ਇਹ ਧਰਤੀ ਵੀ ਤੇਰੀ, ਆਸਮਾਨ ਵੀ ਤੇਰਾ।
ਇਹ ਧਰਤੀ ਵੀ ਤੇਰੀ, ਆਸਮਾਨ ਵੀ ਤੇਰਾ।
ਇਹ ਜਹਾਨ ਵੀ ਤੇਰਾ, ਉਹ ਜਹਾਨ ਵੀ ਤੇਰਾ। ਸਵਰਗ ਵੀ ਤੇਰੇ ਤੇ ਨਰਕ ਵੀ ਤੇਰੇ।
ਪਿਆਰ, ਨਫ਼ਰਤ, ਦੁਆਵਾਂ ਤੇ ਹਰਖ ਵੀ ਤੇਰੇ।
ਇਹ ਮੰਦਿਰ, ਇਹ ਮਸਜਿਦ, ਗੁਰਦੁਆਰਾ ਤੇ ਚਰਚ ਵੀ ਤੇਰੇ।
ਇਹ ਗੀਤਾ, ਕੁਰਾਨ, ਬਾਈਬਲ ਤੇ ਗ੍ਰੰਥ ਵੀ ਤੇਰੇ।
ਸਭ ਹਵਾ, ਪਾਣੀ, ਹਰਿਆਲੀ, ਹੜ੍ਹ ਤੇ ਸੋਕਾ
ਇਹ ਮਿੱਠਾ, ਇਹ ਖੱਟਾ, ਇਹ ਕੌੜਾ, ਇਹ ਫੋਕਾ
ਸਭ ਮਾਨਵ ਤੇ ਦਾਨਵ, ਸੁਰ, ਅਸੁਰ, ਵਾਨਰ,
ਇਹ ਪਾਪ, ਪੁੰਨ, ਲੇਖੇ, ਇਹ ਚੰਗੇ-ਮੰਦੇ ਦਾ ਡਰ
ਇਹ ਮੜ੍ਹੀਆਂ ਮਸਾਣਾ, ਇਹ ਜਪੀਆਂ ਤੇ ਸਤੀਆਂ।
ਇਹ ਪੂਜਾ, ਪਾਠ, ਆਰਤੀ, ਇਹ ਧੂਫ਼ਾਂ, ਇਹ ਬੱਤੀਆਂ। ਇਹ ਕੀੜੇ, ਮਕੌੜੇ ਤੇ ਫਲ, ਜੀਵ ਜੰਤੂ।
ਤਾਂ ਕਿਉਂ ਨਾ ਕਰਾਂ ਦੱਸ ਮੈਂ ਕਿੰਤੂ ਪਰੰਤੂ?
ਜੇ ਸਭ ਕੁਝ ਬਣਾਇਆ ਤੂੰ ਤੇਰੇ ਲਈ,
ਤਾਂ ਦੱਸ ਕੀ ਬਣਾਇਆ ਤੂੰ ਮੇਰੇ ਲਈ?
ਅੱਗੋਂ ਰੱਬ ਕਹਿੰਦਾ...
ਉਹਦੇ ਪੈਰਾਂ ਵਿਚ ਟੇਕ ਕੇ ਮੈਂ ਕੁੱਲ ਕਾਇਨਾਤ,
ਰੂਪ ਅਪਣਾ ਬਣਾ ਕੇ ਤੇ ਬਣਾ ’ਤੀ ਰੱਬੀ ਦਾਤ।
ਰਹੇ ਤੇਰੇ ਸਦਾ ਸਾਥ... ਐਸੀ ਛਾਂ ਬਣਾਈ ਹੈ।
ਆਹ ਦੇਖ ਤੇਰੇ ਲਈ ਮੈਂ ਤੇਰੀ ‘ਮਾਂ’ ਬਣਾਈ ਹੈ...
ਆਹ ਦੇਖ ਤੇਰੇ ਲਈ ਮੈਂ ਤੇਰੀ ਮਾਂ ਬਣਾਈ ਹੈ।
-ਜਗਦੀਪ ਕੌਰ ਬਰਾੜ (ਅਧਿਆਪਿਕਾ)
ਜਿਉਣਵਾਲਾ (ਫ਼ਰੀਦਕੋਟ) (ਮੋ. 7657837495)
