ਦੋ ਹੀ ਨਾਇਕ ਹਨ ਜਿਨ੍ਹਾਂ ਦੀਆਂ ਯਾਦਗਾਰਾਂ ਕਾਇਮ ਹੋਣੀਆਂ ਚਾਹੀਦੀਆਂ ਹਨ...
1980-95 ਦਾ ਪੰਦਰਾਂ ਸਾਲ ਦਾ ਭਿਆਨਕ ਸਮਾਂ ਅਸੀ ਅਪਣੀਆਂ ਅੱਖਾਂ ਸਾਹਮਣੇ ਵੇਖਿਆ ਹੈ। ਇਸ ਵਿਚ ਭਾਗ ਲੈਣ ਵਾਲਿਆਂ ਅਤੇ ਅਪਣੇ ਸ੍ਰੀਰਾਂ ਦੇ ਠੀਕਰੇ ਭੰਨ ਕੇ ਆਹੂਤੀਆਂ ਦੇ ਜਾਣ ਵਾਲਿਆਂ ਬਾਰੇ ਗੱਲ ਅਕਸਰ ਹੁੰਦੀ ਰਹਿੰਦੀ ਹੈ। ਪਰ ਮੇਰਾ ਧਿਆਨ ਇਸ ਸਮੇਂ ਦੇ ਉਨ੍ਹਾਂ ਦੋ ਨਾਇਕਾਂ ਵਲ ਅਕਸਰ ਚਲਾ ਜਾਂਦਾ ਹੈ ਜਿਹੜੇ ਅਜਿਹੇ ਖ਼ਤਰੇ ਸਹੇੜ ਕੇ, ਸੱਚ ਦੇ ਡੂੰਘੇ ਸਮੁੰਦਰ ਦੀ ਤਹਿ ਤਕ ਆਪ ਚੁੱਭੀ ਨਾ ਮਾਰਦੇ ਤੇ ਸੱਚ ਨੂੰ, ਸਬੂਤਾਂ ਸਹਿਤ, ਅਗਲੀਆਂ ਪੀੜ੍ਹੀਆਂ ਦੇ ਹਵਾਲੇ ਕਰ ਕੇ ਨਾ ਜਾਂਦੇ ਤਾਂ ਬਾਕੀ ਸਾਰੇ ਦਾਅਵੇ, ਇਸ ਸੱਚ ਉਤੇ ਰਾਜ ਦੀ ਮਸ਼ੀਨਰੀ ਵਲੋਂ ਪਾਏ ਗਏ ਭਰਮ ਭੁਲੇਖਿਆਂ ਦੀ ਧੂੜ ਹੇਠ ਦੱਬ ਜਾਂਦੇ ਤੇ ਕਿੰਤੂ ਪ੍ਰੰਤੂ ਵੀ ਬਣੇ ਰਹਿੰਦੇ। ਪਹਿਲੇ ਸਨ ਸ. ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਅਣਪਛਾਤੀਆਂ ਕਹਿ ਕੇ ਸਾੜ ਦਿਤੀਆਂ ਗਈਆਂ ਲਾਸ਼ਾਂ ਦਾ ਧੂੰਆਂ ਖ਼ਤਮ ਹੋ ਚੁੱਕਣ ਮਗਰੋਂ ਵੀ, ਅਕੱਟ ਸਬੂਤਾਂ ਸਹਿਤ, ਦੋ ਸਰਹੱਦੀ ਜ਼ਿਲ੍ਹਿਆਂ ਦਾ ਸੱਚ ਪ੍ਰਗਟ ਕਰ ਕੇ, ਸ਼ਕਤੀਸ਼ਾਲੀ ਰਾਜ ਪ੍ਰਬੰਧ ਨੂੰ ਸ਼ਰਮਿੰਦਾ ਕਰ ਦਿਤਾ। ਸ਼ਰਮਿੰਦਾ ਹੋਏ ਰਾਜ ਪ੍ਰਬੰਧ ਨੇ, ਛਿੱਥੇ ਪੈ ਕੇ, ਖਾਲੜਾ ਨੂੰ ਖ਼ਤਮ ਕਰ ਕੇ ਸੋਚਿਆ ਕਿ ਇਸ ਤਰ੍ਹਾਂ ਸੱਚ ਸ਼ਾਇਦ ਸੱਚ ਝੂਠ ਦੀ ਧੂੜ ਹੇਠ ਛੁਪ ਕੇ ਰਹਿ ਜਾਏਗਾ।
ਇਸ ਸਮੇਂ ਦਾ ਦੂਜਾ ਨਾਇਕ, ਆਂਧਰਾ ਪ੍ਰਦੇਸ਼ ਦਾ ਜੰਮਪਲ ਰਾਮ ਨਾਰਾਇਣ ਕੁਮਾਰ ਸੀ ਜਿਸ ਦੀ ਮੌਤ ਪਿਛਲੇ ਹਫ਼ਤੇ ਹੀ ਕਾਠਮੰਡੂ (ਨੇਪਾਲ) ਵਿਚ ਹੋਈ ਹੈ। ਉਹ ਸੱਚ ਦੀ ਭਾਲ ਲਈ, ਕਈ ਅਦਾਰਿਆਂ ਤੇ ਜਥੇਬੰਦੀਆਂ (ਸਪੋਕਸਮੈਨ ਸਮੇਤ) ਵਲੋਂ ਰਲ ਕੇ ਬਣਾਈ ਗਈ ਕਮੇਟੀ ਦੇ ਕਨਵੀਨਰ ਬਣ ਕੇ ਅਪਣੇ ਕੰਮ ਵਿਚ ਜੁਟ ਗਏ। ਮੈਂ ਵੀ ਕੋਆਰਡੀਨੇਸ਼ਨ ਕਮੇਟੀ ਦੀਆਂ ਕਈ ਮੀਟਿੰਗਾਂ ਵਿਚ ਸ਼ਾਮਲ ਹੋਇਆ ਤੇ ਰਾਮ ਨਾਰਾਇਣ ਕੁਮਾਰ ਮੈਨੂੰ ਮਿਲਣ ਮੇਰੇ ਘਰ ਵੀ ਆਇਆ।
ਉਸ ਨੇ ਖੁਲ੍ਹ ਕੇ ਮੰਨਿਆ ਕਿ ਉਸ ਨੂੰ ਸਿੱਖਾਂ ਉਤੇ ਹੋਏ ਜ਼ੁਲਮ ਨੇ ਪੇ੍ਰਰਿਆ ਕਿ ਉਹ ਦੁਨੀਆਂ ਦੀ ਇਕ ਅਤਿ ਬਹਾਦਰ ਕੌਮ ਵਜੋਂ ਮੰਨੇ ਜਾਂਦੇ ਇਨ੍ਹਾਂ ਲੋਕਾਂ ਵਿਚੋਂ, ਸਮਝਦਾਰ ਲੋਕਾਂ ਨਾਲ ਕੰਮ ਕਰਨ ਦਾ ਮਾਣ ਪ੍ਰਾਪਤ ਕਰੇ ਤੇ ਇਨ੍ਹਾਂ ਲਈ ਆਪ ਵੀ ਕੁੱਝ ਕਰੇ। ਉਸ ਨੇ ਭਾਰੀ ਖ਼ਤਰੇ ਸਹੇੜ ਕੇ, ਅਜਿਹਾ ਕੀਤਾ ਵੀ ਪਰ ਉਸ ਨੂੰ ਡਾਢਾ ਧੱਕਾ ਲੱਗਾ ਜਦ ਉਸ ਨੇ ਵੇਖਿਆ ਕਿ ਸਿੱਖਾਂ ਦੇ ‘ਵਿਦਵਾਨ’ ਅਖਵਾਉਂਦੇ ਲੋਕ ਵੀ, ਉੁਂਗਲੀ ਨੂੰ ਲਹੂ ਲਾ ਕੇ ਸ਼ਹੀਦ ਅਖਵਾਉਣਾ ਚਾਹੁੰਦੇ ਸਨ ਤੇ ਇਸ ਕਮਜ਼ੋਰੀ ਨੇ ਉਨ੍ਹਾਂ ਦਾ ਦਿਮਾਗ਼ੀ ਪੱਧਰ ਬਹੁਤ ਨੀਵਾਂ ਕਰ ਦਿਤਾ ਸੀ। ਉਸ ਦਾ ਗਿਲਾ ਸੀ ਕਿ ਸਿੱਖ ਵਿਦਵਾਨ, ਕੌਮ ਨੂੰ ਠੀਕ ਅਗਵਾਈ ਦੇਣ ਵਿਚ ਨਾਕਾਮ ਰਹੇ ਸਨ ਤੇ ਉਸ ਸਮੇਂ ਵੀ ਰਾਜਸੱਤਾ ਦੇ ਨੇੜੇ ਹੋਣ ਦੇ ਬਹਾਨੇ ਲਭਦੇ ਫਿਰਦੇ ਸਨ।
ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਸੂਚੀਆਂ ਵੱਡੀ ਪੱਧਰ ’ਤੇ ਇਕੱਠੀਆਂ ਕਰ ਲਈਆਂ ਗਈਆਂ ਤੇ ਨਾਲ ਹੀ ਉੁਨ੍ਹਾਂ ਬਾਰੇ ਪੂਰੇ ਤੱਥ ਤੇ ਵੇਰਵੇ ਵੀ। ਇਹ ਕੰਮ ਉਸ ਨੇ ਗ਼ਰੀਬੜੇ ਤੇ ਅਗਿਆਤ ਜਹੇ ਮੁੰਡਿਆਂ ਦੀ ਮਦਦ ਨਾਲ ਕਰ ਲਿਆ। ਜਦ ਕਿਤਾਬ ਛੱਪ ਕੇ ਆਈ ਤਾਂ ਇਸ ਦੇ ਪਹਿਲੇ ਪੰਨੇ ਉਤੇ ਉਸ ਨੇ ਅਪਣਾ ਤੇ ਅਪਣੇ ਇਕ ਅਗਿਆਤ ਜਹੇ ਸਿੱਖ ਮੁੰਡੇ ਦਾ ਨਾਂ ਹੀ ਛਾਪਿਆ। ‘ਚੌਧਰੀ’ ਲੋਕ ਨਾਰਾਜ਼ ਹੋ ਗਏ ਕਿ ਉਸ ਨੇ ਕਿਤਾਬ ਵਿਚ ਉਨ੍ਹਾਂ ਦਾ ਜ਼ਿਕਰ ਤਕ ਵੀ ਨਹੀਂ ਸੀ ਕੀਤਾ। ਮੈਂ ਜਾਣਦਾ ਸੀ, ਉਸ ਨੇ ਅਜਿਹਾ ਕਿਉਂ ਕੀਤਾ ਸੀ।
ਉਹ ਕੰਮ ਪੂਰਾ ਹੋਣ ਤਕ ਨਾਰਾਜ਼ ਤਾਂ ਕਿਸੇ ਨੂੰ ਨਹੀਂ ਸੀ ਕਰਨਾ ਚਾਹੁੰਦਾ ਪਰ ਉਂਜ ਜਾਣਦਾ ਸੀ ਕਿ ਉਹ ਸਾਰੇ ਹੀ ਬੰਦ ਕਮਰਿਆਂ ਵਿਚ ਗੱਲਾਂ ਕਰਨ ਵਾਲੇ ਲੋਕ ਸਨ ਤੇ ਤੱਤੀ ਥਾਂ ’ਤੇ ਪੈਰ ਰਖਣਾ ਨਹੀਂ ਸਨ ਜਾਣਦੇ। ਇਸ ਤਰ੍ਹਾਂ ਕਿਤਾਬ ਛਾਪ ਕੇ, ਉਸ ਨੇ ਉਂਗਲੀ ’ਤੇ ਲਹੂ ਲਾ ਕੇ ਸ਼ਹੀਦ ਅਖਵਾਉਣਾ ਚਾਹੁਣ ਵਾਲਿਆਂ ਨੂੰ ਉਨ੍ਹਾਂ ਦੀ ਅਸਲ ਥਾਂ ਵਿਖਾ ਦਿਤੀ। ਉਹ ਲੋਕ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਉਨ੍ਹਾਂ ਦੀਆਂ ਰੋਟੀਆਂ ਖਾ ਖਾ ਕੇ, ਰਾਮ ਨਾਰਾਇਣ ਕੁਮਾਰ ਨੇ ਉਨ੍ਹਾਂ ਨਾਲ ਦਗ਼ਾ ਕੀਤਾ ਹੈ ਤੇ ਸਾਰਾ ਜੱਸ ਆਪ ਲੈ ਗਿਆ ਹੈ। ਉੁਨ੍ਹਾਂ ਨੇ ਰਟੇ ਰਟਾਏ ਦੋਸ਼ ਵੀ ਉਸ ਉਤੇ ਮੜ੍ਹ ਦਿਤੇ ਕਿ ਉਹ ‘ਏਜੰਸੀਆਂ’ ਦਾ ਬੰਦਾ ਲਗਦਾ ਹੈ ਵਗ਼ੈਰਾ ਵਗ਼ੈਰਾ।
ਮੈਂ ਰਾਮ ਨਾਰਾਇਣ ਕੁਮਾਰ ਨਾਲ ਲੰਮਾ ਇੰਟਰਵੀਊ ਕਰ ਚੁੱਕਾ ਸੀ, ਇਸ ਲਈ ਮੈਂ ਜਾਣਦਾ ਸੀ ਕਿ ਉਹ ਕਿਵੇਂ ਸੋਚਦਾ ਸੀ। ਉਸ ਨਾਲ ਗੁੱਸੇ ਹੋਏ ਲੋਕਾਂ ਨੂੰ ਸ਼ਾਂਤ ਕਰਨ ਲਈ ਮੈਂ ਕਿਹਾ, ‘‘ਮੇਰੀ ਸੂਚਨਾ ਅਨੁਸਾਰ, ਰਾਮ ਨਾਰਾਇਣ ਕੁਮਾਰ ਨੇ ਜਿਹੜੇ ਕੇਸ ਖੋਜੇ ਸਨ, ਉਨ੍ਹਾਂ ’ਚੋਂ ਅੱਧੇ ਵੀ ਅਪਣੀ ਪੁਸਤਕ ਵਿਚ ਨਹੀਂ ਵਰਤੇ। ਬਾਕੀ ਦੀਆਂ ਸੂਚੀਆਂ ਤਾਂ ਅਜੇ ਵੀ ਕੰਪਿਊਟਰ ਵਿਚ ਬੰਦ ਹਨ ਤੇ ਕੰਪਿਊਟਰ ਤੁਹਾਡੇ ਕਬਜ਼ੇ ਵਿਚ ਹੈ।’’
ਉਨ੍ਹਾਂ ਨੇ ਮੰਨਿਆ ਕਿ ਇਹ ਠੀਕ ਹੈ। ਮੈਂ ਕਿਹਾ, ‘‘ਫਿਰ ਤੁਸੀ ਉਸ ਨੂੰ ਨਿੰਦਣ ਦੀ ਬਜਾਏ, ਉਸ ਦੇ ਇਕੱਠੇ ਕੀਤੇ ਹੋਏ ਬਾਕੀ ਦੇ ਵੇਰਵੇ ਨਾਲ, ਜੋ ਤੁਹਾਡੇ ਕਬਜ਼ੇ ਵਿਚ ਹੈ, ਪੁਸਤਕ ਦਾ ਦੂਜਾ ਭਾਗ ਅਪਣੇ ਨਾਵਾਂ ਹੇਠ ਛਾਪ ਦਿਉ। ਇਸ ਤਰ੍ਹਾਂ ਤੁਸੀ ਉਸ ਦੇ ਕੀਤੇ ਕੰਮ ਦਾ ਕਰੈਡਿਟ ਵੀ ਆਪ ਲੈ ਸਕੋਗੇ ਤੇ ਇਤਿਹਾਸ ਵਿਚ ਤੁਹਾਡਾ ਨਾਂ ਵੀ ਅਮਰ ਹੋ ਜਾਏਗਾ। ਕੌਮ ਨੂੰ ਵਧੀਆ ਜਾਣਕਾਰੀ ਵੱਖ ਮਿਲ ਜਾਏਗੀ।’’
ਉਨ੍ਹਾਂ ਮੇਰੀ ਗੱਲ ਸੁਣ ਤਾਂ ਲਈ ਪਰ ਅੱਜ ਤਕ ਉਹ ਸੂਚਨਾ ਕੰਪਿਊਟਰ ’ਚੋਂ ਬਾਹਰ ਨਹੀਂ ਕੱਢੀ। ਰਾਮ ਨਾਰਾਇਣ ਕੁਮਾਰ ਜਿੰਨੀ ਕੁ ਖੀਰ ਆਪ ਸਾਨੂੰ ਥਾਲੀ ਵਿਚ ਪਰੋਸ ਕੇ ਦੇ ਗਿਆ, ਉਹੀ ਸਾਡੇ ਕੋਲ ਹੈ ਤੇ ਬਾਕੀ ਜੋ ਉਹ ਹਾਂਡੀ ਵਿਚ ਛੱਡ ਗਿਆ, ਉਸ ਨੂੰ ਥਾਲੀ ਵਿਚ ਪਰੋਸਣ ਦੀ ਹਿੰਮਤ ਵੀ ਸਾਡੇ ਕੋਲ ਨਹੀਂ ਦਿਸ ਰਹੀ। ਇਧਰੋਂ ਜਦ ਉਸ ਨੂੰ ਭੰਡਿਆ ਜਾਣ ਲੱਗਾ ਤਾਂ ਉਹ ਇਹ ਕਹਿ ਕੇ ਇਥੋਂ ਚਲਾ ਗਿਆ ਕਿ ‘ਚਲੋ ਜਿੰਨਾ ਮੈਂ ਕਰ ਦਿਤਾ, ਓਨਾ ਪ੍ਰਵਾਨ ਕਰੋ ਤੇ ਬਾਕੀ ਮੇਰਾ ਕੀਤਾ ਕੰਮ ਆਪੇ ਛਾਪ ਲੈਣਾ।’’
ਇਸ ਸਬੰਧ ਵਿਚ ਰਾਮ ਨਾਰਾਇਣ ਕੁਮਾਰ ਨਾਲ ਮੇਰਾ ਇੰਟਰਵੀਊ, ਉਸ ਬਾਰੇ ਪਾਠਕਾਂ ਨੂੰ ਸੱਚ ਜਾਣਨ ਵਿਚ ਬੜਾ ਸਹਾਈ ਹੋਵੇਗਾ। ਇਹ ਉਦੋਂ ਮਾਸਕ ਸਪੋਕਸਮੈਨ ਦੇ ਨਵੰਬਰ 1998 ਦੇ ਅੰਕ ਵਿਚ ਛਪਿਆ ਸੀ। ਖਾਲੜਾ ਤੇ ਰਾਮ ਨਾਰਾਇਣ ਕੁਮਾਰ ਦੋ ਅਜਿਹੇ ‘ਹੀਰੋ’ ਹਨ ਜਿਨ੍ਹਾਂ ਦੀ ਵੱਡੀ ਯਾਦਗਾਰ ਸਿੱਖਾਂ ਨੂੰ ਜ਼ਰੂਰ ਬਣਾਉਣੀ ਚਾਹੀਦੀ ਹੈ ਤਾਕਿ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਇਹ ਚੰਗੇ ਲੋਕਾਂ ਦੇ ਅਹਿਸਾਨ ਨੂੰ ਭੁਲਾ ਦੇਣ ਵਾਲੀ ਕੌਮ ਨਹੀਂ ਤੇ ਯਾਦ ਰਖਣਾ ਵੀ ਜਾਣਦੀ ਹੈ। ਹੁਣ ਪੜ੍ਹੋ ਰਾਮ ਨਾਰਾਇਣ ਨਾਲ ਕੀਤਾ ਉਪਰ ਵਰਣਤ ਇੰਟਰਵੀਊ:
1984 ਤੋਂ ਸ਼ੁਰੂ ਹੋ ਕੇ, ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੱਡੀ ਪੱਧਰ ’ਤੇ ਕੀਤੀ ਗਈ ਹੈ। ਪਾਰਲੀਮੈਂਟ, ਪ੍ਰੈੱਸ, ਸਿਆਸੀ ਪਾਰਟੀਆਂ ਅਤੇ ਬਹੁਗਿਣਤੀ ਕੌਮ ਨੇ ਨਾ ਸਿਰਫ਼ ਸਿੱਖਾਂ ਉਤੇ ਅਤਿਆਚਾਰ ਅਪਣੇ ਸਾਹਮਣੇ ਹੁੰਦੇ ਵੇਖ ਕੇ ਵੀ ਚੁੱਪ ਹੀ ਧਾਰੀ ਰੱਖੀ ਸਗੋਂ ਕਈ ਹਾਲਤਾਂ ਵਿਚ ਖ਼ੁਸ਼ੀ ਵੀ ਮਨਾਈ। ਇਸ ਸਮੇਂ ਦੌਰਾਨ, ਉੁਂਗਲਾਂ ’ਤੇ ਗਿਣੇ ਜਾਣ ਵਾਲੇ ਕੁੱਝ ਲੋਕ ਹੀ ਨਿਕਲੇ ਜਿਨ੍ਹਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ, ਕਦੇ ਨਵੰਬਰ 84 ਦੇ ਸਿੱਖ ਕਤਲੇਆਮ ਬਾਰੇ ਸਚਾਈ ਬਿਆਨ ਕਰਨ ਵਾਲੀਆਂ ਰੀਪੋਰਟਾਂ ਛਾਪੀਆਂ, ਕਦੇ ਪੰਜਾਬ ਵਿਚ ਆ ਕੇ ਸਹੀ ਹਾਲਾਤ ਦਾ ਜਾਇਜ਼ਾ ਲਿਆ ਅਤੇ ਐਮਨੈਸਟੀ ਇੰਟਰਨੈਸ਼ਨਲ ਸਮੇਤ, ਕਈ ਸੰਸਾਰ ਪੱਧਰ ਦੀਆਂ ਜਥੇਬੰਦੀਆਂ ਨੂੰ ਸੂਚਨਾ ਪਹੁੰਚਾਈ ਅਤੇ ਸੁਪ੍ਰੀਮ ਕੋਰਟ ਵਿਚ ਵੀ ਮਾਮਲਾ ਉਠਾਇਆ। ਇਹ ਥੋੜੇ ਕੁ ਲੋਕ ਹੀ ਸਨ ਜਿਨ੍ਹਾਂ ਨੇ ਪੰਜਾਬ ਅਤੇ ਸਿੱਖਾਂ ਦੇ ਹੱਕ ਵਿਚ ਮਨੁੱਖੀ ਅਧਿਕਾਰਾਂ ਦਾ ਝੰਡਾ ਫੜੀ ਰਖਿਆ। ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਅੰਦਰ ਵੀ ਤੇ ਬਾਹਰ ਵੀ ਇਨ੍ਹਾਂ ਨੂੰ ਅਪਣੇ ਗੁੱਸੇ ਦਾ ਸ਼ਿਕਾਰ ਬਣਾਇਆ।
ਇਨ੍ਹਾਂ ਨੂੰ ਅਮਰੀਕੀ ਗੁਪਤ ਏਜੰਸੀ ਸੀ. ਆਈ. ਏ. ਦੇ ਏਜੰਟ ਵੀ ਕਿਹਾ ਗਿਆ ਅਤੇ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਇਨ੍ਹਾਂ ਉਤੇ ਮੜ੍ਹੇ ਗਏ। ਇਨ੍ਹਾਂ ’ਚੋਂ ਹੀ ਇਕ, ਆਂਧਰਾ ਦੇ ਜੰਮਪਲ ਰਾਮ ਨਾਰਾਇਣ ਕੁਮਾਰ ਪੰਜਾਬ ਵਿਚ ਪਹਿਲੀ ਵਾਰ 1988 ਵਿਚ ਆਏ ਤੇ ਇਥੋਂ ਦੇ ਹਾਲਾਤ ਵੇਖਣ ਮਗਰੋਂ, ਪੰਜਾਬ ਵਿਚ ਹੋ ਰਹੇ ਜ਼ੁਲਮ ਦੀਆਂ ਗਵਾਹੀਆਂ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਕਿਤਾਬੀ ਰੂਪ ਦੇਣ ਦਾ ਫ਼ੈਸਲਾ ਕੀਤਾ। ਉਹ ਅਪਣੇ ਹੋਰਨਾਂ ਸਾਥੀਆਂ ਸਮੇਤ ਪੰਜਾਬ ਦੇ ਪਿੰਡਾਂ ਵਿਚ ਵੀ ਗਏ, ਉਥੇ ਸਰਕਾਰੀ ਦਹਿਸ਼ਤ ਦਾ ਸ਼ਿਕਾਰ ਹੋਏ ਲੋਕਾਂ ਨੂੰ ਮਿਲੇ ਅਤੇ ਉੁਨ੍ਹਾਂ ਮਨ ਬਣਾ ਲਿਆ ਕਿ ਇਸ ਲੜਾਈ ਬਾਰੇ ਸੱਚ ਦੁਨੀਆਂ ਸਾਹਮਣੇ ਲਿਆ ਕੇ ਰਹਿਣਾ ਹੈ। ਆਪ ਲਾਪਤਾ ਕੀਤੇ ਵਿਅਕਤੀਆਂ ਦਾ ਪਤਾ ਲਾਉਣ ਲਈ, ਸਪੋਕਸਮੈਨ ਸਮੇਤ, ਵੱਖ ਵੱਖ ਧੜਿਆਂ ਦੇ ਪ੍ਰਤੀਨਿਧਾਂ ਨੂੰ ਲੈ ਕੇ ਬਣਾਈ ਗਈ ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਵੀ ਸਨ। ਇਸੇ ਕਮੇਟੀ ਨੇ ‘ਪੀਪਲਜ਼ ਕਮਿਸ਼ਨ’ ਕਾਇਮ ਕੀਤਾ। ਪੇਸ਼ ਹਨ ਉੁਨ੍ਹਾਂ ਨਾਲ ਕੀਤੀ ਗਈ ਭੇਂਟ-ਵਾਰਤਾ ਦੇ ਕੁੱਝ ਅੰਸ਼:
ਸਵਾਲ : ਕੁਮਾਰ ਸਾਹਿਬ, ਅਪਣੇ ਪਿਛੋਕੜ ਬਾਰੇ ਕੁੱਝ ਦੱਸੋਗੇ?
ਜਵਾਬ : ਮੈਂ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹਾਂ। ਮੇਰੇ ਪਿਤਾ ਉਥੋਂ ਦੇ ਪ੍ਰਸਿਧ ਰਾਮਾਨੁਜ ਪੀਠ ਨਾਲ ਜੁੜੇ ਹੋਏ ਸਨ ਪਰ ਪੁਰਾਤਨਵਾਦੀ ਵਿਚਾਰਾਂ ਨਾਲ ਪੂਰੀ ਤਰ੍ਹਾਂ ਨਾ ਚਲ ਸਕਣ ਕਾਰਨ ਉਹ ਉਸ ਤੋਂ ਵੱਖ ਹੋ ਗਏ ਅਤੇ ਅਪਣਾ ਇਕ ਆਸ਼ਰਮ ਕਾਇਮ ਕਰ ਲਿਆ। ਮੈਂ ਅਪਣੇ ਪਿਤਾ ਦੇ ਵਿਚਾਰਾਂ ਨੂੰ ਵੀ ਪੁਰਾਤਨਵਾਦੀ ਸਮਝਦਾ ਸਾਂ, ਇਸ ਲਈ ਮੈਂ ਆਸ਼ਰਮਾਂ ਤੇ ਪੀਠਾਂ ਦੇ ਜੀਵਨ ਤੋਂ ਵੱਖ ਹੋ ਗਿਆ। ਮੈਂ ਇਕੱਲੇ ਵਿਅਕਤੀ ਦੀ ਮੁਕਤੀ ਦਾ ਰਾਹ ਧਾਰਨ ਕਰਨ ਦੀ ਬਜਾਏ ਵੱਡੇ ਯਥਾਰਥ ਵਲ ਵੇਖਦਾ ਸਾਂ। ਇਸੇ ਹੀ ਵਿਸ਼ੇ ਤੇ ਮੈਂ ‘ਕਨਫ਼ਰੰਟਿੰਗ ਦਾ ਹਿੰਦੂ ਸਫ਼ਿੰਕਸ’ ਨਾਂ ਦੀ ਪੁਸਤਕ ਡਾ. ਜੀਨ ਐਕੇਲੇ ਨਾਲ ਮਿਲ ਕੇ ਲਿਖੀ। ਮੈਂ ਉੁਨ੍ਹਾਂ ਲੋਕਾਂ ਵਲ ਖਿਚਿਆ ਗਿਆ ਜੋ ਮਨੁੱਖ ਦੇ ਕੁਦਰਤੀ ਅਧਿਕਾਰਾਂ ਨੂੰ ਪ੍ਰਵਾਨ ਕਰ ਕੇ ਸਮਾਜ ਨੂੰ ਬਦਲਣਾ ਚਾਹੁੰਦੇ ਸਨ। ਐਮਰਜੈਂਸੀ ਦੌਰਾਨ ਜਦੋਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਤਾਂ ਮੈਂ ਪਹਿਲੀ ਵਾਰ ਜੇਲ੍ਹ ਦੀ ਹਵਾ ਵੀ ਖਾਧੀ। ਦਿੱਲੀ ਦੀ ਤਿਹਾੜ ਜੇਲ੍ਹ ਵਿਚ ਪੰਜਾਬ ਦੇ ਸਾਬਕਾ ਸਿਖਿਆ ਮੰਤਰੀ ਸੁਖਜਿੰਦਰ ਸਿੰਘ ਵੀ ਮੇਰੇ ਨਾਲ ਸਨ। ਮੈਂ ਜੈ ਪ੍ਰਕਾਸ਼ ਨਾਰਾਇਣ ਨੂੰ ਮਿਲਿਆ ਪਰ ਮੈਨੂੰ ਉਸ ਵਿਚ ਉਹ ਦੂਰ-ਦ੍ਰਿਸ਼ਟੀ ਨਜ਼ਰ ਨਾ ਆਈ ਜੋ ਇਕ ਇਨਕਲਾਬੀ ਆਗੂ ਵਿਚ ਜ਼ਰੂਰ ਹੋਣੀ ਚਾਹੀਦੀ ਹੈ।
(ਚਲਦਾ)
(ਰੋਜ਼ਾਨਾ ਸਪੋਕਸਮੈਨ 12 ਜੁਲਾਈ 2009 ਵਿਚੋਂ)
