ਖ਼ਬਰਾਂ |

ਤਾਜ਼ਾ |

ਪਾਪਾ ਬਿਨਾਂ ਕਿਵੇਂ ਬੀਤੇ ਦੋ ਸਾਲ
Published : Aug 4, 2026, 9:27 am IST
Updated : Aug 4, 2026, 9:27 am IST
SHARE ARTICLE
How the last two years passed without Papa
How the last two years passed without Papa

ਪਾਪਾ ਬਿਨਾਂ ਕਿਵੇਂ ਬੀਤੇ ਦੋ ਸਾਲ

ਮੈਨੂੰ, ਮੇਰੇ ਬੇਟੇ ਨੇ ਦਸਿਆ ਕਿ ਰੱਬੀ ਸ਼ੇਰਗਿੱਲ ਦਾ ਗੀਤ ‘ਤੇਰੇ ਬਿਨ’ ਪ੍ਰੇਮਿਕਾ ਲਈ ਨਹੀਂ ਬਲਕਿ ਪਿਤਾ ਵਾਸਤੇ ਲਿਖਿਆ ਗਿਆ ਹੈ। ਇਕਦਮ ਉਸ ਗੀਤ ਦੇ ਲਫ਼ਜ਼ ਮੈਨੂੰ ਢੁਕਵੇਂ ਜਾਪਣੇ ਸ਼ੁਰੂ ਹੋ ਗਏ। ਜਾਣਾ ਤਾਂ ਭਾਵੇਂ ਹਰ ਇਨਸਾਨ ਨੇ ਹੀ ਹੁੰਦਾ ਹੈ ਪਰ ਪਿਤਾ ਜਿਹਾ ਕੋਈ ਨਹੀਂ ਹੁੰਦਾ ਜੋ ‘‘ਚੁੱਕੇ ਨਖ਼ਰਾ ਮੇਰਾ’’ ਜਾਂ ‘‘ਤੇਰੇ ਬਿਨ ਹੋਰ ਨਾ ਕਿਸੇ ਕਰਨੀ ਧੁੱਪ ਵਿਚ ਛਾਂ।’’ ਅੱਜ ਉਨ੍ਹਾਂ ਨੂੰ ਗਿਆਂ ਦੋ ਸਾਲ ਹੋ ਗਏ ਹਨ ਪਰ ਅੱਜ ਵੀ ਜੇ ਦੋ ਪਲ ਲਈ ਉਨ੍ਹਾਂ ਨੂੰ ਯਾਦ ਕਰਨ ਦੀ ਦਿਲ ਤੋਂ ਇਜਾਜ਼ਤ ਮੰਗਦੀ ਹਾਂ ਤਾਂ ਹੰਝੂ ਨਹੀਂ ਰੁਕਦੇ। ਉਨ੍ਹਾਂ ਦੇ ਹੁੰਦੇ ਭਾਵੇਂ ਜ਼ਿੰਦਗੀ ਵਿਚ ਕੁੱਝ ਵੀ ਹੋ ਜਾਂਦਾ, ਇਕ ਥਾਂ ਸੀ ਜਿਥੇ ਕੋਈ ਰਾਹ ਤੇ ਸਹਾਰਾ ਸੌ ਫ਼ੀ ਸਦੀ ਮਿਲ ਜਾਂਦਾ ਸੀ। ਦਿਲ ਦੀ ਹਰ ਗੱਲ, ਹਰ ਡਰ, ਹਰ ਖ਼ਾਹਿਸ਼ ਬਿਨਾਂ ਕਿਸੇ ਝਿਜਕ ਦੇ ਉਨ੍ਹਾਂ ਨੂੰ ਕਹਿ ਦਿੰਦੇ ਸੀ। ਹਰ ਕਿਸੇ ਦਾ ਅਪਣੇ ਮਾਂ-ਬਾਪ ਨਾਲ ਇਹੋ ਜਿਹਾ ਹੀ ਰਿਸ਼ਤਾ ਹੁੰਦਾ ਹੈ ਤੇ ਇਹ ਉਨ੍ਹਾਂ ਦੇ ਜਾਣ ਤੋਂ ਬਾਅਦ ਹੀ ਪਤਾ ਚਲਦਾ ਹੈ ਕਿ ਇਸ ਵਿਛੋੜੇ ਦਾ ਦਰਦ ਰੂਹ ਵਿਚ ਖੰਜਰ ਵਾਂਗ ਇਕ ਵਾਰ ਨਹੀਂ, ਵਾਰ-ਵਾਰ ਵਜਦਾ ਹੈ। ਫਿਰ ਵਕਤ ਦੇ ਨਾਲ ਦਰਦ ਸਹਿਣ ਕਰਨ ਦੀ ਸ਼ਕਤੀ ਮਿਲਦੀ ਜਾਂਦੀ ਹੈ, ਹੰਝੂ ਰੁਕ ਜਾਂਦੇ ਹਨ ਤੇ ਹੌਲੀ-ਹੌਲੀ ਉਹ ਦਰਦ ਤੁਹਾਨੂੰ ਸਬਰ ਕਰਨਾ ਸਿਖਾ ਦਿੰਦਾ ਹੈ।

ਉਨ੍ਹਾਂ ਦੇ ਜਾਣ ਨਾਲ ਇਕਦਮ ਜ਼ਿੰਮੇਵਾਰੀਆਂ ਦਾ ਪਹਾੜ ਸਿਰ ’ਤੇ ਆ ਗਿਆ। ਔਖੇ ਵੇਲੇ ਸੋਚਦੀ ਹਾਂ ਕਿ ਜੇ ਪਾਪਾ ਹੁੰਦੇ ਤਾਂ ਕੀ ਕਰਦੇ? ਹਰ ਕਦਮ ’ਤੇ ਉਨ੍ਹਾਂ ਦੇ ਪੁਰਾਣੇ ਸਾਥੀਆਂ ਤੋਂ ਪੁੱਛ ਲੈਂਦੀ ਹਾਂ ਕਿ ਪਾਪਾ ਕੀ ਕਹਿੰਦੇ ਹੁੰਦੇ ਸੀ ਤੇ ਮੈਂ ਕੁੱਝ ਗ਼ਲਤ ਤਾਂ ਨਹੀਂ ਕਰ ਰਹੀ।

ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਚੁੱਕਣ ਵਾਸਤੇ ਮੇਰੇ ਨਾਲ, ਉਨ੍ਹਾਂ ਨੂੰ ਪ੍ਰੇਮ ਕਰਨ ਵਾਲੇ ਕਈ ਲੋਕ ਜੁੜ ਗਏ ਕਿਉਂਕਿ ਉਹ ਮੇਰੀ ਲੋੜ ਨੂੰ ਸਮਝਦੇ ਹਨ। ਉਨ੍ਹਾਂ ਜਾਣ ਮਗਰੋਂ ਕਈ ਬੁਰੇ ਲੋਕ ਵੀ ਆਏ, ਬੁਰਾ ਵਕਤ ਵੀ ਆਇਆ ਪਰ ਇੰਜ ਲਗਦਾ ਹੈ ਜਿਵੇਂ ਪਾਪਾ ਕਿਤੋਂ ਮੇਰਾ ਖ਼ਿਆਲ ਰੱਖ ਰਹੇ ਹਨ, ਉਹ ਚਲੇ ਵੀ ਗਏ ਅਤੇ ਚੰਗੇ ਲੋਕ ਹੁਣ ਵੀ ਹਨ ਤੇ ਨਵੇਂ ਵੀ ਮਿਲੇ ਜਿਨ੍ਹਾਂ ’ਚੋਂ ਪਾਪਾ ਦੀ ਝਲਕ ਮਿਲਦੀ ਰਹਿੰਦੀ ਹੈ।

ਇਨ੍ਹਾਂ ਦੋ ਸਾਲਾਂ ਵਿਚ ਪਤਾ ਲੱਗਾ ਕਿ ਮੇਰੇ ਪਿਤਾ ਮੈਨੂੰ ਕਿੰਨਾ ਅਮੀਰ ਬਣਾ ਕੇ ਗਏ ਹਨ। ਉਨ੍ਹਾਂ ਨੇ ਜਿਹੜੀ ਅਮੀਰੀ ਮੈਨੂੰ ਬਖ਼ਸ਼ੀ ਹੈ, ਉਹ ਜ਼ਮੀਨਾਂ, ਸੋਨੇ-ਚਾਂਦੀ ਅਤੇ ਪੈਸੇ ਤੋਂ ਕਿਧਰੇ ਉਪਰ ਹੈ। ਉਨ੍ਹਾਂ ਮੈਨੂੰ ਫੌਲਾਦੀ ਤੇ ਜੁਝਾਰੂ ਬਣਾਇਆ, ਇਸੇ ਲਈ ਜ਼ਿੰਦਗੀ ਕੁੱਝ ਵੀ ਕਰੇ, ਮੈਂ ਮੁੜ ਤੋਂ ਖੜੀ ਹੋ ਜਾਂਦੀ ਹਾਂ। ਇਕ ਮਨੋਵਿਗਿਆਨਕ ਡਾਕਟਰ ਕੋਲ ਬੈਠੀ ਸੀ ਤਾਂ ਉਸ ਨੇ ਕਿਹਾ ਕਿ ਜੋ-ਜੋ ਤੁਹਾਡੀ ਜ਼ਿੰਦਗੀ ਵਿਚ ਵਾਪਰਿਆ ਹੈ, ਉਸ ਵਿਚੋਂ ਜ਼ਿਆਦਾਤਰ ਲੋਕ ਦੁਬਾਰਾ ਨਿਕਲ ਨਹੀਂ ਸਕਦੇ ਪਰ ਤੁਹਾਡੀ ਅੰਦਰੂਨੀ ਇੱਛਾ ਸ਼ਕਤੀ ਇੰਨੀ ਤਾਕਤਵਰ ਹੈ ਕਿ ਤੁਸੀ ਵਾਰ-ਵਾਰ ਹਨੇਰੇ ’ਚੋਂ ਨਿਕਲ ਕੇ ਫਿਰ ਅਪਣੇ ਆਪ ਨੂੰ ਲੱਭ ਲੈਂਦੇ ਹੋ। ਉਹ ਤਾਕਤ ਦੇਣ ਵਾਲੇ ਮੇਰੇ ਮਾਤਾ-ਪਿਤਾ ਹੀ ਹਨ। ਪਾਪਾ ਨੇ ਇਸ ਕਦਰ ਪਿਆਰ ਦਿਤਾ, ਹਰ ਤਰ੍ਹਾਂ ਦੀ ਖੁਲ੍ਹ ਦਿਤੀ, ਹਰ ਗ਼ਲਤੀ ਮੁਆਫ਼ ਕੀਤੀ, ਹਰ ਸਫ਼ਲਤਾ ਵਿਚ ਮਾਣ ਦਾ ਇਜ਼ਹਾਰ ਕੀਤਾ ਕਿ ਅੱਜ ਮੈਂ ਮਰਦਾਂ ਦੀ ਦੁਨੀਆਂ ਵਿਚ ਡਟੀ ਖੜੀ ਹਾਂ।

ਅੱਜ ਦੇ ਸਮੇਂ ਵਿਚ ਸ. ਜੋਗਿੰਦਰ ਸਿੰਘ ਵਰਗੇ ਇਨਸਾਨ ਘਟ ਕਿਉਂ ਰਹੇ ਹਨ? ਅੱਜ ਜਦੋਂ ਅਸੀ ਗੱਲ ਕਰਦੇ ਹਾਂ ਕਿ ਸਾਡੇ ਆਗੂ, ਸਾਡੇ ਤਖ਼ਤਾਂ ਦੇ ਰਖਵਾਲੇ, ਗੁਰੂ ਦੇ ਅੱਗੇ ਨਹੀਂ ਬਲਕਿ ਸ਼ਖ਼ਸੀਅਤਾਂ ਸਾਹਮਣੇ ਝੁਕਦੇ ਹਨ ਤਾਂ ਘਬਰਾਹਟ ਹੁੰਦੀ ਹੈ। ਅੱਜ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਕ ਪੰਥਕ ਪਾਰਟੀ ਦਾ ਆਗੂ ਅਕਾਲ ਤਖ਼ਤ ਸਾਹਮਣੇ ਬੋਲੇ ਅਪਣੇ ਅਲਫ਼ਾਜ਼ਾਂ ਤੋਂ ਮੁੱਕਰ ਗਿਆ ਤੇ ਉਸ ਦੀ ਇਸ ਗੁਸਤਾਖ਼ੀ ’ਤੇ ਉਸ ਨੂੰ ਨਹੀਂ ਬਲਕਿ ਉਸ ਤੋਂ ਇਹ ਸਵਾਲ ਪੁੱਛਣ ਵਾਲੇ ਜਥੇਦਾਰ ਨੂੰ ਹੀ ਕਟਹਿਰੇ ਵਿਚ ਖੜਾ ਕਰ ਦਿਤਾ ਗਿਆ।

ਮੇਰੇ ਪਿਤਾ ਜੀ ਨੇ ਇੰਨਾ ਕੁੱਝ ਇਸ ਲਈ ਸਹਾਰਿਆ ਕਿਉਂਕਿ ਉਹ ਅਪਣੇ ਗੁਰੂ ਸਾਹਮਣੇ ਝੂਠੇ ਸਾਬਤ ਨਹੀਂ ਸੀ ਹੋਣਾ ਚਾਹੁੰਦੇ। ਭਾਵੇਂ ਇਸ ਦੁਨੀਆਂ ਵਿਚ ਤਾਕਤਵਰ ਸ਼ਖ਼ਸਾਂ ਨੇ ਉਨ੍ਹਾਂ ਨੂੰ ਆਰਥਕ ਤੇ ਜਿਸਮਾਨੀ ਤਬਾਹੀ ਕੰਢੇ ਖੜਾ ਕਰ ਦਿਤਾ ਪਰ ਉਨ੍ਹਾਂ ਈਨ ਨਹੀਂ ਮੰਨੀ। ਇਹ ਨਹੀਂ ਕਿ ਮੇਰੇ ਪਿਤਾ ਜੀ ਹੀ ਇਕੱਲੇ ਸਨ, ਜਿਨ੍ਹਾਂ ਦਾ ਕਿਰਦਾਰ ਉੱਚਾ ਸੀ ਬਲਕਿ ਉਨ੍ਹਾਂ ਵਰਗੇ ਕਈ ਹੋਰ ਵੀ ਸਨ ਤੇ ਅੱਜ ਵੀ ਮੌਜੂਦ ਹਨ।

ਪਾਪਾ ਮੈਨੂੰ ਆਖਦੇ ਸਨ ਕਿ ਉਹ ਹੁਣ ਸਿਆਸਤ ਵਿਚ ਬਦਲਾਅ ਤੋਂ ਮੂੰਹ ਮੋੜ ਚੁੱਕੇ ਹਨ ਤੇ ਸਿਰਫ਼ ਬਾਬਾ ਨਾਨਕ ਜੀ ਵਲ ਧਿਆਨ ਲਗਾਉਣਾ ਚਾਹੁੰਦੇ ਹਨ। ਲੋਕ ਉਨ੍ਹਾਂ ਬਾਰੇ ਬੜੀਆਂ ਗ਼ਲਤ ਟਿੱਪਣੀਆਂ ਕਰਦੇ ਸਨ। ਪਾਪਾ ਦਾ ਬਾਬੇ ਨਾਨਕ ’ਤੇ ਧਿਆਨ ਕੇਂਦਰਤ ਕਰਨ ਪਿੱਛੇ ਸੱਚ ਸੀ ਕਿ ਇਹ ਪਹਿਲੀ ਪੌੜੀ ਹੈ ਜੋ ਸਿੱਖੀ ਵਲ ਜਾਂਦੀ ਹੈ, ਜੋ ਇਕ ਸ਼ਖ਼ਸ ਨੂੰ ਸੰਪੂਰਨ ਇਨਸਾਨ ਬਣਾਉਂਦੀ ਹੈ। ਜੇ ਤੁਸੀ ਬਰਾਬਰੀ, ਇਨਸਾਨੀਅਤ, ਹਮਦਰਦੀ ਵਾਲੀ ਸੋਚ ਦੇ ਮਾਲਕ ਨਹੀਂ ਹੋ ਤਾਂ ਤੁਸੀ ਅਸਲ ਸਿੱਖ ਨਹੀਂ ਬਣ ਸਕਦੇ। ਅੱਜ ਅਸੀਂ ਦੇਖਦੇ ਹਾਂ ਕਿ ਅਪਣੇ ਆਪ ਨੂੰ ‘ਪੰਥਕ ਆਗੂ’ ਅਖਵਾਉਣ ਵਾਲਿਆਂ ਦਾ ਬਾਣਾ ਤਾਂ ਪੂਰਾ ਹੁੰਦਾ ਹੈ ਪਰ ਸੋਚ ਵਿਚ ਸਿੱਖੀ ਨਹੀਂ ਹੁੰਦੀ। ਜਾਤ-ਪਾਤ, ਕਰਮਕਾਂਡ, ਔਰਤਾਂ ਨਾਲ ਦੁਰਵਿਵਹਾਰ ਕਰਨ ਵਾਲੇ, ਬਾਬਾ ਨਾਨਕ ਦੇ ਸਿੱਖ ਨਹੀਂ ਹੋ ਸਕਦੇ ਤੇ ਜੋ ਬਾਬੇ ਨਾਨਕ ਦਾ ਨਹੀਂ ਤਾਂ ਫਿਰ ਉਹ ਦਸਵੇਂ ਪਾਤਸ਼ਾਹ ਦਾ ਸਿੱਖ ਕਿਵੇਂ ਬਣ ਸਕਦਾ ਹੈ? ਕੀ ਦਸਵੇਂ ਪਾਤਸ਼ਾਹ, ਬਾਬਾ ਨਾਨਕ ਦੀ ਕਿਸੇ ਸੋਚ ਦੀ ਖ਼ਿਲਾਫ਼ਤ ਕਰਦੇ ਹਨ? ਉਨ੍ਹਾਂ ਨੇ ਤਾਂ ਸਮਾਜ ਦੀ ਰੱਖਿਆ ਲਈ ਅਪਣਾ ਪਿਤਾ ਵਾਰ ਦਿਤਾ, ਸਿਧਾਂਤਾਂ ਵਾਸਤੇ ਬੱਚੇ ਵਾਰ ਦਿਤੇ ਤੇ ਤਾਨਾਸ਼ਾਹੀ ਵਿਰੁਧ ਪੂਰਾ ਪ੍ਰਵਾਰ ਹੀ ਵਾਰ ਦਿਤਾ। ਕੀ ਉਹ ਅਜਿਹੇ ਸਿੱਖਾਂ ਨੂੰ ਅਪਣੀ ਫ਼ੌਜ ਵਿਚ ਸ਼ਾਮਲ ਕਰਦੇ, ਜੋ ਤਖ਼ਤ ਸਾਹਮਣੇ ਝੂਠ ਬੋਲਦੇ ਜਾਂ ਔਰਤਾਂ ਨਾਲ ਬੁਰਾ ਵਿਵਹਾਰ ਕਰਦੇ?

ਇਨ੍ਹਾਂ ਦੋ ਸਾਲਾਂ ਵਿਚ ਮੈਂ ਪਾਪਾ ਦੀ ਸਿਆਸਤਦਾਨਾਂ ਸਬੰਧੀ ਨਿਰਾਸ਼ਾ ਨੂੰ ਸਮਝੀ ਹਾਂ। ਸਿਆਸਤਦਾਨਾਂ ਤੋਂ ਆਸ ਰਖਣੀ ਸਾਡੀ ਬੇਵਕੂਫ਼ੀ ਹੈ।  ਪਾਪਾ ਆਖਦੇ ਸਨ ਕਿ ਅੱਜ ਦਾ ਸਿਆਸਤਦਾਨ ਕਿਸੇ ਦਾ ਸਕਾ ਨਹੀਂ ਹੁੰਦਾ ਤੇ ਉਨ੍ਹਾਂ ਦੀਆਂ ਗੱਲਾਂ ਦਾ ਸੱਚ ਵੀ ਦਿਖਦਾ ਪਿਆ ਹੈ। ਮੇਰੇ ਮਾਤਾ-ਪਿਤਾ ਅਤੇ ਉਨ੍ਹਾਂ ਵਰਗੇ ਕਿੰਨੇ ਹੀ ਸਿੱਖਾਂ ਵਿਚ ਜੋ ਗੁਰੂ ਪ੍ਰਤੀ ਸ਼ਰਧਾ ਭਾਵਨਾ ਸੀ, ਉਹ ਕਿਤੇ ਗਵਾਚ ਗਈ ਹੈ। ਲੋਕ ਆਖਦੇ ਹਨ ਕਿ ਸਾਨੂੰ ਗੁਰੂ ਤੋਂ ਦੂਰ ਕਰ ਦਿਤਾ ਗਿਆ। ਪਰ ਕੌਣ ਕਰ ਸਕਦਾ ਹੈ ਇਹ? ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹਨ। ਉਸ ਵਿਚ ਹਰ ਦੁਬਿਧਾ ਦਾ ਹੱਲ ਹੈ ਤੇ ਅੱਜ ਦੀ ਦੁਬਿਧਾ ਇਹ ਹੈ ਕਿ ਅਸੀ ਉਸ ਹੱਲ ਤੋਂ ਆਪ ਹੀ ਦੂਰ ਹੁੰਦੇ ਜਾ ਰਹੇ ਹਾਂ। ਸਾਨੂੰ ਅਪਣੀਆਂ ਇਨਸਾਨੀ ਕਦਰਾਂ ਕੀਮਤਾਂ ਨੂੰ ਆਪ ਹੀ ਜਗਾਉਣਾ ਪਵੇਗਾ। ਇਹ ਵਾਕ ਮੈਂ ਕਈ ਵਾਰ ਇਸਤੇਮਾਲ ਕਰਦੀ ਹਾਂ ਕਿ ‘‘ਖ਼ੁਦੀ ਕੋ ਕਰ ਬੁਲੰਦ ਇਤਨਾ ਕਿ ਖ਼ੁਦਾ ਬੰਦੇ ਸੇ ਪੂਛੇ ਕਿ ਬਤਾ ਤੇਰੀ ਰਜ਼ਾ ਕਿਆ ਹੈ।’’

ਜੇ ਅਸੀ ਸਿਆਸਤਦਾਨਾਂ ਦੀ ਤਾਕ ਵਿਚ ਬੈਠੇ ਰਹੇ ਤਾਂ ਸਮਾਜ ਵਿਚ ਕੁੱਝ ਨਹੀਂ ਬਦਲਣਾ। ਜੇ ਅਸੀ ਅਪਣੇ ਆਪ ਨੂੰ ਗੁਰੂ ਦੇ ਕਾਬਲ ਬਣਾ ਲਿਆ ਤਾਂ ਹੌਲੀ ਹੌਲੀ ਸਮਾਜ ਵਿਚ ਵੀ ਬਦਲਾਅ ਆ ਜਾਵੇਗਾ ਤੇ ਬਦਲਦੇ ਸਮਾਜ ਵਿਚੋਂ ਨਵੇਂ ਆਗੂ ਵੀ ਆਉਣਗੇ। ਦੁਨੀਆਂ ਵਿਚ ਸਮਾਜਕ ਤਬਦੀਲੀ ਸਰਕਾਰਾਂ ਨੇ ਨਹੀਂ ਲਿਆਉਣੀ ਬਲਕਿ ਤੁਹਾਡੇ ਛੋਟੇ-ਛੋਟੇ ਕਦਮਾਂ ਨਾਲ ਆਉਣੀ ਹੈ। ਔਰਤਾਂ ਨੂੰ ਬਰਾਬਰੀ ਸਦਨ ਵਿਚ ਮਿਲਣ ਨਾਲ ਹੱਕਾਂ ਦੀ ਰਾਖੀ ਨਹੀਂ ਹੋਣੀ ਸਗੋਂ ਰਾਖੀ ਉਸ ਵਕਤ ਹੋਵੇਗੀ ਜਦੋਂ ਚਾਰ-ਦੀਵਾਰੀ ਵਿਚ ਪਿਤਾ ਅਪਣੀ ਪਤਨੀ, ਬੇਟੀ, ਨੂੰਹ ਨੂੰ ਸਤਿਕਾਰ ਦੇਵੇਗਾ। 

ਮੇਰੇ ਪਿਤਾ ਦੇ ਕਿਰਦਾਰ ਦੀ ਬੁਨਿਆਦ ਹੀ ਬਾਬਾ ਨਾਨਕ ਦੇ ਸਿਧਾਂਤ ਤੇ ਗੁਰੂ ਗ੍ਰੰਥ ਸਾਹਿਬ ’ਤੇ ਅਟੁੱਟ ਵਿਸ਼ਵਾਸ ਅਤੇ ਇੰਤਹਾ ਪਿਆਰ ਸੀ। ਉਨ੍ਹਾਂ ਦੇ ਤਰ੍ਹਾਂ ਦੇ ਲੋਕ ਪਹਿਲਾਂ ਬਹੁਤ ਹੁੰਦੇ ਸਨ ਤੇ ਅੱਜ ਘੱਟਦੇ ਜਾ ਰਹੇ ਹਨ ਪ੍ਰੰਤੂ ਅਜਿਹੇ ਕਿਰਦਾਰਾਂ ਨੂੰ ਵਧਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਹੈ। ਜਿਨ੍ਹਾਂ ਨੇ ਪਾਪਾ ਦੀ ਸੋਚ ਸਮਝੀ ਹੈ, ‘ਉੱਚਾ ਦਰ’ ਵਿਚ ਫ਼ਿਲਮਾਂ ਰਾਹੀਂ ਉਹ ਤੁਹਾਡਾ ਰਾਹ ਆਸਾਨ ਕਰ ਗਏ ਹਨ। ਸ਼ੁਰੂਆਤ ਹੋ ਸਕਦੀ ਹੈ ਪਰ ਅੱਗੇ ਦਾ ਰਾਹ ਤੁਸੀ ਆਪ ਬਣਾਉਣਾ ਹੈ। ਰਾਹ ਔਖਾ ਹੈ ਪਰ ਸੁਕੂਨ ਤੇ ਅਸਲ ਦੌਲਤ ਤਾਂ ਉਸ ਵਿਚ ਹੀ ਹੈ। ਦੁਨਿਆਵੀ ਦੌਲਤ ਆਉਂਦੀ ਜਾਂਦੀ ਰਹਿੰਦੀ ਹੈ, ਪਰ ਅਸਲ ਤਾਂ ਕਿਰਦਾਰ ਹੁੰਦਾ ਹੈ, ਉਹ ਹਾਰਦਾ ਹੈ ਜਾਂ ਜਿਤਵਾਉਂਦਾ ਹੈ। ਮੇਰੇ ਪਿਤਾ ਜੀ ਹੁਣ ਇਸ ਦੁਨੀਆ ਵਿਚ ਨਹੀਂ ਹਨ ਪਰ ਉਨ੍ਹਾਂ ਦਾ ਹੱਥ ਅੱਜ ਵੀ ਮੇਰੇ ਸਿਰ ਉੱਤੇ ਹੈ। ਸ਼ਾਇਦ ਮੈਂ ਵੀ ਕਦੇ ਅਜਿਹੇ ਕਿਰਦਾਰ ਦੀ ਮਾਲਕ ਬਣ ਜਾਵਾਂ। ਹਾਂ, ਕੋਸ਼ਿਸ਼ ਤਾਂ ਜ਼ਰੂਰ ਕਰਾਂਗੀ।

ਜਿਨ੍ਹਾਂ ਸਾਰਿਆਂ ਨੇ ਸ. ਜੋਗਿੰਦਰ ਸਿੰਘ ਦੇ ਜਾਣ ਬਾਅਦ ਸਪੋਕਸਮੈਨ ਨੂੰ ਸਮਰਥਨ ਦਿਤਾ, ‘ਉੱਚਾ ਦਰ ਬਾਬੇ ਨਾਨਕ ਦਾ’ ਲਈ ਸਹਿਯੋਗ ਦਿਤਾ ਤੇ ਸਪੋਕਸਮੈਨ ਟੀਵੀ ਨੂੰ ਸਰਾਹਿਆ, ਉਨ੍ਹਾਂ ਸਭਨਾਂ ਦਾ ਦਿਲੋਂ ਸ਼ੁਕਰਾਨਾ। ਪਾਪਾ ਦਾ ਹਰ ਕਰਜ਼ ਉਤਾਰਾਂਗੀ, ਭਾਵੇਂ ਸਮਾਂ ਲੱਗ ਜਾਵੇ। ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਦੇ ਕੰਮਾਂ ’ਤੇ ਦੁਨਿਆਵੀ ਕਰਜ਼ੇ ਦਾ ਦਾਗ਼ ਨਾ ਰਹੇ। ਰਾਹ ਲੱਭ ਰਹੇ ਹਾਂ ਤੇ ਰਾਹ ਕੱਢ ਕੇ ਹੀ ਸਾਹ ਲਵਾਂਗੇ। ਤੁਹਾਡੇ ਸਭਨਾਂ ਦੇ ਪਿਆਰ, ਧੀਰਜ ਤੇ ਸਾਥ ਤੋਂ ਬਿਨਾ ਸਾਡੀ ਤਾਕਤ ਵੀ ਕਮਜ਼ੋਰ ਪੈ ਜਾਂਦੀ ਪਰ ਸਾਨੂੰ ਸਾਰਿਆਂ ਨੂੰ ਸ. ਜੋਗਿੰਦਰ ਸਿੰਘ ਦਾ ਪਿਆਰ ਬੰਨ੍ਹ ਕੇ ਰਖਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਘਮਾਸਾਨ! AAP ਦਾ BJP 'ਤੇ ਵੱਡਾ ਇਲਜ਼ਾਮ

19 Aug 2026 3:11 PM

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM
Advertisement