ਹੁਣ ਜੰਗਲ ਦੀ ਅੱਗ ਬੇਕਾਬੂ ਹੋ ਗਈ ਐ, ਬੁਝਾਵਣ ਨਾਲੋਂ ਲਾਵਣ ਵਾਲੇ ਵਧ ਗਏ ਨੇ।
ਹੁਣ ਜੰਗਲ ਦੀ ਅੱਗ ਬੇਕਾਬੂ ਹੋ ਗਈ ਐ,
ਬੁਝਾਵਣ ਨਾਲੋਂ ਲਾਵਣ ਵਾਲੇ ਵਧ ਗਏ ਨੇ।
ਇਕ ਰਾਸ਼ਟਰ ਇਕ ਪੇਟ ਕਦੇ ਨਹੀਂ ਹੋ ਸਕਦਾ,
ਕਮਾਵਣ ਨਾਲੋਂ ਖਾਵਣ ਵਾਲੇ ਵਧ ਗਏ ਨੇ।
ਚੰਦਨ ਸੰਦਲ ਸਾਹਲ ਕੀਮਤੀ ਲੱਕੜ ਦੇ,
ਰੁੱਖ ਲਾਵਣ ਨਾਲੋਂ ਕਟਾਵਣ ਵਾਲੇ ਵਧ ਗਏ ਨੇ।
ਵਿਦਿਆ ਵਿਚਾਰੀ ਚੋਰ ਬਜ਼ਾਰੀ ਦੇ ਢਾਹੇ ਚੜ੍ਹ ਗਈ ਏ,
ਪੇਪਰ ਪਾਵਣ ਨਾਲੋਂ ਲੀਕ ਕਰਾਵਣ ਵਾਲੇ ਵਧ ਗਏ ਨੇ।
ਹੁਣ ਕੀ ਭਰੋਸਾ ਚੋਣ ਵੀ ਸਹੀ ਸਲਾਮਤ ਹੋਊ,
ਵੋਟਾਂ ਪਾਵਣ ਵਾਲਿਆਂ ਤੋਂ ਚੁਰਾਵਣ ਵਾਲੇ ਵਧ ਗਏ ਨੇ।
ਗਣਤੰਤਰ ਵੀ ਹੁਣ ਆਟੇ ਦੀ ਗਊ ਬਣ ਗਿਆ ਏ,
ਚਾਰੇ ਨਾਲੋਂ ਫੰਡ ਉਗਰਾਵਣ ਵਾਲੇ ਵਧ ਗਏ ਨੇ।
ਹਰ ਚੁੱਲ੍ਹੇ ਹਰ ਵੋਟਰ ਦੇ ਸਿਰ ਤੋਂ ਕਰਜ਼ਾ ‘ਕੈਲ’,
ਲਾਹਵਣ ਦੀ ਥਾਂ ਚੜ੍ਹਾਵਣ ਵਾਲੇ ਵਧ ਗਏ ਨੇ!!
- ਕਰਨੈਲ ਕੈਲ (ਸਿਆਟਲ)
