇ ਵੀ, ਗ਼ਲਤ ਰਸਤੇ ਵਲ ਪੈਰ ਕਿਵੇਂ ਮੋੜੇ ਤੇ ਮਾ. ਤਾਰਾ ਸਿੰਘ ਨਾਲ ਅੰਤ ਸਿੱਖਾਂ ਨੇ ਆਪ ਕੀ ਸਲੂਕ ਕੀਤਾ, ਇਸ ਬਾਰੇ ਅਗਲੇ ਅੰਕ ਵਿਚ। (ਚਲਦਾ)
(3 ਜੁਲਾਈ 2011 ਦੇ ਸਪੋਕਸਮੈਨ ਪਰਚੇ ਵਿਚੋਂ)
