ਖ਼ਬਰਾਂ |

ਤਾਜ਼ਾ |

1947 ਵਿਚ ਦੇਸ਼ ਨੂੰ ਵੰਡ ਦੇਣ ਵਾਲਿਆਂ ਦਾ ਗੁਨਾਹ, ਸੋਧ ਕੇ ਉਲਟਾਇਆ ਨਾ ਗਿਆ ਤਾਂ ਚੀਨ.....

By : GAGANDEEP

Published : Aug 30, 2026, 8:24 am IST
Updated : Aug 30, 2026, 10:17 am IST
SHARE ARTICLE
photo
photo

ਪਾਕਿਸਤਾਨ ਤੇ ਹਿੰਦੁਸਤਾਨ ਦੋਹਾਂ ਨੂੰ ਅੱਗ ਦੇ ਭਾਂਬੜ ਵਿਚ ਸੁੱਟ ਕੇ ਤਾੜੀਆਂ ਮਾਰੇਗਾ

ਅੱਜ ਦੀਆਂ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹਦਾ ਹਾਂ ਤਾਂ ਵਾਪਸ 1947 ਦੇ ਉੁਨ੍ਹਾਂ ਦਿਨਾਂ ਵਲ ਧਿਆਨ ਮੁੜ ਜਾਂਦਾ ਹੈ ਜਦ ਮੈਂ, 6 ਸਾਲ ਦੀ ਉਮਰ ਦੇ ਨਿੱਕੇ ਜਹੇ ਬਾਲ ਵਜੋਂ, ਵਰ੍ਹਦੀਆਂ ਗੋਲੀਆਂ ਅਤੇ ਉੁਨ੍ਹਾਂ ਦੀ ਮਾਰ ਨਾਲ, ਡਿਗਦੇ ਢਹਿੰਦੇ ਅਤੇ ‘ਹਾਏ ਓਇ’ ਕਹਿ ਕੇ, ਸਵਾਸ ਤਿਆਗਦੇ ਮਰਦਾਂ-ਔਰਤਾਂ ਦੀਆਂ ਲਾਸ਼ਾਂ ਉਤੋਂ ਟੱਪ-ਟੱਪ ਕੇ ‘ਹਿੰਦੁਸਤਾਨ’ ਵਲ ਦੌੜ ਰਿਹਾ ਸੀ। ਮੈਨੂੰ ਕੁੱਝ ਨਹੀਂ ਸੀ ਪਤਾ ਕਿ ਇਹ ਸੱਭ ਕਿਉਂ ਹੋ ਰਿਹਾ ਹੈ ਪਰ ਏਨਾ ਜ਼ਰੂਰ ਯਾਦ ਹੈ ਕਿ ਮੇਰੇ ਪਿਤਾ ਨੇ ਸਿਰ ਉਤੇ ਜ਼ਰੂਰੀ ਸਮਾਨ ਵਾਲਾ ਇਕ ਟਰੰਕ ਚੁਕਿਆ ਹੋਇਆ ਸੀ ਤੇ ਮਾਤਾ ਨੇ ਦੋ ਭੈਣਾਂ ਕੁੱਛੜ ਚੁਕੀਆਂ ਹੋਈਆਂ ਸਨ। ਮੈਂ ਪਿਤਾ ਦੀ ਉੁਂਗਲੀ ਫੜ ਕੇ, ਦੌੜਨ ਦੀ ਕੋਸ਼ਿਸ਼ ਕਰਦਾ ਸੀ ਪਰ ਡਰ ਅਤੇ ਸਹਿਮ, ਮੇਰੇ ਅੰਦਰ ਦੀ ਸਾਰੀ ਤਾਕਤ ਖ਼ਤਮ ਕਰਦਾ ਜਾ ਰਿਹਾ ਸੀ।

ਬਾਰਸ਼ ਵਿਚ ਗਲ ਸੜ ਰਹੀਆਂ ਤੇ ਬਦਬੂ ਮਾਰ ਰਹੀਆਂ ਲਾਸ਼ਾਂ ਉਤੋਂ ਟੱਪ ਕੇ ਅੱਗੇ ਲੰਘਣਾ ਹੁਣ ਮੇਰੇ ਵੱਸੋਂ ਬਾਹਰ ਦੀ ਗੱਲ ਹੁੰਦੀ ਜਾ ਰਹੀ ਸੀ। ਮੈਨੂੰ ਉਲਟੀਆਂ ਆਉਣ ਲੱਗ ਪਈਆਂ ਸਨ। ਮੇਰੇ ਵਰਗੇ ਦੂਜੇ ਢਿੱਲੇ ਪੈ ਚੁੱਕੇ ਬੱਚਿਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ, ਉਨ੍ਹਾਂ ਦੇ ਮਾਪੇ, ਅਪਣੇ ਆਪ ਨੂੰ ਬਚਾਉਣ ਲਈ, ਆਪ ਅੱਗੇ ਲੰਘ ਗਏ ਸਨ, ਪਰ ਮੇਰੇ ਮਾਪੇ ਇਹ ਨਹੀਂ ਸਨ ਕਰਨਾ ਚਾਹੁੰਦੇ, ਇਸ ਲਈ ਉਹ ਦੂਜੇ ਦੌੜਦੇ ਜਾਂਦੇ ਸਾਥੀਆਂ ਨਾਲੋਂ ਪਿੱਛੇ ਰਹਿ ਕੇ ਵੀ, ਅਪਣੇ ਤਿੰਨਾਂ ਬੱਚਿਆਂ ਸਮੇਤ, ‘ਹਿੰਦੁਸਤਾਨ’ ਵਿਚ ਦਾਖ਼ਲ ਹੋਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਮੇਰੇ ਪਿਤਾ, ਕਈ ਵਾਰ ਮੈਨੂੰ ਕਿਸੇ ਲਾਸ਼ ਦੇ ਉਪਰੋਂ ਟੱਪਣ ਤੋਂ ਝਿਜਕਦੇ ਵੇਖ ਕੇ, ਸਬਰ ਦਾ ਪੱਲਾ ਛੱਡ ਕੇ, ਦੋ ਗਾਲਾਂ ਵੀ ਕੱਢ ਦੇਂਦੇ ਤੇ ਇਕ ਵਾਰ, ਲਾਸ਼ ਦੇ ਨੇੜੇ ਆ ਕੇ ਰੁਕ ਜਾਣ ਤੇ, ਉੁਨ੍ਹਾਂ ਮੈਨੂੰ ਕੱਸ ਕੇ ਚਪੇੜ ਵੀ ਮਾਰ ਦਿਤੀ ਤੇ ਗਰਜ ਕੇ ਬੋਲੇ, ‘‘ਸਾਰੇ ਜੀਆਂ ਨੇ ਤੇਰੇ ਵਾਸਤੇ ਅਪਣੇ ਆਪ ਨੂੰ ਖ਼ਤਰੇ ਵਿਚ ਪਾਇਆ ਹੋਇਐ। ਦੌੜ ਛੇਤੀ ਨਹੀਂ ਤਾਂ ਆਪ ਵੀ ਮਰੇਂਗਾ ਤੇ ਬਾਕੀਆਂ ਨੂੰ ਵੀ ਮਰਵਾਏਂਗਾ।’’

ਮੈਂ ਉੁਂਜ ਤਾਂ ਠੀਕ ਦੌੜ ਰਿਹਾ ਸੀ ਪਰ ਜਿਉਂ ਹੀ ਕੋਈ ਲਾਸ਼ ਮੇਰੇ ਸਾਹਮਣੇ ਆ ਜਾਂਦੀ ਤਾਂ ਮੇਰਾ ਸਾਹ-ਸੱਤ ਹੀ ਜਿਵੇਂ ਮੁਕ ਜਾਂਦਾ ਤੇ ਪੈਰਾਂ ਨੂੰ ਬੇੜੀਆਂ ਵੱਜ ਜਾਂਦੀਆਂ। ਜੇ ਮੈਨੂੰ ਲਿਖਣ ਦਾ ਸਮਾਂ ਮਿਲ ਸਕਿਆ ਤਾਂ 1947 ਦੇ ਹਾਲਾਤ ਬਾਰੇ ਇਕ ਨਾਵਲ ਜ਼ਰੂਰ ਲਿਖਣਾ ਚਾਹਾਂਗਾ। ਮੈਨੂੰ ਯਕੀਨ ਹੈ ਕਿ 1947 ਬਾਰੇ ਹੁਣ ਤਕ ਜਿੰਨੇ ਵੀ ‘ਸ਼ਾਹਕਾਰ’ ਛਪੇ ਹਨ, ਇਹ ਉੁਨ੍ਹਾਂ ਸੱਭ ਨੂੰ ਪਿੱਛੇ ਸੁਟ ਦੇਵੇਗਾ ਕਿਉਂਕਿ ਜੋ ਕੁੱਝ ਮੈਂ ਵੇਖਿਆ ਸੀ ਤੇ ਜੋ ਕੁੱਝ ਮੇਰੇ ਮਨ ’ਤੇ ਉਕਰਿਆ ਗਿਆ ਸੀ, ਉਹ ਤਾਂ ਕਿਸੇ ਵੀ ਲੇਖਕ ਦੀ ਰਚਨਾ ਵਿਚ ਮੈਨੂੰ ਵੇਖਣ ਨੂੰ ਵੀ ਨਹੀਂ ਮਿਲਿਆ। ਖ਼ੁਸ਼ਵੰਤ ਸਿੰਘ (ਅੰਗਰੇਜ਼ੀ) ਤੋਂ ਲੈ ਕੇ ਕ੍ਰਿਸ਼ਨਾ ਸੋਬਤੀ (ਹਿੰਦੀ) ਅਤੇ ਸਾਅਦਤ ਹਸਨ ਮੰਟੋ, ਰਾਜਿੰਦਰ ਸਿੰਘ ਬੇਦੀ (ਉਰਦੂ) ਸਮੇਤ, ਮੈਂ 1947 ਦੇ ਹਾਲਾਤ ਬਾਰੇ ਲਿਖੀ ਕੋਈ ਵੀ ਰਚਨਾ, ਪੂਰੀ ਪੜ੍ਹੇ ਬਿਨਾਂ ਨਹੀਂ ਛੱਡੀ ਪਰ ਸੰਤਾਲੀ ਵਿਚ ਜੋ ਕੁੱਝ ਮੈਂ ਵੇਖਿਆ ਸੀ, ਉਹ ਇਨ੍ਹਾਂ ’ਚੋਂ ਕਿਸੇ ਨੇ ਵੀ ਨਹੀਂ ਵੇਖਿਆ ਲਗਦਾ।

47 ਦੇ ਦਿਨਾਂ ਬਾਰੇ ਜਦ ਮੈਂ ਅਮੀਨ ਮਲਿਕ ਹੁਰਾਂ ਦੀਆਂ ਬੜੀਆਂ ਦਿਲ-ਟੁੰਬਵੀਆਂ ਤੇ ਪਿੰਡੇ ’ਤੇ ਹੰਢਾਈ ਪੀੜ ਨੂੰ ਬਿਆਨ ਕਰਦੀਆਂ ਲਿਖਤਾਂ ਪੜ੍ਹੀਆਂ ਤਾਂ ਉੁਨ੍ਹਾਂ ਨੂੰ ਪੜ੍ਹਦਾ-ਪੜ੍ਹਦਾ ਮੈਂ ਰੋ ਪੈਂਦਾ ਸੀ ਕਿਉਂਕਿ ਮੈਨੂੰ 6 ਸਾਲ ਦਾ ਅਮੀਨ ਮਲਿਕ, ਏਧਰੋਂ ਜਾ ਕੇ ਪਰਲੇ ਪਾਸੇ (ਪਾਕਿਸਤਾਨ) ਦੇ ਹਾਲਾਤ ਦਾ ਸ਼ੀਸ਼ਾ ਵਿਖਾਉਂਦਾ ਨਜ਼ਰ ਆਇਆ ਸੀ। ਉਹੀ 6 ਸਾਲ ਦਾ ਅਮੀਨ ਮਲਿਕ ਜੇ ਕਿਸੇ ਸਿੱਖ ਦੇ ਘਰ ਵਿਚ ਜਨਮਿਆ ਹੁੰਦਾ ਤਾਂ ਉਸ ਨੇ 6 ਸਾਲ ਦੇ ਜੋਗਿੰਦਰ ਸਿੰਘ ਦੇ ਰੂਪ ਵਿਚ, ਉਧਰੋਂ ਕਿਸੇ ਕਾਫ਼ਲੇ ਨਾਲ ਰਲ ਕੇ, ਏਧਰ ਆ ਜਾਣਾ ਸੀ ਤੇ ਇਥੇ ਪੈਂਦੇ ਵੈਣ ਬਿਆਨ ਕਰਨੇ ਸਨ। 6 ਸਾਲ ਦਾ ਅਮੀਨ ਮਲਿਕ ਤੇ 6 ਸਾਲ ਦਾ ਹੀ ਜੋਗਿੰਦਰ ਸਿੰਘ, ਦੋਵੇਂ ਰਲ ਕੇ, ਉਹ ਪੂਰਾ ਕਿੱਸਾ ਬਿਆਨ ਕਰ ਸਕਦੇ ਹਨ ਜੋ ਅਜੇ ਤੀਕ ਕਿਸੇ ਇਕ ਕਲਮ ਦੀ ਪਕੜ ਵਿਚ ਨਹੀਂ ਆ ਸਕਿਆ। 

ਬੀਤੇ ਦੀ ਯਾਦ, ਮੈਨੂੰ ਜਿਹੜੀਆਂ ਖ਼ਬਰਾਂ ਪੜ੍ਹ ਕੇ ਆ ਗਈ, ਉਹ ਕਿਹੜੀਆਂ ਹਨ?
 ਪਹਿਲੀ ਖ਼ਬਰ ਹੈ ਕਿ ਚੀਨ ਨੇ ਅਪਣੇ ਦੇਸ਼ ਤੋਂ ਸ਼ੁਰੂ ਕਰ ਕੇ, ਗਿਲਗਿਤ ਤਕ ਰੇਲਵੇ ਲਾਈਨ ਵਿਛਾਣੀ ਸ਼ੁਰੂ ਕੀਤੀ ਹੋਈ ਹੈ। ਇਸ ਨਾਲ ਚੀਨੀ ਫ਼ੌਜ, ਭਾਰਤ ਨੂੰ ਕੁੱਝ ਘੰਟਿਆਂ ਵਿਚ ਹੀ ਘੇਰ ਸਕੇਗੀ।²
  ਦੂਜੀ ਖ਼ਬਰ ਹੈ ਕਿ ਪਾਕਿਸਤਾਨ ਨੇ ਅਪਣਾ ‘ਆਜ਼ਾਦ ਕਸ਼ਮੀਰ’ ਪੂਰੀ ਤਰ੍ਹਾਂ ਚੀਨ ਦੇ ਹਵਾਲੇ ਕਰ ਦਿਤਾ ਹੈ। ਬਦਲੇ ਵਿਚ, ਚੀਨ ਉਸ ਨੂੰ ਹਰ ਉਹ ਚੀਜ਼ ਦੇਵੇਗਾ ਜਿਸ ਲਈ ਉਸ ਨੁੂੰ ਹੁਣ ਤਕ ਅਮਰੀਕਾ ਵਲ ਵੇਖਣਾ ਪੈਂਦਾ ਸੀ।
    ਤੀਜੀ ਖ਼ਬਰ ਹੈ ਕਿ ਚੀਨ ਨੇ ਰੇਲਵੇ ਲਾਈਨ ਕੇਵਲ ਪਾਕਿਸਤਾਨ ਤਕ ਹੀ ਨਹੀਂ ਰਹਿਣ ਦਿਤੀ ਸਗੋਂ ਈਰਾਨ ਤਕ ਲਿਜਾ ਰਿਹਾ ਹੈ ਤੇ ਇਸ ਦਾ ਸੱਭ ਤੋਂ ਵੱਡਾ ਨੁਕਸਾਨ, ਹਿੰਦੁਸਤਾਨ ਨੂੰ ਹੀ ਹੋਵੇਗਾ।
 ਚੌਥੀ ਖ਼ਬਰ ਹੈ ਕਿ ਅਮਰੀਕਾ ਨੇ ਵੀ ਪਾਕਿਸਤਾਨ ਨੂੰ ਚੰਗੀ ਚੋਖੀ ਰਕਮ ਦਿਤੀ ਹੈ ਤੇ ਯਕੀਨ ਦਿਵਾਇਆ ਹੈ ਕਿ ਅਮਰੀਕਾ, ਪਹਿਲਾਂ ਵਾਂਗ ਹੀ, ਪਾਕਿਸਤਾਨ ਨੂੰ ਅਪਣੇ ‘ਪਰਮ ਮਿੱਤਰਾਂ’ ਵਿਚ ਗਿਣਦਾ ਰਹੇਗਾ ਤੇ ਹਿੰਦੁਸਤਾਨ ਨੂੰ ਪਹਿਲ ਨਹੀਂ ਦੇਵੇਗਾ।
ਪੰਜਵੀਂ ਖ਼ਬਰ ਹੈ ਕਿ ਰੂਸ ਨੇ ਭਾਰਤ ਨੂੰ ਕਿਹਾ ਹੈ ਕਿ ਜਿਵੇਂ ਉਸ (ਰੂਸ) ਨੇ ਭਾਰਤ-ਅਮਰੀਕਾ ਦੋਸਤੀ ਨੂੰ ਪ੍ਰਵਾਨ ਕਰਨਾ ਸਿਖ ਲਿਆ ਹੈ, ਉਸੇ ਤਰ੍ਹਾਂ ਭਾਰਤ ਨੁੂੰ ਵੀ ਹੁਣ ਰੂਸ-ਪਾਕਿਸਤਾਨ ਦੋਸਤੀ ਵਲ ਵਧਾਏ ਜਾ ਰਹੇ ਨਵੇਂ ਕਦਮਾਂ ਨੂੰ ਬਰਦਾਸ਼ਤ ਕਰ ਲੈਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ, ਹੁਣ ਰੂਸ ਲਈ ਵੀ ਮਹੱਤਵਪੂਰਨ ਬਣ ਗਿਆ ਹੈ।

ਛੇਵੀਂ ਖ਼ਬਰ ਹੈ ਕਿ ਨੇਪਾਲ ਨੂੰ ਲਗਭਗ ਪੂਰੀ ਤਰ੍ਹਾਂ ਚੀਨ ਅਪਣੇ ਕਬਜ਼ੇ ਹੇਠ ਲੈਣ ਦੀ ਤਿਆਰੀ ਕਰੀ ਬੈਠਾ ਹੈ ਤੇ ਮਾਉਵਾਦੀ ਪਾਰਟੀ ਦੇ ਲੀਡਰ ਨੂੰ ਨੇਪਾਲ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਿਹੈ।
ਸਤਵੀਂ ਖ਼ਬਰ ਹੈ ਕਿ ਚੀਨ, ਬੰਗਲਾਦੇਸ਼ ਅਤੇ ਮਿਆਂਮਾਰ (ਬਰਮਾ) ਵਿਚ ਵੀ ਭਾਰਤ-ਵਿਰੋਧੀ ਲਾਬੀ ਨੂੰ ਅਪਣੀ ਪੂਰੀ ਹਮਾਇਤ ਦੇ ਰਿਹੈ ਤੇ ਮਲੇਸ਼ੀਆ ਨੂੰ ਵੀ ਭਾਰਤ ਤੋਂ ਦੂਰ ਕਰ ਕੇ, ਅਪਣੀ ਛਤਰੀ ਹੇਠ ਲੈਣ ਦੀਆਂ ਤਿਆਰੀਆਂ ਕਰ ਰਿਹੈ।

ਸਾਰੀਆਂ ਖ਼ਬਰਾਂ ਦਾ ਨਿਚੋੜ ਇਹ ਹੈ ਕਿ ਚੀਨ ਨੇ, ਪਾਕਿਸਤਾਨ ਦੀ ਬਾਂਹ ਫੜ ਕੇ, ਹਿੰਦੁਸਤਾਨ ਨੂੰ ਚਾਰੇ ਪਾਸਿਆਂ ਤੋਂ ਘੇਰਨ ਦੀ ਤਿਆਰੀ ਕਰ ਲਈ ਹੈ। ਪਾਕਿਸਤਾਨ ਅਤੇ ਹਿੰਦੁਸਤਾਨ, 1947 ਵਿਚ ਵੱਖ ਨਾ ਹੁੰਦੇ ਤਾਂ ਉਪ੍ਰੋਕਤ 7 ਵਿਚੋਂ ਪੰਜ ਖ਼ਬਰਾਂ ਦੀ ਹੋਂਦ ਹੀ ਕੋਈ ਨਹੀਂ ਸੀ ਹੋਣੀ ਤੇ ਚੀਨ ਨੇ ਸਾਂਝੇ ਹਿੰਦੁਸਤਾਨ ਵਲ ਅੱਖ ਚੁਕ ਕੇ ਵੇਖਣ ਦੀ ਹਿੰਮਤ ਵੀ ਨਹੀਂ ਸੀ ਕਰਨੀ। ਪਾਕਿਸਤਾਨ ਨਾਲ ਪਈ ਉਸ ਦੀ ਯਾਰੀ ਨੇ, ਚੀਨ ਨੂੰ ‘ਸ਼ੇਰ’ ਬਣਾ ਕੇ ਰੱਖ ਦਿਤਾ। ਪਰ ਚੀਨ ਦੇ ਸਾਰੇ ਮਨਸੁੂਬਿਆਂ ਨੂੰ ਕੇਵਲ ਇਕ ਕਦਮ ਚੁੱਕ ਕੇ ਹੀ ਬੇ-ਅਸਰ ਕੀਤਾ ਜਾ ਸਕਦਾ ਹੈ ਤੇ ਉਹ ਕਦਮ ਕੋਈ ਸ਼ੇਰ-ਮਰਦ ਆਗੂ ਹੀ ਚੁਕ ਸਕਦੈ ਪਰ ਅਜਿਹਾ ਸ਼ੇਰ-ਮਰਦ ਆਗੂ, ਪੂਰੇ ਹਿੰਦੁਸਤਾਨ ਤੇ ਪਾਕਿਸਤਾਨ ਵਿਚ ਹੈ ਹੀ ਕਿਥੇ? ਤੁਸੀ ਪੁੱਛੋਗੇ ਕਿਹੜਾ ਕਦਮ ਹੈ ਜਿਸ ਨੂੰ ਚੁਕ ਕੇ, ਹਿੰਦੁਸਤਾਨ ਦੇ ਗਵਾਂਢੀਆਂ ਵਲੋਂ ਖੜੇ ਕੀਤੇ ਜਾ ਰਹੇ ਸਾਰੇ ਖ਼ਤਰੇ ਪਲਾਂ ਵਿਚ ਖ਼ਤਮ ਕੀਤੇ ਜਾ ਸਕਦੇ ਹਨ ਤੇ ਘੜੇ ਜਾ ਰਹੇ ਮਨਸੂਬੇ ਫ਼ੇਲ੍ਹ ਕੀਤੇ ਜਾ ਸਕਦੇ ਹਨ?

ਇਕੋ ਹੀ ਤਰੀਕਾ ਹੈ ਕਿ 1947 ਵਿਚ ਜਿਹੜੀ ਗ਼ਲਤੀ ਕੀਤੀ ਗਈ ਸੀ, ਉਸ ਨੂੰ ਸੁਧਾਰ ਕੇ ਉਲਟਾ ਦਿਤਾ ਜਾਏ। ਇਹ ਮੰਨ ਲੈਣਾ ਪਵੇਗਾ ਕਿ ਪਾਕਿਸਤਾਨ ਦੀ ਕਾਇਮੀ ਲਈ ਜਿਨਾਹ ਜਾਂ ਮੁਸਲਿਮ ਲੀਗ ਜ਼ਿੰਮੇਵਾਰ ਨਹੀਂ ਸਨ ਸਗੋਂ ਗਾਂਧੀ, ਨਹਿਰੂ ਅਤੇ ਪਟੇਲ ਸਨ ਜਿਨ੍ਹਾਂ ਨੇ ‘ਮੁਸਲਿਆਂ ਤੋਂ ਖਹਿੜਾ ਛੁਡਵਾ ਕੇ’, ਇਕੱਲਿਆਂ ਰਾਜ ਕਰਨ ਦਾ ਅਪਣਾ ਸੁਪਨਾ ਪੂਰਾ ਕਰਨ ਲਈ, ਜਿਨਾਹ ਨੂੰ ਮਜਬੂਰ ਕਰ ਦਿਤਾ ਕਿ ਉਹ ਪਾਕਿਸਤਾਨ ਲਈ ਡਟ ਜਾਏ। ਨਿਰਪੱਖ ਇਤਿਹਾਸਕਾਰ ਵੀ ਇਹ ਮੰਨਦੇ ਹਨ ਕਿ ਮੁਹੰਮਦ ਅਲੀ ਜਿਨਾਹ ਨੂੰ ਆਖ਼ਰੀ ਦਿਨ ਤਕ ਇਹ ਉਮੀਦ ਸੀ ਕਿ ਮੁਸਲਮਾਨਾਂ ਦੀਆਂ ਮੰਗਾਂ ਮੰਨ ਕੇ, ਉਸ ਨੂੰ ਪਾਕਿਸਤਾਨ ਦੀ ਮੰਗ ਛੱਡਣ ਲਈ ਮਨਾ ਲਿਆ ਜਾਵੇਗਾ।

ਪਰ, ਜਿਵੇਂ ਕਿ ਬਾਅਦ ਵਿਚ, ਭਾਰਤ ਦੇ ਸਿਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਵੀ ਮੰਨਿਆ, ਕਾਂਗਰਸ ਦੇ ਤਿੰਨ ਵੱਡੇ ਲੀਡਰ ਤਾਂ ਖ਼ੁਸ਼ ਸਨ ਕਿ ਇਕ ਛੋਟਾ ਜਿਹਾ ਟੁਕੜਾ ਦੇ ਕੇ, ਮੁਸਲਮਾਨ ਲੀਡਰਾਂ ਨੂੰ ਬਰਾਬਰੀ ’ਤੇ ਬਿਠਾਣ ਤੋਂ ਤਾਂ ਬੱਚ ਗਏ ਤੇ ਮੁਸਲਮਾਨਾਂ ਦੇ ਨਾਲ-ਨਾਲ, ਦੂਜੀਆਂ ਘੱਟ ਗਿਣਤੀਆਂ ਨੂੰ ਵੀ ਕੁੱਝ ਦੇਣੋਂ ਛੁਟ ਗਏ। ਮੁਸਲਮਾਨਾਂ ਨੇ ਜਾਂ ਮੁਸਲਿਮ ਲੀਗ ਨੇ ਕੋਈ ਜੰਨਤ ਨਹੀਂ ਸੀ ਮੰਗ ਲਈ, ਬਸ ਕੇਵਲ ਇਹੀ ਮੰਗ ਕੀਤੀ ਸੀ ਕਿ ਘੱਟ-ਗਿਣਤੀ ਰਾਜਾਂ (ਬੀ ਸਟੇਟਾਂ) ਵਿਚ ਮੁਸਲਮਾਨਾਂ ਨੂੰ ਅਪਣੇ ਉਤੇ ਲਾਗੂ ਹੋਣ ਵਾਲੇ ਕਾਨੂੰਨ ਆਪ ਪਾਸ ਕਰਨ ਦਾ ਹੱਕ ਹੋਵੇਗਾ ਤੇ ਮੁਸਲਮਾਨਾਂ ਉਤੇ ਲਾਗੂ ਹੋਣ ਵਾਲੇ ਕਾਨੂੰਨ, ਹਿੰਦੂ ਬਹੁਗਿਣਤੀ ਦੇ ਜ਼ੋਰ ਨਾਲ ਪਾਸ ਨਹੀਂ ਕੀਤੇ ਜਾਣਗੇ। ਇਹ ਮੰਗ ਬਿਲਕੁਲ ਜਾਇਜ਼ ਸੀ ਤੇ ਬੜੀ ਦੇਰ ਤੋਂ ਚਲੀ ਆ ਰਹੀ ‘ਹਿੰਦੂ-ਮੁਸਲਿਮ’ ਨਫ਼ਰਤ ’ਚੋਂ ਉਪਜੀ ਸੀ। 

ਅਗਰੇਜ਼ ਉਤੇ ਇਹ ਝੁੂਠਾ ਇਲਜ਼ਾਮ ਲਾਇਆ ਜਾਂਦਾ ਹੈ ਕਿ ਉਸ ਨੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਧੀਨ ਹਿੰਦੂਆਂ ਤੇ ਮੁਸਲਮਾਨਾਂ ਨੂੰ ਵੰਡ ਦਿਤਾ। ਕੀ 1857 ਦੇ ‘ਗ਼ਦਰ’ ਵਿਚ ਅਪਣਾ ਅਪਣਾ ਏਜੰਡਾ ਲੈ ਕੇ ਇਕੱਠੇ ਹੋਏ ਹਿੰਦੂ ਮੁਸਲਮਾਨ ਰਾਜੇ, ਇਕ ਦੂਜੇ ਨਾਲ ਰਲ ਕੇ ਰੋਟੀ ਖਾ ਲੈਂਦੇ ਸਨ? ਕੀ ਉਦੋਂ ਜਾਂ ਉਸ ਤੋਂ ਬਾਅਦ ‘ਹਿੰਦੂ ਰੋਟੀ-ਮੁਸਲਿਮ ਰੋਟੀ’ ਤੇ ‘ਹਿੰਦੂ ਪਾਣੀ-ਮੁਸਲਿਮ ਪਾਣੀ’ ਅੰਗਰੇਜ਼ਾਂ ਨੇ ਸ਼ੁਰੂ ਕਰਵਾਏ ਸਨ? ਕੀ ਮੁਸਲਮਾਨਾਂ ਨੂੰ ਸ਼ੂਦਰ ਅਥਵਾ ‘ਮਲੇਛ’ ਕਹਿਣਾ ਅੰਗਰੇਜ਼ਾਂ ਨੇ ਸਿਖਾਇਆ ਸੀ? ਬਾਬਾ ਨਾਨਕ ਦੀ ਬਾਣੀ ਵਿਚ ਵੀ ਦਸਿਆ ਹੋਇਆ ਹੈ ਕਿ ਹਿੰਦੂ ਕਿਵੇਂ ਮੁਸਲਮਾਨਾਂ ਨੂੰ ਨਫ਼ਰਤ ਕਰਦੇ ਸਨ ਤੇ ਉੁਨ੍ਹਾਂ ਨੂੰ, ਉੁਨ੍ਹਾਂ ਦੀ ਬੋਲੀ ਨੂੰ ਤੇ ਉੁਨ੍ਹਾਂ ਦੇ ਪਹਿਰਾਵੇ ਨੂੰ ‘ਮਲੇਛ ਭਾਸ਼ਾ, ਮਲੇਛ ਖਾਣਾ, ਮਲੇਛ ਧਰਮ’ ਆਦਿ ਕਿਹਾ ਕਰਦੇ ਸਨ। ਸਦੀਆਂ ਤੋਂ ਚਲਦੀ ਆ ਰਹੀ ਇਸ ਨਫ਼ਰਤ ਕਾਰਨ, ਮੁਸਲਮਾਨਾਂ ਦੇ ਦਿਲਾਂ ਵਿਚ ਇਹ ਗੱਲ ਘਰ ਕਰ ਜਾਣੀ ਕੁਦਰਤੀ ਸੀ ਕਿ ਜੇ ‘ਵੋਟਾਂ ਦਾ ਰਾਜ’ ਆ ਗਿਆ ਤਾਂ ਹਿੰਦੂ-ਬਹੁਗਿਣਤੀ ਨੇ ਸਿਰਾਂ ਦੀ ਗਿਣਤੀ ਦਾ ਸਹਾਰਾ ਲੈ ਕੇ ਮੁਸਲਮਾਨਾਂ ਨੂੰ ਗ਼ੁਲਾਮ ਬਣਾ ਲੈਣਾ ਹੈ, ਇਸ ਲਈ ਸੰਵਿਧਾਨਕ ਤੌਰ ’ਤੇ ਉਹ ਹੱਕ ਲੈ ਲੈਣੇ ਚਾਹੀਦੇ ਹਨ ਜਿਨ੍ਹਾਂ ਸਦਕਾ ਮੁਸਲਮਾਨ, ਹਿੰਦੂ-ਬਹੁਗਿਣਤੀ ਵਾਲੇ ‘ਲੋਕ-ਰਾਜ’ ਵਿਚ ਵੀ ਉਨ੍ਹਾਂ ਦੇ ਅਧੀਨ ਹੋਣ ਲਈ ਮਜਬੂਰ ਨਾ ਕੀਤੇ ਜਾ ਸਕਣ।

ਲਖਨਊ ਪੈਕਟ ਅਧੀਨ, ਮੁਸਲਮਾਨਾਂ ਦੀ ਇਹ ਮੰਗ ਮੰਨ ਵੀ ਲਈ ਗਈ ਤੇ ਉਹ ਪਾਕਿਸਤਾਨ ਦੀ ਮੰਗ ਛੱਡਣ ਲਈ ਵੀ ਤਿਆਰ ਹੋ ਗਏ ਪਰ ਜਵਾਹਰ ਲਾਲ ਨਹਿਰੂ ਨੇ ਦਿੱਲੀ ਤੋਂ ਬਿਆਨ ਜਾਰੀ ਕਰ ਦਿਤਾ ਕਿ ਪੈਕਟ ਭਾਵੇਂ ਕੁੱਝ ਵੀ ਹੋਵੇ ਪਰ ਆਜ਼ਾਦ ਭਾਰਤ ਦੀ ਪਾਰਲੀਮੈਂਟ ਵਿਚ, ਬਹੁਗਿਣਤੀ ਹੀ ਫ਼ੈਸਲਾ ਕਰੇਗੀ ਕਿ ਕੀ ਠੀਕ ਹੈ ਤੇ ਕੀ ਨਹੀਂ। ਇਸ ਬਿਆਨ ਨੇ ਗੱਲ ਵਿਗਾੜ ਕੇ ਰੱਖ ਦਿਤੀ। ਮੁਸਲਿਮ ਲੀਗ ਵਾਲਿਆਂ ਨੇ ਕਹਿ ਦਿਤਾ ਕਿ ਆਜ਼ਾਦੀ ਤੋਂ ਪਹਿਲਾਂ ਹੀ ਜਿਹੜੇ ਆਗੂ, ਮੁਸਲਮਾਨਾਂ ਨਾਲ ਕੀਤੇ ਸਮਝੌਤਿਆਂ ਨੂੰ ਕੁੱਝ ਨਹੀਂ ਸਮਝਦੇ, ਉਹ ਆਜ਼ਾਦੀ ਮਗਰੋਂ, ਮੁਸਲਮਾਨਾਂ ਦੀ ਕਿੰਨੀ ਕੁ ਪ੍ਰਵਾਹ ਕਰਨਗੇ? ਇਸ ਤਰ੍ਹਾਂ ਜਵਾਹਰ ਲਾਲ ਨਹਿਰੂ, ਪਟੇਲ ਅਤੇ ਗਾਂਧੀ ਹੀ ਪਾਕਿਸਤਾਨ ਦੇ ਬਾਨੀ ਹਨ, ਜਿਨਾਹ ਨਹੀਂ। ਜੇ ਇਨ੍ਹਾਂ ’ਚੋਂ ਕੋਈ ਇਕ ਵੀ ਅੜ ਜਾਂਦਾ ਕਿ ਮੁਸਲਮਾਨਾਂ ਨੂੰ ਵੱਖ ਕਰ ਕੇ ਆਜ਼ਾਦੀ ਨਹੀਂ ਲੈਣੀ ਤਾਂ ਕੋਈ ਜਿਨਾਹ ਤੇ ਕੋਈ ਮੁਸਲਿਮ ਲੀਗ, ਪਾਕਿਸਤਾਨ ਨਹੀਂ ਸਨ ਲੈ ਸਕਦੇ।

ਅਤੇ ਅੱਜ ਇਕ ਸੱਚੇ ਹਿੰਦੁਸਤਾਨੀ ਵਜੋਂ, ਜਦ ਚੀਨ ਵਲੋਂ ਹਿੰਦੁਸਤਾਨ ਨੂੰ ਚਾਰੇ ਪਾਸਿਆਂ ਤੋਂ ਘੇਰਨ ਦੀਆਂ ਕੋਸ਼ਿਸ਼ਾਂ ਕਰਦੇ ਵੇਖਦਾ ਹਾਂ ਤਾਂ ਬੇਚੈਨ ਹੋ ਜਾਂਦਾ ਹਾਂ ਤੇ ਮਨ ਵਿਚ ਉੁਨ੍ਹਾਂ ਨੂੰ ਬੁਰਾ ਭਲਾ ਕਹਿਣ ਲਗਦਾ ਹਾਂ ਜੋ ਸਾਡੇ ਤੇ ਅਹਿਸਾਨ ਜਤਾਂਦੇ ਰਹੇ ਹਨ ਕਿ ਉੁਨ੍ਹਾਂ ਨੇ ‘ਬਿਨਾਂ ਖੜਗ ਬਿਨਾਂ ਢਾਲ’ ਆਜ਼ਾਦੀ ਲੈ ਦਿਤੀ ਹੈ ਪਰ ਹਕੀਕਤ ਵਿਚ, ਜਿਨ੍ਹਾਂ ਨੇ, ਅਪਣੀ ਹਉਮੈ ਦੀ ਖ਼ਾਤਰ, ਮੇਰੇ ਦੇਸ਼ ਦੇ ਟੁਕੜੇ ਕਰਵਾ ਦਿਤੇ ਤੇ ਮੈਨੂੰ ਉਸ ਵੇਲੇ ਭੁੱਖਿਆਂ ਰਹਿਣ, ਲਾਸ਼ਾਂ ਉਤੋਂ ਟੱਪਣ ਅਤੇ ਅਤਿ ਦੀ ਗ਼ਰੀਬੀ ਵੇਖਣ ਲਈ ਮਜਬੂਰ ਕੀਤਾ ਜਦੋਂ ਕਿ ਮੈਂ ਪਾਕਿਸਤਾਨ ਵਿਚ, ਅਪਣੇ ਇਲਾਕੇ ਦੇ ਸੱਭ ਤੋਂ ਅਮੀਰ ਅਤੇ ਸੱਭ ਤੋਂ ਵੱਧ ਸਤਿਕਾਰੇ ਜਾਂਦੇ ਘਰਾਣੇ ਦਾ ਬੱਚਾ ਹੋਣ ਕਰ ਕੇ, ਸ਼ਹਿਜ਼ਾਦਿਆਂ ਵਾਂਗ ਚਾਅ-ਮਲ੍ਹਾਰ ਪੂਰੇ ਕਰ ਰਿਹਾ ਹੋਣਾ ਸੀ। ਮੈਨੂੰ ਹੱਕ ਹੈ ਕਿ ਮੈਂ ਅਪਣੇ ਬਚਪਨ ਦੇ ਦੁਖੀ ਦਿਨਾਂ ਦਾ ਜ਼ਿਕਰ ਇਸ ਲਈ ਵੀ ਕਰਾਂ ਕਿ ਉਸ ਵੇਲੇ ਦੇ ਲੀਡਰਾਂ ਨੇ ਮੇਰੇ ਦੇਸ਼ ਨੂੰ, ਅਪਣੇ ਨਿਜੀ ਚਾਅ ਪੂਰੇ ਕਰਨ ਲਈ, ਅਜਿਹੀ ਘੁੰਮਣਘੇਰੀ ਵਿਚ ਫਸਾ ਦਿਤਾ ਕਿ ਅੱਜ ਚੀਨ ਵਰਗੇ ਦੇਸ਼ ਵੀ, ਇਸ ਨੂੰ ਚਾਰੇ ਪਾਸਿਆਂ ਤੋਂ ਘੇਰ ਕੇ, ਖਾ ਜਾਣਾ ਚਾਹੁੰਦੇ ਹਨ।

ਆਜ਼ਾਦੀ ਮਗਰੋਂ ਅਪਣੇ ਗ਼ਲਤ ਫ਼ੈਸਲਿਆਂ ਨੂੰ ਠੀਕ ਦੱਸਣ ਖ਼ਾਤਰ, ਪਾਕਿਸਤਾਨ ਵਿਰੁਧ ਜ਼ੋਰਦਾਰ ਨਫ਼ਰਤ ਇਸ ਤਰ੍ਹਾਂ ਨਾਲ ਫੈਲਾਈ ਗਈ ਕਿ 1947 ਦੀ ਗ਼ਲਤੀ ਨੂੰ ਠੀਕ ਕਰਨ ਦਾ ਖ਼ਿਆਲ ਵੀ ਲੋਕਾਂ ਦੇ ਮਨਾਂ ਵਿਚ ਪੈਦਾ ਨਾ ਹੋ ਸਕੇ। ਪਾਕਿਸਤਾਨ ਨੇ ਵੀ ਜਵਾਬੀ ਨਫ਼ਰਤ ਦੀ ਹਨੇਰੀ, ਹਿੰਦੁਸਤਾਨ ਵਿਰੁਧ ਝੁਲਾ ਦਿਤੀ। ਤੇ ਦੋਹਾਂ ਦੇਸ਼ਾਂ ਦੀ ਇਸ ਨਫ਼ਰਤ ਦਾ ਲਾਭ ਲੈਣ ਲਈ ਅਮਰੀਕਾ ਤੇ ਚੀਨ ਵਰਗੀਆਂ ਵੱਡੀਆਂ ਤਾਕਤਾਂ ਕੁੱਦ ਪਈਆਂ। ਇਸ ਨਫ਼ਰਤ ਦੀ ਹਨੇਰੀ ਨੂੰ ਰੋਕਣ ਲਈ, ਹਿੰਦੁਸਤਾਨ ਵਿਚੋਂ ਜੈਪ੍ਰਕਾਸ਼ ਨਾਰਾਇਣ, ਸ਼ੇਖ਼ ਅਬਦੁੱਲਾ ਤੇ ਮਾ. ਤਾਰਾ ਸਿੰਘ ਵਰਗੇ ਲੀਡਰਾਂ ਨੇ ਆਵਾਜ਼ ਉੱਚੀ ਕੀਤੀ ਵੀ ਪਰ ਉੁਨ੍ਹਾਂ ਨੂੰ ‘ਪਾਗ਼ਲ’ ਅਤੇ ਪਾਕਿਸਤਾਨ-ਪੱਖੀ ਲੀਡਰ ਕਹਿ ਕੇ ਬਦਨਾਮ ਕਰ ਦਿਤਾ ਜਾਂਦਾ ਰਿਹਾ। ਇਕੋ ਇਕ ਹਕੂਮਤੀ ਲੀਡਰ ਜਿਸ ਨੇ ਇਸ ਨਫ਼ਰਤ ਵਿਰੁਧ ਆਵਾਜ਼ ਚੁੱਕੀ, ਉਹ ਸੀ ਸਾਬਕਾ ਪ੍ਰਧਾਨ ਮੰਤਰੀ, ਮੁਰਾਰਜੀ ਦੇਸਾਈ, ਜਿਸ ਨੂੰ ਪਾਕਿਸਤਾਨ ਸਰਕਾਰ ਨੇ ਅਪਣੇ ਦੇਸ਼ ਦਾ ਸੱਭ ਤੋਂ ਵੱਡਾ ਸਨਮਾਨ ਦੇ ਕੇ ਵੀ ਸਨਮਾਨਿਆ। ਉਸ ਵਿਰੁਧ ਵੀ ਕਾਫ਼ੀ ਸ਼ੋਰ ਮਚਾਇਆ ਗਿਆ ਪਰ ਹਾਕਮਾਂ ’ਚੋਂ ਉਹ ਇਕੋ ਇਕ ਸ਼ੇਰ ਸੀ ਜੋ ਅਪਣੀ ਗੱਲ ’ਤੇ ਡਟਿਆ ਰਿਹਾ।

ਅੱਜ ਫਿਰ ਇਕ ਬੱਬਰ ਸ਼ੇਰ ਦੀ ਲੋੜ ਹੈ ਜੋ ਪਾਕਿਸਤਾਨ ਨੂੰ ਹਿੰਦੁਸਤਾਨ ਦਾ ਛੋਟਾ ਭਰਾ ਮੰਨ ਕੇ, ਉਸ ਨੂੰ ਚੀਨ ਕੋਲੋਂ ਖੋਹ ਕੇ ਅਪਣੇ ਨਾਲ ਜੋੜ ਲਵੇ। ਮੁਸਲਮਾਨਾਂ ਤੇ ਹੋਰ ਘੱਟ-ਗਿਣਤੀਆਂ ਨੂੰ ਕੁੱਝ ਅਧਿਕਾਰ ਦੇਣ ਨਾਲ ਹੀ ਕੁੱਝ ਨਹੀਂ ਘੱਟ ਜਾਣਾ ਪਰ ਇਹ ਅਧਿਕਾਰ ਉੁਨ੍ਹਾਂ ਨੂੰ ਦੇਣੋਂ ਡਰਦਿਆਂ, ਚੀਨ ਨੂੰ, ਪਾਕਿਸਤਾਨ ਦੀ ਉੁਂਗਲ ਫੜ ਕੇ, ਅਪਣੇ ਮਨਸੂਬੇ ਸਿਰੇ ਚੜ੍ਹਾਉਣ ਦਾ ਮੌਕਾ ਦਿਤਾ ਜਾਂਦਾ ਰਿਹਾ ਤਾਂ ਹਿੰਦੁਸਤਾਨ ਤੇ ਪਾਕਿਸਤਾਨ, ਦੁਹਾਂ ਨੂੰ ਤਬਾਹੀ ਦਾ ਮੂੰਹ ਵੇਖਣਾ ਪਵੇਗਾ ਤੇ ਉੱਚੀ ਪਹਾੜੀ ਤੇ ਖੜਾ ਚੀਨ, ਤਾੜੀਆਂ ਮਾਰ ਰਿਹਾ ਹੋਵੇਗਾ। ਇਸ ਤੋਂ ਬਚਣ ਲਈ, ਹਿੰਦੁਸਤਾਨ ਤੇ ਪਾਕਿਸਤਾਨ, ਦੋਹਾਂ ਦੇਸ਼ਾਂ ਦੇ ਲੋਕਾਂ ਨੂੰ, 1947 ਵਿਚ ਲੀਡਰਾਂ ਵਲੋਂ ਕੀਤੇ ਗੁਨਾਹ ਨੂੰ ਮੇਟਣ ਲਈ ਹੱਥ ਮਿਲਾ ਕੇ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਕਿ ਕੱਟੜਵਾਦੀ, ਛੋਟੀ ਨਜ਼ਰ ਵਾਲੇ ਤੇ ਅਪਣੀਆਂ ਰੋਟੀਆਂ ਦਾ ਫ਼ਿਕਰ ਕਰਨ ਵਾਲੇ ਲੋਕ, ਫਿਰ ਤੋਂ ਚੀਨ ਦੇ ਹੱਥਾਂ ਵਿਚ ਖੇਡਣਾ ਸ਼ੁਰੂ ਨਾ ਹੋ ਜਾਣ।
(18 ਅਗੱਸਤ 2013 ਦੇ ਰੋਜ਼ਾਨਾ ਸਪੋਕਸਮੈਨ ਵਿਚੋਂ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement