ਪੁਜਾਰੀਆਂ ਨੇ ਜਿਨ੍ਹਾਂ ਨੂੰ ਅਕਾਲ ਤਖ਼ਤ ਦੇ ਨਾਂ ’ਤੇ ਛੇਕਿਆ
ਦਿੱਲੀ ਦਾ ਤਖ਼ਤ ਹੋਵੇ ਜਾਂ ਵਾਸ਼ਿੰਗਟਨ ਦਾ, ਮਨੁੱਖ ਅਪਣੇ ਸਾਜੇ ਹੋਏ ਹਰ ‘ਤਖ਼ਤ’ ਨੂੰ ਦੁਨੀਆਂ ਦਾ ‘ਸੱਭ ਤੋਂ ਵੱਡਾ’ ਤਖ਼ਤ ਹੀ ਮੰਨਦਾ ਹੈ ਤੇ ਮੰਗ ਕਰਦਾ ਹੈ ਕਿ ਸਾਰੇ ਲੋਕ ਉਸ ਤਖ਼ਤ ਅੱਗੇ ਹੀ ਸਿਰ ਨਿਵਾਉਣ। ਧਰਮ ਦੇ ਆਗੂ ਕਹਿੰਦੇ ਹਨ ਕਿ ਬਾਕੀ ਸਾਰੇ ਤਖ਼ਤ ਝੂਠੇ ਹਨ, ਥੋੜੇ ਸਮੇਂ ਬਾਅਦ ਢਹਿ ਜਾਣ ਜਾਂ ਖ਼ਤਮ ਹੋ ਜਾਣ ਵਾਲੇ ਤਖ਼ਤ ਹਨ ਤੇ ਇਕੋ ਇਕ ਸਥਾਈ ਤਖ਼ਤ, ਇਸ ਦੁਨੀਆਂ ਦੇ ਮਾਲਕ ਦਾ ਤਖ਼ਤ ਹੈ ਪਰ ਉਸ ਮਾਲਕ ਦੀ ਤਰ੍ਹਾਂ ਹੀ, ਉਹ ਸਾਡੀਆਂ ਬਾਹਰਲੀਆਂ ਅੱਖਾਂ ਨੂੰ ਨਜ਼ਰ ਨਹੀਂ ਆ ਸਕਦਾ, ਕੇਵਲ ਮੰਨ ਦੀਆਂ ਅੱਖਾਂ ਰਾਹੀਂ ਹੀ ਇਸ ਨੂੰ ਵੇਖਿਆ ਜਾ ਸਕਦਾ ਹੈ।
ਮਨੁੱਖ, ਅਪਣੇ ਸਾਜੇ ਹੋਏ ਸਾਰੇ ਤਖ਼ਤਾਂ ਨੂੰ ‘ਮਹਾਨ’ ਅਤੇ ‘ਸੱਭ ਤੋਂ ਵੱਡਾ’ ਤਖ਼ਤ ਕਹਿ ਕੇ ਖ਼ੁਸ਼ ਹੁੰਦਾ ਹੈ ਅਤੇ ‘ਸੱਭ ਤੋਂ ਵੱਡਾ’ ਤਖ਼ਤ ਕਹਿਣ ਦਾ ਕਾਰਨ ਇਹ ਦਸਦਾ ਹੈ ਕਿ ਉਸ ਦੇ ਤਖ਼ਤ ਦਾ ਨਾਂ ਰੱਬ, ਧਰਮ ਜਾਂ ਕਿਸੇ ਦੇਵਤੇ ਨਾਲ ਜੁੜਿਆ ਹੋਇਆ ਹੈ। ਸਾਰੇ ਹੀ ਕਹਿੰਦੇ ਹਨ ਕਿ ਉੁਨ੍ਹਾਂ ਦਾ (ਵੱਖ ਵੱਖ ਕਾਰਨਾਂ ਕਰ ਕੇ) ਸਦਾ ਕਾਇਮ ਦਾਇਮ ਰਹਿਣ ਵਾਲਾ ਅਟਲ ਤਖ਼ਤ ਹੈ।
ਪਰ ਸੱਚ ਕੀ ਹੈ? ਸੱਚ ਇਹੀ ਹੈ ਕਿ ਤਖ਼ਤ ਭਾਵੇਂ ਕੋਈ ਵੀ ਹੋਵੇ, ਵੱਡਾ ਉਹੀ ਹੈ ਤੇ ਉਦੋਂ ਤਕ ਹੀ ਹੈ ਜਦ ਤਕ ਉਹ ਗ਼ਰੀਬ, ਦੁਖੀ ਅਤੇ ਬੇਇਨਸਾਫ਼ੀ ਦਾ ਸ਼ਿਕਾਰ ਹੋਏ ਮਨੁੱਖ ਦੀ ਸੁਣਵਾਈ ਕਰਦਾ ਹੈ ਤੇ ਉਸ ਨੂੰ ਢਾਰਸ, ਰਾਹਤ ਦੇਂਦਾ ਹੈ। ਜੇ ਕੋਈ ਤਖ਼ਤ ਅਜਿਹਾ ਨਹੀਂ ਕਰਦਾ ਤਾਂ ਬਾਬਾ ਨਾਨਕ ਤਾਂ, ਗੁਰੂ ਗ੍ਰੰਥ ਸਾਹਿਬ ਵਿਚ, ਰੱਬ ਨੂੰ ਵੀ ਪੁੱਛਣ ਲਗਦਾ ਹੈ ਕਿ ਵੱਡੇ ਤਖ਼ਤ ਵਾਲਿਆ, ‘‘ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ?’’
ਮਨੁੱਖ ਵਲੋਂ ਸਿਰਜੇ ਗਏ ਤਖ਼ਤਾਂ ਦੀ ਗੱਲ ਕਰੀਏ ਤਾਂ ਔਰੰਗਜ਼ੇਬ ਅਪਣੇ ਤਖ਼ਤ ਨੂੰ ‘ਅੱਲਾ ਦਾ ਤਖ਼ਤ’ ਕਹਿੰਦਾ ਸੀ, ਕੋਈ ਤਨਖ਼ਾਹ ਨਹੀਂ ਸੀ ਲੈਂਦਾ ਤੇ ਕੁਰਾਨ ਹੱਥੀਂ ਲਿਖ ਲਿਖ ਕੇ, ਅਪਣੀ ਰੋਟੀ ਕਮਾਂਦਾ ਸੀ ਪਰ ਨਾਲ ਹੀ ਇਹ ਵੀ ਚਾਹੁੰਦਾ ਸੀ ਕਿ ਹਿੰਦੁਸਤਾਨ ਦਾ ਹਰ ਬਸ਼ਰ, ਅੱਲਾ ਦਾ ਬੰਦਾ ਹੋਵੇ ਅਰਥਾਤ ਮੁਸਲਮਾਨ ਬਣ ਜਾਏ। ਕਿਉਂ? ਕਿਉਂਕਿ, ਉਹ ਸਮਝਦਾ ਸੀ ਕਿ ਜੇ ਹਿੰਦੁਸਤਾਨ ਦੇ ਸਾਰੇ ਲੋਕ ਮੁਸਲਮਾਨ ਬਣ ਜਾਂਦੇ ਹਨ ਤਾਂ ਹਿੰਦੁਸਤਾਨ, ਹਕੀਕੀ ਤੌਰ ’ਤੇ, ‘ਅੱਲਾ ਦੀ ਸਲਤਨਤ’ ਬਣ ਜਾਏਗਾ। ਜਦ ਤਕ ਨਹੀਂ ਵੀ ਬਣਦਾ, ਤਦ ਤਕ ਲਈ ਵੀ, ਔਰੰਗਜ਼ੇਬ, ਦਿੱਲੀ ਦੇ ਤਖ਼ਤ ਦਾ ਮਾਲਕ ਅਪਣੇ ਆਪ ਨੂੰ ਨਹੀਂ, ਅੱਲਾ (ਰੱਬ) ਨੂੰ ਮੰਨਦਾ ਸੀ ਤੇ ਇਸੇ ਲਈ ਚਾਹੁੰਦਾ ਸੀ ਕਿ ਅੱਲਾ ਦੀ ਸਲਤਨਤ ਦਾ ਇਕ ਵੀ ਬਾਸ਼ਿੰਦਾ ਮੁਸਲਮਾਨ ਬਣਨੋਂ ਨਾ ਰਹਿ ਜਾਏ। ਉਸ ਦੀ ਸੋਚ ਇਹ ਵੀ ਸੀ ਕਿ ਇਹ ‘ਅੱਲਾ ਦਾ ਤਖ਼ਤ’ ਸਦਾ ਲਈ ਕਾਇਮ ਦਾਇਮ ਰਹੇਗਾ ਤੇ ਇਹ ਵੀ ‘ਜੁਗੋ ਜੁਗ ਅਟੱਲ’ ਹੀ ਬਣਿਆ ਰਹੇਗਾ।
ਬਰਤਾਨੀਆਂ ਦੇ ਕਈ ਬਾਦਸ਼ਾਹਾਂ ਦੀ, ਪੋਪ ਨਾਲ ਲੜਾਈ ਇਸ ਗੱਲ ’ਤੇ ਹੁੰਦੀ ਰਹੀ ਕਿ ਪੋਪ ਅਪਣੇ ਆਪ ਨੂੰ, ਧਰਤੀ ਉਤੇ ਰੱਬ ਦਾ ਦੂਤ ਅਤੇ ਸਾਰੀਆਂ ਇਲਾਹੀ ਤਾਕਤਾਂ ਦਾ ਮਾਲਕ ਦਸਦਾ ਸੀ ਜਦਕਿ ਬਾਦਸ਼ਾਹ ਕਹਿੰਦੇ ਸਨ ਕਿ ਰੱਬ ਦੇ ਦੂਤ ਉਹ ਹਨ ਕਿਉਂਕਿ ਬਾਦਸ਼ਾਹ ਦੀ ਚੋਣ ਰੱਬ ਆਪ ਕਰਦਾ ਹੈ ਤੇ ਜਿਸ ਦੇ ਸਿਰ ’ਤੇ ਉਹ ਤਾਜ ਰਖਦਾ ਹੈ, ਉਹੀ ਸਾਰੀਆਂ ਖ਼ੁਦਾਈ ਤਾਕਤਾਂ ਦਾ ਮਾਲਕ ਵੀ ਹੁੰਦਾ ਹੈ। ਉਹ ਅਪਣੇ ਤਖ਼ਤ ਨੂੰ ਸਦਾ ਰਹਿਣ ਵਾਲਾ ਤੇ ਸੰਸਾਰ ਦੀਆਂ ਸਾਰੀਆਂ ਰੱਬੀ ਤਾਕਤਾਂ ਦਾ ਮਾਲਕ ਦਸਦੇ ਹੁੰਦੇ ਸਨ ਤੇ ਦਾਅਵਾ ਕਰਦੇ ਸਨ ਕਿ ਉੁਨ੍ਹਾਂ ਤੋਂ ਵੱਡਾ ਤਖ਼ਤ ਦੁਨੀਆਂ ਵਿਚ ਹੋਰ ਕਿਸੇ ਦਾ ਨਹੀਂ। ਮਿਸਰ, ਅਰਬ, ਤਿੱਬਤ ਦੀਆਂ ਪੁਰਾਤਨ ਸਭਿਆਤਾਵਾਂ ਵੀ ਅਪਣੇ ਅਪਣੇ ‘ਤਖ਼ਤਾਂ’ ਨੂੰ ਸਦਾ ਰਹਿਣ ਵਾਲੇ ਅਤੇ ਸੰਸਾਰ ਦੇ ਸੱਭ ਤੋਂ ਵੱਡੇ ਤਖ਼ਤ ਮੰਨਦੀਆਂ ਆਈਆਂ ਹਨ।
ਸਿੱਖ, ਅਕਾਲ ਤਖ਼ਤ ਨੂੰ ‘ਸੱਭ ਤੋਂ ਵੱਡਾ’ ਤਖ਼ਤ ਕਿਉਂ ਕਹਿੰਦੇ ਤੇ ਮੰਨਦੇ ਹਨ, ਇਸ ਬਾਰੇ ‘ਸਪੋਕਸਮੈਨ’ ਦੇ ਪਾਠਕਾਂ ਨੂੰ ਕੁੱਝ ਵੀ ਦੱਸਣ ਦੀ ਲੋੜ ਨਹੀਂ ਹੋਣੀ ਚਾਹੀਦੀ। ਪਰ ਇਹ ਗੱਲ ਵੀ ਨਹੀਂ ਭੁਲਣੀ ਚਾਹੀਦੀ ਕਿ ‘ਸੱਭ ਤੋਂ ਵੱਡਾ’ ਤਖ਼ਤ ਹੋਣ ਦੀਆਂ ਜਿਹੜੀਆਂ ਸ਼ਰਤਾਂ ਦੂਜੇ ਤਖ਼ਤਾਂ ਉਤੇ ਲਾਗੂ ਹੁੰਦੀਆਂ ਹਨ, ਉਹ ਸਿੱਖਾਂ ਦੇ ‘ਅਕਾਲ ਤਖ਼ਤ’ ਉਤੇ ਵੀ ਜ਼ਰੂਰ ਲਾਗੂ ਹੋਣਗੀਆਂ ਅਰਥਾਤ ਜੇ ਇਹ ਤਖ਼ਤ, ਗ਼ਰੀਬਾਂ, ਦੁਖੀਆਂ ਤੇ ਇਨਸਾਫ਼ ਹਾਸਲ ਕਰਨ ਦੇ ਚਾਹਵਾਨਾਂ ਦੀ ਸੁਣਵਾਈ ਕਰਦਾ ਹੈ ਤੇ ਉਨ੍ਹਾਂ ਦੇ ਸੰਗ ਸਾਥ ਖੜਾ ਹੁੰਦਾ ਹੈ, ਤਾਂ ਬਿਨਾਂ ਸ਼ੱਕ ਇਹ ਸੱਭ ਤੋਂ ਵੱਡਾ ਤਖ਼ਤ ਹੈ ਪਰ ਜੇ ਕਿਸੇ ਹਾਕਮ ਦੇ ਜੀਅ ਹਜ਼ੂਰੀਏ ਇਸ ਉਤੇ ਕਾਬਜ਼ ਹੋ ਜਾਣ ਅਤੇ ਗ਼ਰੀਬਾਂ, ਦੁਖੀਆਂ, ਇਨਸਾਫ਼ ਮੰਗਣ ਵਾਲਿਆਂ ਦੀ ਸੁਣਵਾਈ ਵੀ ਨਾ ਕਰਨ ਤੇ ਉੁਨ੍ਹਾਂ ਦੇ ਉਲਟ ਖੜੇ ਹੋਣ ਤਾਂ ਸਾਡੇ ਲੱਖ ਦਾਅਵਿਆਂ ਦੇ ਬਾਵਜੂਦ ਕੀ ਦੁਨੀਆਂ ਦਾ ਕੋਈ ਵੀ ਬੰਦਾ, ਸਾਡੇ ‘ਅਕਾਲ ਤਖ਼ਤ’ ਨੂੰ ਵੱਡਾ ਮੰਨ ਲਵੇਗਾ? ਸਾਡੇ ਕੱਟੜਪੰਥੀ ਤਾਂ ਕਹਿਣਗੇ ਕਿ ਬੇਸ਼ੱਕ ਇਸ ਤਖ਼ਤ ਉਤੇ, ਹਾਕਮਾਂ ਦੇ ਗ਼ੁਲਾਮ ਪੁਜਾਰੀ, ਪਾਪ ਅਤੇ ਅਨਰਥ ਕਰ ਰਹੇ ਹੋਣ, ਤਾਂ ਵੀ ਕਿਸੇ ਨੂੰ ਇਹ ਹੱਕ ਨਹੀਂ ਕਿ ਇਸ ਨੂੰ ‘ਵੱਡਾ ਤਖ਼ਤ’ ਨਾ ਆਖੇ। ਚਲੋ ਸਿੱਖ ਤਾਂ ਡਰਦੇ ਮਾਰੇ, ਕਹਿ ਵੀ ਦੇਣਗੇ ਪਰ ਬਾਕੀ ਦੀ ਦੁਨੀਆਂ ਤਾਂ ਅੱਗੋਂ ਸੌ ਸਵਾਲ ਕਰਨ ਲੱਗ ਪਵੇਗੀ। ਇਸ ਵੇਲੇ ਵੀ ਇਹੀ ਕੁੱਝ ਹੋ ਰਿਹਾ ਹੈ।
ਦੂਜੇ ਕੀ ਸੋਚਦੇ ਹਨ, ਇਸ ਵਲੋਂ ਬੇਪ੍ਰਵਾਹ ਹੋ ਕੇ, ਇਹ ਸੋਚਣਾ ਤਾਂ ਹਰ ਸਿੱਖ ਲਈ ਜ਼ਰੂਰੀ ਬਣਦਾ ਹੈ ਕਿ ਕੀ ਗੱਲ ਹੈ ਕਿ ਪਿਛਲੇ 60-70 ਸਾਲਾਂ ਵਿਚ ਇਸ ਤਖ਼ਤ ਦੇ ਨਾਂ ’ਤੇ ਪੁਜਾਰੀਆਂ ਨੇ ਜਿੰਨੇ ਵੀ ਸਿੱਖਾਂ ਨੂੰ ਛੇਕਿਆ ਜਾਂ ਜ਼ਲੀਲ ਕੀਤਾ, ਉਹ ਸਾਰੇ ਹੀ ਉਹ ਲੋਕ ਕਿਉਂ ਸਨ ਜੋ ਧਰਮ ਵਿਚ ਪੱਕੇ ਸਨ, ਧਰਮ ਦਾ ਪ੍ਰਚਾਰ ਕਰਨ ਵਾਲੇ ਸਨ ਤੇ ਅਪਣੇ ਅਪਣੇ ਢੰਗ ਨਾਲ ਧਰਮ ਦੀ ਸੇਵਾ ਕਰ ਰਹੇ ਸਨ? ਇਸ ਦੇ ਉਲਟ, ਪੁਜਾਰੀਆਂ ਨੇ ਉਨ੍ਹਾਂ ਲੋਕਾਂ ਨੂੰ ਕਦੇ ਕੁੱਝ ਕਿਉਂ ਨਾ ਕਿਹਾ ਜੋ ਧਰਮ ਨੂੰ ਨੁਕਸਾਨ ਪਹੁੰਚਾ ਰਹੇ ਸਨ, ਮਜ਼ਲੂਮ ਦਾ ਅਪਮਾਨ ਕਰ ਰਹੇ ਸਨ ਤੇ ਗੋਲਕ ਨੂੰ ਗ਼ਰੀਬ ਦੇ ਮੂੰਹ ’ਚ ਜਾਣੋਂ ਰੋਕ ਕੇ, ਅਪਣੇ ਢਿੱਡਾਂ ਵਿਚ ਪਾ ਰਹੇ ਸਨ? ਆਉ, ਪਹਿਲਾਂ ਜ਼ਰਾ ਉਨ੍ਹਾਂ ਵਲ ਵੇਖੀਏ ਜਿਨ੍ਹਾਂ ਨੂੰ ਅਕਾਲ ਤਖ਼ਤ ਦੇ ਪੁਜਾਰੀਆਂ ਨੇ ਛੇਕਿਆ ਅਤੇ ਜ਼ਲੀਲ ਕੀਤਾ :
1. ਕਾਮਾਗਾਟਾਮਾਰੂ ਜਹਾਜ਼ ਦੇ ਸਿੱਖ ਯਾਤਰੂਆਂ ਅਤੇ ਗ਼ਦਰ ਲਹਿਰ ਵਾਲਿਆਂ ਨੂੰ, ਅੰਗਰੇਜ਼ ਸਰਕਾਰ ਦੇ ਕਹਿਣ ’ਤੇ, ਸਿੱਖ ਮੰਨਣ ਤੋਂ ਹੀ ਨਾਂਹ ਕਰ ਦਿਤੀ ਗਈ ਹਾਲਾਂਕਿ ਉਹ ਪੱਕੇ ਧਰਮੀ ਸਿੱਖ ਸਨ।
2. ਸਿੰਘ ਸਭਾ ਲਹਿਰ ਦੇ ਬਾਨੀਆਂ ਪ੍ਰੋ. ਗੁਰਮੁਖ ਸਿੰਘ ਤੇ ਗਿ: ਦਿਤ ਸਿੰਘ ਨੂੰ ਪੰਥ ’ਚੋਂ ਇਹ ਕਹਿ ਕੇ ਛੇਕ ਦਿਤਾ ਗਿਆ ਕਿ ਉਹ ‘ਧਰਮ ਦੇ ਵੈਰੀ’ ਸਨ ਹਾਲਾਂਕਿ ਹੁਣ ਤਕ ਧਰਮ ਦੀ ਸੇਵਾ ਕਰਨ ਦਾ ਹਰ ਚਾਹਵਾਨ, ਇਨ੍ਹਾਂ ਮੋਢੀ ਵਿਦਵਾਨਾਂ ਦੇ ਕਥਨਾਂ ਨੂੰ ਹੀ ਸਹੀ ਮੰਨ ਕੇ ਅੱਗੇ ਚਲਦਾ ਹੈ।
3. ਤੇਜਾ ਸਿੰਘ ਭਸੌੜ ਜਿਸ ਨੇ ਮਾਲਵੇ ਵਿਚ ਸਿੱਖੀ ਦੀ ਲਹਿਰ ਚਲਾਈ ਸੀ ਤੇ ਦਿਲੋਂ ਮਹਿਸੂਸ ਕਰਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕੀਤੀ ਗਈ ਸੀ, ਭਾਵੇਂ ਕਿ ਪੰਥ ਉਸ ਨਾਲ ਸਹਿਮਤ ਨਹੀਂ ਵੀ ਸੀ।
4. ਗਿ: ਭਾਗ ਸਿੰਘ ਜਿਸ ਨੇ ਹਿੰਦੂ ਤੋਂ ਸਿੱਖ ਧਰਮ ਧਾਰਨ ਕਰਨ ਮਗਰੋਂ, ਪਹਿਲੀ ਵਾਰ ਦਲੀਲ-ਭਰਪੂਰ ਪੁਸਤਕ ਲਿਖ ਕੇ ਸਾਬਤ ਕੀਤਾ ਕਿ ‘ਦਸਮ ਗ੍ਰੰਥ’, ਕਿਸੇ ਸਿੱਖ-ਦੁਸ਼ਮਣ ਦਾ ਲਿਖਿਆ ਹੋਇਆ ਹੈ।
5. ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਜਿਸ ਨੇ ਪਹਿਲੀ ਵਾਰ, ਖੋਜ ਕਰ ਕੇ ਸਿੱਖਾਂ ਨੂੰ ਆਗਾਹ ਕੀਤਾ ਕਿ ‘ਬਿਪਰਵਾਦ’ ਕਿਸ ਹੱਦ ਤਕ ਸਿੱਖ ਧਰਮ ਅੰਦਰ ਵੜ ਆਇਆ ਹੈ ਤੇ ਇਸ ਨੂੰ ਕੱਢੇ ਬਗ਼ੈਰ, ਸਿੱਖੀ ਨੂੰ ਉਸ ਦੇ ਖ਼ਾਲਸ ਰੂਪ ਵਿਚ ਨਹੀਂ ਵੇਖਿਆ ਜਾ ਸਕਦਾ।
6. ਜੋਗਿੰਦਰ ਸਿੰਘ ਜਿਸ ਨੇ ਅਪਣੀ ਸਾਰੀ ਜਾਇਦਾਦ ਦੇ ਕੇ, ‘ਰੋਜ਼ਾਨਾ ਸਪੋਕਸਮੈਨ’ ਦਿਤਾ ਤੇ ਗੁਰੂ ਨਾਨਕ ਦੀ ਬਾਣੀ ਨੂੰ ਸੰਸਾਰ ਭਰ ਅੰਦਰ ਫੈਲਾਉਣ ਲਈ ‘ਉੱਚਾ ਦਰ ਬਾਬੇ ਨਾਨਕ ਦਾ’ ਤਿਆਰ ਕਰ ਕੇ ਦਿਤਾ ਜਿਸ ਵਿਚ ਦਾਨ ਵਜੋਂ ਕੋਈ ਪੈਸਾ ਲੈਣ ਉਤੇ ਮੁਕੰਮਲ ਪਾਬੰਦੀ ਲਗਾ ਦਿਤੀ ਗਈ ਤੇ ਦੁਗਣਾ ਪੈਸਾ ਵਾਪਸ ਕਰਨ ਦੀ ਯੋਜਨਾ ਅਧੀਨ, ਪੈਸਾ ਵੀ ਵਾਪਸ ਕੀਤਾ ਤੇ ਸਿੱਖੀ ਦੇ ਕਈ ਵੱਡੇ ਪ੍ਰਾਜੈਕਟ ਵੀ ਹੱਥ ਵਿਚ ਲੈ ਲਏ ਤਾਕਿ ਸੰਸਾਰ ਦਾ ਹਰ ਪ੍ਰਾਣੀ, ਬਾਬੇ ਨਾਨਕ ਦੇ ਸੁਨੇਹੇ ਤੋਂ ਵਾਕਫ਼ ਹੋ ਜਾਏ।
7. ‘ਰੋਜ਼ਾਨਾ ਸਪੋਕਸਮੈਨ’ ਉਤੇ ਵੀ ਅਕਾਲ ਤਖ਼ਤ ਦੇ ਨਾਂ ’ਤੇ, ਕੁਹਾੜਾ ਚਲਾਇਆ ਗਿਆ ਹਾਲਾਂਕਿ ਪੱਤਰਕਾਰੀ ਦੇ ਇਤਿਹਾਸ ਵਿਚ, ਸਰਕਾਰੀ ਇਸ਼ਤਿਹਾਰਾਂ ਤੋਂ ਬਿਨਾਂ ਵੀ, ਇਕ ਬੇਹਤਰੀਨ ਅਖ਼ਬਾਰ ਵਜੋਂ ਸਥਾਪਤ ਹੋ ਕੇ, ਇਸ ਨੇ ਇਕ ਨਵਾਂ ਰੀਕਾਰਡ ਕਾਇਮ ਕੀਤਾ ਤੇ ਜਿਸ ਦੀਆਂ ਲਿਖਤਾਂ ਨੇ, ਇਸ ਨੂੰ ਦੁਨੀਆਂ ਭਰ ਦੇ ਸਿੱਖਾਂ ਦਾ ਸੱਭ ਤੋਂ ਚਹੇਤਾ ਅਖ਼ਬਾਰ ਬਣਾ ਦਿਤਾ ਹੈ।
8. ਜਿਹੜੇ ਅਗਲੇ ਨਾਵਾਂ ਉਤੇ ਕੁਹਾੜਾ ਚਲਣ ਦੀ ਚਰਚਾ ਹਵਾਵਾਂ ਵਿਚ ਹੈ, ਉਹ ਵੀ ਸਿੱਖੀ ਅਤੇ ਗੁਰਮਤਿ ਦੇ ਮੰਨੇ ਪ੍ਰਮੰਨੇ ਪ੍ਰਚਾਰਕ ਤੇ ਵਿਦਵਾਨ ਹਨ।
ਯਕੀਨਨ, ਜੇ ਅਕਾਲ ਤਖ਼ਤ ਉਤੇ ਕੋਈ ਸਿਆਣੇ ਬੰਦੇ ਬੈਠੇ ਹੁੰਦੇ ਤੇ ਧਰਮ ਦੇ ਸੱਚੇ ਉਪਾਸ਼ਕ ਹੁੰਦੇ ਤਾਂ ਉਪ੍ਰੋਕਤ ’ਚੋਂ ਕਿਸੇ ਨੂੰ ਵੀ, ਅਕਾਲ ਤਖ਼ਤ ਦੇ ਪੁਜਾਰੀਆਂ ਹੱਥੋਂ ਉਹ ਜ਼ਲਾਲਤ ਅਤੇ ਰੁਸਵਾਈ ਨਾ ਸਹਿਣੀ ਪੈਂਦੀ ਜੋ ਹੁਣ ਉੁਨ੍ਹਾਂ ਨੂੰ ਸਹਿਣੀ ਪਈ ਹੈ। ਮੈਨੂੰ ਮਾਫ਼ ਕੀਤਾ ਜਾਏ, ਮੈਂ ਅਪਣਾ ਵੀ ਜ਼ਿਕਰ ਉਪਰ ਕੀਤਾ ਹੈ ਪਰ ਇਤਿਹਾਸ ਦੇ ਵਰਕਿਆਂ ਉਤੇ ਮੇਰਾ ਨਾਂ ਵੀ ਉਕਰ ਦਿਤਾ ਗਿਆ ਹੈ ਤੇ ਉੁਨ੍ਹਾਂ ਉਤੋਂ ਮੈਂ ਵੀ ਅਪਣਾ ਨਾਂ ਨਹੀਂ ਹਟਾ ਸਕਦਾ। ਕਿਸੇ ਨੂੰ ਬੁਰਾ ਲੱਗੇ ਤਾਂ ਦੋਸ਼ ਪੁਜਾਰੀਆਂ ਨੂੰ ਦੇਵੇ।
ਅਤੇ ਹੁਣ ਜ਼ਰਾ ਵੇਖੀਏ ਉੁਨ੍ਹਾਂ ਵਲ ਜਿਨ੍ਹਾਂ ਨੂੰ ਕੱਟੜ ਪੰਥ-ਵਿਰੋਧੀ ਹੋਣ ਦੀ ਬਜਾਏ, ਨਾ ਛੇਕਿਆ ਗਿਆ ਕਿਉਂਕਿ ਪੁਜਾਰੀ ਲੋਕ ਹਾਕਮਾਂ ਅਤੇ ਹਾਕਮਾਂ ਦੇ ਚਹੇਤਿਆਂ ਨੂੰ ਕਦੇ ਕੁੱਝ ਨਹੀਂ ਕਹਿੰਦੇ--ਉਹ ਬੇਸ਼ੱਕ ਧਰਮ ਦੀ ਬੇੜੀ ਵਿਚ ਸਾਰੀ ਉਮਰ ਵੱਟੇ ਹੀ ਕਿਉਂ ਨਾ ਪਾਉਂਦੇ ਰਹਿਣ। ਜ਼ਰਾ ਸੋਚੋ, ਜੇ ਪੁਜਾਰੀਆਂ ਨੂੰ ‘ਸੱਭ ਤੋਂ ਵੱਡੇ ਤਖ਼ਤ’ ਦਾ ਜ਼ਰਾ ਜਿੰਨਾ ਵੀ ਅਹਿਸਾਸ ਹੁੰਦਾ ਤਾਂ ਹੋਰਨਾਂ ਕਈਆਂ ਦੇ ਨਾਲ-ਨਾਲ, ਇਨ੍ਹਾਂ ਨੂੰ ਵੀ, ਅਕਾਲ ਤਖ਼ਤ ਦੀ ਸੱਭ ਤੋਂ ਵੱਡੀ ਸਜ਼ਾ ਜ਼ਰੂਰ ਦਿਤੀ ਜਾਂਦੀ :
(1) ਅਰੂੜ ਸਿੰਘ ਜਿਸ ਨੇ ਡਾਇਰ ਨੂੰ ਅਕਾਲ ਤਖ਼ਤ ਉਤੇ ਸਨਮਾਨਤ ਕੀਤਾ ਤੇ ‘ਸੱਚਾ ਸਿੱਖ’ ਹੋਣ ਦੀ ਉਪਾਧੀ ਦਿਤੀ।
(2) ਕੇ.ਪੀ.ਐਸ. ਗਿੱਲ ਤੇ ਹੋਰ ਕਈ ਪੁਲਿਸ ਅਫ਼ਸਰ। ਇਨ੍ਹਾਂ ਦੇ ਦੋਸ਼ ਦਰਜ ਕਰਨੇ ਤਾਂ ਜ਼ਰੂਰੀ ਨਹੀਂ, ਸੱਭ ਜਾਣਦੇ ਹਨ।
(3) ਗੁਰਚਰਨ ਸਿੰਘ ਟੌਹੜਾ ਜਿਸ ਨੇ ‘ਕਾਰ ਸੇਵਾ ਵਾਲੇ ਬਾਬਿਆਂ’ ਦੀ ਫ਼ੌਜ ਖੜੀ ਕਰ ਕੇ, ਉੁਨ੍ਹਾਂ ਨੂੰ ਇਤਿਹਾਸਕ ਗੁਰਦਵਾਰਿਆਂ ਦੀ ‘ਸੇਵਾ’, ਨੀਲਾਮੀ ਵਾਂਗ ਵੇਚੀ ਤੇ ਸੈਂਕੜੇ ਇਤਿਹਾਸਕ ਨਿਸ਼ਾਨੀਆਂ ਖ਼ਤਮ ਕਰਵਾ ਦਿਤੀਆਂ।
(4) ਪ੍ਰਕਾਸ਼ ਸਿੰਘ ਬਾਦਲ ਜਿਸ ਨੇ ਅਕਾਲ ਤਖ਼ਤ ਉਤੇ ਸਾਜੇ ਗਏ ਸ਼੍ਰੋਮਣੀ ਅਕਾਲੀ ਦਲ ਨੂੰ, ਅਕਾਲ ਤਖ਼ਤ ਉਤੋਂ ਪੰਥ ਦੀ ਪ੍ਰਵਾਨਗੀ ਲਏ ਬਿਨਾਂ, ਧਰਮ ਨਿਰਪੱਖ ਪਾਰਟੀ ਬਣਾ ਦਿਤਾ, ਹਵਨ ਕਰਵਾਏ, ਸਿੱਖਾਂ ਵਲੋਂ ਨਫ਼ਰਤ ਦੀ ਨਜ਼ਰ ਨਾਲ ਵੇਖੇ ਜਾਂਦੇ ਗ਼ੈਰ-ਸਿੱਖ ਬਾਬਿਆਂ ਨੂੰ ਮੱਥੇ ਟੇਕੇ, ਉੁਨ੍ਹਾਂ ਨੂੰ ਪੰਜਾਬ ਵਿਚ ਵਸਾ ਦਿਤਾ ਤੇ ਇਕ ਪੰਥਕ, ਪੰਜਾਬੀ ਅਖ਼ਬਾਰ ਪ੍ਰਤੀ ਮੁਗ਼ਲਾਂ ਵਾਲਾ ਰਵਈਆ ਧਾਰਨ ਕੀਤਾ।
(5) ਜੋਗਿੰਦਰ ਸਿੰਘ ਵੇਦਾਂਤੀ ਜਿਸ ਨੇ ਗੁਰਬਿਲਾਸ ਪਾਤਸ਼ਾਹੀ-6 ਵਰਗੀ, ਪੰਥ ਵਲੋਂ ਰੱਦ ਕੀਤੀ ਜਾ ਚੁੱਕੀ ਪੁਸਤਕ ਦੀ ਕਥਾ ਮੁੜ ਤੋਂ ਗੁਰਦਵਾਰਿਆਂ ਵਿਚ ਸ਼ੁਰੂ ਕਰਵਾਉਣ ਲਈ ਕਿਤਾਬ ਦੁਬਾਰਾ ਸੰਪਾਦਤ ਕੀਤੀ, ਦਿੱਲੀ ਕਤਲੇਆਮ ਦੀਆਂ ਦੁਖਿਆਰਨ ਬੀਬੀਆਂ ਨੂੰ ਖੇਖਣਹਾਰੀਆਂ ਕਿਹਾ, ਸਿੱਖ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨਕਲੀ ਬਾਬੇ ਨੂੰ ਕਥਿਤ ਤੌਰ ’ਤੇ ਪੈਸੇ ਲੈ ਕੇ ਦੋਸ਼-ਮੁਕਤ ਕੀਤਾ ਤੇ ਪ੍ਰੈੱਸ ਦੀ ਆਜ਼ਾਦੀ ਨੂੰ ਪੁਜਾਰੀਵਾਦ ਦੇ ਪੈਰਾਂ ਹੇਠ ਕੁਚਲਣ ਵਾਲਾ, ਇਤਿਹਾਸ ਦਾ ਪਹਿਲਾ ਹੁਕਮਨਾਮਾ ਜਾਰੀ ਕੀਤਾ।
(6) ਗਿ: ਇਕਬਾਲ ਸਿੰਘ ਜਿਸ ਨੇ ਅਕਾਲ ਤਖ਼ਤ ਦੀ ਸਰਬ-ਉੱਚਤਾ ਨੂੰ ਚੁਨੌਤੀ ਦਿਤੀ, ‘ਪੱਕੀਆਂ ਤਨਖ਼ਾਹਾਂ’ ਵਾਲੇ ਹਾਸੋਹੀਣੇ ਹੁਕਮਨਾਮੇ ਪਟਨੇ ਤੋਂ ਜਾਰੀ ਕੀਤੇ, ਅਪਣੇ ਚਰਿੱਤਰ ਉਤੇ ਲੱਗੇ ਨਿਜੀ ਪਰ ਗੰਭੀਰ ਕਿਸਮ ਦੇ ਦੋਸ਼ਾਂ ਸਬੰਧੀ, ਅਕਾਲ ਤਖ਼ਤ ਤੋਂ ਤਨਖ਼ਾਹ ਲਵਾਉਣ ਲਈ ਪੇਸ਼ ਹੋਏ ਬਗ਼ੈਰ, ਦੂਜੇ ਸਿੱਖਾਂ ਦੇ ਦੋਸ਼ਾਂ ਦਾ ਨਿਰਣਾ ਕਰਨ ਲਈ ਜੱਜ ਦੀ ਭੂਮਿਕਾ ਨਿਭਾਉਣੀ ਜਾਰੀ ਰੱਖੀ ਤੇ ਭਲੇ ਲੋਕਾਂ ਨੂੰ ‘ਸੋਧ ਦਿਆਂਗਾ’ ਦੀਆਂ ਧਮਕੀਆਂ ਵੀ ਦੇਣੀਆਂ ਜਾਰੀ ਰਖੀਆਂ।
(7) ਉਹ ਸਾਰੇ ਸਿੱਖ ਜੋ ਗੁਰੂ ਕੀ ਗੋਲਕ ਦਾ ਪੈਸਾ ਆਪ ਖਾ ਜਾਂਦੇ ਹਨ ਤੇ ਜਿਨ੍ਹਾਂ ਦੀ ਚਰਚਾ ਗਲੀ ਗਲੀ ਵਿਚ ਹੁੰਦੀ ਸੁਣੀ ਜਾ ਸਕਦੀ ਹੈ।
ਜੇ ਤਾਂ ਇਸ ਦੂਜੀ ਸ਼ੇ੍ਰਣੀ ਉਤੇ ਅਕਾਲ ਤਖ਼ਤ ਦੇ ਪੁਜਾਰੀਆਂ ਦਾ ਹਥੌੜਾ ਵੱਜਾ ਹੁੰਦਾ ਤਾਂ ਯਕੀਨਨ ਅਕਾਲ ਤਖ਼ਤ ‘ਸੱਭ ਤੋਂ ਵੱਡਾ’ ਤਖ਼ਤ ਹਰ ਇਕ ਨੂੰ ਬਣਿਆ ਨਜ਼ਰ ਆ ਜਾਣਾ ਸੀ ਪਰ ਜਿਵੇਂ ਇਥੋਂ ਕੇਵਲ ਪਹਿਲੀ ਸ਼ੇ੍ਰਣੀ ਦੇ ਸਿੱਖਾਂ ਉਤੇ ਵਾਰ ਕੀਤਾ ਜਾਂਦਾ ਰਿਹਾ ਹੈ, ਉਸ ਵਲ ਵੇਖ ਕੇ ਕਿਸੇ ਦੇ ਮੂੰਹ ’ਚੋਂ ਉਹ ਆਵਾਜ਼ ਨਹੀਂ ਨਿਕਲੇਗੀ ਜੋ ਪੁਜਾਰੀ ਕਢਵਾਉਣਾ ਚਾਹੁੰਦੇ ਹਨ।
ਅੱਜ ਅਕਾਲ ਤਖ਼ਤ ਨੂੰ ‘ਸੱਭ ਤੋਂ ਵੱਡਾ’ ਇਸ ਕਾਰਨ ਮੰਨ ਲਏ ਜਾਣ ਲਈ ਕਿਹਾ ਜਾ ਰਿਹਾ ਹੈ ਕਿ ਇਸ ਦੀ ਸਿਰਜਣਾ ਗੁਰੂ ਹਰਿ ਗੋਬਿੰਦ ਸਾਹਿਬ ਨੇ ਕੀਤੀ ਸੀ। ਸੱਚੀ ਗੱਲ ਇਹ ਹੈ ਕਿ ਸਾਰੀ ਦੁਨੀਆਂ ਦੀ ਰਚਨਾ ਹੀ ਅਕਾਲ ਪੁਰਖ ਨੇ ਕੀਤੀ ਹੈ। ਤਾਂ ਫਿਰ ਸਾਰੀ ਦੁਨੀਆਂ ਦੀ ਹਰ ਚੀਜ਼, ਰੱਬ ਦੀ ਸਾਜੀ ਹੋਣ ਕਰ ਕੇ, ‘ਸੱਭ ਤੋਂ ਵੱਡੀ’ ਕਿਉਂ ਨਹੀਂ ਮੰਨ ਲਈ ਜਾਂਦੀ? ਦੁਨੀਆਂ ਦੀ ਕੋਈ ਚੀਜ਼ ਭਾਵੇਂ ਕਿਸੇ ਗੁਰੂ ਜਾਂ ਮਹਾਂਪੁਰਸ਼ ਜਾਂ ਰੱਬ ਨੇ ਵੀ ਬਣਾਈ ਹੋਵੇ, ਉਹ ਅਪਣੇ ਆਪ ਵੱਡੀ ਨਹੀਂ ਬਣ ਜਾਂਦੀ ਸਗੋਂ ਉਸ ਦੀ ‘ਵਡਿਆਈ’ ਇਸ ਗੱਲ ਤੋਂ ਨਾਪੀ ਜਾਂਦੀ ਹੈ ਕਿ ਉਸ ਨੂੰ ਕਿੰਨੇ ਵੱਡੇ ਜਾਂ ਛੋਟੇ ਕੰਮਾਂ ਲਈ ਵਰਤਿਆ ਜਾਂਦਾ ਹੈ। ਅਕਾਲ ਤਖ਼ਤ ਨੂੰ ਅਗਰ ‘ਦੁਨੀਆਂ ਦਾ ਸੱਭ ਤੋਂ ਵੱਡਾ’ ਤਖ਼ਤ ਮੰਨਿਆ ਜਾਣਾ ਹੈ ਤਾਂ ਇਥੇ ਕੰਮ ਉਹੀ ਹੋਣ ਦਿਉ ਜੋ ਸੱਭ ਤੋਂ ਵੱਡੇ ਤਖ਼ਤ ’ਤੇ ਹੋਣੇ ਚਾਹੀਦੇ ਹਨ। ਜੇ ਸਮਝਦੇ ਹੋ ਕਿ ਪੁਜਾਰੀ ਲੋਕ ਕਦੇ ਵੱਡੇ ਕੰਮ ਇਥੋਂ ਨਹੀਂ ਹੋਣ ਦੇਣਗੇ ਜਾਂ ਮਜਬੂਰੀ ਵੱਸ, ਕਰ ਹੀ ਨਹੀਂ ਸਕਦੇ ਤਾਂ, ਅਕਾਲ ਤਖ਼ਤ ਦੀ ਵਡਿਆਈ ਕਾਇਮ ਰੱਖਣ ਲਈ, ਪੁਜਾਰੀ ਪ੍ਰਬੰਧ ਹੀ ਖ਼ਤਮ ਕਰ ਦਿਉ ਤੇ ਕੋਈ ਨਵਾਂ ਪ੍ਰਬੰਧ ਲੈ ਆਉ ਜੋ ਇਸ ਦੀ ਅਜ਼ਮਤ ਨੂੰ ਚਾਰ ਚੰਨ ਲਗਾ ਸਕੇ। ਗੁਰੂ ਗੋਬਿੰਦ ਸਿੰਘ ਜੀ ਨੇ ‘ਸਰਬੱਤ ਖ਼ਾਲਸਾ’ ਪ੍ਰਬੰਧ ਦਸਿਆ ਤਾਂ ਸੀ ਪਰ ਉਹ ਸਿੱਖਾਂ ਨੂੰ ਕਿਉਂ ਨਹੀਂ ਪਸੰਦ ਆਇਆ? ਉਸ ਦੀ ਥਾਂ ਹਿੰਦੂ-ਮੁਸਲਿਮ ਪੁਜਾਰੀਵਾਦ ਸਿੱਖਾਂ ਨੇ ਪਸੰਦ ਕਿਉਂ ਕਰ ਲਿਆ?
(10 ਜਨਵਰੀ 2010 ਦੇ ਸਪੋਕਸਮੈਨ ਵਿਚੋਂ)
