ਖ਼ਬਰਾਂ |

ਤਾਜ਼ਾ |

ਮੈਂ ਰਾਜਨੀਤੀ 'ਚ ਨਹੀਂ ਆਇਆ ਮੈਨੂੰ ਸੁਖਬੀਰ ਬਾਦਲ ਨੇ ਰਾਜਨੀਤੀ 'ਚ ਧੱਕਿਆ ਹੈ : ਗਿਆਨੀ ਹਰਪ੍ਰੀਤ ਸਿੰਘ

By : JAGDISH

Published : Apr 9, 2026, 6:20 pm IST
Updated : Apr 9, 2026, 6:20 pm IST
SHARE ARTICLE
I did not enter politics, Sukhbir Badal pushed me into politics: Giani Harpreet Singh
I did not enter politics, Sukhbir Badal pushed me into politics: Giani Harpreet Singh

ਕੋਈ ਨਾਲ ਖੜ੍ਹੇ ਜਾਂ ਨਾ ਖੜ੍ਹੇ ਪਰ ਮੈਂ ਸੱਚ 'ਤੇ ਪਹਿਰਾ ਦਿੰਦਾ ਰਹਾਂਗਾ

ਰੋਜ਼ਾਨਾ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਨਿਮਰਤ ਕੌਰ ਵੱਲੋਂ ਸਾਬਕਾ ਜਥੇਦਾਰ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਸਿੱਖੀ ਨਾਲ  ਅਤੇ ਸਿੱਖ ਰਾਜਨੀਤੀ ਨਾਲ ਜੁੜੇ ਹਰ ਪਹਿਲੂ ’ਤੇ ਚਰਚਾ ਕੀਤੀ ਗਈ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਰ ਗੱਲ ਦਾ ਜਵਾਬ ਬੜੇ ਸਹਿਜ ਅਤੇ ਸਰਲ ਤਰੀਕੇ ਨਾਲ ਦਿੱਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨਾਲ ਹਰ ਮੁੱਦੇ ’ਤੇ ਹੋਈ ਸਾਰੀ ਗੱਲਬਾਤ ਅਸੀਂ ਰੋਜ਼ਾਨਾ ਸਪੋਕਸਮੈਨ ਦੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ।

ਸਵਾਲ : ਤੁਸੀਂ ਇਕ ਬਹੁਤ ਵੱਡਾ ਮੋਰਚਾ ਸੰਭਾਲਿਆ ਹੈ, ਕੀ ਇਸ ਲਈ ਤਾਕਤ ਤੁਹਾਨੂੰ ਗੁਰੂ ਦੇ ਸ਼ਬਦਾਂ ਤੋਂ ਮਿਲੀ?
ਜਵਾਬ : ਹਰ ਕਾਰਜ ਲਈ ਸਭ ਨੂੰ ਤਾਕਤ ਗੁਰੂ ਹੀ ਦਿੰਦਾ ਹੈ, ਗੁਰੂ ਦੇ ਭਰੋਸੇ ਜਿਹੜਾ ਸਿੱਖ ਚਲਦਾ ਹੈ, ਉਹ ਮੰਜ਼ਿਲ ’ਤੇ ਵੀ ਜ਼ਰੂਰ ਪਹੁੰਚ ਜਾਂਦਾ ਹੈ ਪਰ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 18ਵੀਂ ਸਦੀ ਦਾ ਸਮਾਂ ਕੋਈ ਘੱਟ ਔਖਾ ਸਮਾਂ ਨਹੀਂ ਸੀ, ਉਸ ਸਮੇਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਉਸ ਸਮੇਂ ਸਿੱਖਾਂ ਕੋਲ ਨਾ ਘਰ ਸੀ, ਨਾ ਜ਼ਮੀਨ ਸੀ ਅਤੇ ਸਿੱਖ ਜੰਗਲ-ਬੇਲਿਆਂ ’ਚ ਰਹਿੰਦੇ ਸਨ। ਪਰ ਅੱਜ ਦੇ ਸਿੱਖਾਂ ਕੋਲ ਸਭ ਕੁੱਝ ਹੈ ਜਿਵੇਂ ਜ਼ਮੀਨਾਂ, ਕੋਠੀਆਂ, ਕਾਰਾਂ ਆਦਿ, ਪਰ ਸਿੱਖ ਰਸਾਤਲ ਵੱਲ ਜਾ ਰਿਹਾ ਹੈ। ਜਦਕਿ 18ਵੀਂ ਸਦੀ ਦੇ ਦੌਰ ਵਿਚ ਸਿੱਖ ਚੜ੍ਹਦੀਕਲਾ ਵਿਚ ਰਹਿੰਦੇ ਸਨ।

ਸਵਾਲ : ਛੋਟੇ ਅਤੇ ਵੱਡੇ ਘੱਲੂਘਾਰੇ ਦੇ ਦੌਰ ’ਚੋਂ ਅਸੀਂ ਲੰਘ ਆਏ, ਪਰ ਉਸ ਸਮੇਂ ਸਾਡੀ ਕੋਲ ਸਿੱਖੀ ਸੀ?
ਜਵਾਬ : ਉਸ ਸਮੇਂ ਸਾਡੇ ਕੋਲ ਗੁਰੂ ਸੀ ਅਤੇ ਗੁਰੂ  ਸਾਡੇ ਨਾਲ ਸੀ ਅੱਜ ਦੇ ਮੌਜੂਦਾ ਦੌਰ ਵਿਚ ਕਿਤੇ ਨਾ ਕਿਤੇ ਸਾਡੇ ਕੋਲੋਂ ਗਰੂ ਵਿਰਸਦਾ ਜਾ ਰਿਹਾ ਹੈ ਅਤੇ ਗੁਰੂ ਵੱਲ ਸਾਡੀ ਪਿੱਠ ਹੋ ਗਈ ਹੈ। ਗੁਰੂ ਦੇ ਸਿਧਾਂਤ, ਗੁਰੂ ਦੀ ਮਰਿਆਦਾ, ਗੁਰੂ ਦੀ ਪਰੰਪਰਾ ਜੋ ਕਦੇ ਸਾਡੇ ਲਈ ਬਹੁਤ ਅਹਿਮ ਹੁੰਦੀ ਸੀ, ਉਹ ਸਾਡੇ ਲਈ ਹੁਣ ਅਹਿਮ ਨਹੀਂ ਰਹੀ, ਪਰ ਅੱਜਕੱਲ੍ਹ ਸਾਡੇ ਲਈ ਪੈਸਾ, ਕੁਰਸੀਆਂ, ਅਹੁਦੇ ਆਦਿ ਸਾਡੇ ਲਈ ਅਹਿਮ ਬਣ ਕੇ ਰਹਿ ਗਏ ਹਨ।

ਸਵਾਲ : ਬੇਅਬਦੀਆਂ ਸਬੰਧੀ ਕਾਨੂੰਨ ਬਣਨ ਜਾ ਰਿਹਾ ਹੈ, ਪਰ ਜਿਹੜੀ ਬੇਅਦਬੀ ਸਿੱਖਾਂ ਵੱਲੋਂ ਹਰ ਰੋਜ਼ ਕੀਤੀ ਜਾਂਦੀ ਹੈ, ਉਸ ਦਾ ਕੀ ਬਣੇਗਾ?
ਜਵਾਬ : ਸਿੱਖ ਦੀ ਪਰਿਭਾਸ਼ਾ ਜਿਹੜੀ ਗੁਰੂ ਵੱਲੋਂ ਦੱਸੀ ਗਈ ਹੈ ਉਹ ਬਹੁਤ ਪਿਆਰੀ ਹੈ। ਜਿਹੜਾ ਗੁਰੂ ਦੇ ਭਾਣੇ ਨੂੰ ਮੰਨਦਾ ਹੈ, ਗੁਰੂ ਦੀ ਰਜ਼ਾ ਨੂੰ ਮੰਨਦਾ ਹੈ ਉਹ ਅਸਲ ਸਿੱਖ ਹੈ। ਪਰ ਜਿਹੜਾ ਗੁਰੂ ਨੂੰ ਨਹੀਂ ਮੰਨਦਾ ਹੈ, ਜਿਹੜਾ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ ਹੈ, ਜਿਹੜਾ ਗੁਰੂ ਦੀ ਮਰਿਆਦਾ ਨੂੰ ਹੀ ਨਹੀਂ ਮੰਨਦਾ ਉਹ ਸਿੱਖ ਨਹੀਂ ਹੋ ਸਕਦਾ ਹੈ। ਅੱਜ ਕੱਲ੍ਹ ਕੀ ਹੋ ਰਿਹਾ ਸਿੱਖ ਗੁਰੂ ਨੂੰ ਸਿਜਦਾ ਵੀ ਕਰਦੇ ਹਨ ਅਤੇ ਮੱਥਾ ਵੀ ਟੇਕਦੇ ਹਨ ਪਰ ਜਦੋਂ ਗੁਰੂ ਕੋਈ ਹੁਕਮ ਦਿੰਦਾ ਹੈ ਤਾਂ ਉਸ ਤੋਂ ਮੁਨਕਰ ਵੀ ਹੋ ਰਹੇ ਹਨ । ਜੇ ਤੁਸੀਂ ਗੁਰੂ ਦੇ ਸਿੱਖ ਹੋ ਤਾਂ ਗੁਰੂ ਦਾ ਹੁਕਮ ਵੀ ਮੰਨੋ ਜੋ ਗੁਰੂ ਦੇ ਹੁਕਮ ਨੂੰ ਹੀ ਨਹੀਂ ਮੰਨਦਾ ਉਹ ਸਿੱਖ ਨਹੀਂ ਹੋ ਸਕਦਾ, ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਹੈ ਉਹ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਵੀ ਗੁਆ ਲੈਂਦਾ ਹੈ।
ਸਵਾਲ : ਸਿਆਸਤ ਨੇ ਸਿੱਖ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ, ਪੁਰਾਣੇ ਸਮਿਆਂ ’ਚ ਸਿਰਫ ਇਕ ਵਿਅਕਤੀ ਨੂੰ ਤਨਖਾਹ ਲਗਾਈ ਸੀ, ਪਰ ਅੱਜ ਕੱਲ੍ਹ ਆਪਣੇ ਨਿੱਜੀ ਫਾਇਦਿਆਂ ਲਈ ਤਨਖਾਹ ਲਗਾਈ ਜਾਂਦੀ ਹੈ ?
ਜਵਾਬ : ਸਿਆਸਤ ਨੇ ਸਿੱਖ ਪੰਥ ਦਾ ਕਦੇ ਵੀ ਨੁਕਸਾਨ ਨਹੀਂ ਕੀਤਾ। ਸਿਆਸਤ ’ਚ ਜਿਹੜੇ ਮਾੜੇ ਬੰਦੇ ਆ ਗਏ ਉਨ੍ਹਾਂ ਵੱਲੋਂ ਪੰਥ ਦਾ ਨੁਕਸਾਨ ਕੀਤਾ ਗਿਆ। ਰਾਜਨੀਤੀ ਜਦੋਂ ਗਲਤ ਲੋਕਾਂ ਦੇ ਹੱਥਾਂ ’ਚ ਆ ਜਾਂਦੀ ਹੈ, ਸਵਾਰਥੀ ਲੋਕਾਂ ਦੇ ਹੱਥਾਂ ’ਚ ਆ ਜਾਂਦੀ ਹੈ, ਰਾਜਨੀਤੀ ਜਦੋਂ ਭੁੱਖੇ ਲੋਕਾਂ ਦੇ ਹੱਥਾਂ ’ਚ ਆ ਜਾਂਦੀ ਹੈ, ਉਦੋਂ ਨੁਕਸਾਨ ਕਰਦੀ ਹੈ ਇਸ ਤੋਂ ਇਲਾਵਾ ਰਾਜਨੀਤੀ ਨੁਕਸਾਨ ਨਹੀਂ ਕਰਦੀ ਹੈ। ਜਦੋਂ ਰਾਜਨੀਤੀ ਸਬਰ ਤੇ ਸੰਤੋਖ ਵਾਲੇ ਲੋਕਾਂ ਦੇ ਹੱਥਾਂ ਵਿਚ ਆ ਜਾਂਦੀ ਹੈ ਉਦੋਂ ਸਿਆਸਤ ਧਰਮ ਦਾ ਨੁਕਸਾਨ ਨਹੀਂ ਕਰਦੀ।

ਸਵਾਲ : ਰਾਜਨੀਤੀ ਦਾ ਕਿਰਦਾਰ ਹੀ ਵੱਖਰਾ ਹੈ, ਇਸ ਨੂੰ ਧਰਮ ਤੋਂ ਵੱਖਰਾ ਰੱਖਣਾ ਚਾਹੀਦਾ ਹੈ, ਇਸ ’ਚ ਸਿਆਸਤਦਾਨਾਂ ਨੂੰ ਆਪਣਾ ਫਾਇਦਾ ਨਜ਼ਰ ਆਉਂਦਾ ਹੈ?
ਜਵਾਬ : ਧਰਮ ਨੂੰ ਰਾਜਨੀਤਿਕ ਲੋਕ ਇਕ ਟੂਲ ਵਜੋਂ ਵਰਤਦੇ ਹਨ। ਜਦੋਂ ਸਿਆਸੀ ਲੋਕਾਂ ਨੇ ਦੇਖਿਆ ਕਿ ਜੇਕਰ ਅਕਾਲ ਤਖ਼ਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ ਕਹਿ ਕੇ ਗੱਦੀ ਮਿਲਦੀ ਹੈ ਤਾਂ ਰਾਜਨੀਤਿਕ ਲੋਕ ਇਹ ਨਾਅਰਾ ਦੇਣ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਟਦੇ ਅਤੇ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾ ਕੇ ਗੱਦੀ ਮਿਲਦੀ ਹੈ ਤਾਂ ਵੀ ਰਾਜਨੀਤਿਕ ਲੋਕ ਇਸ ਤੋਂ ਪਿੱਛੇ ਨਹੀਂ ਹਟਦੇ । ਜਿਹੜੇ ਵੱਡੇ-ਵੱਡੇ ਸਿਧਾਂਤਾਂ ਦੀ ਗੱਲ ਕਰਦੇ ਸੀ, ਜਿਹੜੇ ਮਰਿਆਦਾ ਦੀ ਗੱਲ ਕਰਦੀ ਸੀ, ਇਹ ਨੁਕਸਾਨ ਕਿਸ ਨੇ ਕੀਤਾ ਫਲਾਣੇ ਬੰਦੇ ਕੀਤਾ, ਪਰ ਜਦੋਂ ਦੇਖਿਆ ਕਿ ਉਸ ਬੰਦੇ ਕਰਕੇ ਤਾਂ ਸਾਨੂੰ ਕੁਰਸੀ ਮਿਲ ਸਕਦੀ ਹੈ, ਤਾਂ ਉਸ ਨੂੰ ਜੱਫੀ ਪਾ ਲਈ ਜਾਂਦੀ ਹੈ। ਪਰ ਉਸ ਸਮੇਂ ਇਹ ਭੁੱਲ ਜਾਂਦੇ ਹਾਂ ਕਿ ਚਾਰ ਮਹੀਨੇ ਪਹਿਲਾਂ ਤਾਂ ਅਸੀਂ ਇਨ੍ਹਾਂ ’ਤੇ ਸਿਧਾਂਤਾਂ, ਮਰਿਆਦਾਵਾਂ ਦਾ ਘਾਣ ਕਰਨ ਦੇ ਇਲਜ਼ਮ ਲਗਾਏ ਸੀ, ਕੀ ਜੱਫੀ ਪਾਉਣ ਸਮੇਂ ਉਨ੍ਹਾਂ ਨੇ ਸੁਧਾਰ ਕਰ ਲਿਆ ਸੀ।

ਸਵਾਲ : ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੇ ਸਭ ਭੁੱਲ ਗਏ ਹਨ ਕਿ ਬਰਗਾੜੀ ਕਾਂਡ ਹੋਇਆ ਸੀ ਜਾਂ ਸੌਦਾ ਸਾਧ ਨੂੰ ਮੁਆਫ਼ੀ ਦਿੱਤੀ ਗਈ ਸੀ?
ਜਵਾਬ : ਹੁਣ ਹਾਲਤ ਇਹ ਹੋ ਚੁੱਕੀ ਹੈ ਕਿ ਐਮ.ਐਲ.ਏ. ਦੀ ਕੁਰਸੀ ਮਿਲਣੀ ਚਾਹੀਦੀ, ਮੰਤਰੀ ਦੀ ਕੁਰਸੀ ਮਿਲਣੀ ਚਾਹੀਦੀ ਜਾਂ ਡਿਪਟੀ ਸੀ.ਐਮ. ਦੀ ਕੁਰਸੀ ਮਿਲਣੀ ਚਾਹੀਦੀ ਹੈ। ਉਹ ਕੁਰਸੀ ਚੋਰ ਤੋਂ ਮਿਲਦੀ ਹੈ, ਡਾਕੂ ਤੋਂ ਮਿਲਦੀ ਹੈ, ਬੇਈਮਾਨ ਤੋਂ ਮਿਲਦੀ ਹੈ ਜਾਂ ਬੇਧਰਮੀ ਤੋਂ ਮਿਲਦੀ ਹੈ ਲੈ ਲਓ ਕੀ ਫਰਕ ਪੈਂਦਾ ਹੈ, ਬਸ ਕੁਰਸੀ ਮਿਲਣੀ ਚਾਹੀਦੀ ਹੈ।

ਸਵਾਲ : ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਪੁਰਨ ਸੁਰਜੀਤ ਅਕਾਲੀ ਦਲ ’ਚ ਆਉਣ ਵਾਲੇ ਅੱਜ ਫਿਰ ਅਕਾਲੀ ਦਲ ਬਾਦਲ ’ਚ ਵਾਪਸ ਜਾ ਰਹੇ ਹਨ, ਕੀ ਉਨ੍ਹਾਂ ਨੇ ਤੁਹਾਨੂੰ ਅਕਾਲੀ ਦਲ ਬਾਰੇ ਕੁੱਝ ਦੱਸਿਆ ਨਹੀਂ ਸੀ?
ਜਵਾਬ : ਬਹੁਤ ਸਾਰੇ ਬੰਦੇ ਹਨ ਜਿਹੜੇ ਸਾਡੇ ਕੋਲ ਆ ਕੇ ਕਹਿੰਦੇ ਸੀ ਕਿ ਇਸ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕਰ ਦਿੱਤਾ ਅਤੇ ਇਸ ਪਰਿਵਾਰ ਨੇ ਅਕਾਲੀ ਦਲ ਦਾ ਬੇੜਾ ਗਰਕ ਕਰ ਦਿੱਤਾ ਹੈ। ਜਿਹੜੇ ਕਹਿੰਦੇ ਸੀ ਕਿ ਅਸੀਂ ਗਵਾਹ ਹਾਂ ਕਿ ਇਨ੍ਹਾਂ ਨੇ ਜੋ ਕੁੱਝ ਕੀਤਾ ਹੈ ਪਰ ਮੈਂ ਉਨ੍ਹਾਂ ਹੀ ਬੰਦਿਆਂ ਨੂੰ ਮੁੜ ਤੋਂ ਜੱਫੀਆਂ ਪਾਉਂਦੇ ਹੋਏ ਵੀ ਦੇਖਿਆ ਹੈ, ਪਤਾ ਨਹੀਂ ਕੀ ਕਾਰਨ ਹੈ ਮੈਂ ਉਨ੍ਹਾਂ ਬੰਦਿਆਂ ਨੂੰ ਮੁੜ ਤੋਂ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਿਆਂ ਅਤੇ ਉਨ੍ਹਾਂ ਨਾਲ ਘੁਲਦਿਆਂ-ਮਿਲਦਿਆਂ ਦੇਖਿਆ ਹੈ।

ਸਵਾਲ : ਜਦੋਂ ਤੁਸੀਂ ਜਥੇਦਾਰ ਸੀ ਉਦੋਂ ਤੁਸੀਂ ਕਾਫ਼ੀ ਦੇਰ ਤੱਕ ਕੁੱਝ ਬੋਲੇ ਨਹੀਂ ਅਤੇ ਤੁਸੀਂ ਸਭ ਕੁੱਝ ਦੇਖਦੇ ਰਹੇ?
ਜਵਾਬ : ਮੈਨੂੰ ਕਈ ਹੋਰਨਾਂ ਵੱਲੋਂ ਵੀ ਇਹ ਸਵਾਲ ਕੀਤਾ ਗਿਆ ਸੀ ਕਿ ਤੁਸੀਂ ਜਦੋਂ ਤੁਸੀਂ ਜਥੇਦਾਰ ਸੀ ਉਦੋਂ ਨਹੀਂ ਬੋਲੇ। ਮੈਂ ਉਦੋਂ ਵੀ ਬੋਲਦਾ ਸੀ, ਹੋਲੇ ਮਹੱਲੇ ਦੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਮੈਂ ਹੀ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਸਰਮਾਏਦਾਰਾਂ ਦੀ ਪਾਰਟੀ ਬਣ ਗਈ ਹੈ, ਜਦਿਕ ਇਹ ਕਿਰਤੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਸੀ। ਮੈਂ ਹੀ ਪੀ.ਟੀ.ਸੀ. ਵਾਲਾ ਮੁੱਦਾ ਚੁੱਕਿਆ ਸੀ ਅਤੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਚੈਨਲ ਖੋਲ੍ਹਣੇ ਚਾਹੀਦਾ ਹਨ ਜਾਂ ਫਿਰ ਸਾਰੇ ਚੈਨਲਾਂ ਨੂੰ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਅਧਿਕਾਰ ਹੋਣਾ ਚਾਹੀਦਾ ਹੈ, ਤਾਂ ਜੋ ਬਿਨਾ ਕਿਸੇ ਭੇਦ-ਭਾਵ ਦੇ ਗੁਰਬਾਣੀ ਦਾ ਪ੍ਰਚਾਰ ਘਰ-ਘਰ ਹੋ ਸਕੇ।

ਸਵਾਲ : ਤੁਹਾਡੇ ਅਤੇ ਗਿਆਨੀ ਰਘਬੀਰ ਸਿੰਘ ਵੱਲੋਂ ਲਏ ਗਏ ਸਖ਼ਤ ਫ਼ੈਸਲੇ ਨੂੰ ਸੁਖਬੀਰ ਬਾਦਲ ਸਾਜਿਸ਼ ਦੱਸ ਰਹੇ ਹਨ?
ਜਵਾਬ : ਮੈਂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਹੈ ਜਿਹੜਾ ਅਸੀਂ ਫ਼ੈਸਲਾ ਕੀਤਾ, ਉਸ ਸਬੰਧੀ ਅਸੀਂ ਘਰੋਂ ਸੋਚ ਕੇ ਵੀ ਨਹੀਂ ਆਏ ਸੀ, ਜਿਸ ਨੂੰ ਅੱਜ ਸਾਜਿਸ਼ ਦੱਸਿਆ ਜਾ ਰਿਹਾ ਹੈ। ਗਿਆਨੀ ਰਘਬੀਰ ਸਿੰਘ ਦੇ ਘਰੋਂ ਅਸੀਂ ਪਰਸ਼ਾਦਾ ਛਕ ਕੇ ਆਏ ਅਤੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ ਕਿ ਸਿੰਘ ਸਾਹਿਬ ਅਸੀਂ ਕੀ ਕਰਾਂਗਾ। ਮੈਂ ਗਿਆਨੀ ਰਬਘੀਰ ਸਿੰਘ ਨੂੰ ਕਿਹਾ ਸੀ ਕਿ ਅਸੀਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਾਂਗੇ, ਫਿਰ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਕਰਾਂਗਾ, ਉਸ ਤੋਂ ਬਾਅਦ ਅਸੀਂ ਫ਼ੈਸਲਾ ਕਰਾਂਗੇ ਕਿ ਗੁਰੂ ਸਾਨੂੰ ਕੀ ਸੁਮੱਤ ਬਖਸ਼ਦਾ ਹੈ ਅਤੇ ਅਸੀਂ ਉਹੀ ਕੀਤਾ ਇਹ ਸਾਜਿਸ਼ ਕਿਵੇਂ ਹੋ ਗਿਆ । ਜਦੋਂ ਸੁਖਬੀਰ ਬਾਦਲ ਨੂੰ 8 ਪ੍ਰਸ਼ਨ ਪੁੱਛੇ ਗਏ ਤਾਂ ਉਨ੍ਹਾਂ ਹਾਂ-ਹਾਂ ਕਿਹਾ ਜੇ ਉਹ ਨਾਂਹ ਕਹਿ ਦਿੰਦੇ, ਫਿਰ ਕੁੱਝ ਵੀ ਨਹੀਂ ਸੀ ਹੋਣਾ। ਜਦੋਂ ਉਨ੍ਹਾਂ ਗੁਨਾਹ ਕਬੂਲ ਕਰ ਲਿਆ ਫਿਰ ਤਾਂ ਤਨਖਾਹ ਲਗਾਉਣੀ ਹੀ ਸੀ।

ਸਵਾਲ : ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਨਖਾਹ ਨਾਲੋਂ ਜੇਲ੍ਹ ਦੀਆਂ ਸਲਾਖਾਂ ’ਚ ਬਹੁਤ ਫਰਕ ਹੁੰਦਾ ਹੈ?
ਜਵਾਬ : ਸ੍ਰੀ ਅਕਾਲ ਤਖ਼ਤ ਸਾਹਿਬ ਅਜਿਹੀ ਥਾਂ ਹੈ ਜਿੱਥੇ ਕੋਈ ਵੀ ਬੰਦਾ ਚਾਹ ਕੇ ਵੀ ਝੂਠ ਨਹੀਂ ਬੋਲਦਾ ਸਕਦਾ। ਉਸ ਦਿਨ ਵੀ ਦੋ ਬੰਦਿਆਂ ਨੇ ਝੂਠ ਬੋਲਿਆ ਹੈ,ਮੈਂ ਉਨ੍ਹਾਂ ਦਾ ਨਾਮ ਨਹੀਂ ਲਵਾਂਗਾ, ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆ ਕੇ ਝੂਠ ਬੋਲ ਪੈਂਦਾ ਹੈ ਉਹ ਬਖਸ਼ਿਆ ਨਹੀਂ ਜਾਂਦਾ। ਇਨ੍ਹਾਂ ਤੋਂ ਗੁਰੂ ਨੇ ਸੱਚ ਬੁਲਵਾ ਲਿਆ, ਅਸੀਂ ਕੋਈ ਇਨ੍ਹਾਂ ’ਤੇ ਪਿਸਤੌਲ ਥੋੜ੍ਹੀ ਤਾਣਿਆ ਸੀ।ਅਸੀਂ ਸਾਰੀਆਂ ਸੰਗਤਾਂ ਦੇ ਸਾਹਮਣੇ 8 ਸਵਾਲ ਪੁੱਛੇ ਅਤੇ ਸਾਰੇ ਸਵਾਲਾਂ ਦਾ ਜਵਾਬ ਹਾਂ ਵਿਚ ਆਇਆ ਅਤੇ ਕਿਹਾ ਕਿ ਅਸੀਂ ਇਹ ਸਭ ਕੁੱਝ ਕੀਤਾ ਹੈ।

ਸਵਾਲ : ਜਿਵੇਂ ਵਾਰ-ਵਾਰ ਇਕ ਜਥੇਦਾਰ ਹਟਾ ਕੇ ਦੂਜੇ ਨੂੰ ਲਗਾਇਆ ਜਾਂਦਾ ਹੈ, ਹੋਰ ਧਰਮਾਂ ’ਚ ਇਸ ਤਰ੍ਹਾਂ ਨਹੀਂ ਹੁੰਦਾ?
ਜਵਾਬ : ਇਹ ਕੌਮ ਦੀ ਬਦਕਿਸਮਤੀ ਹੈ ਕਿ ਜਿਨ੍ਹਾਂ ਅਹੁਦਿਆਂ ਨੂੰ ਪੰਥ ਬਹੁਤ ਹੀ ਸਤਿਕਾਰ ਦੀ ਨਿਗ੍ਹਾ ਨਾਲ ਦੇਖਦਾ ਹੈ, ਉਸ ਨੂੰ ਇਹ ਰਾਜਨੀਤਿਕ ਲੋਕ ਆਪਣੇ ਨਿੱਜੀ ਹਿਤਾਂ ਲਈ ਵਰਤਦੇ ਹਨ। ਜੇਕਰ ਤੁਸੀਂ ਉਨ੍ਹਾਂ ਅਨੁਸਾਰ ਕੰਮ ਕਰਦੇ ਹੋ ਤਾਂ ਤੁਸੀਂ ਅਹੁਦੇ ’ਤੇ ਜਿੰਨੀ ਮਰਜੀ ਦੇਰ ਤੱਕ ਰਹਿ ਸਕਦੇ ਹੋ। ਜੇਕਰ ਤੁਸੀਂ ਸਿਧਾਂਤਾਂ ਦੀ ਗੱਲ ਕਰਦੇ ਹੋ ਅਤੇ ਸਿਆਸੀ ਆਗੂਆਂ ਦੀ ਗੱਲ ਨੂੰ ਨਹੀਂ ਮੰਨਦੇ ਤਾਂ ਤੁਸੀਂ ਇਕ ਦਿਨ ਵੀ ਨਹੀਂ ਰਹਿ ਸਕਦੇ।

ਸਵਾਲ : ਤੁਹਾਨੂੰ ਲਗਦਾ ਹੈ ਕੀ ਸਿੱਖ ਕੌਮ ਰਾਜਨੀਤਿਕ ਆਗੂਆਂ ਦੀਆਂ ਇਨ੍ਹਾਂ ਚਾਲਾਂ ਨੂੰ ਸਮਝ ਰਹੀ ਹੈ?
ਜਵਾਬ : ਹਾਂ, ਮੈਨੂੰ ਲਗਦਾ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਇਹ ਸਭ ਕੁੱਝ ਸਮਝ ਰਹੀ ਹੈ। ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਅਤੇ ਲੋਕ ਸਭ ਕੁੱਝ ਸਮਝ ਪਾ ਰਹੇ ਹਨ ਕਿ ਰਾਜਨੀਤੀ ਅਤੇ ਸਿੱਖ ਪੰਥ ਵੀ ਕੀ ਕੁੱਝ ਹੋ ਰਿਹਾ ਹੈ।

ਸਵਾਲ : ਜਿਹੜੇ ਆਗੂ ਸ਼੍ਰੋਮਣੀ ਅਕਾਲੀ ਦਲ ’ਚ ਵਾਪਸ ਜਾ ਰਹੇ ਹਨ, ਕੀ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕਬੂਲੇ ਗੁਨਾਹਾਂ ਨੂੰ ਲੋਕ ਮੁਆਫ਼ ਕਰਨਗੇ?
ਜਵਾਬ : ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਗੁਨਾਹ ਕਬੂਲੇ ਹੀ ਨਹੀਂ ਗਏ ਸਗੋਂ ਸ੍ਰੀ ਮੁਕਤਸਰ ਸਾਹਿਬ ਜਾ ਕੇ ਮੁੱਕਰੇ ਵੀ ਹਨ। ਹੁਣ ਇਹ ਵੀ ਮੁੱਕਰਨ ਵਾਲੀ ਗੱਲ ਹੀ ਹੈ ਕਿ ਪੰਜ ਸਿੰਘ ਸਾਹਿਬਾਨਾਂ ਵੱਲੋਂ ਲਿਆ ਗਿਆ ਫ਼ੈਸਲਾ ਇਕ ਸਾਜਿਸ਼ ਸੀ, ਇਹ ਗੁਨਾਹ ਕਬੂਲਣ ਨਾਲੋਂ ਵੀ ਵੱਡਾ ਗੁਨਾਹ ਹੈ। ਮੈਨੂੰ ਲਗਦਾ ਹੈ ਕਿ ਗੁਰੂ ਇਨ੍ਹਾਂ ਵੱਲੋਂ ਇਹ ਗੁਨਾਹ ਕਰਵਾ ਰਿਹਾ ਹੈ। ਜਿਹੜੇ ਪਾਪ ਹੁੰਦੇ ਹਨ ਉਨ੍ਹਾਂ ਦੀ ਅੱਗ ਪੈਰਾਂ ਹੇਠ ਬਲਦੀ ਹੈ ਇਹੀ ਬਲਦੀ ਅੱਗ ਇਨ੍ਹਾਂ ਦੇ ਮੂੰਹੋਂ ਇਹੋ ਜਿਹੇ ਸ਼ਬਦ ਕਢਵਾ ਰਹੀ ਹੈ।

ਸਵਾਲ : ਤੁਹਾਡੇ ਕਿਰਦਾਰ ’ਤੇ ਸਿਆਸਤ ਦਾ ਕਿਸ ਤਰ੍ਹਾਂ ਦਾ ਅਸਰ ਹੋ ਰਿਹਾ ਹੈ?

ਜਵਾਬ : ਬਹੁਤ ਔਖਾ ਹੈ । ਮੈਂ ਇਸੇ ਕਰਕੇ ਕਹਿ ਰਿਹਾ ਹੈ ਕਿ ਨਾ ਰਾਜਨੀਤੀ ਮੇਰਾ ਸ਼ੌਕ ਅਤੇ ਨਾ ਮੇਰੇ ਪੇਸ਼ਾ ਹੈ ਤੇ ਨਾ ਹੀ ਮੇਰਾ ਤਜ਼ਰਬਾ ਹੈ। ਗੰਦੀ ਰਾਜਨੀਤੀ ਹੈ, ਅੱਜ ਦੀ ਰਾਜਨੀਤੀ ਦਾ ਮਿਆਰ ਬਹੁਤ ਨੀਵੇਂ ਪੱਧਰ ਦਾ ਹੈ ਅਤੇ ਰਾਜਨੀਤੀ ਵਿਚੋਂ ਸਿਧਾਂਤ ਬਿਲਕੁਲ ਖਤਮ ਹੋ ਚੁੱਕੇ ਹਨ। ਜਿਸ ਬੰਦੇ ਨੇ 28 ਸਾਲ ਗੁਰਬਾਣੀ ਦਾ ਪ੍ਰਚਾਰ ਕੀਤਾ ਹੋਵੇ ਉਸ ਬੰਦੇ ਲਈ ਸਿਧਾਂਤ ਵਿਹੂਣੀ ਰਾਜਨੀਤੀ ਕਰਨੀ ਬਹੁਤ ਔਖੀ ਹੈ। ਮੈਂ ਕਹਿ ਰਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਸਿਆਸਤ ਵਿਚ ਨਹੀਂ ਆਇਆ ਮੈਨੂੰ ਸੁਖਬੀਰ ਸਿੰਘ ਬਾਦਲ ਨੇ ਸਿਆਸਤ ਵਿਚ ਧੱਕਿਆ ਹੈ ਅਤੇ ਇਹ ਜਿਹੜੇ ਸੁਧਾਰ ਲਹਿਰ ਵਾਲੇ ਹਨ ਇਨ੍ਹਾਂ ਨੇ ਮੈਨੂੰ ਸਿਆਸਤ ਵਿਚ ਖਿੱਚਿਆ ਹੈ । ਪਰ ਮੈਂ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਾਂਗਾ ਜਿਹੜੀ ਗੁਰਬਾਣੀ ਦੇ ਉਲਟ ਹੋਵੇ, ਜਿਸ ਦਿਨ ਮੈਨੂੰ ਅਜਿਹਾ ਲੱਗਿਆ ਮੈਂ ਗੁਰਬਾਣੀ ਦੇ ਉਲਟ ਜਾ ਰਿਹਾ ਹਾਂ ਉਸ ਦਿਨ ਰਾਜਨੀਤੀ ਛੱਡ ਦਿਆਂਗਾ।


ਸਵਾਲ : ਗਿਆਨੀ ਜੀ ਤੁਹਾਡੇ ’ਤੇ ਸਵਾਲ ਉਠ ਰਹੇ ਹਨ ਕਿ ਤੁਸੀਂ ਬੀਜੇਪੀ ਦੀ ਬੀ ਟੀਮ ਹੋ?
ਜਵਾਬ : ਉਹ ਤਾਂ ਹਰ ਬੰਦੇ ’ਤੇ ਇਲਜ਼ਾਮ ਲਗਾਉਂਦੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਵੀ ਕਾਂਗਰਸ ਪਾਰਟੀ ਦੀ ਬੀ ਟੀਮ ਕਿਹਾ ਗਿਆ ਸੀ। ਜਿਹੜਾ ਅਕਾਲੀ ਦਲ ਤੋਂ ਪਾਸੇ ਹੋ ਜਾਂਦਾ ਹੈ ਉਸ ਨੂੰ ਇਹ ਭਾਜਪਾ ਦੀ ਬੀ ਟੀਮ ਦੱਸਣ ਲੱਗ ਜਾਂਦੇ ਹਨ ਜਿਹੜਾ ਇਨ੍ਹਾਂ ’ਚ ਮੁੜ ਵਾਪਸ ਆ ਜਾਂਦਾ ਹੈ ਉਹ ਦੁੱਧ ਧੋਤਾ ਹੋ ਜਾਂਦਾ ਹੈ।

ਸਵਾਲ : ਭਾਜਪਾ ਨਾਲ ਅਕਾਲੀ ਦਲ ਦਾ ਰਿਸ਼ਤਾ ਕਿਹੋ ਜਿਹਾ ਹੈ, ਤੇ ਭਾਜਪਾ ਦੀ ਸਿੱਖ ਪੰਥ ’ਚ ਕਿੰਨੀ ਕੁ ਦਖ਼ਲਅੰਦਾਜ਼ੀ ਹੈ?
ਜਵਾਬ : ਹੁਣ ਦਾ ਤਾਂ ਪਤਾ ਨਹੀਂ ਪਰ ਪਹਿਲਾਂ ਤਾਂ ਇਨ੍ਹਾਂ ਦਾ ਨਹੁੰ-ਮਾਸ ਦਾ ਰਿਸ਼ਤਾ ਸੀ। ਹਾਂ ਰਹੀ ਗੱਲ ਸਿੱਖ ਪੰਥ ਵਿਚ ਭਾਜਪਾ ਦੀ ਦਖਲਅੰਦਾਜ਼ੀ ਦੀ, ਉਸ ਬਾਰੇ ਤਾਂ ਉਸ ਸਮੇਂ ਦੇ ਜਥੇਦਾਰ ਹੀ ਦੱਸ ਸਕਦੇ ਹਨ। ਮੇਰੇ ਕਾਰਜਕਾਲ ਦੌਰਾਨ ਭਾਜਪਾ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਈ। ਹਾਂ ਮੈਂ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਸਬੰਧੀ ਇਕ ਉਪਰਾਲਾ ਜ਼ਰੂਰ ਕੀਤਾ ਸੀ ਮੇਰੇ ਕੋਲ ਕਰਨਲ ਨਿਸ਼ਾਨ ਜੀ ਵੀ ਅਤੇ ਪੁਰੇਵਾਲ ਜੀ ਵੀ ਆਏ ਅਤੇ ਮੈਂ ਇਨ੍ਹਾਂ ਨੂੰ ਕਿਹਾ ਸੀ ਕਿ ਤੁਸੀਂ ਇਕ ਕਮਰੇ ’ਚ ਬੈਠ ਕੇ ਨਾਨਕਸ਼ਾਹੀ ਕੈਲੰਡਰ ਬਾਰੇ ਵਿਚਾਰ-ਵਟਾਂਦਰਾ ਕਿਉਂ ਨਹੀਂ ਕਰ ਲੈਂਦੇ ਅਤੇ ਜੋ ਵੀ ਤੁਹਾਡੇ ਵਿਚਾਰ ਹਨ ਉਹ ਕੌਮ ਨੂੰ ਦੱਸ ਦਿਓ ਅਤੇ ਨਾਨਕਸ਼ਾਹੀ ਕੈਲੰਡਰ ਬਾਰੇ ਲੋਕਾਂ ਨੂੰ ਭੰਬਲਭੂਸੇ ’ਚ ਨਾ ਪਾਓ।

ਸਵਾਲ : ਕਿਹਾ ਜਾ ਰਿਹਾ ਹੈ ਕਿ ਸਿੱਖ ਧਰਮ ਪਰਿਵਰਤਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸਿੱਖਾਂ ਵੱਲੋਂ ਰੋਕਿਆ ਨਹੀਂ ਜਾ ਰਿਹਾ ਬਲਕਿ ਆਰ.ਐਸ. ਐਸ. ਸਿੱਖਾਂ ਨੂੰ ਇਸਾਈ ਬਣਨ ਤੋਂ ਰੋਕ ਰਹੀ ਹੈ?
ਜਵਾਬ : ਜੇਕਰ ਆਰ.ਐਸ.ਐਸ. ਰੋਕ ਵੀ ਰਹੀ ਹੈ ਤਾਂ ਉਹ ਇਸ ਕਰਕੇ ਨਹੀਂ ਰੋਕ ਰਹੀ ਕਿ ਪੰਜਾਬ ’ਚ ਸਿੱਖ ਇਸਾਈ ਬਣ ਰਹੇ ਹਨ। ਦੂਜੇ ਸੂਬਿਆਂ ’ਚ ਤਾਂ ਹਿੰਦੂ ਇਸਾਈ ਬਣ ਰਹੇ ਹਨ, ਕਈ ਸਟੇਟਾਂ ’ਚ ਹਿੰਦੂਆਂ ਤੋਂ ਇਸਾਈ ਬਣ ਰਹੇ ਹਨ ਅਤੇ ਇਸ ਲਈ ਭਾਜਪਾ ਉਨ੍ਹਾਂ ਨੂੰ ਆਪਣੇ ਵੱਲ ਖਿੱਚਣ ਲਈ ਕੰਮ ਕਰ ਰਹੀ ਹੈ।

ਸਵਾਲ : ਸਿਆਸਤਦਾਨਾਂ ਦੇ ਨਾਲ-ਨਾਲ ਆਮ ਇਨਸਾਨ ਵੀ ਗੁਰੂ ਦਾ ਸਿੱਖ ਨਹੀਂ ਰਿਹਾ, ਇਥੇ ਸਾਡੀ ਕੀ ਕਮਜ਼ੋਰੀ ਹੈ?
ਜਵਾਬ : ਦੁਨੀਆ ’ਚ ਜਿਹੜਾ ਵੀ ਇਨਸਾਨ ਹੈ ਚਾਹੇ ਉਹ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ ਜਾਂ ਸਿੱਖ ਹੈ, ਉਹ ਅੱਜ ਪਦਾਰਥਵਾਦੀ ਹੋ ਕੇ ਰਹਿ ਗਿਆ ਹੈ। ਉਨ੍ਹਾਂ ਲਈ ਧਰਮ, ਸਿਧਾਂਤ, ਪਰੰਪਰਾਵਾਂ, ਮਰਿਆਦਾ ਦੀ ਜਗ੍ਹਾ ਪਦਾਰਥਵਾਦ ਜ਼ਿਆਦਾ ਅਹਿਮੀਅਤ ਰੱਖਦਾ ਹੈ। ਇਸ ਕਰਕੇ ਲੋਕ ਜਦੋਂ ਪਦਾਰਥਵਾਦ ਨੂੰ ਅਹਿਮੀਅਤ ਦੇਣ ਲੱਗ ਜਾਣ ਉਨ੍ਹਾਂ ਵਾਸਤੇ ਧਰਮ ਦੂਜੇ ਨੰਬਰ ’ਤੇ ਆ ਜਾਂਦਾ ਹੈ ਪਰ ਜਿਹੜੇ ਧਰਮ ਨੂੰ ਮੁੱਖ ਰੱਖਦੇ ਹਨ ਉਹ ਆਪਣੇ ਸਰੀਰ ਵੀ ਤਿਆਗ ਦਿੰਦੇ ਹਨ ਪਰ ਉਹ ਆਪਣੇ ਸਿਦਕ ਤੋਂ ਡੋਲਦੇ ਨਹੀਂ।

ਸਵਾਲ : ਜਦੋਂ ਤੁਸੀਂ ਜਥੇਦਾਰ ਦਾ ਅਹੁਦਾ ਸੰਭਾਲਿਆ ਤਾਂ ਤੁਹਾਨੂੰ ਕਿਵੇਂ ਲੱਗਿਆ ਕਿ ਧਰਮ ’ਚ ਸਿਆਸਤ ਦੀ ਦਖਲਅੰਦਾਜ਼ੀ ਬਹੁਤ ਵਧ ਗਈ?
ਜਵਾਬ : ਜਦੋਂ ਤੁਸੀਂ ਕਿਸੇ ਅਹੁਦੇ ’ਤੇ ਹੁੰਦੇ ਹੋ ਤਾਂ ਤੁਹਾਨੂੰ ਉਸ ਅਹੁਦੇ ਦੇ ਨਾਲ ਇਨਸਾਫ਼ ਕਰਨਾ ਸਾਡਾ ਫਰਜ਼ ਹੋਣਾ ਚਾਹੀਦਾ ਹੈ। ਪਰ ਜਦੋਂ ਅਸੀਂ ਕਿਸੇ ਦੇ ਹੇਠਾਂ ਲੱਗ ਜਾਂਦੇ ਹਾਂ ਤਾਂ ਕੁਦਰਤੀ ਗੱਲ ਹੈ ਕਿ ਤੁਸੀਂ ਆਪਣੇ ਅਹੁਦੇ ਨਾਲ ਇਨਸਾਫ਼ ਨਹੀਂ ਕਰ ਰਹੇ। ਕਿਸੇ ਦੇ ਹੇਠਾਂ ਇਨਸਾਨ ਕਦੋਂ ਲਗਦਾ ਹੈ ਜਦੋਂ ਤੁਸੀਂ ਆਪਣੀਆਂ ਗਰਜ਼ਾਂ ਦੇ ਲਈ ਤੁਸੀਂ ਉਨ੍ਹਾਂ ਤੱਕ ਪਹੁੰਚ ਕਰਦੇ ਹੋ। ਮੈਂ ਕਿਸੇ ਹੋਰ ਜਥੇਦਾਰ ਦੀ ਗੱਲ ਨਹੀਂ ਕਰਨੀ ਮੈਂ ਆਪਣੇ 8 ਸਾਲ ਦੇ ਕਾਰਜਕਾਲ ਦੌਰਾਨ ਮੈਂ ਸਿਰਫ਼ ਦੋ ਵਿਅਕਤੀਆਂ ਦੀ ਸ਼੍ਰੋਮਣੀ ਕਮੇਟੀ ’ਚ ਨਿਯੁਕਤੀ ਕਰਵਾਈ। ਜਦੋਂ ਤੁਸੀਂ ਆਪਣੇ 50-50 ਰਿਸਤੇਦਾਰ ਲਗਵਾ ਲਏ, ਫਿਰ ਤੁਸੀਂ ਉਨ੍ਹਾਂ ਦੇ ਕਿਸੇ ਨਾ ਕਿਸੇ ਕੰਮ ਲਈ ਉਨ੍ਹਾਂ ਨੂੰ ਜ਼ਰੂਰ ਕਹੋਗੇ, ਫਿਰ ਉਹ ਵੀ ਤੁਹਾਡੇ ਕੋਲੋਂ ਇਸ ਬਦਲੇ ਕੋਈ ਨਾ ਕੋਈ ਕੰਮ ਲੈਣਗੇ।

ਸਵਾਲ : ਕੀ ਪੁਰਾਤਨ ਗੁਰਦੁਆਰਾ ਸਾਹਿਬਾਨਾਂ ਨੂੰ ਢਾਹ ਕੇ ਸੰਗਮਰਮਰ ਨਾਲ ਢਕਣਾ ਸਹੀ ਹੈ?
ਜਵਾਬ : ਪੁਰਾਣੀਆਂ ਚੀਜ਼ਾਂ ਰੂਹ ਨੂੰ ਤਾਂ ਸਕੂਨ ਜ਼ਰੂਰ ਦਿੰਦੀਆਂ ਹਨ ਪਰ ਹਰ ਇਨਸਾਨ ਨੇ ਪੁਰਾਣੀਆਂ ਚੀਜ਼ਾਂ ਨੂੰ ਤਿਆਗਿਆ ਹੈ। ਦਾਦੇ-ਪੜਦਾਦੇ ਵੱਲੋਂ ਬਣਾਏ ਘਰਾਂ ਨੂੰ ਅੱਜ ਢਾਹ ਕੇ ਲੋਕਾਂ ਨੇ ਕੋਠੀਆਂ ਬਣਵਾ ਲਈਆਂ ਹਨ। ਬਾਕੀ ਜਿਹੜੀ ਤੁਸੀਂ ਕਿਹਾ ਕਿ ਉਥੇ ਡਾਂਗਾਂ ਲਈ ਖੜ੍ਹੇ ਹੁੰਦੇ ਹਨ, ਹਾਂ ਇਨ੍ਹਾਂ ਕਮੀਆਂ ਨੂੰ ਪ੍ਰਬੰਧਕਾਂ ਵੱਲੋਂ ਦੂਰ ਕੀਤਾ ਜਾ ਸਕਦਾ ਹੈ। ਪਰ ਗੁਰੂ ਵਿਚ ਕੋਈ ਕਮੀ ਨਹੀਂ ਹੈ। ਸਾਧ ਦੇ ਡੇਰੇ ਅਤੇ ਗੁਰਦੁਆਰੇ ’ਚ ਬਹੁਤ ਫਰਕ ਹੈ। ਸਾਧ ਦੇ ਡੇਰੇ ’ਚ ਲੋਕ ਸਾਧ ਕਰਕੇ ਜਾਂਦੇ ਹਨ ਜਦਕਿ ਗੁਰਦੁਆਰਾ ਸਾਹਿਬ ’ਚ ਲੋਕ ਗੁਰੂ ਕਰਕੇ ਜਾਂਦੇ ਹਨ, ਉਹ ਕਿਸੇ ਗ੍ਰੰਥੀ ਜਾਂ ਮੈਨੇਜਰ ਕਰਕੇ ਗੁਰੂਘਰ ਨਹੀਂ ਜਾਂਦੇ ਜਦਕਿ ਡੇਰੇ ’ਚ ਲੋਕ ਸਾਧ ਕਰਕੇ ਜਾਂਦੇ ਹਨ ਜੇ ਡੇਰੇ ਦਾ ਸਾਧ ਮਾੜਾ ਹੋਵੇਗਾ ਤਾਂ ਲੋਕ ਡੇਰੇ ’ਚ ਜਾਣ ਤੋਂ ਹਟ ਜਾਂਦੇ ਹਨ ਜਦਿਕ ਗੁਰਦੁਆਰਾ ਸਾਹਿਬ ’ਚ ਲੋਕ ਗੁਰੂ ਕਰਕੇ ਜਾਂਦੇ ਹਨ।

ਸਵਾਲ : ਧਾਮੀ ਸਾਬ੍ਹ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਰਿਹਾ।
ਜਵਾਬ : ਮੈਨੂੰ ਲਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਹੁੰਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਰਮਿਆਨ ਇਕ ਵਧੀਆ ਰੋਲ ਨਿਭਾਅ ਸਕਦਾ ਸੀ, ਜਿਹੜਾ ਕਿ ਕੀਤਾ ਨਹੀਂ ਗਿਆ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਖੜ੍ਹਨ ਦੀ ਬਜਾਏ ਅਕਾਲੀ ਦਲ ਦੇ ਪ੍ਰਧਾਨ ਨਾਲ ਖੜ੍ਹ ਗਏ, ਜੋ ਕਿ ਇਤਿਹਾਸ ਦੀ ਇਕ ਸਭ ਤੋਂ ਵੱਡੀ ਗਲਤੀ ਹੈ।

ਸਵਾਲ : ਜੋ ਫੈਸਲਾ ਤੁਹਾਡੇ ਵੱਲੋਂ ਲਿਆ ਗਿਆ ਸੀ, ਜੇ ਉਹ ਫੈਸਲਾ ਲਾਗੂ ਹੁੰਦਾ ਤਾਂ ਅਕਾਲੀ ਦਲ ਨੂੰ ਅੱਜ ਇੰਨਾ ਵੰਡਣ ਦੀ ਲੋੜ ਨਹੀਂ ਸੀ?
ਜਵਾਬ : ਜੇ ਉਨ੍ਹਾਂ ਫੈਸਲਿਆਂ ਨੂੰ ਇੰਨ-ਬਿੰਨ ਮੰਨ ਲਿਆ ਜਾਦਾ ਤਾਂ ਸਿੱਖ ਸਿਆਸਤ ਪੰਜਾਬ ’ਚ ਕਾਇਮ ਰਹਿ ਜਾਣੀ ਸੀ। ਮੈਂ ਇਹ ਨਹੀਂ ਕਹਿੰਦਾ ਉਨ੍ਹਾਂ ਫੈਸਲਿਆਂ ਨੂੰ ਮੰਨਿਆ ਨਹੀਂ ਗਿਆ ਪਰ ਜਿਹੜੀ ਅਕਾਲੀ ਦਲ ਦੇ ਆਗੂਆਂ ਵੱਲੋਂ ਫੈਸਲੇ ਸਬੰਧੀ ਬਕਵਾਸ ਕੀਤੀ ਗਈ ਉਹ ਸ਼ਰਮਿੰਦਾ ਕਰ ਦੇਣੀ ਵਾਲੀ ਹੈ। ਜਿਹੜਾ ਵੀ ਇਸ ਇਤਿਹਾਸ ਨੂੰ ਪੜ੍ਹੇਗਾ ਉਹ ਇਨ੍ਹਾਂ ਨੂੰ ਲਾਹਨਤਾ ਪਾਵੇਗਾ। ਮਾੜੇ ਬੰਦੇ ਹਮੇਸ਼ਾ ਮਾੜੇ ਹੀ ਰਹਿੰਦੇ ਹਨ। ਜੇਕਰ ਡੱਡੂ ਨੂੰ ਸੋਨੇ ਦੀ ਇੱਟ ’ਤੇ ਬੈਠਾ ਦਿੱਤਾ ਜਾਵੇ ਤਾਂ ਉਸ ਨੇ ਛਾਲ ਨਾਲੀ ਵਿਚ ਹੀ ਮਾਰਨੀ ਹੁੰਦੀ ਹੈ।

ਸਵਾਲ : ਤੁਹਾਡੇ ’ਤੇ ਕੀਤੇ ਜਾਂਦੇ ਨਿੱਜੀ ਹਮਲੇ ਤੁਹਾਨੂੰ ਦੁੱਖ ਪਹੁੰਚਾਉਂਦੇ ਹੋਣਗੇ, ਤੁਸੀਂ ਆਪਣੇ ਆਪ ਨੂੰ ਕਿਵੇਂ ਕੰਟਰੋਲ ਕਰਦੇ ਹੋ?
ਜਵਾਬ : ਬਹੁਤ ਔਖਾ ਹੁੰਦਾ ਹੈ। ਖਾਸ ਕਰਕੇ ਬੰਦਾ ਤਾਂ ਸਹਿਨ ਕਰ ਜਾਂਦਾ ਹੈ ਜਦੋਂ ਤੁਹਾਡੇ ਬੱਚਿਆਂ ਬਾਰੇ ਜਾਂ ਪਰਿਵਾਰ ਬਾਰੇ ਸਹਿਨ ਕਰਨਾ ਬਹੁਤ ਔਖਾ ਹੁੰਦਾ ਹੈ। ਮਿੱਥ ਕੇ ਕਿਸੇ ਦੀ ਕਿਰਦਾਰਕੁਸ਼ੀ ਕਰਨੀ ਸਮਾਜ ’ਚ ਸਭ ਤੋਂ ਘਿਨੋਣਾ ਕੰਮ ਹੈ। ਹਰ ਇਨਸਾਨ ਗਲਤ ਨਹੀਂ ਹੁੰਦਾ। ਜੇਕਰ ਕਿਸੇ ਦੀ ਮੇਰੇ ਨਾਲ ਅਨਬਣ ਹੋ ਜਾਂਦੀ ਹੈ ਤਾਂ ਉਹ ਮੈਨੂੰ ਨਿਸ਼ਾਨਾ ਬਣਾਵੇ ਪਰ ਬੱਚਿਆਂ ਜਾਂ ਪਰਿਵਾਰ ਤੱਕ ਪਹੁੰਚਣਾ ਬਹੁਤ ਗਲਤ ਹੈ।

ਸਵਾਲ : ਤੁਹਾਡਾ ਹੁਣ ਅਗਲਾ ਕੀ ਕਦਮ ਹੋਵੇਗਾ, ਤੁਹਾਨੂੰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਆਓ ਆਪਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੁੜ ਮਿਲਦੇ ਹਾਂ?
ਜਵਾਬ : ਮੈਂ ਗਿਆਨੀ ਰਘਬੀਰ ਸਿੰਘ ਜੀ ਦੀ ਗੱਲ ਨਾਲ ਸਹਿਮਤ ਹਾਂ। ਅਸੀਂ ਫੈਸਲਾ ਸੁਣਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆਏ ਸੀ ਅਤੇ ਅਸੀਂ ਫੈਸਲੇ ਬਾਰੇ ਘਰ ਕੋਈ ਚਰਚਾ ਨਹੀਂ ਕੀਤਾ ਸੀ। ਜਦੋਂ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਰੇ ਗੁਨਾਹ ਕਬੂਲੇ ਤਾਂ ਮੈਨੂੰ ਉਸ ’ਤੇ ਤਰਸ ਵੀ ਆਇਆ ਕਿ ਚਲੋ ਇਹ ਸੱਚ ਤਾਂ ਬੋਲੇ। ਸਾਨੂੰ ਖੁਸ਼ੀ ਹੋਈ ਕਿ ਪੰਥ ਦੀ ਲਾਜ ਬਚੀ ਹੈ ਅਤੇ ਅਕਾਲੀ ਦਲ ਮੁੜ ਉਠੇਗਾ, ਪਰ ਅਸੀਂ ਅਰਦਾਸ ਕਰਕੇ ਹੀ ਨਿਕਲੇ ਸੀ ਤੇ ਸਾਨੂੰ ਉਦੋਂ ਪਤਾ ਲੱਗ ਗਿਆ ਸੀ ਕਿ ਇਹ ਹੁਣ ਨਾਲੀ ’ਚ ਡਿੱਗਣਗੇ। ਉਸ ਸਮੇਂ ਹੀ ਦਮਦਮਾ ਸਾਹਿਬ ਵਿਖੇ ਆ ਕੇ ਆਪਣੀ ਰਿਹਾਇਸ਼ ਅਤੇ ਗੱਡੀਆਂ ਸਭ ਕੁੱਝ ਛੱਡ ਦਿੱਤਾ ਸੀ।

ਸਵਾਲ : ਅਕਾਲੀ ਦਲ ਪੁਨਰ ਸੁਰਜੀਤ ’ਚੋਂ ਵੀ ਲੋਕ ਲਗਾਤਾਰ ਨਿਕਲੀ ਜਾ ਰਹੇ ਹਨ, ਅੱਗੇ ਤੁਸੀਂ ਕੀ ਕਰੋਗੇ?
ਜਵਾਬ : ਮੈਨੂੰ ਲਗਦਾ ਹੈ ਕਿ ਪ੍ਰਮਾਤਮਾ ਹੀ ਛਾਣਾ ਲਗਾਉਂਦਾ ਹੈ ਕਿਉਂਕਿ ਪ੍ਰਮਾਤਮਾ ਨੂੰ ਤਾਂ ਪਤਾ ਹੀ ਹੈ ਕਿ ਕੌਣ ਕਿਸ ਸੋਚ ਦਾ ਮਾਲਕ ਹੈ ਤੇ ਕਿਹੜਾ ਕਿਸ ਸੋਚ ਦਾ ਮਾਲਕ ਹੈ। ਇਹ ਸ਼ਾਇਦ ਅਕਾਲ ਪੁਰਖ ਹੀ ਕਰ ਰਿਹਾ ਹੈ। ਮੇਰੀ ਅੱਗੇ ਬਾਰੇ ਫ਼ਿਲਹਾਲ ਕੋਈ ਯੋਜਨਾ ਨਹੀਂ। ਮੈਨੂੰ ਨਹੀਂ ਪਤਾ ਕਿ ਕੌਣ ਮੇਰੇ ਨਾਲ ਖੜ੍ਹੇਗਾ ਜਾਂ ਨਹੀਂ ਖੜ੍ਹੇਗਾ ਪਰ ਮੈਂ ਖੜ੍ਹਾ ਰਹਾਂਗਾ ਅਤੇ ਮੈਂ ਚੋਣ ਵੀ ਨਹੀਂ ਲੜਾਂਗਾ,ਮੇਰੀ ਸੋਚ ਮੈਨੂੰ ਚੋਣ ਲੜਨ ਦੀ ਆਗਿਆ ਨਹੀਂ ਦਿੰਦੀ।

ਸਵਾਲ : ਸ਼੍ਰੋਮਣੀ ਕਮੇਟੀ ਦੀ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜੋ ਬਾਹਰ ਆਉਣੀਆਂ ਚਾਹੀਦੀਆਂ ਸਨ ਪਰ ਉਹ ਆਈਆਂ ਨਹੀਂ?
ਜਵਾਬ : ਜਿਹੜੀ ਤੁਸੀਂ ਗੁਰੂ ਦੀ ਗੋਲਕ ਦੇ ਪੈਸੇ ਵਾਲੀ ਗੱਲ ਕੀਤੀ ਹੈ ਉਹ ਬਿਲਕੁਲ ਠੀਕ ਹੈ ਕਿਉਂਕਿ ਉਥੇ ਰਿਕਸ਼ਾ ਚਲਾਉਣ ਵਾਲਾ ਅਤੇ ਇਕ ਇੱਟਾਂ ਢੋਣ ਵਾਲਾ ਵੀ ਭੇਟਾ ਚੜ੍ਹਾਉਂਦਾ ਹੈ। ਇਸ ਨੂੰ ਅਸੀਂ ਪੂਜਾ ਦਾ ਧਾਨ ਕਹਿੰਦੇ ਹਾਂ, ਪੂਜਾ ਦਾ ਧਾਨ ਜ਼ਹਿਰ ਦੇ ਬਰਾਬਰ ਹੁੰਦਾ ਹੈ ਜਦੋਂ ਇਸ ਨੂੰ ਐਸ਼-ਪ੍ਰਸ਼ਤੀ ਵਾਸਤੇ ਵਰਤਿਆ ਜਾਂਦਾ ਹੈ। ਜੇ ਇਸ ਦੀ ਵਰਤੋਂ ਪਰਉਪਕਾਰ ਜਾਂ ਆਪਣੇ ਪੇਟ ਦੀ ਪੂਰਤੀ ਲਈ ਕੀਤੀ ਜਾਵੇ ਤਾਂ ਇਹ ਹਜ਼ਮ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਕਰਨ ਵਾਲਿਆਂ ਦੀਆਂ ਕੁਲਾਂ ਵੀ ਖ਼ਤਮ ਹੋ ਜਾਂਦੀਆਂ ਹਨ। ਜਦੋਂ 90 ਲੱਖ ਰੁਪਏ ਦੇ ਅਖ਼ਬਾਰਾਂ ਵਿਚ ਇਸ਼ਿਤਹਾਰ ਦਿੱਤੇ ਗਏ ਇਹ ਗੁਰੂ ਦੀ ਗੋਲਕ ਦੀ ਵਰਤੋਂ ਹੀ ਹੈ। ਜਦੋਂ ਮਾਂ ਦੇ ਭੋਗ ’ਤੇ ਵੀ ਲੰਗਰ ਗੁਰਦੁਆਰਾ ਸਾਹਿਬ ਤੋਂ ਗਏ ਤਾਂ ਇਹ ਗੁਰੂ ਦੀ ਗੋਲਕ ਦੀ ਦੁਰਵਰਤੋਂ ਹੀ ਹੈ, ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿਚ ਵੀ ਚੁੱਕਿਆ ਗਿਆ ਸੀ। ਜੇਕਰ ਨਿਰਪੱਖ ਤੌਰ ’ਤੇ ਜਾਂਚ ਕਰਵਾਈ ਜਾਵੇ ਤਾਂ ਬਹੁਤ ਕੁੱਝ ਸਾਹਮਣੇ ਆ ਸਕਦਾ ਹੈ।

ਸਵਾਲ : ਜਿਹੜੀ ਅਵਾਜ਼ ਤੁਹਾਡੇ ਵੱਲੋਂ ਚੁੱਕੀ ਜਾ ਰਹੀ ਹੈ ਕਿ ਤੁਹਾਨੂੰ ਉਸ ਦਾ ਸਮਰਥਨ ਮਿਲ ਰਿਹਾ ਹੈ?
ਜਵਾਬ : ਅੱਜ ਦਾ ਜਿਹੜਾ ਲੋਕਤੰਤਰ ਹੈ ਉਹ ਬਹੁਤ ਹੀ ਅਜੀਬ ਜਿਹੀ ਕਿਸਮ ਦਾ ਹੋ ਗਿਆ ਹੈ ਅਤੇ ਲੋਕਾਂ ਦਾ ਸੁਭਾਅ ਵੀ ਅਜੀਬ ਜਿਹੀ ਕਿਸਮ ਦਾ ਹੋ ਗਿਆ ਹੈ। ਜਿਵੇਂ ਇਕ ਸਾਧੂ ਬੰਦਾ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਸੱਚ ’ਤੇ ਪਹਿਰਾ ਦਿਓ ਤੇ ਇਕ ਪਾਸੇ ਇਕ ਚੋਰ ਬੰਦਾ ਸੋਨੇ ਦੀਆਂ ਮੋਹਰਾਂ ਵੰਡਣ ਲੱਗ ਜਾਵੇ ਤਾਂ ਕੁਦਰਤੀ ਗੱਲ ਹੈ ਕਿ ਬਹੁਤ ਗਿਣਤੀ ਚੋਰ ਵੱਲ ਜਾਵੇਗੀ। ਲੋਕ ਇਹ ਨਹੀਂ ਸੋਚਦੇ ਇਹ ਲੁੱਟ ਦਾ ਮਾਲ ਹੈ, ਲੋਕ ਸੋਚਦੇ ਹਨ ਕਿ ਜੋ ਮਿਲਦਾ ਹੈ ਉਹ ਲੈ ਲਓ, ਬਹੁਤ ਘੱਟ ਗਿਣਤੀ ਹੈ ਸਿਧਾਂਤਕ ਸੋਚ ਰੱਖਦੇ ਹਨ। ਜਦੋਂ ਦੇਸ਼ ਆਜ਼ਾਦ ਹੋਇਆ ਅੰਗਰੇਜ਼ਾਂ ਦੇ ਖ਼ਿਲਾਫ਼ ਸਾਰਾ ਦੇਸ਼ ਨਹੀਂ ਖੜ੍ਹਾ ਹੋਇਆ ਸੀ ਉਨ੍ਹਾਂ ਖ਼ਿਲਾਫ਼ ਵੀ ਕੁੱਝ ਹੀ ਲੜਨ ਵਾਲੇ ਸਨ। ਮੈਂ ਸੱਚ ’ਤੇ ਪਹਿਰਾ ਦਿੰਦਾ ਰਹਾਂਗਾ, ਕੋਈ ਨਾਲ ਖੜ੍ਹੇ ਜਾਂ ਨਾ ਖੜ੍ਹੇ, ਪਰ ਮੈਨੂੰ ਇੰਨਾ ਭਰੋਸਾ ਜ਼ਰੂਰ ਹੈ ਕਿ ਮੇਰਾ ਗੁਰੂ ਮੇਰੇ ਨਾਲ ਹੈ ਜਦੋਂ ਮੇਰਾ ਗੁਰੂ ਮੇਰੇ ਨਾਲ ਹੈ ਮੈਂ ਖੜ੍ਹਾਂ ਰਹਾਂਗਾ, ਬੇਦੀਨਿਆਂ ਦੀ ਭੀੜ ਨਾਲੋਂ ਥੋੜ੍ਹਿਆਂ ਦਾ ਸਾਥ ਹੀ ਬਹੁਤ ਵੱਡਾ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM

CM Mann ਨੂੰ Haryana ਦੇ ਮੁੱਖ ਮੰਤਰੀ ਨੇ ਮਾਰਿਆ ਮਿਹਣਾ, ਕਿਹਾ ਸੜਕਾਂ ‘ਤੇ ਘੁੰਮ ਕੇ ਨਹੀਂ ਮਿਲਣੀ ਵੋਟ

09 May 2026 2:57 PM

ਪੁੱਤ ਦੀਆਂ ਫ਼ੈਕਟਰੀਆਂ, ਪਰ ਮਾਂ- ਭਰਾ ਕਈ ਸਾਲ ਤੋਂ ਸੜਕਾਂ 'ਤੇ ਰੁਲਦੇ, ਆਪਣੇ ਹੋਏ ਬਗਾਨੇ

09 May 2026 2:56 PM

CM Mann ਖਿਲਾਫ ਪੁਲਿਸ ਕੋਲ ਪਹੁੰਚੀ ਸ਼ਿਕਾਇਤ,ਮਾਣਹਾਨੀ ਨੋਟਿਸ ਤੋਂ ਬਾਅਦ ਭਾਜਪਾ ਨੇ ਦਿੱਤੀ ਅਰਜ਼ੀ

08 May 2026 2:56 PM

ਮੌਂਟਰੀਅਲ ਦੇ ਗੁਰਦੁਆਰਾ ਲਸਾਲ 'ਚ ਮੀਟਿੰਗ ਦੌਰਾਨ ਹੋਈ ਝੜਪ

08 May 2026 2:55 PM
Advertisement